Share on Facebook

Main News Page

ਕਾਉਣੀ ਨੂੰ ਕਿੰਨੇ ਕੁ ਵਾਰੀ ਤਲਬ ਕਰਨਾ ਹੈ, ਜੇ ਜਥੇਦਾਰ ’ਚ ਹਿੰਮਤ ਹੈ, ਤਾਂ ਇਸ ਨੂੰ ਟਿਕਟ ਦੇਣ ਵਾਲੇ ਸੁਖਬੀਰ ਬਾਦਲ ਨੂੰ ਤਲਬ ਕਰਕੇ ਤਨਖ਼ਾਹ ਲਾਵੇ
- ਭਾਈ ਬਲਦੇਵ ਸਿੰਘ ਸਿਰਸਾ

ਜਥੇਦਾਰ ਜੀ ਜੇ ਤੁਸੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਦਲ ਬਾਦਲ ਦੇ ਅਹੁੱਦੇਦਾਰਾਂ ’ਤੇ ਹੀ ਹੁਕਨਾਮਾ ਲਾਗੂ ਨਹੀਂ ਕਰ ਸਕਦੇ, ਤਾਂ ਕੀ ਇਹ ਹੁਕਮਨਾਮੇ ਕੇਵਲ ਬਾਦਲ ਦਲ ਦੇ ਵਿਰੋਧੀਆਂ ਲਈ ਹੀ ਹਨ?

ਬਠਿੰਡਾ, 17 ਮਈ (ਕਿਰਪਾਲ ਸਿੰਘ): ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਵਿੱਚ ਹਾਜਰੀ ਭਰਨ ਬਦਲੇ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਉਣੀ ਨੂੰ ਕਿੰਨੇ ਕੁ ਬਾਰੀ ਤਲਬ ਕਰਨਾ ਹੈ? ਜੇ ਜਥੇਦਾਰ ’ਚ ਹਿੰਮਤ ਹੈ ਤਾਂ ਇਸ ਨੂੰ ਟਿਕਟ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਕੇ ਤਨਖ਼ਾਹ ਲਾਵੇ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਪ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਦੇ ਪਿੰਡ ਭੁੱਲਰ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕੌਣੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਦੂਸਰੀ ਵਾਰ ਉਲੰਘਣਾ ਕਰਕੇ ਡੇਰਾ ਪ੍ਰੇਮੀਆਂ ਦੇ ਨਾਮ ਚਰਚਾ ਸਮਾਗਮ ’ਚ ਪੂਰਾ ਸਮਾ ਹਾਜਰੀ ਭਰਨ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਬਾਦਲ ਦੇ ਅਜਿਹੇ ਆਗੂਆਂ ਨੂੰ ਸਿੱਖੀ ਸਿਧਾਂਤ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਇਹ ਅਕਸਰ ਹੀ ਅਕਾਲ ਤਖ਼ਤ ਤੋਂ ਛੇਕੇ ਪੰਥ ਵਿਰੋਧੀ ਡੇਰਿਆਂ ਦੀਆਂ ਸੰਗਤਾਂ ਵਿੱਚ ਹਾਜਰੀ ਭਰਦੇ ਹਨ ਪਰ ਇਹ ਵੱਖਰੀ ਗੱਲ ਹੈ ਕਿ ਹਰ ਵਾਰ ਮੀਡੀਏ ਦੀ ਨਜ਼ਰ ’ਚ ਨਾ ਆਉਣ ਕਰਕੇ ਫੋਟੋ ਦੇ ਸਬੂਤਾਂ ਸਹਿਤ ਅਖ਼ਬਾਰਾਂ ’ਚ ਖ਼ਬਰਾਂ ਕਦੀ ਕਦੀ ਹੀ ਛਪਦੀਆਂ ਹਨ।

ਭਾਈ ਸਿਰਸਾ ਨੇ ਕਿਹਾ ਇਹ ਉਹੀ ਨਵਤੇਜ ਸਿੰਘ ਕਾਉਣੀ ਹੈ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਹੁੰਦਿਆਂ ਪਹਿਲਾਂ ਵੀ ਪੰਥ ’ਚੋਂ ਛੇਕੇ ਡੇਰਾ ਪ੍ਰਮੀਆਂ ਦੀਆਂ ਨਾਮ ਚਰਚਾਵਾਂ ਵਿੱਚ ਹਾਜਰੀ ਭਰਦਾ ਰਹਿੰਦਾ ਸੀ ਤੇ ਇੱਕ ਵਾਰ ਅਖ਼ਬਾਰ ’ਚ ਫੋਟੋ ਸਹਿਤ ਖ਼ਬਰ ਛਪਣ ਕਾਰਣ ਇਸ ਦੀ ਅਕਾਲ ਤਖ਼ਤ ਤੇ ਸ਼ਿਕਾਇਤ ਹੋਣ ਕਾਰਣ ਉਥੋਂ ਤਨਖ਼ਾਹ ਲਵਾਉਣ ਦਾ ਡਰਾਮਾ ਰਚ ਚੁੱਕਾ ਹੈ। ਸਿਰਸਾ ਡੇਰਾ ਪ੍ਰੇਮੀਆਂ ਦੀਆਂ ਨਾਮ ਚਰਚਾਵਾਂ ਵਿੱਚ ਅਕਸਰ ਹੀ ਹਾਜਰੀਆਂ ਭਰਨ ਕਾਰਣ ਇਲਾਕੇ ਦੇ ਸਿੱਖਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਯੂਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਨੂੰ ਦੁਬਾਰਾ ਟਿਕਟ ਦੇ ਕੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾ ਦਿੱਤਾ। ਭਾਈ ਸਿਰਸਾ ਨੇ ਕਿਹਾ ਬਾਦਲ ਦਲ ’ਚ ਅਜਿਹਾ ਇੱਕ ਨਵਤੇਜ ਸਿੰਘ ਕਾਉਣੀ ਨਹੀਂ ਬਲਕਿ ਕਾਉਣੀ ਵਰਗੇ ਅਨੇਕਾਂ ਹੋਰ ਹਨ।

ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਿੱਚ ਬਾਦਲ ਦਲ ਦੇ ਕਿਸੇ ਮੈਂਬਰ ਨੂੰ ਤਲਬ ਕਰਨ ਦੀ ਹਿੰਮਤ ਨਹੀਂ ਹੈ ਤੇ ਸਿਰਫ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਤਨਖ਼ਾਹ ਲਾਉਣ ਦਾ ਡਰਾਮ ਰਚ ਦਿੱਤਾ ਜਾਂਦਾ ਹੈ। ਉਸੇ ਤਰ੍ਹਾਂ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਅਗਲੀ ਚੋਣ ਮੌਕੇ ਪਹਿਲਾਂ ਦੀ ਤਰ੍ਹਾਂ ਦੂਸਰੀ ਵਾਰ ਫਿਰ ਤਨਖ਼ਾਹ ਲਵਾਉਣ ਦਾ ਡਰਾਮਾ ਰਚ ਲਵੇ। ਉਨ੍ਹਾਂ ਕਿਹਾ ਬਾਦਲ ਪ੍ਰਵਾਰ ਸਮੇਤ ਦਲ ਦੇ ਤਕਰੀਬਨ ਤਿੰਨ ਚੌਥਾਈ ਤੋਂ ਵੱਧ ਮੈਂਬਰ ਕਿਸੇ ਨਾ ਕਿਸੇ ਪੰਥ ਵਿਰੋਧੀ ਡੇਰੇਦਾਰ ਦੇ ਚੇਲੇ ਤਾਂ ਹੈ ਹੀ ਹਨ ਪਰ ਅਸਲ ਕਸੂਰਵਾਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੀ ਹੈ ਜਿਹੜਾ ਬਾਦਲ ਪ੍ਰਵਾਰ ਵਿਰੁਧ ਕਾਰਵਾਈ ਕਰਨ ਤੋਂ ਇਹ ਕਹਿ ਕੇ ਟਾਲ਼ਾ ਵੱਟ ਲੈਂਦਾ ਹੈ, ਕਿ ਸਿਆਸੀ ਬੰਦਿਆਂ ਨੇ ਤਾਂ ਹਰ ਥਾਂ ਹੀ ਜਾਣਾ ਹੁੰਦਾ ਹੈ! ਜਦ ਬਾਦਲ ਦਲ ਦੇ ਮੁਖੀ ਹੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਦੀ ਉਲੰਘਣਾਂ ਕਰਦੇ ਰਹਿਣ ਤਾਂ ਇਸ ਨਾਲ ਨਵਤੇਜ ਕਾਉਣੀ ਵਰਗੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਵੀ ਉਤਸ਼ਾਹ ਵਧਿਆ ਰਹਿੰਦਾ ਹੈ ਤੇ ਉਹ ਅਕਾਲ ਤਖ਼ਤ ਦੇ ਹੁਕਨਾਮਿਆਂ ਨੂੰ ਟਿੱਚ ਜਾਣਦੇ ਹਨ।

ਭਾਈ ਬਲਦੇਵ ਸਿੰਘ ਨੇ ਜਥੇਦਾਰ ਤੋਂ ਪੁਛਿਆ ਕਿ ਜੇ ਤੁਸੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਦਲ ਬਾਦਲ ਦੇ ਅਹੁੱਦੇਦਾਰਾਂ ’ਤੇ ਹੀ ਹੁਕਨਾਮਾ ਲਾਗੂ ਨਹੀਂ ਕਰ ਸਕਦੇ ਤਾਂ ਕੀ ਇਹ ਹੁਕਮਨਾਮੇ ਕੇਵਲ ਬਾਦਲ ਦਲ ਦੇ ਵਿਰੋਧੀਆਂ ਲਈ ਹੀ ਹਨ? ਉਨ੍ਹਾਂ ਕਿਹਾ ਜੇ ਤੁਸੀਂ ਚਾਹੁੰਦੇ ਹੋ ਕਿ ਅਕਾਲ ਤਖ਼ਤ ਦੀ ਸਰਬਉਚਤਾ ਬਣਾਈ ਰੱਖਣ ਲਈ ਇੱਥੋਂ ਜਾਰੀ ਹੋਏ ਹੁਕਨਮਾਮੇ ਸਾਰੇ ਸਿੱਖ ਇੰਨ ਬਿੰਨ ਮੰਨ ਲੈਣ ਤਾਂ ਨਵਤੇਜ ਸਿੰਘ ਕਾਉਣੀ ਵਰਗਿਆਂ ਨੂੰ ਟਿਕਟ ਦੇਣ ਵਾਲੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਕੇ ਤਨਖ਼ਾਹ ਲਾਈ ਜਾਵੇ ਤੇ ਕਾਉਣੀ ਨੂੰ ਪੰਥ ’ਚੋਂ ਛੇਕ ਕੇ ਉਸ ਤੋਂ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਲੈਣ ਲਈ ਆਦੇਸ਼ ਦਿੱਤਾ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top