Share on Facebook

Main News Page

ਨਿਰਪ੍ਰੀਤ ਕੌਰ ਨੇ ਗਿਆਨੀ ਗੁਰਬਚਨ ਸਿੰਘ ਨੂੰ ਕਾਂਗਰਸ ਦਾ ਏਜੰਟ ਅਤੇ ਬਾਦਲਕਿਆਂ ਦਾ ਪੱਪੂ ਦੱਸਿਆ

ਅੰਮ੍ਰਿਤਸਰ 13 ਮਈ (ਜਸਬੀਰ ਸਿੰਘ ਪੱਟੀ) ਦਿੱਲੀ ਵਿਖੇ 1984 ਦੇ ਸਿੱਖ ਵਿਰੋਧੀ ਕਤਲੇਆਮ ਤੋ ਪੀੜਤ ਬੀਬੀ ਨਿਰਪ੍ਰੀਤ ਕੌਰ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸੰਗੀਨ ਦੋਸ਼ ਲਾਉਦਿਆ ਕਿਹਾ ਕਿ ਜਥੇਦਾਰ ਨੇ ਕਾਂਗਰਸ ਨਾਲ ਮਿਲ ਕੇ ਬਿਨਾਂ ਕੋਈ ਮੰਗ ਮੰਨਵਾਏ ਉਸ ਦਾ ਮਰਨ ਵਰਤ ਇੱਕ ਸਾਜਿਸ਼ ਤਹਿਤ ਖਤਮ ਕਰਵਾਇਆ ਹੈ ਜਿਸ ਲਈ ਜਥੇਦਾਰ ਤੇ ਉਸ ਦੀ ਸਮੁੱਚੀ ਬਾਦਲ ਜੁੰਡਲੀ ਸਿੱਖ ਕੌਮ ਨੂੰ ਜਵਾਬਦੇਹ ਹੋਵੇਗੀ।

ਜਾਰੀ ਇੱਕ ਲਿਖਤੀ ਬਿਆਨ ਰਾਹੀ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਦਿੱਲੀ ਵਿੱਚ ਵਾਪਰੇ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਉਸ ਦੇ ਪਿਤਾ ਨੂੰ ਮਾਰ ਦਿੱਤਾ ਗਿਆ ਸੀ ਜੋ ਕਿ ਦਿੱਲੀ ਵਿੱਚ ਟਰਾਂਸਪੋਰਟ ਦਾ ਕੰਮ ਕਰਦੇ ਸਨ ਤੇ ਰਾਜ ਨਗਰ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਵੀ ਸਨ। ਉਸ ਨੇ ਦੱਸਿਆ ਕਿ ਦਿੱਲੀ ਕਤਲੇਆਮ ਤੋ ਪੀੜਤ ਬੀਬੀਆ, ਬੱਚੇ ਤੇ ਹੋਰ ਲੋਕ ਆਦਿ ਪਿਛਲੇ 28 ਸਾਲਾ ਤੋ ਇਨਸਾਫ ਦੀ ਗੁਹਾਰ ਲਗਾ ਰਹੇ ਹਨ ਪਰ ਅੱਜ ਤੱਕ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ। ਉਸ ਨੇ ਕਿਹਾ ਕਿ ਬੀਤੇ ਦਿਨੀ ਜਦੋ ਇਸ ਕਤਲੇਆਮ ਦੇ ਇੱਕ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਨੇ ਨਿਰਦੋਸ਼ ਕਰਾਰ ਦੇ ਕੇ ਬਰੀ ਕਰ ਦਿੱਤਾ ਤਾਂ 84 ਦੇ ਪੀੜਤਾਂ ਦੇ ਅੱਲੇ ਜਖਮਾਂ ਵਿੱਚੋਂ ਇੱਕ ਵਾਰੀ ਫਿਰ ਚੀਸਾਂ ਨਾਲ ਉਬਾਲੇ ਮਾਰਨ ਲੱਗ ਪਏ ਤੇ ਇਸੇ ਰੋਸ ਵਜੋ ਹੀ ਉਸਨੇ ਜੰਤਰ ਮੰਤਰ ਤੇ ਭੁੱਖ ਹੜਤਾਲ ਰੱਖ ਦਿੱਤੀ।

ਉਸ ਨੇ ਕਿਹਾ ਕਿ ਪਹਿਲਾਂ ਮੇਰੀ ਹਮਾਇਤ ਕਰਨ ਅਤੇ ਫਿਰ ਇੱਕ ਦਮ ਯੂ ਟਰਨ ਲੈਦਿਆ ਜਦੋਂ ਬਾਦਲਕਿਆਂ ਤੇ ਜਥੇਦਾਰਾਂ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਨੇ ਇਹ ਵਰਤ ਖਤਮ ਕਰਾਉਣ ਲਈ ਘੂਰਕੀ ਮਾਰਦਿਆਂ ਆਦੇਸ਼ ਦਿੱਤੇ ਤਾਂ ਬਾਦਲਕੇ ਦਿੱਲੀ ਕਮੇਟੀ ਦੀਆਂ ਚੋਣਾਂ ਲੜਨ ਵਾਂਗ ਆਪਣਾ ਲਾਣਾ ਬਾਣਾ ਲੈ ਕੇ ਦਿੱਲੀ ਆ ਧਮਕੇ ਤੇ ਬਿਨਾਂ ਕੋਈ ਸਲਾਹ ਮਸ਼ਵਰਾ ਕੀਤਿਆਂ ਹੀ ਮੇਰਾ ਵਰਤ ਖਤਮ ਕਰਨ ਦਾ ਸਰਕਾਰ ਪ੍ਰਸਤ ਜਥੇਦਾਰ ਨੇ ਐਲਾਨ ਕਰ ਦਿੱਤਾ, ਜਿਸ ਤੋਂ ਉਹ ਇਸ ਕਰਕੇ ਇਨਕਾਰ ਨਾ ਕਰ ਸਕੀ ਕਿਉਕਿ ਉਹ ਜਥੇਦਾਰ ਨੂੰ ਸਿੱਖ ਕੌਂਮ ਦਾ ਪੋਪ ਸਮਝਦੀ ਸੀ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਕਿ ਉਹ ਪੋਪ ਨਹੀਂ ਸਗੋਂ ਕਾਂਗਰਸ ਤੇ ਬਾਦਲਕਿਆਂ ਦਾ ਪੱਪੂ ਨਿਕਲਿਆ।

ਉਸ ਨੇ ਕਿਹਾ ਕਿ ਉਸੇ ਦਿਨ ਹੀ ਉਸ ਨੇ ਐਲਾਨ ਕਰ ਦਿੱਤਾ ਸੀ ਕਿ ਭਾਂਵੇ ਉਸ ਦਾ ਵਰਤ ਖਤਮ ਕਰਵਾ ਦਿੱਤਾ ਗਿਆ ਹੈ ਪਰ ਉਸ ਦੀ ਲੜਾਈ ਜਾਰੀ ਰਹੇਗੀ ਤੇ ਉਸ ਵੇਲੇ ਤੱਕ ਸੰਘਰਸ਼ ਜਾਰੀ ਰੱਖੇਗੀ ਜਦੋ ਤੱਕ ਸੱਜਣ ਕੁਮਾਰ ਨੂੰ ਸਜਾ ਨਹੀਂ ਦਿਲਵਾ ਲੈਦੀ।

ਉਸ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਵਾਲ ਪੁੱਛਦਿਆ ਕਿਹਾ ਕਿ ਕੀ ਤੁਸੀਂ ਦਸੋਗੇ ਮੇਰਾ ਵਰਤ ਤੁੜਵਾਉਣ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਸਲਾਹ ਕਿਉ ਨਹੀਂ ਕੀਤੀ?

 - ਕੀ ਤੁਸੀਂ ਮੈਨੂੰ ਪੰਥਕ ਰਹਿਤ ਮਰਿਆਦਾ ਦੀਆ ਧੱਜੀਆ ਉਡਾਉਦੇਂ ਹੋਏ ਪੰਜ ਸਿੰਘ ਸਾਹਿਬਾਨਾਂ ਤੋ ਬਿਨਾਂ ਹੀ ਇੱਕ ਵਾਰੀ ਫਿਰ ਇਕੱਲਿਆ ਨੇ ਇੰਨਾ ਵੱਡਾ ਫੈਸਲਾ ਲੈ ਕੇ ਕੌਂਮ ਨਾਲ ਗਦਾਰੀ ਨਹੀਂ ਕੀਤੀ ?……

- ਕੀ ਤੁਸੀਂ ਦੱਸੋਗੇ ਕਿ ਜਦੋਂ ਸਾਨੂੰ ਕੁਝ ਪ੍ਰਾਪਤੀ ਹੋਣ ਵਾਲੀ ਸੀ ਤਾਂ ਤੁਸੀਂ ਕਿਸ ਦੇ ਇਸ਼ਾਰਿਆ ਤੇ ਆਪ ਹੁਦਰਾ ਫੈਸਲਾ ਲੈ ਕੇ ਸਾਡੇ ਮੋਰਚੇ ਨੂੰ ਸਾਬੋਤਾਜ ਕੀਤਾ?

- ਕੀ ਤੁਸੀਂ ਦੱਸੋਗੇ ਅਪਣੇ ਸੰਬੋਧਨ ਤੋ ਬਾਅਦ ਤੁਸੀਂ ਉਥੇ ਹਾਜਿਰ ਸੰਗਤਾਂ ਦੀ ਵਰਤ ਤੁੜਵਾਉਣ ਬਾਰੇ ਸਲਾਹ ਕਿਉ ਨਹੀਂ ਲਈ, ਜਦ ਕਿ ਸੰਗਤ ਦਾ ਫੈਸਲਾ ਸਰਬਉੱਚ ਫੈਸਲਾ ਹੁੰਦਾ ਹੈ?

- ਕੀ ਤੁਸੀਂ ਨਹੀਂ ਚਾਹੁੰਦੇ ਕਿ ਕਰੀਬ ਤਿੰਨ ਦਹਾਕਿਆ ਬਾਅਦ ਵੀ ਸਿੱਖਾਂ ਨੂੰ ਇੰਨਸਾਫ ਮਿਲੇ?…ਕੀ ਤੁਹਾਡੇ ਸਿੱਖ ਕੌਮ ਨੂੰ ਦਿੱਤੇ ਜਾਦੇਂ ਬਿਆਨ ਸਿਰਫ ਦਿਖਾਵੇ ਲਈ ਹਨ?

- ਕੀ ਤੁਸੀਂ ਮੈਨੂੰ ਦੱਸੋਗੇ ਕਿ ਇਸ ਸਾਰੀ ਸਾਜਿਸ਼ ਵਿਚ ਤੁਹਾਡੇ ਨਾਲ ਹੋਰ ਕੌਣ ਕੌਣ ਸ਼ਾਮਿਲ ਹੈ?……

ਉਸ ਨੇ ਕਿਹਾ ਕਿ ਪਹਿਲੇ ਦਿਨ ਉਸ ਨਾਲ ਮਰਨ ਵਰਤ ਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਸਹਿਯੋਗ ਹੀ ਨਹੀਂ ਦਿੱਤਾ ਸਗੋ ਮਰਨ ਵਰਤ ਤੇ ਵੀ ਬੈਠੇ ਪਰ ਨਾ ਤਾਂ ਕੋਈ ਅਕਾਲੀ ਆਗੂ ਤੇ ਨਾ ਹੀ ਕੋਈ ਜਥੇਦਾਰ ਉਸ ਦੀ ਕੋਈ ਵੀ ਖਬਰ ਲੈਣ ਨਹੀਂ ਆਇਆ ਸੀ।

ਬੀਬੀ ਨਿਰਪ੍ਰੀਤ ਕੌਰ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਕਟਾਸ ਭਰੀ ਟਿੱਪਣੀ ਕਰਦਿਆਂ ਕਿਹਾ ਕਿ ਤੁਸੀਂ ਸਿਖ ਕੌਮ ਦੀ ਸੁਪਰੀਮ ਕੁਰਸੀ ਤੇ ਬਿਰਾਜਮਾਨ ਹੋ ਅਤੇ ਤੁਹਾਡਾ ਫਰਜ ਹੈ ਇਨਸਾਫ ਦੇਣਾਂ ਅਤੇ ਦਿਵਾਉਣਾਂ, ਪਰ ਤੁਹਾਡੇ ਦੁਆਰਾ ਦਿੱਲੀ ਦੇ ਪੀੜਤਾਂ ਨਾਲ ਕੀਤਾ ਗਿਆ ਕੋਝਾ ਮਜਾਕ ਹਮੇਸ਼ਾਂ ਸਿੱਖ ਪੰਥ ਨੂੰ ਯਾਦ ਰਹੇਗਾ ।

ਉਸ ਨੇ ਦੁੱਖੀ ਹਿਰਦੇ ਨਾਲ ਕਿਹਾ ਕਿ ਤੁਸੀਂ ਮੈਨੂੰ ਜੂਸ ਨਹੀਂ ਪਿਲਾਇਆ ਸੀ, ਸਗੋਂ ਇਹ ਸ਼ਹੀਦਾਂ ਦਾ ਖੂਨ ਪਿਲਾ ਕੇ ਸਮੁੱਚੀ ਸਿੱਖ ਕੌਮ ਨੂੰ ਅਪਮਾਨਿਤ ਕੀਤਾ ਹੈ । ਉਸ ਨੇ ਜਥੇਦਾਰ ਨੂੰ ਖਰੀਆਂ ਖਰੀਆਂ ਸੁਣਾਉਦਿਆਂ ਕਿਹਾ ਕਿ ਮੈਂ ਆਪ ਜੀ ਨੂੰ ਵੀ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅਗੇ ਤੋ ਕੌਮ ਲਈ ਲੜੇ ਜਾ ਰਹੇ ਸੰਘਰਸ਼ ਵਿਚ ਜੇਕਰ ਆਪ ਕੋਈ ਯੋਗਦਾਨ ਨਹੀਂ ਪਾ ਸਕਦੇ, ਤਾਂ ਆਪਣੀ ਜਥੇਦਾਰੀ ਦਾ ਰੋਹਬ ਦਿਖਾਉਦੇਂ ਹੋਏ ਸਰਕਾਰੀ ਏਜੰਟ ਬਣ ਕੇ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਨਾ ਕਰਨਾ, ਜਿਸ ਨਾਲ ਤੁਹਾਡਾ ਤਾਂ ਭਾਂਵੇ ਜਰੂਰ ਕੋਈ ਫਾਇਦਾ ਹੋ ਜਾਵੇ, ਪਰ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।

ਉਸ ਨੇ ਸਰਕਾਰ ਨਾਲ ਜਥੇਦਾਰ ਦੇ ਰਲੇ ਹੋਣ ਦਾ ਇੱਕ ਹੋਰ ਦੋਸ਼ ਲਾਉਦਿਆਂ ਕਿਹਾ ਕਿ ਮੈਨੂੰ ਤੇ ਇਸ ਤਰ੍ਹਾਂ ਲਗ ਰਿਹਾ ਹੈ ਕਿ ਤੁਸੀਂ ਸਿਖਾਂ ਨੂੰ ਇਨਸਾਫ ਦਿਵਾਉਣ ਨਹੀਂ, ਸਗੋਂ ਸਰਕਾਰ ਨੂੰ ਇਹ ਦਿਖਾਣ ਆਏ ਸੀ ਕਿ ਤੁਸੀਂ ਸਿੱਖਾਂ ਦੇ ਕਾਤਲਾਂ ਦੀ ‘ਬੀ’ ਟੀਮ ਵਾਂਗ ਵਿਚਰ ਰਹੇ ਹੋ।

ਉਸ ਨੇ ਕਿਹਾ ਕਿ ਮੈਂ ਦਿਲੀ ਕਮੇਟੀ ਅਤੇ ਉਨ੍ਹਾਂ ਵੀਰਾਂ, ਭੈਣਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਸੰਘਰਸ਼ ਵਿਚ ਸਾਥ ਦਿਤਾ ਸੀ ਜੋ ਕਿ ਮੇਰੇ ਨਾਲ ਮੰਚ ਤੇ ਫੋਟੋਆਂ ਖਿਚਵਾਈ ਜਾਂਦੇ ਸਨ। ਉਹਨਾਂ ਨੂੰ ਇਹ ਪੁਛਣਾਂ ਚਾਹੁੰਦੀ ਹਾਂ ਕਿ ਜਦ ਮੇਰਾ ਵਰਤ ਤੁੜਵਾਇਆ ਜਾ ਰਿਹਾ ਸੀ ਅਤੇ ਮੇਰੀ ਤਬੀਅਤ ਬਹੁਤ ਜਿਆਦਾ ਖਰਾਬ ਸੀ ਤਾਂ ਤੁਸੀਂ ਉਸੇ ਵਕਤ ਜਥੇਦਾਰ ਦਾ ਘੇਰਾਉ ਕਰਕੇ ਉਨ੍ਹਾਂ ਨਾਲ ਕੋਈ ਸੁਆਲ ਜੁਆਬ ਕਿਉ ਨਹੀਂ ਕੀਤਾ, ਇਸ ਨਾਲ ਇਹ ਜਾਹਿਰ ਹੁੰਦਾ ਹੈ ਕਿ ਤੁਸੀਂ ਸਿਰਫ ਫੋਟੋਆ ਖਿਚਵਾਉਣ ਤਕ ਹੀ ਸੀਮਿਤ ਸੀ ਤੇ ਸਾਡਾ ਮੋਰਚਾ ਫੇਲ ਕਰਵਾਉਣ ਲਈ ਤੁਸੀਂ ਵੀ ਜਥੇਦਾਰ ਸਾਹਿਬ ਦਾ ਸਾਥ ਦਿਤਾ। ਉਸ ਨੇ ਕਿਹਾ ਕਿ ਜਲਦੀ ਹੀ ਅਸੀ ਮੁੜ ਤੋ ਸੰਘਰਸ਼ ਨੂੰ ਇਕ ਨਵੀ ਰਣਨੀਤੀ ਨਾਲ ਚਾਲੂ ਕਰਾਂਗੇ ਜਿਸ ਨੂੰ ਫਤਿਹ ਕਰਕੇ ਹੀ ਦਮ ਲਵਾਂਗੇ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top