Share on Facebook

Main News Page

ਚੋਣਾਂ ਨੂੰ ਲੈ ਕੇ ਲੋਪੋਕੇ ਵਿੱਚ ਚੱਲੀ ਗੋਲੀ ਦੋ ਵਿਅਕਤੀਆਂ ਦੀ ਮੌਤ ਇੱਕ ਫੱਟੜ

ਅੰਮ੍ਰਿਤਸਰ 17 ਮਈ (ਜਸਬੀਰ ਸਿੰਘ ਪੱਟੀ): ਜਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਬੀਤੇ ਕਲ੍ਹ ਬਠਿੰਡਾ ਦੇ ਪਿੰਡ ਆਦਮਪੁਰਾ ਵਿੱਚ ਪੰਜਾਬ ਪੀਪਲਜ਼ ਪਾਰਟੀ ਦੇ ਉਂਮੀਦਵਾਰ ਲੱਖਾ ਸਿਧਾਣਾ ‘ਤੇ ਹਾਕਮ ਧਿਰ ਦੇ ਕਾਰਕੁੰਨਾਂ ਵੱਲੋ ਕੀਤੇ ਗਏ ਕਾਤਲਾਨਾ ਹਮਲੇ ਦੀਆਂ ਲੱਗੀਆਂ ਖਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ਸੀ, ਕਿ ਸਥਾਨਕ ਜਿਲੇ ਦੇ ਘੇਰੇ ਅੰਦਰ ਆਉਦੇ ਪਿੰਡ ਚੱਕ ਮਿਸ਼ਰੀ ਖਾਂ ਵਿੱਚ ਅੱਜ ਸਵੇਰੇ ਚੋਣਾਂ ਨੂੰ ਲੈ ਕੇ ਹਾਕਮ ਧਿਰ ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਵਿਚਕਾਰ ਜੰਮ ਕੇ ਗੋਲਾਬਾਰੀ ਹੋਈ, ਜਿਸ ਦੌਰਾਨ ਗੁਰਜਿੰਦਰ ਸਿੰਘ ਤੇ ਬਲਕਾਰ ਸਿੰਘ ਮਾਰੇ ਗਏ ਤੇ ਇੱਕ ਵਿਅਕਤੀ ਮੇਜਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲੀਸ ਜਿਲਾ ਦਿਹਾਤੀ ਦੇ ਘੇਰੇ ਅੰਦਰ ਆਉਦੇ ਥਾਣਾ ਲੋਪੋਕੇ ਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਅੱਜ ਸਵੇਰੇ ਕਰੀਬ 9.30 ਵਜੇ ਕੁਝ ਅਕਾਲੀ ਵਰਕਰਾਂ ਨੇ ਕਾਂਗਰਸੀ ਵਰਕਰ ਗੁਰਜਿੰਦਰ ਸਿੰਘ ਦੇ ਘਰ ਦਾ ਘਿਰਾਉ ਕੀਤਾ ਤੇ ਉਸ ਨੂੰ ਜਾਨੋ ਮਾਰਨ ਦੀਆ ਧਮਕੀਆ ਦੇਣੀਆ ਸ਼ੁਰੂ ਕਰ ਦਿੱਤੀਆ। ਦੋਹਾਂ ਵਿੱਚਕਾਰ ਪਹਿਲਾਂ ਤਾਂ ਕਾਫੀ ਗਾਲੀ ਗਲੌਚ ਹੋਇਆ ਤੇ ਫਿਰ ਕਿਰਪਾਨਾ ਤੇ ਡਾਂਗਾਂ ਚੱਲਣੀਆ ਸ਼ੁਰੂ ਹੋ ਗਈਆ। ਇਸੇ ਸਮੇਂ ਦੌਰਾਨ ਹੀ ਦੋਹਾਂ ਧਿਰਾਂ ਦਰਮਿਆਨ ਗੋਲੀ ਚੱਲਣੀ ਸ਼ੂਰੂ ਹੋ ਗਈ ਜੋ 15 ਮਿੰਟ ਬਿਨਾਂ ਰੋਕ ਟੋਕ ਦੇ ਚੱਲਦੀ ਰਹੀ ਅਤੇ ਕਾਂਗਰਸ ਵਾਲੇ ਪਾਸਿਉ ਗੁਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਂ ਜਿਸ ਦੀ ਉਮਰ ਕਰੀਬ 42 ਸਾਲ ਸੀ ਅਤੇ ਅਕਾਲੀ ਦਲ ਵਾਲੇ ਪਾਸਿਉ ਬਲਕਾਰ ਸਿੰਘ ਉਰਫ ਕਾਲਾ ਪੁੱਤਰ ਬਲਵਿੰਦਰ ਸਿੰਘ ਉਮਰ ਕਰੀਬ 20-22 ਸੀ ਮਾਰੇ ਗਏ ਜਦ ਕਿ ਇਸ ਲੜਾਈ ਵਿੱਚ ਮੇਜਰ ਸਿੰਘ ਨਾਮੀ ਅਕਾਲੀ ਵਰਕਰ ਫੱਟੜ ਹੋ ਗਿਆ ਜਿਸ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪਿੰਡ ਦੇ ਲੋਕਾਂ ਕੋਲੋ ਇਹ ਵੀ ਸੂਚਨਾ ਮਿਲੀ ਹੈ ਕਿ ਬੀਤੇ ਕਲ੍ਹ ਵੀ ਵੋਟਾਂ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਤੱਤਕਾਰ ਹੋਇਆ ਸੀ ਪਰ ਸਿਆਣੇ ਵਿਅਕਤੀਆ ਦੀ ਦਖਲ ਅੰਦਾਜੀ ਨਾਲ ਝਗੜਾ ਟੱਲ ਗਿਆ। ਅੱਜ ਸਵੇਰੇ ਜਦੋਂ ਦੋਵੇ ਧਿਰਾਂ ਆਪਣੇ ਆਪਣੇ ਉਮੀਦਵਾਰਾਂ ਲਈ ਵੋਟਾਂ ਦੀ ਮੰਗ ਕਰ ਰਹੇ ਸਨ ਤਾਂ ਦੋਹਾਂ ਧਿਰਾਂ ਵਿਚਕਾਰ ਉਸ ਵੇਲੇ ਤੱਤਕਾਰ ਹੋ ਗਿਆ ਜਦੋਂ ਅਕਾਲੀ ਦਲ ਦੇ ਵਰਕਰਾਂ ਨੇ ਕਾਗਰਸੀ ਵਰਕਰ ਗੁਰਜਿੰਦਰ ਸਿੰਘ ਦੇ ਘਰ ਕੋਲ ਆ ਕੇ ਖੋਰੂ ਪਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਰੋਕਣ ਲਈ ਜਦੋਂ ਗੁਰਜਿੰਦਰ ਸਿੰਘ ਹੋਰ ਕਾਂਗਰਸੀ ਬਾਹਰ ਨਿਕਲੇ ਤਾਂ ਦੋਹਾਂ ਵਿੱਚ ਫਿਰ ਤੱਤਕਾਰ ਸ਼ੁਰੂ ਹੋ ਗਿਆ ਜੋ ਵਿਰਾਂਟ ਰੂਪ ਧਾਰਨ ਗਿਆ ਤੇ ਲੜਾਈ ਵਿੱਚ ਦੋ ਕਤਲ ਹੋ ਗਏ। ਕਾਂਗਰਸੀਆ ਦਾ ਕਹਿਣਾ ਹੈ ਕਿ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਅਤੇ ਅਕਾਲੀਆ ਨੇ ਗੋਲੀ ਚਲਾ ਕੇ ਉਹਨਾਂ ਦੇ ਵਰਕਰ ਨੂੰ ਮਾਰਿਆ ਹੈ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਅਕਾਲੀਆ ਨੇ ਮੰਗ ਤੇ ਲਿਆਦੇ ਆਪਣੇ ਹੀ ਇੱਕ ਵਿਅਕਤੀ ਨੂੰ ਗੋਲੀ ਮਾਰ ਲਈ ਤਾਂ ਕਿ ਬਰਾਬਰ ਦਾ ਕੇਸ ਬਣਾਇਆ ਜਾ ਸਕੇ।

ਜਿਲ•ਾ ਪੁਲੀਸ ਮੁੱਖੀ ਸ੍ਰੀ ਮਨਮੋਹਨ ਸਿੰਘ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਚੋਣਾਂ ਦੇ ਕਾਰਨ ਕੀ ਦੋਹਾਂ ਪਾਰਟੀਆ ਦੇ ਹਥਿਆਰ ਜਮ•ਾ ਨਹੀਂ ਕੀਤੇ ਗਏ ਸਨ? ਉਹਨਾਂ ਕਿਹਾ ਕਿ ਅਕਾਲੀ ਪਾਰਟੀ ਦੇ ਹਥਿਆਰ ਜਮ•ਾਂ ਹਨ ਜਦ ਕਿ ਕਾਗਰਸੀ ਵਰਕਰਾਂ ਕੋਈ ਹਥਿਆਰ ਨਹੀਂ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਫਿਰ ਗੋਲੀ ਕਿਥੋ ਤੇ ਕਿਵੇ ਚੱਲੀ ਤਾਂ ਉਹਨਾਂ ਕਿਹਾ ਕਿ ਇਸ ਦੀ ਜਾਂਚ ਜਾਰੀ ਹੈ ਅਤੇ ਦੋਹਾਂ ਧਿਰਾਂ ਦੇ ਬਿਆਨਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਅਕਾਲੀ ਧਿਰ ਦਾ ਕਹਿਣਾ ਹੈ ਕਿ ਉਹ ਤਾਂ ਵੋਟਾਂ ਆਖ ਰਹੇ ਸਨ ਕਿ ਕਾਂਗਰਸੀਆ ਨੇ ਉਹਨਾਂ ਤੇ ਗੋਲੀ ਚਲਾ ਦਿੱਤੀ ਤੇ ਉਹਨਾਂ ਦਾ ਇੱਕ ਵਿਅਕਤੀ ਮਾਰਿਆ ਗਿਆ ਤੇ ਦੂਜਾ ਫੱਟੜ ਹੋ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਿੰਡ ਵਿੱਚ ਜਿਥੇ ਚੀਕ ਚਿਹਾੜਾ ਪਿਆ ਹੋਇਆ ਹੈ ਉਥੇ ਪਿੰਡ ਦੇ ਲੋਕ ਹਾਲੇ ਵੀ ਦਹਿਸ਼ਤ ਦੇ ਮਾਹੌਲ ਵਿੱਚੋ ਦੀ ਗੁਜਰ ਰਹੇ ਹਨ। ਲੰਘ ਗਏ ਸੱਪ ਦੀ ਲਕੀਰ ਨੂੰ ਕੁੱਟਣ ਵਾਂਗ ਘਟਨਾ ਵਾਪਰ ਜਾਣ ਉਪਰੰਤ ਪੁਲੀਸ ਨੇ ਪੂਰੇ ਪਿੰਡ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਮੌਕੇ ਦਾ ਜਾਇਜਾ ਲੈਣ ਲਈ ਜਿਲਾ ਪੁਲੀਸ ਮੁੱਖੀ ਤੋ ਇਲਾਵਾ ਡੀ.ਆਈ.ਜੀ ਬਾਰਡਰ ਰੇਜ ਵੀ ਪੁੱਜੇ।

ਚੱਕ ਮਿਸ਼ਰੀ ਖਾਂ ਵਿੱਚ ਧੜੇਬੰਦੀ ਕਾਰਨ ਹਰ ਚੋਣ ਤੇ ਕੋਈ ਨਾ ਕੋਈ ਘਟਨਾ ਜਰੂਰ ਵਾਪਰਦੀ ਹੈ ਅਤੇ ਇਹ ਪਿੰਡ ਸੰਵੇਦਨਸ਼ੀਲ ਪਿੰਡਾਂ ਵਿੱਚ ਆਉਦਾ ਹੈ। ਇਸ ਵਾਰੀ ਵੀ ਪਹਿਲਾਂ ਹੀ ਪੁਲੀਸ ਨੂੰ ਜਾਣਕਾਰੀ ਸੀ ਕਿ ਪਿੰਡ ਵਿੱਚ ਦੋਹਾਂ ਧਿਰਾਂ ਵਿੱਚ ਤਨਾਅ ਬਣਿਆ ਹੋਇਆ ਹੈ, ਪਰ ਪੁਲੀਸ ਨੇ ਇਸ ਤਨਾਅ ਬਾਰੇ ਕੋਈ ਵੀ ਆਗਾਉ ਕਰਵਾਈ ਨਹੀਂ ਕੀਤੀ ਕਿਉਕਿ ਵਿਧਾਨ ਸਭਾ ਰਾਜਾਸ਼ਾਸੀ ਵਿੱਚ ਆਉਦੇ ਇਸ ਪਿੰਡ ਕਾਂਗਰਸੀਆ ਨੂੰ ਹਲਕਾ ਵਿਧਾਇਕ ਸੁਖਮਿੰਦਰ ਸਿੰਘ ਉਰਫ ਸੁੱਖ ਸਰਕਾਰੀਆ ਦਾ ਅਸ਼ੀਰਵਾਦ ਹਾਸਲ ਹੈ ਜਦ ਕਿ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਦਾ ਅਕਾਲੀ ਪਾਰਟੀ ਦੇ ਵਰਕਰਾ ਨੂੰ ਥਾਪੜਾ ਹਾਸਲ ਹੈ ਅਤੇ ਦੋਵੇ ਹੀ ਆਗੂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਕੋਈ ਸਮਾਂ ਹੱਥੋ ਨਹੀਂ ਜਾਣ ਦਿੰਦੇ। ਹਾਲੇ ਚੋਣ ਵਿੱਚ ਦੋ ਦਿਨ ਬਾਕੀ ਹਨ ਅਤੇ ਦੋਹਾਂ ਪਾਰਟੀਆਂ ਵਿੱਚ ਤਨਾਅ ਬਣਿਆ ਹੋਇਆ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top