Share on Facebook

Main News Page

ਸ਼ਹੀਦੀ ਯਾਦਗਾਰ ਅਤੇ ਬੀਬੀ ਨਿਰਪ੍ਰੀਤ ਕੌਰ ਦਾ ਮਰਨ ਵਰਤ ਤੁੜਵਾਉਣ ਦੇ ਵਿਵਾਦ ਸਬੰਧੀ ਜਥੇਦਾਰ ਕੌਮ ਨੂੰ ਨਹੀਂ ਕਰ ਰਹੇ ਸੰਤੁਸ਼ਟ
- ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪੮੦੭੯੭

* ਗੁਰਮਤਿ ਸਿਧਾਂਤਾਂ ਦੇ ਕਰ ਰਹੇ ਹਨ ਆਪਣੀ ਮਰਜ਼ੀ ਨਾਲ ਅਰਥ
* ਜਿਹੜਾ ਜਥੇਦਾਰ ਭਖਦੇ ਇਨ੍ਹਾਂ ਦੋ ਮਸਲਿਆਂ ਸਬੰਧੀ ਕੌਮ ਦੀ ਤਸੱਲੀ ਨਹੀਂ ਕਰਵਾ ਸਕਦਾ ਉਹ ਟਾਈਗਰ ਜਥਾ, ਖ਼ਾਲਸਾ ਨਿਊਜ਼, ਅਤੇ ਸਿੰਘ ਸਭਾ ਯੂਐੱਸਏ ਵੱਲੋਂ ਗੁਰਮਤਿ ਅਨੁਸਾਰ ਪੁੱਛੇ ਗਏ ੪੫ ਸਵਾਲਾਂ ਦਾ ਜਵਾਬ ਦੇਣ ਦੀ ਕੋਈ ਸਮਰੱਥਾ ਰੱਖਦੇ ਹਨ ਜਾਂ ਨਹੀਂ, ਇਹ ਜਵਾਬ ਦੇ ਕੇ ਜਥੇਦਾਰ ਜੀ ਨੂੰ ਖ਼ੁਦ ਹੀ ਸਿੱਧ ਕਰਨਾ ਚਾਹੀਦਾ ਹੈ। ਜੇ ਉਹ ਆਪਣੇ ਆਪ ਨੂੰ ਜਥੇਦਾਰ ਜਾਂ ਸਿੰਘ ਸਾਹਿਬ ਸਮਝਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਕੌਮ ਦੀ ਤਸੱਲੀ ਕਰਵਾਉਣੀ ਚਾਹੀਦੀ ਹੈ।

ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਅੱਜ ਸਵੇਰੇ ਫ਼ੋਨ 'ਤੇ ਸੰਪਰਕ ਕਰ ਕੇ ਪੁੱਛਿਆ ਕਿ ਅਚਾਨਕ ਹੀ ਸ਼ਹੀਦੀ ਯਾਦਗਾਰ ਦੇ ਨਾਮਕਰਨ ਦਾ ਇਹ ਕੀ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ, ਜੋ ਕਿ ਇੱਕ ਕੌਮੀ ਮਸਲਾ ਬਣਦਾ ਜਾ ਰਿਹਾ ਹੈ? ਜਵਾਬ 'ਚ ਜਥੇਦਾਰ ਜੀ ਨੇ ਕਿਹਾ ਕੋਈ ਵਿਵਾਦ ਨਹੀਂ ਸਿਰਫ਼ ਕੁੱਝ ਗ਼ਲਤ ਫ਼ਹਿਮੀਆਂ ਹਨ ਜਿਨ੍ਹਾਂ ਨੂੰ ਸਹਿਜ ਮਤੇ ਨਾਲ ਹੱਲ ਕਰ ਲਿਆ ਜਾਵੇਗਾ। ਪੁੱਛਿਆ ਗਿਆ ਕਿ ਐਸੀ ਗੱਲ ਤਾਂ ਨਹੀਂ ਹੈ ਕਿ ਕੋਈ ਵਿਵਾਦ ਹੀ ਨਾ ਹੋਵੇ। ਜੇ ਵਿਵਾਦ ਹੀ ਨਹੀਂ ਹੈ ਤਾਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਧੁੰਮਾ ਵੱਲੋਂ ਤੁਹਾਨੂੰ ਮੰਗ ਪੱਤਰ ਦੇਣ ਉਪਰੰਤ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਇਹ ਕਹਿਣ ਦੀ ਲੋੜ ਨਹੀਂ ਸੀ ਪੈਣੀ ਕਿ ਅਕਾਲ ਤਖ਼ਤ ਵੱਲੋਂ ਫ਼ੈਸਲਾ ਕੌਮ ਦੀਆਂ ਭਾਵਨਾਵਾਂ ਅਨੁਸਾਰ ਨਾ ਹੋਇਆ ਤਾਂ ਉਹ ਇਸ ਨੂੰ ਨਹੀਂ ਮੰਨਣਗੇ। ਉਨ੍ਹਾਂ ਦੀ ਇਸ ਧਮਕੀ ਕਾਰਨ ਜਿੱਥੇ ਕੋਈ ਰਾਹ ਲੱਭਣ ਲਈ ਸ਼੍ਰੋਮਣੀ ਕਮੇਟੀ ਨੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਕੀਤੀ, ਉੱਥੇ ਇਹ ਪਹਿਲੀ ਵਾਰ ਹੈ, ਕਿ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਹੋਈ ਮੀਟਿੰਗ 'ਚ ਪੰਜ ਤਖ਼ਤਾਂ ਦੇ ਜਥੇਦਾਰਾਂ ਤੋਂ ਇਲਾਵਾ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀਆਂ ਸਮੇਤ ਦਰਬਾਰ ਸਾਹਿਬ ਦੇ ਸਾਰੇ ਗ੍ਰੰਥੀਆਂ ਨੂੰ ਵੀ ਮੀਟਿੰਗ 'ਚ ਸ਼ਾਮਲ ਕੀਤਾ ਗਿਆ ਸੀ ਪਰ ਫਿਰ ਵੀ ਸਰਬ ਸੰਮਤੀ ਨਾਲ ਕੋਈ ਫ਼ੈਸਲਾ ਨਾ ਹੋ ਸਕਿਆ।

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕਰ ਕੇ ਸ਼ਹੀਦੀ ਯਾਦਗਾਰ ਬਣਾਈ ਗਈ ਹੈ ਤਾਂ ਇਸ ਦਾ ਨਾਮ ਸ਼ਹੀਦੀ ਯਾਦਗਾਰ ਤੋਂ ਬਿਨਾਂ ਹੋਰ ਕੀ ਰੱਖਿਆ ਜਾ ਸਕਦਾ ਹੈ? ਅਤੇ ਸ਼ਹੀਦਾਂ ਦੀ ਸੂਚੀ 'ਚੋਂ (ਸੰਤ) ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਕਿਵੇਂ ਹਟਾਇਆ ਜਾ ਸਕਦਾ ਹੈ? ਉਨ੍ਹਾਂ ਕਿਹਾ ਸ਼ਹੀਦੀ ਯਾਦਗਾਰ ਦਾ ਨਾਮ ਨਹੀਂ ਬਦਲਿਆ ਜਾ ਰਿਹਾ ਤੇ ਨਾ ਹੀ ਕਿਸੇ ਦਾ ਨਾਮ ਹਟਾਇਆ ਜਾ ਰਿਹਾ ਹੈ, ਸਿਰਫ਼ ਕੁੱਝ ਸੁਝਾਉ ਆਏ ਸਨ ਕਿ ੧੯੮੪ 'ਚ ਅਕਾਲ ਤਖ਼ਤ ਸਾਹਿਬ ਜੀ 'ਤੇ ਕਈ ਹੋਰ ਵੀ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਨਾਮ ਵੀ ਸ਼ਹੀਦਾਂ ਦੀ ਸੂਚੀ ਵਿਚ ਸ਼ਾਮਲ ਕੀਤੇ ਜਾਣ। ਪੁੱਛਿਆ ਗਿਆ ਕਿ ਤੁਸੀਂ ਸਵਾਲਾਂ ਦਾ ਜਵਾਬ ਟਾਲਦੇ ਨਜ਼ਰ ਆ ਰਹੋ ਹੋ? ਸੂਚੀ 'ਚ ਦਰਜ ਹੋਣ ਤੋਂ ਰਹਿ ਗਏ ਸ਼ਹੀਦਾਂ ਦੇ ਨਾਮ ਤਾਂ ਪੜਤਾਲ ਕਰਨ ਉਪਰੰਤ ਜਿੰਨੇ ਮਰਜ਼ੀ ਲਿਖੀ ਜਾਓ; ਹੋਰ ਨਾਮ ਲਿਖਣ ਲਈ ਰਾਤ ਦੇ ਸਮੇਂ ਸ਼੍ਰੋਮਣੀ ਕਮੇਟੀ ਨੂੰ ਪਹਿਲਾ ਬੋਰਡ ਪੁੱਟਣ ਦੀ ਕੋਸ਼ਿਸ਼ ਕਰਨ ਦੀ ਕੀ ਜ਼ਰੂਰਤ ਪੈ ਗਈ ਸੀ? ਕੀ ਤੁਹਾਨੂੰ ਐਸਾ ਨਜ਼ਰ ਨਹੀਂ ਆ ਰਿਹਾ ਕਿ ਸ਼੍ਰੋਮਣੀ ਕਮੇਟੀ ਵੀ ਆਜ਼ਾਦ ਨਹੀਂ ਹੈ, ਤੇ ਭਾਜਪਾ ਜਿਸ ਨੂੰ ਸ਼ਹੀਦ (ਸੰਤ) ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਪਸੰਦ ਨਹੀਂ ਹੈ; ਦੇ ਦਬਾਅ ਕਾਰਨ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਨਾਮ ਦਾ ਬੋਰਡ ਹਟਾਉਣ ਲਈ ਬਜ਼ਿਦ ਹੈ, ਜਿਸ ਨੂੰ ਦਮਦਮੀ ਟਕਸਾਲ ਦਾ ਮੁਖੀ ਸਹਿਣ ਕਰਨ ਲਈ ਤਿਆਰ ਨਹੀਂ ਹੈ? ਅਤੇ ਦੋਵਾਂ ਧਿਰਾਂ ਦੀ ਇਸ ਮਜਬੂਰੀ ਨੇ ਤੁਹਾਡੇ ਲਈ ਧਰਮ ਸੰਕਟ ਖੜ੍ਹਾ ਕਰ ਦਿੱਤਾ ਹੈ?

ਜਥੇਦਾਰ ਜੀ ਨੂੰ ਕਿਹਾ ਗਿਆ ਕਿ ਤੁਹਾਡਾ ਜਵਾਬ ਸਚਾਈ ਤੋਂ ਬਹੁਤ ਦੂਰ ਜਾਪਦਾ ਹੈ। ਉਨ੍ਹਾਂ ਦੀ ਸਚਾਈ ਪਰਖਣ ਲਈ ਹੋਏ ਸਵਾਲ ਜਵਾਬ ਹੇਠ ਲਿਖੇ ਅਨੁਸਾਰ ਹਨ:-

ਸਵਾਲ: ਦਿੱਲੀ 'ਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਮਰਨ ਵਰਤ 'ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਦਾ ਬਰਤ ਤੁੜਵਾਉਣ ਪਿੱਛੇ ਕਿਹੜੀ ਸਿਆਸਤ ਨੇ ਕੰਮ ਕੀਤਾ ਹੈ? ਕੀ ਤੁਸੀਂ ਆਪਣੀ ਮਰਜ਼ੀ ਨਾਲ ਹੀ ਬਰਤ ਤੁੜਵਾਉਣ ਲਈ ਗਏ ਸੀ ਜਾਂ ਸ਼੍ਰੋਮਣੀ ਕਮੇਟੀ ਜਾਂ ਬਾਦਲ ਵੱਲੋਂ ਇਹ ਵਰਤ ਤੁੜਵਾਉਣ ਦੀ ਸਲਾਹ ਦਿੱਤੀ ਗਈ ਸੀ?

ਜਵਾਬ: ਕਿਸੇ ਵੱਲੋਂ ਸਲਾਹ ਨਹੀਂ ਦਿੱਤੀ ਗਈ। ਵਰਤ ਤੁੜਵਾਉਣ ਲਈ ਮੈਂ ਇਕੱਲਾ ਨਹੀਂ ਗਿਆ ਪੰਜਾਬ ਤੋਂ ਬਹੁਤ ਸਾਰੇ ਸਿੱਖ ਮੇਰੇ ਨਾਲ ਗਏ ਸੀ। ਸਾਰਿਆਂ ਦੀ ਇਹੀ ਰਾਇ ਸੀ ਕਿ ਬੀਬੀ ਨਿਰਪ੍ਰੀਤ ਕੌਰ ਇੱਕ ਅਹਿਮ ਗਵਾਹ ਹੈ ਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ। ਜੇ ਉਸ ਨੂੰ ਕੁੱਝ ਹੋ ਗਿਆ ਤਾਂ ਇਹ ਪੰਥ ਦੇ ਹਿਤ ਵਿਚ ਨਹੀਂ ਹੋਵੇਗਾ। ਇਸ ਲਈ ਪੰਜਾਬ ਦੇ ਸਿੱਖ ਚਾਹੁੰਦੇ ਸਨ ਕਿ ਵਰਤ ਤੁੜਵਾਇਆ ਜਾਵੇ। ਦਿੱਲੀ ਕਮੇਟੀ ਵੀ ਇਹੋ ਚਾਹੁੰਦੀ ਸੀ ਕਿ ਵਰਤ ਜਾਰੀ ਰੱਖਣਾ ਕੌਮ ਦੇ ਹਿਤ ਵਿਚ ਨਹੀਂ ਹੈ। ਵੈਸੇ ਵੀ ਮਰਨ ਵਰਤ ਰੱਖਣਾ ਗੁਰਮਤਿ ਸਿਧਾਂਤਾਂ ਦੇ ਉਲਟ ਹੈ ਤੇ ਪੁਰਾਤਨ ਸਿੱਖ ਇਤਿਹਾਸ ਵਿਚ ਮਰਨ ਵਰਤ ਰੱਖੇ ਜਾਣ ਦੀ ਕੋਈ ਵੀ ਮਿਸਾਲ ਨਹੀਂ ਮਿਲਦੀ; ਇਸ ਲਈ ਸਾਰਿਆਂ ਦੀ ਰਾਇ ਨਾਲ ਮੈਂ ਵਰਤ ਤੋੜੇ ਜਾਣ ਦਾ ਐਲਾਣ ਕਰ ਦਿੱਤਾ।

ਸਵਾਲ: ਤੁਸੀਂ ਝੂਠ ਬੋਲ ਰਹੇ ਹੋ ਕੇ ਪੰਜਾਬ ਦੇ ਸਾਰੇ ਸਿੱਖ ਤੁਹਾਡੇ ਨਾਲ ਗਏ ਸੀ ਜਦੋਂ ਕਿ ਸਚਾਈ ਇਹ ਹੈ ਕਿ ਪੰਜਾਬ ਦੇ ਸਾਰੇ ਸਿੱਖ ਨਹੀਂ ਬਲਕਿ ਬਾਦਲ ਦਲ ਦੇ ਸਾਰੇ ਆਗੂ ਤੁਹਾਡੇ ਨਾਲ ਗਏ ਸੀ। ਜਿਥੋਂ ਇਹੀ ਸਮਝ ਪੈਂਦੀ ਹੈ ਕਿ ਬਾਦਲ ਦਲ ਦੀਆਂ ਹਦਾਇਤਾਂ 'ਤੇ ਹੀ, ਤੁਸੀਂ ਕਿਸੇ ਹੋਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਵਰਤ ਤੋੜਨ ਦਾ ਐਲਾਨ ਕਰ ਦਿੱਤਾ।

ਜਵਾਬ: ਨਹੀਂ ਮੇਰੇ ਨਾਲ ਕੋਈ ਆਗੂ ਨਹੀਂ ਸੀ ਸਾਰੇ ਪੰਜਾਬ 'ਚੋਂ ਗਏ ਸਿੱਖ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਹੀ ਸਨ।
ਨੋਟ: ਜਥੇਦਾਰ ਜੀ ਦੀ ਇਸ ਸਚਾਈ ਨੂੰ ਉਸ ਸਮੇਂ ਪ੍ਰੈੱਸ ਵਿਚ ਛਪੀਆਂ ਤਸਵੀਰਾਂ 'ਚੋਂ ਪਰਖਿਆ ਜਾ ਸਕਦਾ ਹੈ।

ਸਵਾਲ: ਬੀਬੀ ਨਿਰਪ੍ਰੀਤ ਕੌਰ ਸਮੇਤ ਹੋਰ ਕਈਆਂ ਨੂੰ ਵੱਖ ਵੱਖ ਕਮਿਸ਼ਨਾਂ ਤੇ ਅਦਾਲਤਾਂ ਵਿਚ ਗਵਾਹੀ ਦੇਣ ਲਈ ਧੱਕੇ ਖਾਂਦਿਆਂ ਤਾਂ ੨੯ ਸਾਲ ਬੀਤ ਗਏ ਹਨ। ਜਦ ਸਾਨੂੰ ਚਿੱਟੇ ਦਿਨ ਵਾਂਗ ਸਾਫ਼ ਵਿਖਾਈ ਦੇ ਰਿਹਾ ਹੈ ਕਿ ਹਿੰਦੁਸਤਾਨ ਦੀਆਂ ਇਹ ਅੰਨ੍ਹੀਆਂ ਬੋਲ਼ੀਆਂ ਅਦਾਲਤਾਂ ਤੇ ਸਰਕਾਰਾਂ ਸਾਨੂੰ ਇਨਸਾਫ਼ ਦੇਣ ਦੇ ਰੌਂਅ ਵਿਚ ਨਹੀਂ ਹਨ ਤਾਂ ਇੱਕੋ ਰਾਹ ਬਾਕੀ ਰਹਿ ਗਿਆ ਹੈ ਕਿ ਸਿੱਖਾਂ ਨਾਲ ਹੋ ਰਹੀ ਇਸ ਬੇਇਨਸਾਫ਼ੀ ਵੱਲ ਅੰਤਰਰਾਸ਼ਟਰੀ ਪੱਧਰ 'ਤੇ ਧਿਆਨ ਖਿੱਚਣ ਲਈ ਕੋਈ ਸਖ਼ਤ ਕਾਰਵਾਈ ਕੀਤੀ ਜਾਵੇ। ਬੀਬੀ ਨਿਰਪ੍ਰੀਤ ਕੌਰ ਦਾ ਮਰਨ ਵਰਤ ਇਸੇ ਕੜੀ ਦਾ ਇੱਕ ਹਿੱਸਾ ਸੀ ਜਿਸ ਨੂੰ ਤੁਸੀਂ ਸਰਕਾਰ ਤੋਂ ਕੋਈ ਭਰੋਸਾ ਲਏ ਬਿਨਾਂ ਹੀ ਅੱਧ ਵਿਚਕਾਰੋਂ ਤੁੜਵਾ ਕੇ ਪੀੜਤਾਂ ਅਤੇ ਕੌਮ ਦੀ ਪਿੱਠ 'ਚ ਛੁਰਾ ਮਾਰਨ ਦੇ ਤੁੱਲ ਕੰਮ ਕੀਤਾ ਹੈ। ਜੇ ਵਰਤ ਤੁੜਵਾਉਣਾ ਜ਼ਰੂਰੀ ਹੀ ਸਮਝਿਆ ਗਿਆ ਸੀ ਤਾਂ ਘੱਟ ਤੋਂ ਘੱਟ ਬੀਬੀ ਨਿਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਸਮਰਥਨ ਵਿਚ ਬੈਠੀਆਂ ਵਿਧਵਾਵਾਂ ਤੇ ਹੋਰ ਸੰਗਤ ਨਾਲ ਸਲਾਹ ਮਸ਼ਵਰਾ ਕਰ ਕੇ ਉਨ੍ਹਾਂ ਨੂੰ ਭਰੋਸੇ ਵਿਚ ਤਾਂ ਲੈ ਲੈਂਦੇ।

ਜਵਾਬ: ਕਿਸੇ ਦੀ ਪਿੱਠ ਵਿਚ ਕੋਈ ਛੁਰਾ ਨਹੀਂ ਮਾਰਿਆ। ਉੱਥੇ ਹਾਜਰ ਸਾਰੇ ਹੀ ਸਿੱਖ ਵਰਤ ਖ਼ਤਮ ਕੀਤੇ ਜਾਣ ਦੇ ਹੱਕ ਵਿਚ ਸਨ।

ਸਵਾਲ: ਬੀਬੀ ਨਿਰਪ੍ਰੀਤ ਕੌਰ ਤਾਂ ਤੁਹਾਡੇ 'ਤੇ ਗੰਭੀਰ ਦੋਸ਼ ਲਾਉਂਦੀ ਹੋਈ ਕਹਿ ਰਹੀ ਹੈ ਕਿ ਤੁਸੀਂ ਉਸ ਨੂੰ ਜੂਸ ਨਹੀਂ ਪਿਆਇਆ ਧੋਖੇ ਨਾਲ ਸ਼ਹੀਦਾਂ ਦਾ ਖ਼ੂਨ ਪਿਆ ਦਿੱਤਾ ਹੈ।

ਜਵਾਬ: ਹੁਣ ਜੋ ਮਰਜ਼ੀ ਕਹੀ ਜਾਵੇ ਜੇ ਕਿਸੇ ਨੇ ਵਿਰੋਧ ਕਰਨਾ ਸੀ ਤਾਂ ਉਸ ਸਮੇਂ ਕਰਦੇ।

ਸਵਾਲ: ਇੰਟਰਨੈੱਟ 'ਤੇ ਪਈ ਵੀਡੀਓ ਤਾਂ ਦੱਸ ਰਹੀ ਹੈ ਕਿ ਜਿਸ ਸਮੇਂ ਤੁਸੀਂ ਵਰਤ ਤੋੜੇ ਜਾਣ ਦਾ ਐਲਾਨ ਕਰ ਰਹੇ ਸੀ ਉਸੇ ਸਮੇਂ ਪੀੜਤ ਵਿਧਵਾਵਾਂ ਭਾਰੀ ਵਿਰੋਧ ਕਰ ਰਹੀਆਂ ਸਨ। ਤੁਹਾਡੇ ਸਮੇਤ ਕਿਸੇ ਨੇ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ।

ਜਵਾਬ: ਮੌਕੇ 'ਤੇ ਮੈਂ ਤਾਂ ਕਿਸੇ ਨੂੰ ਵਿਰੋਧ ਕਰਦਾ ਨਹੀਂ ਵੇਖਿਆ।

ਨੋਟ: ਕੀ ਕੋਈ ਦੱਸ ਸਕਦਾ ਹੈ ਕਿ ਜਿਹੜੀ ਵੀਡੀਓ ਇੰਟਰਨੈੱਟ 'ਤੇ ਪਏ ਯੂ ਟਿਊਬ ਲਿੰਕ : http://www.youtube.com/watch?feature=player_embedded&v=DRBR31UYItg  'ਤੇ ਸਾਰਾ ਜਗਤ ਵੇਖ ਰਿਹਾ ਹੈ ਤੇ ਜਥੇਦਾਰ ਜੀ ਦੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁੱਝ ਵਾਪਰਿਆ ਤੇ ਰਿਕਾਰਡ ਹੋਇਆ, ਉਹ ਜਥੇਦਾਰ ਜੀ ਨੂੰ ਕਿਉਂ ਨਹੀਂ ਦਿਸ ਰਿਹਾ? ਜਿਨ੍ਹਾਂ ਦੀ ਮੁੱਠੀ ਵਿਚ ਜਥੇਦਾਰ ਜੀ ਤੋਤੇ ਵਾਂਗ ਬੰਦ ਹਨ, ਉਹ ਬੜੇ ਯੋਜਨਾਬੱਧ ਢੰਗ ਨਾਲ ਪ੍ਰਚਾਰ ਕਰ ਰਹੇ ਹਨ ਕਿ ਆਪਣੇ ਪੈਰਾਂ ਵਿਚ ਨਾ ਵੇਖ ਸਕਣ ਵਾਲੇ ਜਥੇਦਾਰ ਦਾ ਫ਼ੈਸਲਾ ਉਨ੍ਹਾਂ ਨੂੰ ਸਿਰ ਮੱਥੇ 'ਤੇ ਪ੍ਰਵਾਨ ਹੋਵੇਗਾ ਤੇ ਬਾਕੀ ਦੇ ਸਾਰੇ ਸਿੱਖਾਂ ਨੂੰ ਵੀ ਉਨ੍ਹਾਂ ਦਾ ਆਦੇਸ਼ ਮੰਨ ਲੈਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਵੇਗਾ; ਉਹ ਕਿੰਨੇ ਕੁ ਸੁਹਿਰਦ ਹਨ?

ਸਵਾਲ: ਜੋ ਤੁਸੀਂ ਮਰਨ ਵਰਤ ਨੂੰ ਸਿੱਖ ਸਿਧਾਂਤ ਦੇ ਵਿਰੋਧ ਵਿਚ ਦੱਸ ਰਹੇ ਹੋ, ਇਹ ਵੀ ਇੱਕ ਬਹਾਨਾ ਜਾਪਦਾ ਹੈ ਕਿਉਂਕਿ ਸਿੱਖ ਸਿਧਾਂਤ ਤਾਂ ਮੌਜੂਦਾ ਢੰਗ ਦੀਆਂ ਗੁਰਦੁਆਰਾ ਚੋਣਾਂ ਨੂੰ ਵੀ ਪ੍ਰਵਾਨ ਨਹੀਂ ਕਰਦਾ; ਹਵਨ ਕਰਨੇ, ਜਗਰਾਤੇ ਕਰਵਾਉਣੇ, ਸ਼ਿਵਲਿੰਗ ਪੂਜਾ ਕਰਨੀ, ਨਿਰੋਲ ਗੱਪਾਂ ਦੇ ਆਧਾਰ 'ਤੇ ਸਿਰਜੇ ਵਿਸ਼ਵਕਰਮਾ ਦੀ ਪੂਜਾ ਕਰਨੀ, ਮੱਥੇ 'ਤੇ ਤਿਲਕ ਲਾਉਣੇ, ਕੜੇ ਵਾਲੇ ਹੱਥਾਂ 'ਤੇ ਮੌਲ਼ੀਆਂ ਦੇ ਧਾਗੇ ਬੰਨ੍ਹਣੇ ਆਦਿਕ ਕੁੱਝ ਵੀ ਪ੍ਰਵਾਨ ਨਹੀਂ ਹਨ। ਜੇ ਤੁਸੀਂ ਗੁਣਾਂ ਦੇ ਆਧਾਰ 'ਤੇ ਸਿਲੈੱਕਸ਼ਨ ਦੇ ਥਾਂ ਭ੍ਰਿਸ਼ਟ ਢੰਗਾਂ ਰਾਹੀਂ ਹੋਈਆਂ ਚੋਣਾਂ ਰਾਹੀਂ; ਹਵਨ ਕਰਨ ਵਾਲੇ, ਜਗਰਾਤੇ ਕਰਵਾਉਣ ਵਾਲੇ, ਸ਼ਿਵਲਿੰਗ ਪੂਜਾ ਕਰਨ ਵਾਲੇ, ਵਿਸ਼ਵਕਰਮਾ ਦੀ ਪੂਜਾ ਕਰਨ ਵਾਲੇ, ਮੱਥੇ 'ਤੇ ਤਿਲਕ ਲਵਾਉਣ ਵਾਲੇ, ਕੜੇ ਵਾਲੇ ਹੱਥਾਂ 'ਤੇ ਮੌਲ਼ੀਆਂ ਬੰਨ੍ਹਣ ਵਾਲੇ, ਅਤੇ 'ਜੈ ਸ਼ੀਆ ਰਾਮ' ਦੇ ਨਾਅਰੇ ਲਾਉਣ ਵਾਲੇ ਚੁਣੇ ਗਏ ਮੈਂਬਰਾਂ ਨੂੰ ਗੁਰਦੁਆਰਾ ਪ੍ਰਬੰਧਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ ਧਰਤਾ ਪ੍ਰਵਾਨ ਕਰ ਰਹੇ ਹੋ ਤਾਂ ਅਜੇਹੇ ਲੋਕਤੰਤਰ ਵਿਚ ਮਰਨ ਵਰਤ ਵੀ ਪ੍ਰਵਾਨ ਕਰਨਾ ਪਏਗਾ।

ਜਵਾਬ: ਮੇਰੇ ਸਮੇਂ ਦੌਰਾਨ ਤਾਂ ਕਿਸੇ ਨੇ ਮਨਮਤ ਨਹੀਂ ਕੀਤੀ। ਚੋਣਾਂ ਕਾਨੂੰਨ ਦੇ ਤਹਿਤ ਹੋ ਰਹੀਆਂ ਹਨ, ਇਸ ਲਈ ਇਹ ਚੋਣਾਂ ਮੰਨਣੀਆਂ ਹੀ ਪੈਣਗੀਆਂ।

ਸਵਾਲ: ਜੇ ਮਜਬੂਰੀ ਵੱਸ ਲੋਕਤੰਤਰ ਵਿਚ ਚੋਣਾਂ ਮੰਨਣੀਆਂ ਹੀ ਪੈਣਗੀਆਂ ਤਾਂ ਅਜਿਹੇ ਲੋਕ ਤੰਤਰ ਵਿਚ ਰੋਸ ਵਜੋਂ ਵਰਤੇ ਜਾਣ ਵਾਲੇ ਢੰਗ ਜਿਵੇਂ ਕਿ ਰੋਸ ਮੁਜ਼ਾਹਰੇ, ਮਰਨ ਬਰਤ ਅਤੇ ਭੁੱਖ ਹੜਤਾਲਾਂ ਵੀ ਜਾਇਜ਼ ਮੰਨਣੀਆਂ ਪੈਣਗੀਆਂ। ਅਗਲੀ ਗੱਲ ਹੈ ਕਿ ਸਿੱਖੀ ਵਿਚ ਧਾਰਮਿਕ ਤੌਰ 'ਤੇ ਆਤਮਿਕ ਸ਼ੁੱਧੀ ਜਾਂ ਕਿਸੇ ਹੋਰ ਫ਼ਲ ਦੀ ਪ੍ਰਾਪਤੀ ਲਈ ਖ਼ਾਸ ਖ਼ਾਸ ਦਿਨਾਂ ਦੇ ਮਿਥੇ ਗਏ ਵਰਤ ਰੱਖਣ ਦੀ ਮਨਾਹੀ ਹੈ ਨਾ ਕਿ ਲੋਕ ਤੰਤਰ ਵਿਚ ਰੋਸ ਵਜੋਂ ਵਰਤ ਰੱਖਣ ਦੀ। ਪਰ ਜੇ ਤੁਸੀਂ ਕਹਿੰਦੇ ਹੋ ਕਿ ਭੁੱਖ ਹੜਤਾਲ ਜਾਂ ਮਰਨ ਬਰਤ ਰੱਖਣੇ ਸਿੱਖੀ ਸਿਧਾਂਤ ਅਨੁਸਾਰ ਵਾਜਬ ਨਹੀਂ ਤਾਂ ਸਿੱਖੀ ਸਿਧਾਂਤ ਹੈ: 'ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥੨੨॥' (ਜ਼ਫ਼ਰਨਾਮਾ) ਭਾਵ ਜਦੋਂ ਕਿਸੇ ਕੰਮ ਲਈ ਸਾਰੇ ਉਪਾਅ ਖ਼ਤਮ ਹੋ ਜਾਣ, ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ। ਪਰ ਤੁਹਾਡੇ ਵੱਲੋਂ 'ਫ਼ਖਰ-ਏ-ਕੌਮ, ਪੰਥ ਰਤਨ' ਅਵਾਰਡ ਨਾਲ ਨਿਵਾਜੇ ਗਏ ਆਗੂ ਤਾਂ, ਸਾਰੇ ਉਪਾਅ ਖ਼ਤਮ ਹੋਣ ਪਿੱਛੋਂ ਹਥਿਆਰ ਚੁੱਕਣ ਵਾਲਿਆਂ ਨੂੰ ਅਤਿਵਾਦੀ ਦੱਸ ਰਹੇ ਹਨ ਤੇ ਸ਼ਹੀਦੀ ਯਾਦਗਾਰ ਵਿਚ ਉਨ੍ਹਾਂ ਦੇ ਨਾਮ ਵੀ 'ਫ਼ਖਰ-ਏ-ਕੌਮ, ਪੰਥ ਰਤਨ' ਤੇ ਉਨ੍ਹਾਂ ਦੇ ਝੋਲ਼ੀ ਚੁੱਕਾਂ ਨੂੰ ਚੁੱਭ ਰਹੇ ਹਨ ਤੇ ਉਨ੍ਹਾਂ ਦੀਆਂ ਹਦਾਇਤਾਂ 'ਤੇ ਤੁਸੀਂ ਉਨ੍ਹਾਂ ਦੇ ਨਾਮ ਮਿਟਾਉਣ ਲਈ ਸਹਿਜ ਮਤੇ ਨਾਲ ਕੋਈ ਰਾਹ ਲੱਭ ਰਹੇ ਹੋ। ਜਦੋਂ ਕਿ ਖ਼ੁਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨ ਦੀ ਥਾਂ ਸਿੱਖ ਕੌਮ ਦੀ ਵੱਖਰੀ ਹਸਤੀ ਤੇ ਹੋਂਦ ਮਿਟਾਉਣ 'ਤੇ ਤੁਲੇ ਅਡਵਾਨੀ, ਰਾਜਨਾਥ, ਗਡਕਰੀ, ਸੁਸ਼ਮਾ ਸਵਰਾਜ ਆਦਿਕ ਦੇ ਹੱਥ ਤਲਵਾਰ ਫੜਾ ਕੇ ਉਨ੍ਹਾਂ ਦੇ ਗਲ਼ਾਂ ਵਿਚ ਸਿਰੋਪੇ ਪਾ ਕੇ ਸਿੱਖੀ ਸਿਧਾਂਤਾਂ ਦਾ ਮਖ਼ੌਲ ਉਡਾ ਰਹੇ ਹਨ।

ਜਵਾਬ: ਮੈਂ ਇਸ ਸਮੇਂ ਸਫ਼ਰ ਵਿਚ ਹਾਂ ਇਸ ਲਈ ਇਨ੍ਹਾਂ ਗੱਲਾਂ ਬਾਰੇ ਆਪਾਂ ਫਿਰ ਸਹਿਜ ਮਤੇ ਨਾਲ ਵਿਚਾਰ ਕਰਾਂਗੇ।

ਜਿਹੜਾ ਜਥੇਦਾਰ ਭਖਦੇ ਇਨ੍ਹਾਂ ਦੋ ਮਸਲਿਆਂ ਸਬੰਧੀ ਕੌਮ ਦੀ ਤਸੱਲੀ ਨਹੀਂ ਕਰਵਾ ਸਕਦਾ ਉਹ ਟਾਈਗਰ ਜਥਾ, ਖ਼ਾਲਸਾ ਨਿਊਜ਼, ਅਤੇ ਸਿੰਘ ਸਭਾ ਯੂਐੱਸਏ ਵੱਲੋਂ ਗੁਰਮਤਿ ਅਨੁਸਾਰ ਪੁੱਛੇ ਗਏ ੪੫ ਸਵਾਲਾਂ ਦਾ ਜਵਾਬ ਦੇਣ ਦੀ ਕੋਈ ਸਮਰੱਥਾ ਰੱਖਦੇ ਹਨ ਜਾਂ ਨਹੀਂ; ਇਹ ਜਵਾਬ ਦੇ ਕੇ ਜਥੇਦਾਰ ਜੀ ਨੂੰ ਖ਼ੁਦ ਹੀ ਸਿੱਧ ਕਰਨਾ ਚਾਹੀਦਾ ਹੈ। ਜੇ ਉਹ ਆਪਣੇ ਆਪ ਨੂੰ ਜਥੇਦਾਰ ਜਾਂ ਸਿੰਘ ਸਾਹਿਬ ਸਮਝਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਕੌਮ ਦੀ ਤਸੱਲੀ ਕਰਵਾਉਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top