ਅੱਜ
ਸਾਡੇ ਜੀਵਨ ਅੰਦਰ ਜਨਮ ਤੋਂ ਲੈ ਕੇ ਮਰਨ ਤਕ ਬਹੁਤ ਐਸੇ ਰਸਮੋ ਰਿਵਾਜ਼ ਹਨ ਜਿਸ
ਦਾ ਸਾਨੂੰ ਕੁਝ ਪਤਾ ਨਹੀਂ, ਜਿਵੇ ਵਿਆਹ ਵੇਲੇ, ਸਿਰ ਵਿਚ ਦਹੀ ਪਾਕੇ ਨਾਉਣਾ,
ਕਲਗੀ ਲਾਉਣੀ, ਹਥ ਵਿਚ ਤਲਵਾਰ ਫੜਨੀ, ਇਸ ਤਰਾ ਮਰਨ ਵੇਲੇ ਘੜਾ ਭੰਨਣਾ, ਦੀਵੇ
ਜਗਾਉਣੇ, ਸੂਟ ਵੰਡਣੇ, ਮਖਾਣੇ ਵੰਡਣੇ, ਸੌ ਰੁਪਿਆ ਥਾਲੀ ਵਿਚ ਰਖਣਾ, ਨਾਨਕੇ ਵਲੋ
ਸਭ ਤੋਂ ਪਹਿਲਾ ਪ੍ਰਸ਼ਾਦਾ ਛਕਣਾ ਇਤਆਦਿਕ, ਹੋਰ ਬਹੁਤ ਕੁਝ ਹਨ ਜਿਹੜੇ ਅਸੀਂ ਇਵੇ
ਹੀ ਜੀਵਨ ਵਿਚ ਕਰੀ ਜਾ ਰਹੇ ਹਾਂ, ਜਿਸ ਦਾ ਸਾਨੂੰ ਪਤਾ ਨਹੀਂ! ਜਦੋਂ ਕੋਈ ਮੇਰੇ
ਵਰਗਾ ਕਿਸੇ ਬੰਦੇ ਨੂੰ ਟੋਕਣ ਦਾ ਯਤਨ ਕਰਦਾ ਹੈ, ਤਾਂ ਪੁਛਦਾ ਹੈ ਇਹ ਕਰਮ ਕਾਂਡ
ਕਿਓ ਕਰ ਰਹੇ ਜੇ, ਤਾਂ ਅਗੋ ਫਟ ਦੇਣੀ ਕਹਿ ਦਿੰਦੇ ਹਨ, ਜੀ ਸਾਡੇ ਪੁਰਾਣੇ ਦਾਦੇ
ਪੜਦਾਦੇ ਕਰ ਰਹੇ ਹਨ, ਬੜਾ ਪੁਰਾਣਾ ਚਲਿਆ ਆ ਰਿਹਾ ਹੈ, ਬਸ ਦੇਖਾ ਦੇਖੀ ਮੰਨੀ
ਜਾ ਰਹੇ ਹਨ, ਜੇ ਕੋਈ ਕਿਸੇ ਬਾਬੇ ਕੋਲੋ ਹਰਨਾਮ ਕੌਰ ਗਈ, ਤਾ ਪਿਛੇ ਗੁਰਨਾਮ
ਕੌਰ ਵੀ ਤੁਰ ਪੇਂਦੀ ਹੈ, ਜੋਤਿਸ਼ ਕੋਲੋ ਕੋਈ ਗਿਆ, ਤਾਂ ਪਿਛੇ ਅਖਾਂ ਮੀਟ ਕੇ
ਮੇਜਰ ਸਿੰਘ ਨੇ ਤੁਰ ਪੈਣਾ ਹੈ, ਬਸ ਭੇਡ ਚਾਲ ਤੁਰੀ ਜਾ ਰਹੇ ਹਾਂ।
ਸਾਡੇ ਪੰਜਾਬੀ ਦੀ ਇਕ ਕਹਾਵਤ ਹੈ, ਜਿਸ ਨਾਲ ਲਾਈ ਗਲੀ,
ਓਹਦੇ ਨਾਲ ਉਠ ਚਲੀ "ਆਹ ਵਾਲੀ ਗਲ ਸਾਡੇ ਜੀਵਨ ਵਿਚ ਹੈ, ਕੋਈ ਟਾਂਵਾਂ ਹੀ ਮਨੁਖ
ਹੋਵੇਗਾ, ਜਿਹੜਾ ਪਹਿਲਾ ਸੋਚ ਵਿਚਾਰਦਾ ਹੈ।
ਇਕ ਕਹਾਣੀ ਬੜੀ ਸਾਡੇ 'ਤੇ ਢੁੱਕਦੀ ਹੈ।
ਇਕ ਵਾਰ ਇਕ ਬੁੱਢੜੀ ਨੂੰ ਉਹਦੇ ਪੁਤਰ ਦਾ ਖਤ ਮਿਲਿਆ, ਜੋ
ਵਿਦੇਸ਼ ਰਹਿੰਦਾ ਸੀ, ਪਰ ਬੁੱਢੜੀ ਨੂੰ ਪੜਨਾ ਨਹੀਂ ਸੀ ਆਉਂਦਾ। ਓਹ ਕਿਸੇ ਦਾ
ਰਾਹ ਵੇਖਦੀ ਕਿ ਕੋਈ ਉਹਨੂੰ ਉਸ ਦੇ ਪੁਤਰ ਦੀ ਚਿੱਠੀ ਪੜ ਕੇ ਸੁਨਾਵੇ।
ਆਖਿਰ ਇਕ ਫੌਜੀ ਆਇਆ, ਓਸ ਨੇ ਚਿੱਠੀ ਵੇਖੀ, ਤੇ ਅੱਖਾਂ
ਭਰ ਆਈਆਂ, ਓਹ ਉਚੀ ਉਚੀ ਰੋਣ ਲਗ ਪਿਆ।
ਬੁੜੀ ਕਹਿੰਦੀ, ਮੇਰਾ ਪੁਤਰ ਤਾਂ ਠੀਕ ਹੈ?
ਫੌਜੀ ਨੇ ਕੋਈ ਜਵਾਬ ਨਹੀਂ ਦਿਤਾ।
ਬੁੱਢੜੀ ਸੋਚਣ ਲਗ ਪਈ, ਲਗਦਾ ਮੇਰੇ ਮੁੰਡੇ ਤੇ ਕੋਈ
ਮੁਸੀਬਤ ਆ ਗਈ ਹੈ, ਉਹ ਵੀ ਰੋਣ ਲਗ ਪਈ, ਕੁਝ ਦੇਰ ਬਾਅਦ ਇਕ ਘੁਮਿਆਰ ਆਇਆ, ਓਹ
ਉਹਨਾ ਦੋਨਾ ਨੂੰ ਵੇਖ ਕੇ ਖੁਦ ਵੀ ਰੋਣ ਲਗ ਪਿਆ।
ਫਿਰ ਇਕ ਸਿਆਣਾ ਆਦਮੀ ਆਇਆ, ਉਹਨੇ ਪੁਛਿਆ ਕਿ ਮਾਜਰਾ ਕੀ
ਹੈ? ਤੁਸੀਂ ਤਿੰਨੇ ਕਿਉਂ ਰੋ ਰਹੇ ਜੇ?
ਸਭ ਤੋਂ ਪਹਿਲਾ ਘੁਮਿਆਰ ਬੋਲਿਆ - ਅਜ ਤੋਂ ਸਾਲ ਕੁ ਪਹਿਲਾ
ਮੈਂ ਕੁਝ ਕ ਮਿਟੀ ਦੇ ਭਾਂਡੇ ਵੇਚਣ ਗਿਆ ਸੀ, ਕਿ ਮੇਰੇ ਸਾਰੇ ਭਾਂਡੇ ਟੁਟ ਗਏ!
ਮੈਂ ਰੋਣਾ ਚਾਹੁੰਦਾ ਸੀ, ਪਰ ਮੈਂ ਆਪਣਾ ਨੁਕਸਾਨ ਪੂਰਾ ਕਰਨ 'ਤੇ ਲਗਾ ਰਿਹਾਂ,
ਜਿਸ ਕਰਕੇ ਮੈਨੂੰ ਰੋਣ ਦਾ ਵਖਤ ਨਹੀਂ ਲਗਾ, ਮੈਂ ਸੋਚਿਆ, ਚਲੋ ਅਜ ਰੋ ਲੇਂਦੇ
ਹਾਂ।
ਬੁੱਢੜੀ ਨੂੰ ਪੁਛਿਆ ਤੂਂ ਕਿਉਂ ਰੋਈ ਹੈਂ?
ਬੁੱਢੜੀ ਕਹਿੰਦੀ - ਮੈਂਨੂੰ ਮੇਰੇ ਪੁੱਤ ਦੀ ਚਿੱਠੀ ਆਈ
ਸੀ, ਮੈਨੂੰ ਪੜਨੀ ਨਹੀਂ ਸੀ ਆਉਂਦੀ, ਮੈਂ ਇਸ ਫੌਜੀ ਨੂੰ ਪੜਨ ਲਈ ਕਿਹਾ, ਇਹ
ਚਿੱਠੀ ਵੇਖ ਕੇ ਰੋਣ ਲਗ ਪਿਆ।ਮੈਂ ਸੋਚਿਆ ਚਿੱਠੀ ਵਿਚ ਕੋਈ ਬੁਰੀ ਖਬਰ ਹੋਣੀ
ਹੈ, ਇਸ ਲਈ ਮੈਂ ਵੀ ਰੋ ਪਈ।
ਅਖੀਰ ਫੌਜੀ ਨੂੰ ਪੁਛਿਆ ਤੂੰ ਕਿਉਂ ਰੋਇਆ ਸੀ?
ਕਹਿੰਦਾ, ਸੱਚ ਤਾਂ ਇਹ ਹੈ ਮੈਂ ਬਚਪਨ ਵਿਚ ਪੜਾਈ ਨਹੀਂ
ਕਰ ਸਕਿਆ, ਇਸ ਕਰਕੇ ਮੈਂ ਇਹ ਚਿੱਠੀ ਪੜ ਨਹੀਂ ਸਕਿਆ, ਮੈਂਨੂੰ ਇੰਨੀ ਸ਼ਰਮ ਆਈ,
ਮੈਂ ਰੋਣ ਲਗ ਪਿਆ।
ਓਹ ਸਿਆਣਾ ਆਦਮੀ ਕਹਿੰਦਾ ਤਿੰਨੇ ਜਮਾ ਹੀ ਕਮਲੇ ਆ, ਨਾ
ਕਿਸੇ ਨੇ ਪੁਛਣ ਦੀ ਖੇਚਲ ਕੀਤੀ ਕਿਉਂ ਰੋ ਰਹੇ ਹਾਂ, ਬਸ ਇਕ ਨੂੰ ਵੇਖ ਕੇ ਦੂਜਾ
ਅਤੇ ਦੋਨਾ ਨੂੰ ਵੇਖ ਕੇ ਤੀਜਾ ਰੋਣ ਲਗ ਪਿਆ।
ਬਸ ਆਹ ਹਾਲ ਕਹਾਣੀ ਵਾਲਾ ਸਾਡਾ ਹੈ, ਦੇਖਾ ਦੇਖੀ ਗਲ ਮੰਨੀ
ਜਾ ਰਹੇ ਹਾਂ, ਪਰ ਖੇਚਲ ਕਦੀ ਨਹੀਂ ਕੀਤੀ ਕਿ ਆਹ ਕੰਮ ਜਿਹੜਾ ਅਸੀਂ ਧਰਮ ਦੇ
ਨਾਮ 'ਤੇ ਜਾ ਸਮਾਜ ਵਿਚ ਰਸਮਾਂ ਰਿਵਾਜ਼ ਕਰ ਰਹੇ ਹਾਂ, ਇਸ ਦਾ ਮਤਲਬ ਕੀ ਹੈ?
ਆਓ ਦੇਖਾ ਦੇਖੀ ਤੋਂ ਉਪਰ ਉਠ ਕੇ, ਕੁਝ ਕੰਮ ਕਰਨ ਦਾ,
ਕੁਝ ਆਪ ਸੋਚਣ ਵਿਚਾਰਨ ਦਾ ਯਤਨ ਕਰੀਏ।