ਹਿਸਾਰ,
17 ਮਈ (ਹਰਪ੍ਰੀਤ ਸਿੰਘ ਗਿੱਲ): ਨਵੰਬਰ 1984 ’ਚ ਹਰਿਆਣਾ ਦੇ ਹੋਂਦ ਚਿੱਲ੍ਹੜ
’ਚ ਮਾਰੇ ਗਏ 32 ਸਿੱਖਾਂ ਦੇ ਕਤਲੇਆਮ ਦੀ ਹਿਸਾਰ ਅਦਾਲਤ ’ਚ ਸੁਣਵਾਈ ਕਰ ਰਹੇ
ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਟੀ. ਪੀ. ਗਰਗ ਦੀ ਅਗਵਾਈ ਹੇਠ
ਅੱਜ ਸੁਣਵਾਈ ਦੌਰਾਨ ਪੀੜ੍ਹਿਤ ਧਿਰ ਵੱਲੋਂ ਪੇਸ਼ ਹੋਈ ਰਿਵਾੜੀ ਨਿਵਾਸੀ ਸੁਰਜੀਤ
ਕੌਰ ਨੇ ਆਪਣੀ ਦੁੱਖ ਭਰੀ ਵਿਥਿਆ ਸੁਣਾਕੇ ਲੂੰ ਕੰਡੇ ਖੜ੍ਹੇ ਕਰ ਦਿੱਤੇ। ਭਾਵੇਂ
ਸਰਕਾਰੀ ਧਿਰ ਵੱਲੋਂ ਸੁਰਜੀਤ ਕੌਰ ਨੂੰ ਤਿੱਖੇ ਸਵਾਲ ਪੁੱਛੇ ਗਏ, ਪ੍ਰੰਤੂ ਦਲੇਰੀ
ਨਾਲ ਗਵਾਹੀ ਦਿੰਦਿਆਂ 1984 ’ਚ ਵਾਪਰੇ ਕਤਲੇਆਮ ਦਾ ਅੱਖੀਂ ਡਿੱਠਾ ਹਾਲ
ਸੁਣਾਉਂਦਿਆਂ ਕਿਹਾ ਕਿ ਉਹ ਨਵੰਬਰ 1984 ’ਚ ਉਹ ਕੇਵਲ ਛੇ ਵਰ੍ਹਿਆਂ ਦੀ ਸੀ ਅਤੇ
ਉਨ੍ਹਾਂ ਦਾ ਸਾਰਾ ਪਰਿਵਾਰ ਇੱਕੋ ਹਵੇਲੀ ਵਿਚ ਰਹਿੰਦਾ ਸੀ ਅਤੇ ਕਾਤਲ ਭੀੜਾਂ ਨੇ
ਬੇਰਹਿਮੀ ਨਾਲ ਉਸ ਦੇ ਪਰਿਵਾਰ ਦੇ 12 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ
ਸੀ, ਜਿੰਨ੍ਹਾਂ ਵਿਚ ਉਸ ਦੇ ਦਾਦਾ ਗੁਰਦਿਆਲ ਸਿੰਘ, ਦਾਦੀ ਜਮਨਾ ਬਾਈ, ਪਿਤਾ
ਅਰਜਨ ਸਿੰਘ, ਮਾਤਾ ਪ੍ਰੀਤਮ ਕੌਰ ਨੂੰ ਮੌਕੇ ’ਤੇ ਹੀ ਮਾਰ ਦਿੱਤਾ ਜਦਕਿ ਮੇਰੇ
ਦੋ ਨੰਨ੍ਹੇ ਮਾਸੂਮ ਛੋਟੇ ਭਰਾਵਾਂ ਜਸਬੀਰ ਸਿੰਘ ਅਤੇ ਸਤਬੀਰ ਸਿੰਘ ਨੂੰ ਕੰਧਾਂ
ਨਾਲ ਪਟਕਾ-ਪਟਕਾ ਕੇ ਮਾਰਿਆ ਸੀ।
ਇਸ ਕਤਲੇਆਮ ਦੌਰਾਨ ਉਸਦੀਆਂ ਤਿੰਨ ਭੂਆ ਜੋਗਿੰਦਰ ਕੌਰ,
ਜਸਬੀਰ ਕੌਰ ਅਤੇ ਸੁਨੀਤਾ ਦੇਵੀ, ਤਿੰਨ ਚਾਚੇ ਮਹਿੰਦਰ ਸਿੰਘ, ਗੁਰਚਰਨ ਸਿੰਘ ਅਤੇ
ਗਿਆਨ ਸਿੰਘ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ ਅਤੇ ਸਾਰਿਆਂ ਦੀ ਮੌਤ ਉਪਰੰਤ ਉਹ
ਬਿੱਲਕੁਲ ਅਨਾਥ ਹੋ ਗਈ ਸੀ, ਅਤੇ ਮੇਰੇ ਨਾਨਾ ਨਾਨੀ ਨੇ ਮੇਰਾ ਪਾਲਣ-ਪੋਸ਼ਣ ਕੀਤਾ।
ਮਾਨਯੋਗ ਜੱਜ ਨੇ ਸੁਰਜੀਤ ਕੌਰ ਦੀ ਵਿਥਿਆ ਸੁਣਨ ਉਪਰੰਤ ਅਗਲੇ ਕੇਸਾਂ ਦੀ
ਸੁਣਵਾਈ ਲਈ 5 ਜੁਲਾਈ ਦੀ ਤਰੀਖ ਨਿਰਧਾਰਿਤ ਕੀਤੀ। ਉਕਤ ਮਾਮਲੇ ਦੀ ਪੈਰਵਾਈ ਕਰ
ਰਹੇ ਹੋਂਦ ਚਿੱਲ੍ਹੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਨਵੰਬਰ 1984 ਨੂੰ ਕਾਂਗਰਸ ਵਲੋਂ
ਭਾਰਤ ਦੇ ਵੱਖ-ਵੱਖ 26 ਰਾਜਾਂ ਵਿਚ ਕੀਤੇ ਕਤਲੇਆਮ ਲਈ ਸਪੈਸ਼ਲ ਜਾਂਚ ਕਮੇਟੀ ਦਾ
ਗਠਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ 1984 ਦੌਰਾਨ
ਕੀਤੇ ਇਸ ਅਣ-ਮਨੁੱਖੀ ਕਾਰੇ ਦੀ ਰਿਪੋਰਟ ਤਿਆਰ ਕਰਕੇ ਯੂ. ਐਨ. ਓ. ਨੂੰ ਜਾਣੂੰ
ਕਰਵਾਇਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ
ਜਥੇਦਾਰ ਭਰਭੂਰ ਸਿੰਘ, ਖਜ਼ਾਨ ਸਿੰਘ, ਹਰਜਿੰਦਰ ਸਿੰਘ ਅਤੇ ਦਿੱਲੀ ਸਿੱਖ
ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨੁਮਾਇੰਦੇ ਦਲੀਪ ਸਿੰਘ ਅਤੇ ਪੀੜ੍ਹਿਤ ਪਰਤਾਪ
ਸਿੰਘ ਆਦਿ ਹਾਜ਼ਰ ਸਨ।