Share on Facebook

Main News Page

ਅਸੀਂ ਅਖਵਾਉਣਾ ਤਾਂ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੇ ਵਾਰਸ ਹੈ, ਪਰ ਕੰਮ ਮੱਸਾ ਰੰਘੜ ਵਾਲੇ ਕਰ ਰਹੇ ਹਾਂ
- ਭਾਈ ਹਰਜਿੰਦਰ ਸਿੰਘ ਮਾਝੀ

* ਇਕੋਤਰੀਆਂ ਪਾਠ ਕਰਨੇ ਗੁਰੂ ਦਾ ਸਿਧਾਂਤ ਨਹੀਂ ਪਰ ਵਾਪਾਰ ਬਹੁਤ ਸੋਹਣਾ ਹੈ। ਗੁਰਸਿੱਖਾਂ ਨੂੰ ਇਕੋਤਰੀਆਂ ਤੇ ਸੰਪਟ ਪਾਠ ਕਰਵਾਉਣ ਦੇ ਚੱਕਰ ਵਿੱਚੋਂ ਨਿੱਕਲ ਕੇ ਖ਼ੁਦ ਸਹਿਜ ਪਾਠ ਕਰਨਾ ਚਾਹੀਦਾ ਹੈ
* ਪਾਠ ਸਿੱਖਣ ਲਈ ਪੁਰੇਵਾਲ ਵੱਲੋਂ ਬਣਾਈ ਸਾਫਟਵੇਅਰ ਦੀ ਸੰਗਤਾਂ ਨੂੰ ਦਿੱਤੀ ਜਾਣਕਾਰੀ

ਬਠਿੰਡਾ, ੧੦ ਮਈ (ਕਿਰਪਾਲ ਸਿੰਘ): ਅਸੀਂ ਅਖਵਾਉਣਾ ਤਾਂ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੇ ਵਾਰਸ ਹੈ ਪਰ ਕੰਮ ਮੱਸਾ ਰੰਘੜ ਵਾਲੇ ਕਰ ਰਹੇ ਹਾਂ। ਇਹ ਸ਼ਬਦ ਬੀਤੀ ਰਾਤ ਇੱਥੇ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ-੧ ਵਿਖੇ ਗੁਰਮਤਿ ਵਖਿਆਨ ਕਰਦੇ ਹੋਏ, ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਹੇ। ਇਹ ਦੱਸਣਯੋਗ ਹੈ ਕਿ ਭਾਈ ਮਾਝੀ ਜੀ ਗੁਰਦੁਆਰਾ ਗੁਰ ਸਾਗਰ ਮਸਤੂਆਣਾ ਸੰਗਰੂਰ ਵਿਖੇ ਪ੍ਰਚਾਰਕ ਦੇ ਤੌਰ 'ਤੇ ਸੇਵਾ ਨਿਭਾ ਰਹੇ ਹਨ ਅਤੇ ਗੁਰਦੁਆਰਾ ਜੀਵਨ ਪ੍ਰਕਾਸ਼ ਦੇ ਪ੍ਰਬੰਧਕਾਂ ਦੇ ਸੱਦੇ 'ਤੇ ਇੱਥੇ ਗੁਰਮਤਿ ਦਾ ਪ੍ਰਚਾਰ ਕਰਨ ਆਏ ਹੋਏ ਸਨ; ਜਿਨ੍ਹਾਂ ਨੇ ੮ ਮਈ ਦੀ ਸ਼ਾਮ, ੯ ਮਈ ਨੂੰ ਸਵੇਰ ਤੇ ਸ਼ਾਮ ਅਤੇ ਅੱਜ ਸਵੇਰ ਸਮੇਤ ਕੁਲ ਚਾਰ ਸਮਾਗਮਾਂ ਵਿੱਚ ਗੁਰਬਾਣੀ ਦੀ ਵਿਆਖਿਆ ਅਤੇ ਪ੍ਰਚਾਰ ਕੀਤਾ।

ਕਥਾ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਪੁੱਛਿਆ ਕਿ ਤੁਸੀਂ ਮੱਸਾ ਰੰਘੜ ਦੇ ਵਾਰਸ ਬਣਨਾ ਚਾਹੁੰਦੇ ਹੋ ਜਾਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੇ? ਸਭ ਵੱਲੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਸ ਬਣਨ ਦਾ ਹੁੰਗਾਰਾ ਭਰਨ 'ਤੇ ਉਨ੍ਹਾਂ ਫਿਰ ਪੁੱਛਿਆ ਸਾਡੇ ਵਿੱਚੋਂ ਕੋਈ ਐਸਾ ਤਾਂ ਨਹੀਂ ਜਿਹੜਾ ਮੱਸਾ ਰੰਘੜ ਦਾ ਵਾਰਸ ਬਣਨਾ ਚਾਹੁੰਦਾ ਹੋਵੇ? ਸਭ ਦੇ ਨਾਂਹ ਕਰਨ 'ਤੇ ਭਾਈ ਮਾਝੀ ਨੇ ਸੰਗਤ ਦੇ ਜਵਾਬ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਮੱਸਾ ਰੰਘੜ ਦੇ ਵਾਰਸ ਇਸ ਲਈ ਨਹੀਂ ਬਣਨਾ ਚਾਹੁੰਦੇ ਕਿਉਂਕਿ ਉਹ ਹਰਿਮੰਦਰ ਸਾਹਿਬ 'ਚ ਸ਼ਰਾਬ ਪੀਂਦਾ ਸੀ ਅਤੇ ਵੇਸਵਾ ਦੇ ਨਾਚ ਵੇਖਦਾ ਤੇ ਗਾਣੇ ਸੁਣਦਾ ਸੀ। ਸਿੱਖ ਮੱਸਾ ਰੰਘੜ ਵੱਲੋਂ ਕੀਤੇ ਜਾ ਰਹੇ ਇਸ ਕੁਕਰਮ ਨੂੰ ਚੰਗਾ ਨਹੀਂ ਸਨ ਸਮਝਦੇ ਇਸ ਲਈ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਉਸ ਦਾ ਸਿਰ ਵੱਢ ਕੇ ਉਸ ਦੇ ਕੀਤੇ ਦੀ ਸਜਾ ਦਿੱਤੀ। ਪਰ ਇੱਥੇ ਸਾਡੇ ਸੋਚਣ ਦੀ ਲੋੜ ਹੈ ਕਿ ਗੁਰੂ ਦੀ ਸਿੱਖਿਆ ਅਨੁਸਾਰ ਸ਼ਰਾਬ ਪੀਣੀ ਤੇ ਵੇਸਵਾ ਦੇ ਨਾਚ ਮੁਜਰੇ ਵੇਖਣੇ ਸਾਨੂੰ ਪਸੰਦ ਨਹੀਂ ਹਨ; ਤਾਂ ਗੁਰੂ ਸਾਹਿਬ ਜੀ ਨੇ ਤਾਂ ਸਾਡੇ ਇਸ ਸਰੀਰ ਨੂੰ ਵੀ ਹਰਿਮੰਦਰ ਕਿਹਾ ਹੈ: 'ਹਰਿ ਮੰਦਰੁ ਏਹੁ ਸਰੀਰੁ ਹੈ; ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ; ਮਾਣਸਿ ਹਰਿ ਮੰਦਰੁ ਨ ਹੋਇ ॥੨॥' (ਪ੍ਰਭਾਤੀ ਮ: ੩, ਗੁਰੂ ਗ੍ਰੰਥ ਸਾਹਿਬ – ਪੰਨਾ ੧੩੪੬)। ਇਸ ਸ਼ਬਦ ਰਾਹੀਂ ਤੀਸਰੇ ਪਾਤਸ਼ਾਹ ਗੁਰੂ ਅਮਰ ਦਾਸ ਜੀ ਸਾਨੂੰ ਸਮਝਾਉਂਦੇ ਹਨ ਕਿ ਹੇ ਭਾਈ! (ਮਨੁੱਖ ਦਾ) ਇਹ ਸਰੀਰ 'ਹਰਿ-ਮੰਦਰ' ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਹੀ ਖੁਲ੍ਹਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ 'ਹਰਿ-ਮੰਦਰ' ਨਹੀਂ ਹੋ ਸਕਦਾ ॥੨॥

ਭਾਈ ਮਾਝੀ ਨੇ ਕਿਹਾ ਹੁਣ ਜੇ ਸਾਨੂੰ ਗੁਰੂ ਰਾਹੀਂ ਇਹ ਸਮਝ ਪੈ ਗਈ ਹੈ ਕਿ ਸਾਡਾ ਇਹ ਸਰੀਰ ਹੀ ਹਰਿਮੰਦਰ ਹੈ ਪਰ ਫਿਰ ਵੀ ਇਸ ਸਰੀਰ ਵਿੱਚ ਗੁਰੂ ਦੀ ਮਤ ਪਾਉਣ ਦੀ ਬਜਾਏ ਸ਼ਰਾਬ ਪਾਈਏ, ਆਪਣੇ ਬੱਚੇ ਬੱਚੀਆਂ ਦੇ ਵਿਆਹਾਂ ਵਿੱਚ ਸ਼ਰਾਬਾਂ ਵਰਤਾਈਏ, ਡਾਂਸਰਾਂ ਦੇ ਨਾਚ ਵੇਖੀਏ ਤੇ ਗੰਦੇ ਗਾਣੇ ਸੁਣੀਏ ਤਾਂ ਕੀ ਅਸੀਂ ਮੱਸਾ ਰੰਘੜ ਨਾਲੋਂ ਘੱਟ ਹਾਂ? ਉਨ੍ਹਾਂ ਕਿਹਾ ਮੱਸਾ ਰੰਘੜ ਤਾਂ ਫਿਰ ਵੀ ਚੰਗਾ ਸੀ, ਅਸੀਂ ਤਾਂ ਉਸ ਤੋਂ ਵੀ ਮਾੜੇ ਹਾਂ ਕਿਉਂਕਿ ਉਸ ਨੇ ਸ਼ਰਾਬ ਪੀਣ ਸਮੇਂ, ਵੇਸਵਾ ਦੇ ਮੁਜਰੇ ਵੇਖਣ ਸੁਣਨ ਸਮੇਂ ਆਪਣੀ ਭੈਣ, ਧੀ ਜਾਂ ਮਾਂ ਨੂੰ ਆਪਣੇ ਪਾਸ ਤਾਂ ਨਹੀਂ ਸੀ ਬਿਠਾਇਆ ਪਰ ਅਸੀਂ ਤਾਂ ਅਪਣੀਆਂ ਧੀਆਂ, ਭੈਣਾਂ ਤੇ ਮਾਵਾਂ ਨੂੰ ਆਪਣੇ ਕੋਲ ਬਿਠਾ ਕੇ ਇਹ ਸਭ ਕੁਝ ਵੇਖ ਸੁਣ ਰਹੇ ਹਾਂ ਤੇ ਕਈ ਵਾਰ ਤਾਂ ਸ਼ਰਾਬ ਦੇ ਨਸ਼ੇ ਦੇ ਲੋਰ ਵਿੱਚ ਉਨ੍ਹਾਂ ਦੇ ਨਾਲ ਹੀ ਨੱਚਣ ਲੱਗ ਜਾਂਦੇ ਹਾਂ। ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਜੋ ਅਸੀਂ ਕਰ ਰਹੇ ਹਾਂ ਕੀ ਇਹ ਸਾਨੂੰ ਸੋਚਣ ਲਈ ਮਜਬੂਰ ਨਹੀਂ ਕਰਦਾ ਕਿ ਅਸੀਂ ਅਖਵਾਉਂਦੇ ਤਾਂ ਆਪਣੇ ਆਪ ਨੂੰ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੇ ਵਾਰਸ ਹਾਂ ਪਰ ਕੰਮ ਮੱਸਾ ਰੰਘੜ ਵਾਲੇ ਕਰ ਰਹੇ ਹਾਂ।

ਅੱਜ ਸਵੇਰ ਦੇ ਸਮਾਗਮ ਵਿੱਚ ਉਨ੍ਹਾਂ ਕਿਹਾ ਹੋ ਸਕਦਾ ਹੈ ਕਿ ਜਿਹੜਾ ਵਿਅਕਤੀ ਹਰ ਰੋਜ ਸ਼ਰਾਬ ਪੀਂਦਾ ਹੋਵੇ, ਜਿਸ ਨੇ ਆਪਣੇ ਜਾਂ ਆਪਣੇ ਬੱਚਿਆਂ ਦੇ ਵਿਆਹਾਂ ਮੌਕੇ ਸ਼ਰਾਬਾਂ ਪੀਤੀਆਂ ਅਤੇ ਪਿਆਈਆਂ ਹੋਣ, ਡਾਂਸਰਾਂ ਦੇ ਨਾਚ ਗਾਣੇ ਵੇਖੇ ਸੁਣੇ ਹੋਣ ਉਸ ਨੂੰ ਮੇਰੇ ਵੱਲੋਂ ਬੀਤੀ ਰਾਤ ਕਹੀ ਗਈ ਇਹ ਗੱਲ ਬੁਰੀ ਲੱਗੀ ਹੋਵੇ ਪਰ ਮੈਂ ਕਿਸੇ ਨੂੰ ਖੁਸ਼ ਕਰਨ ਲਈ ਇਹ ਤਾਂ ਨਹੀਂ ਕਹਿ ਸਕਦਾ ਕਿ ਇਹ ਬੜਾ ਗੁਰਮੁਖ ਹੈ, ਖੁਸ਼ੀ ਦੇ ਮੌਕੇ ਅਜਿਹੇ ਕੰਮ ਕਰਨੇ ਹੀ ਹੋਏ। ਭਾਈ ਮਾਝੀ ਨੇ ਕਿਹਾ ਕਿ ਕਈ ਲੋਕ ਆਪਣੀ ਗਲਤੀ ਦਾ ਅਹਿਸਾਸ ਕਰਨ ਦੀ ਥਾਂ ਇਸ ਨੂੰ ਜਾਇਜ਼ ਠਹਿਰਾਉਣ ਲਈ ਗਲਤ ਤੌਰ 'ਤੇ ਗੁਰਬਾਣੀ ਦੀ ਤੁਕ: 'ਨਚਣੁ ਕੁਦਣੁ ਮਨ ਕਾ ਚਾਉ ॥' ਪੜ੍ਹ ਕੇ ਸੁਣਾ ਦਿੰਦੇ ਹਨ ਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਮਨ ਦੇ ਚਾਉ ਪੂਰੇ ਕਰਨ ਲਈ ਨੱਚ ਕੁੱਦ ਲੈਣਾ ਚਾਹੀਦਾ ਹੈ। ਭਾਈ ਮਾਝੀ ਨੇ ਅਜਿਹੇ ਲੋਕਾਂ ਨੂੰ ਬੇਨਤੀ ਕੀਤੀ ਕਿ ਜਰਾ ਇਸ ਤੋਂ ਅਗਲੀ ਤੁਕ ਪੜ੍ਹ ਕੇ ਦੋਵਾਂ ਤੁਕਾਂ ਦੇ ਅਰਥ ਭਾਵ ਤਾਂ ਵੀਚਾਰ ਤਾ ਵੇਖ ਲਵੋ। ਇਨ੍ਹਾਂ ਵਿੱਚ ਤੁਕਾਂ ਵਿੱਚ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਨੱਚਣਾ ਕੁੱਦਣਾ ਗੁਰੂ ਦਾ ਚਾਉ ਹੈ ਇਸ ਲਈ ਖੁਸ਼ੀ ਦੇ ਮੌਕੇ ਨੱਚ ਕੁਦ ਲਿਆ ਕਰੋ। ਗੁਰੂ ਸਾਹਿਬ ਜੀ ਨੇ ਨੱਚਣ ਕੁੱਦਣ ਨੂੰ (ਕੇਵਲ) ਮਨ ਦਾ ਚਾਉ ਦੱਸਿਆ ਹੈ ਅਤੇ ਅਗਲੀ ਤੁਕ ਵਿੱਚ ਦੱਸ ਰਹੇ ਹਨ ਕਿ ਗੁਰੂ ਅਤੇ ਰੱਬ ਨਾਲ ਪਿਆਰ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ: 'ਨਾਨਕ ਜਿਨ੍ਹ ਮਨਿ ਭਉ ਤਿਨ੍ਹਾ ਮਨਿ ਭਾਉ ॥' ਸੋ ਅਸੀਂ ਆਪਣੇ ਮਨ ਦੇ ਚਾਉ ਪੂਰੇ ਨਹੀਂ ਕਰਨੇ ਗੁਰੂ ਦਾ ਚਾਉ ਪੂਰਾ ਕਰਨਾ ਹੈ। ਗੁਰੂ ਦਾ ਚਾਉ ਕੀ ਹੈ? ਸੁਣੋ: 'ਮੇਰੇ ਮੋਹਨ, ਸ੍ਰਵਨੀ ਇਹ ਨ ਸੁਨਾਏ ॥ ਸਾਕਤ ਗੀਤ ਨਾਦ ਧੁਨਿ ਗਾਵਤ, ਬੋਲਤ ਬੋਲ ਅਜਾਏ ॥੧॥ ਰਹਾਉ ॥' (ਬਿਲਾਵਲੁ ਮ: ੫, ਗੁਰੂ ਗ੍ਰੰਥ ਸਾਹਿਬ - ਪੰਨਾ ੮੨੦) ਭਾਵ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ। ਹੇ ਮੇਰੇ ਮੋਹਨ! ਇਹੋ ਜਿਹੇ ਬੋਲ ਮੇਰੀ ਕੰਨੀਂ ਨਾਹ ਪੈਣ ॥੧॥ ਰਹਾਉ ॥

ਭਾਈ ਮਾਝੀ ਨੇ ਤਕਰੀਬਨ ਚਾਰੇ ਹੀ ਦੀਵਾਨਾਂ ਵਿੱਚ ਇਸ ਗੱਲ 'ਤੇ ਵਾਰ ਵਾਰ ਜੋਰ ਦਿੱਤਾ ਕਿ ਜੋ ਗੁਰੂ ਦੇ ਸਿੱਖ ਅਖਵਾਉਂਦੇ ਹਨ, ਗੁਰੂ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਘੱਟ ਤੋਂ ਘੱਟ ਇੱਕ ਸਹਿਜ ਪਾਠ ਆਪ ਜਰੂਰ ਕਰਨ। ਉਨ੍ਹਾਂ ਕਿਹਾ ਜਿਨ੍ਹਾਂ ਨੇ ਧਰਮ ਨੂੰ ਵਾਪਾਰ ਬਣਾਇਆ ਹੋਇਆ ਹੈ ਉਹ 'ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥' ਤੁਕ ਵਿੱਚ 'ਕੈ' ਦੀ 'ਕੇ' ਪੜ੍ਹ ਜਾਣ ਵਾਲੇ ਸਿੱਖ ਦੇ ਮੂੰਹ 'ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥੱਪੜ ਮਰਵਾਉਣ ਦੀ ਸਾਖੀ ਸੁਣਾ ਕੇ ਸੰਗਤਾਂ ਨੂੰ ਡਰਾਉਂਦੇ ਹਨ ਕਿ ਗਲਤ ਬਾਣੀ ਪੜ੍ਹਨਾ ਪਾਪ ਹੈ ਇਸ ਲਈ ਗਲਤ ਬਾਣੀ ਪੜ੍ਹਨ ਵਾਲਾ ਗੁਰੂ ਨੂੰ ਪ੍ਰਵਾਣ ਨਹੀਂ ਹੈ ਤੇ ਗੁਰੂ ਜੀ ਉਸ ਨੂੰ ਸਜਾ ਦਿੰਦੇ ਹਨ। ਭਾਈ ਮਾਝੀ ਨੇ ਕਿਹਾ ਮੈਂ ਇਹ ਨਹੀਂ ਕਹਿੰਦਾ ਕਿ ਗਲਤ ਬਾਣੀ ਪੜ੍ਹਨੀ ਚਾਹੀਦੀ ਹੈ ਜਾਂ ਗੁਰੂ ਜੀ ਨੇ ਗਲਤ ਬਾਣੀ ਪੜ੍ਹਨ ਵਾਲੇ ਨੂੰ ਸਜਾ ਨਹੀਂ ਦਿੱਤੀ ਹੋਵੇਗੀ। ਉਨ੍ਹਾਂ ਕਿਹਾ ਗੁਰੂ ਜੀ ਸਿਖਾਂਦਰੂ ਸਿੱਖ ਵੱਲੋਂ ਗਲਤ ਬਾਣੀ ਪੜ੍ਹਨ 'ਤੇ ਨਰਾਜ਼ ਨਹੀਂ ਹੁੰਦੇ ਸਗੋਂ ਉਸੇ ਤਰ੍ਹਾਂ ਖੁਸ਼ ਹੁੰਦੇ ਹਨ ਜਿਵੇਂ ਛੋਟੇ ਬਾਲ ਵੱਲੋਂ ਮੰਮੀ ਨੂੰ ਨੰਨੀ ਅਤੇ ਪਾਪਾ ਨੂੰ ਤਾਤਾ ਕਹਿਣ ਨਾਲ ਉਹ ਨਰਾਜ਼ ਨਹੀਂ ਹੁੰਦੇ ਸਗੋਂ ਖੁਸ਼ ਹਨ ਕਿ ਸਾਡਾ ਬੱਚਾ ਬੋਲਣਾ ਸਿੱਖ ਰਿਹਾ ਹੈ। ਗੁਰੂ ਜੀ ਜੇ ਗਲਤ ਬਾਣੀ ਪੜ੍ਹਨ ਵਾਲੇ ਦੇ ਮੂੰਹ 'ਤੇ ਥੱਪੜ ਮਾਰਦੇ ਹਨ ਤਾਂ ਉਹ ਸਾਡੇ ਵਾਲੇ ਮਹਿਕਮੇ ਦੇ ਹੀ ਮਾਰਦੇ ਹਨ ਜਿਨ੍ਹਾਂ ਨੇ ਗੁਰਬਾਣੀ ਦੇ ਪਾਠ ਨੂੰ ਆਪਣੇ ਰੁਜਗਾਰ ਦਾ ਸਾਧਨ ਬਣਾਇਆ ਹੋਣ ਕਾਰਣ ਉਹ ਥ੍ਹੋੜੇ ਸਮੇਂ ਵਿੱਚ ਬਹੁਤਾ ਪਾਠ ਕਰਨ ਦੀ ਹੋੜ ਵਿੱਚ ਅੱਖਰਾਂ ਅਤੇ ਲਗ ਮਾਤਰਾ ਦਾ ਧਿਆਨ ਹੀ ਨਹੀਂ ਰਖਦੇ।

ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੌਰਾਨ ਇੱਕ ਵੀ ਅਖੰਡ ਪਾਠ ਨਹੀਂ ਸੀ ਹੋਇਆ। ਅਖੰਡਪਾਠ ਕਰਨੇ ਉਸ ਸਮੇਂ ਸ਼ੁਰੂ ਹੋਏ ਜਦੋਂ ਛਾਪੇਖਾਨੇ ਨਾ ਹੋਣ ਕਰਕੇ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਹੁਤੇ ਨਹੀਂ ਸਨ ਮਿਲਦੇ ਤੇ ਜੰਗਾਂ ਜੁੱਧਾਂ ਦੀ ਮੁਹਿੰਮ 'ਤੇ ਜਾਣ ਤੋਂ ਪਹਿਲਾਂ ਸਾਰੇ ਸਿੱਖ ਮਿਲ ਜੁਲ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਕੇ ਉਸ ਦੇ ਓਟ ਆਸਰੇ ਲਈ ਅਰਦਾਸ ਕਰਕੇ ਤੁਰਦੇ ਸਨ। ਪਰ ਅੱਜ ਸਿੱਖ ਨੂੰ ਗੁਰਬਾਣੀ ਨਾਲੋਂ ਤੋੜਨ ਲਈ ਪ੍ਰਚਾਰ ਕਰ ਰਹੇ ਹਨ ਕਿ ਗਲਤ ਬਾਣੀ ਪੜ੍ਹਨ ਨਾਲ ਪਾਪ ਲਗਦਾ ਹੈ, ਸਹਿਜ ਪਾਠ ਨਾਲਂਕ ਅਖੰਡ ਪਾਠ ਦਾ ਮਹਾਤਮ ਬਹੁਤਾ ਹੈ ਅਤੇ ਅਖੰਡਪਾਠ ਨਾਲੋਂ ਸੰਪਟ ਪਾਠ ਦਾ ਮਹਾਤਮ ਵਧੇਰੇ ਹੈ। ਭਾਈ ਮਾਝੀ ਨੇ ਕਿਹਾ ਇਕੋਤਰੀਆਂ ਪਾਠ ਕਰਨੇ ਗੁਰੂ ਦਾ ਸਿਧਾਂਤ ਨਹੀਂ ਸਗੋਂ ਸਿੱਖੀ ਸਿਧਾਂਤਾਂ ਦਾ ਕਤਲ ਹੈ ਪਰ ਇਹ ਵਾਪਾਰ ਬਹੁਤ ਸੋਹਣਾ ਹੈ ਕਿਉਂਕਿ ਜਿਹੜਾ ਪੈਸਾ ਉਨ੍ਹਾਂ ਨੇ ਨੇ ਦੋ ਢਾਈ ਸੌ ਦਿਨਾਂ ਵਿੱਚ ਕਮਾਉਣਾ ਹੁੰਦਾ ਹੈ ਉਹ ਇਕੱਠੇ ਇੱਕ ਸੌ ਇੱਕ ਪਾਠ ਰੱਖ ਕੇ ਦੋ ਦਿਨਾਂ ਵਿੱਚ ਹੀ ਕਮਾ ਲੈਂਦੇ ਹਨ। ਉਨ੍ਹਾਂ ਕਿਹਾ ਇਕੋਤਰੀਆਂ ਕਰਨ ਵਾਲੇ ਧਰਮ ਦੇ ਨਾਮ 'ਤੇ ਸੰਗਤਾਂ ਨਾਲ ਸ਼ਰੇਆਮ ਠੱਗੀ ਮਾਰ ਹਨ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਪੜ੍ਹਨ ਸੁਣਨ ਅਤੇ ਇਸ ਦੀ ਵੀਚਾਰ ਕਰਨ 'ਤੇ ਜੋਰ ਦਿੱਤਾ ਗਿਆ ਹੈ ਪਰ ਇਸ ਇਸ ਗੱਲ ਦਾ ਕਿਧਰੇ ਵੀ ਜ਼ਿਕਰ ਨਹੀਂ ਕਿ ਪਾਠ ਕਰਵਾਉਣ ਜਾਂ ਇਕੋਤਰੀ ਕਰਨ ਦਾ ਲਾਭ ਮਿਲਦਾ ਹੈ। ਪਰ ਪਾਠ ਨੂੰ ਵਾਪਾਰ ਬਣਾਉਣ ਵਾਲੇ ਕਹਿੰਦੇ ਹਨ ਤੁਸੀਂ ਪੈਸੇ ਸਾਡੇ ਕੋਲ ਜਮ੍ਹਾਂ ਕਰਵਾ ਦੇਵੋ, ਪਾਠ ਅਸੀਂ ਕਰ ਦੇਵਾਂਗੇ ਜਿਸ ਦਾ ਫ਼ਲ ਤੁਹਾਨੂੰ ਮਿਲ ਜਾਵੇਗਾ। ਉਨ੍ਹਾਂ ਉਦਾਹਰਣ ਦੇ ਕੇ ਸਮਝਾਇਆ ਕਿ ਜਿਸ ਤਰ੍ਹਾਂ ਜੇ ਰੋਟੀ ਮੈਂ ਖਾਵਾਂਗਾ ਤਾਂ ਭੁੱਖ ਮੇਰੀ ਹੀ ਮਿਟੇਗੀ ਤੁਹਾਡੀ ਨਹੀਂ ਮਿਟ ਸਕਦੀ। ਇਸੇ ਤਰ੍ਹਾਂ ਜੀਵਨ ਦਾ ਲਾਹਾ ਉਸੇ ਨੂੰ ਮਿਲੇਗਾ ਜਿਹੜਾ ਪਾਠ ਆਪ ਕਰੇਗਾ ਜਾਂ ਸੁਣੇਗਾ ਅਤੇ ਇਸ ਦੀ ਵੀਚਾਰ ਕਰੇਗਾ। ਇਹ ਨਹੀਂ ਹੋ ਸਕਦਾ ਕਿ ਪਾਠ ਕੋਈ ਹੋਰ ਕਰੇ ਤੇ ਉਸ ਬਦਲੇ ਫ਼ਲ, ਪੈਸੇ ਦੇਣ ਵਾਲੇ ਕਿਸੇ ਹੋਰਨ ਨੂੰ ਮਿਲ ਜਾਵੇ। ਭਾਈ ਮਾਝੀ ਨੇ ਕਿਹਾ ਅਖੰਡ ਪਾਠ ਸਿਰਫ ਉਹ ਕਰਵਾਏ ਜਿਹੜਾ ੪੮ ਘੰਟੇ ਕੋਲ ਬੈਠ ਕੇ ਪਾਠ ਸੁਣ ਸਕਦਾ ਹੋਵੇ। ਉਨ੍ਹਾਂ ਕਿਹਾ ਮੈਂ ਤਾਂ ਲਗਾਤਾਰ ੪੮ ਘੰਟੇ ਬੈਠ ਕੇ ਪਾਠ ਸੁਣ ਨਹੀਂ ਸਕਦਾ ਇਸ ਲਈ ਫੈਸਲਾ ਕਰ ਲਿਆ ਹੈ ਕਿ ਸਾਰੀ ਜਿੰਦਗੀ ਵਿੱਚ ਕੋਈ ਅਖੰਡ ਪਾਠ ਨਹੀਂ ਕਰਵਾਵਾਂਗਾ ਪਰ ਆਪਣਾ ਸਹਿਜ ਪਾਠ ਹਮੇਸ਼ਾਂ ਜਾਰੀ ਰਖਦਾ ਹਾਂ।

ਭਾਈ ਮਾਝੀ ਨੇ ਕਿਹਾ ਸੰਪਟ ਪਾਠ ਕਰਨ ਵਾਲੇ ਤਾਂ ਗੁਰੂ ਅਰਜੁਨ ਸਾਹਿਬ ਜੀ ਨਾਲੋਂ ਵੀ ਆਪਣੇ ਆਪ ਨੂੰ ਸਿਆਣੇ ਬਣਨ ਦਾ ਹੋਛਾ ਯਤਨ ਕਰ ਰਹੇ ਹਨ ਕਿਉਂਕਿ ਉਹ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਗੁਰੂ ਅਰਜੁਨ ਦੇਵ ਜੀ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਕਿਹੜੀ ਤੁਕ ਕਿਸ ਸ਼ਬਦ ਨਾਲ ਮਿਲਾ ਕੇ ਪੜ੍ਹਨ ਨਾਲ ਵੱਧ ਲਾਹਾ ਮਿਲਦਾ ਹੈ; ਇਹ ਅਸੀਂ ਹੀ ਜਾਣਦੇ ਹਾਂ ਕਿ ਕਿਹੜੀ ਤੁਕ ਦਾ ਕਿੰਨੀ ਵਾਰ ਸੰਪਟ ਲਾਉਣ ਨਾਲ ਕਿੰਨਾਂ ਫ਼ਲ ਮਿਲੇਗਾ!

ਭਾਈ ਮਾਝੀ ਨੇ ਹਰ ਪ੍ਰਾਣੀ ਮਾਤਰ ਲਈ ਸਹਿਜ ਪਾਠ ਆਪ ਕਰਨ 'ਤੇ ਜੋਰ ਦਿੰਦਿਆਂ ਕਿਹਾ ਜਿੰਨੇ ਵੀ ਵੀਰ ਤੇ ਭੈਣਾਂ ਆਪਣਾ ਸਹਿਜ ਪਾਠ ਆਪ ਸ਼ੁਰੂ ਕਰਨਾ ਚਾਹੁੰਦੇ ਹਨ ਉਨ੍ਹਾਂ ਸਾਰਿਆਂ ਦੀ ਸੂਚੀ ਉਨ੍ਹਾਂ ਨੂੰ ਦੇ ਦਿੱਤੀ ਜਾਵੇ ਤਾਂ ਅਗਲੇ ਗੇੜੇ ਸਮੇਂ ਉਤਨੀਆਂ ਹੀ ਸ਼ਬਦਾਰਥ ਪੋਥੀਆਂ ਇੱਥੇ ਪਹੁੰਚਦੀਆਂ ਕਰਵਾ ਸਕਦੇ ਹਨ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਹਰਮੰਦਰ ਸਿੰਘ ਸਮਾਘ ਨੇ ਜਾਣਕਾਰੀ ਦਿੱਤੀ ਕਿ ਪੋਥੀਆਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹਨ ਜਿਸ ਨੇ ਪਾਠ ਸ਼ੁਰੂ ਕਰਨਾ ਹੋਵੇ ਉਹ ਹੁਣੇ ਹੀ ਲੈ ਸਕਦਾ ਹੈ।

ਸਮਾਗਮ ਦੀ ਸਮਾਪਤੀ ਉਪ੍ਰੰਤ ਭਾਈ ਕਿਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਸ਼ੁੱਧ ਪਾਠ ਸਿੱਖਣ ਦੀ ਸਮੱਸਿਆ ਅਮਰੀਕਾ ਨਿਵਾਸੀ ਭਾਈ ਸਤਪਾਲ ਸਿੰਘ ਜੀ ਪੁਰੇਵਾਲ ਨੇ ਇੱਕ ਵੀਡੀਓ ਟਿਊਟਰ ਨਾਮ ਦੀ ਸਾਫਟਵੇਅਰ ਬਣਾ ਕੇ ਹੱਲ ਕਰ ਦਿੱਤੀ ਹੈ ਤੇ ਸੰਗਤਾਂ ਦੀ ਸਹੂਲਤ ਲਈ http://www.ektuhi.com/ ਸਾਈਟ 'ਤੇ ਪਾ ਦਿੱਤੀ ਹੈ ਜਿੱਥੋਂ ਮੁਫਤ ਵਿੱਚ ਡਾਊਨਲੋਡ ਕਰਕੇ ਆਪਣੇ ਕੰਪਿਊਟਰ, ਲੈਪਟਾਪ ਜਾਂ ਆਈਫ਼ੋਨ 'ਤੇ ਡਾਊਨਲੋਡ ਕਰਕੇ ਇੰਸਟਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਫਟਵੇਅਰ ਚਲਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਪੰਨਾ ਕੰਪਿਊਟਰ ਦੀ ਸਕਰੀਨ 'ਤੇ ਵਿਖਾਈ ਦਿੰਦਾ ਹੈ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਜਿਹੜੇ ਕਿ ਗੁਰਬਾਣੀ ਫਲਸਫੇ ਅਤੇ ਵਿਆਕਰਣ ਦੇ ਚੰਗੇ ਗਿਆਤਾ ਹਨ ਅਤੇ ਕਈ ਪਾਠਬੋਧ ਸਮਾਗਮਾਂ ਵਿੱਚ ਭਾਗ ਲੈ ਚੁੱਕੇ ਹਨ; ਦੀ ਅਵਾਜ਼ ਵਿੱਚ ਪਾਠ ਹੋਣਾਂ ਸ਼ੁਰੂ ਹੋ ਜਾਂਦਾ ਹੈ। ਜਿਸ ਸ਼ਬਦ ਦਾ ਉਚਾਰਣ ਹੋ ਰਿਹਾ ਹੁੰਦਾ ਹੈ, ਉਹ ਨਾਲੋ ਨਾਲ ਚੁਣੇ ਗਏ ਵਿਸ਼ੇਸ਼ ਰੰਗ ਵਿੱਚ ਹਾਈਲਾਈਟ ਹੁੰਦਾ ਜਾਂਦਾ ਹੈ, ਤਾਂ ਕਿ ਪਾਠ ਸੁਣਨ ਵਾਲਾ ਸ਼ਬਦਜੋੜਾਂ ਦਾ ਧਿਆਨ ਰੱਖ ਕੇ ਸ਼ੁੱਧ ਪਾਠ ਸੁਣ ਤੇ ਸਿੱਖ ਸਕੇ। ਉਨ੍ਹਾਂ ਦੱਸਿਆ ਕਿ ਜਿਸ ਸ਼ਬਦ ਦੇ ਉਚਾਰਣ ਦੀ ਪਹਿਲੀ ਵਾਰ ਸਮਝ ਨਾ ਆਵੇ ਉਸ ਉਪਰ ਕਰਸਰ ਲਿਆ ਕੇ ਪ੍ਰੈੱਸ ਕਰਨ ਨਾਲ ਉਸ ਦਾ ਦੁਬਾਰਾ ਉਚਾਰਣ ਹੋ ਜਾਂਦਾ ਹੈ। ਇਸ ਤਰ੍ਹਾਂ ਲੋੜ ਮੁਤਾਬਕ ਇੱਕੋ ਸ਼ਬਦ ਵਾਰ ਵਾਰ ਉਸ ਸਮੇਂ ਤੱਕ ਸੁਣਿਆ ਜਾ ਸਕਦਾ ਹੈ ਜਦ ਤੱਕ ਉਸ ਦਾ ਸਹੀ ਉਚਾਰਣ ਸਮਝ ਵਿੱਚ ਨਾ ਆ ਜਾਵੇ। ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਜਿਸ ਨੂੰ ਇਹ ਸਾਫਟਵੇਅਰ ਡਾਊਨਲੋਡ ਕਰਕੇ ਇੰਸਟਾਲ ਕਰਨ ਵਿੱਚ ਕੋਈ ਸਮੱਸਿਆ ਆਵੇ ਜਾਂ ਜਿਸ ਦੇ ਘਰ ਇੰਟਰਨੈੱਟ ਕੁਨੈਕਸ਼ਨ ਨਹੀਂ ਹੈ ਉਨ੍ਹਾਂ ਦੇ ਕੰਪਿਊਟਰਾਂ ਵਿੱਚ ਪੈੱਨ ਡਰਾਈਵ ਰਾਹੀਂ ਉਹ ਖੁਦ ਇੰਸਟਾਲ ਕਰਨ ਦੀ ਸੇਵਾ ਨਿਭਾ ਸਕਦੇ ਹਨ। ਸਮਾਪਤੀ ਉਪ੍ਰੰਤ ਵੱਡੀ ਗਿਣਤੀ ਵਿੱਚ ਵੀਰਾਂ ਅਤੇ ਭੈਣਾਂ ਨੇ ਇਸ ਵੀਡੀਓ ਟਿਊਟਰ ਸਾਫਟਵੇਅਰ ਸਬੰਧੀ ਨਿਜੀ ਤੌਰ 'ਤੇ ਜਾਣਕਾਰੀ ਹਾਸਲ ਕਰਨ ਵਿੱਚ ਦਿਲਚਸਪੀ ਵਿਖਾਈ ਜਿਸ ਤੋਂ ਪਤਾ ਲਗਦਾ ਸੀ ਕਿ ਭਾਈ ਮਾਝੀ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਵੱਡੀ ਗਿਣਤੀ ਵੀਰ ਭੈਣ ਸਹਿਜ ਪਾਠ ਸਿੱਖ ਕੇ ਖ਼ੁਦ ਆਪ ਕਰਨਾ ਸ਼ੁਰੂ ਕਰਨ ਵਾਲੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top