Share on Facebook

Main News Page

ਬਾਦਲਾਂ ਨੇ ਕਿਹੜੀ ਮੰਗ ਮੰਨੇ ਜਾਣ 'ਤੇ ਭੁੱਖ ਹੜਤਾਲ ਖਤਮ ਕਰਾਈ
- ਪਰਮਜੀਤ ਸਿੰਘ ਸਰਨਾ

ਦਿੱਲੀ: ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕਤਲੇਆਮ ਦੇ ਗਰਦਾਨੇ ਜਾਂਦੇ ਇੱਕ ਮੁੱਖ ਦੋਸ਼ੀ ਸਜਣ ਕੁਮਾਰ ਨੂੰ ਇੱਕ ਮਾਮਲੇ ਵਿੱਚ ਅਦਾਲਤ ਵਲੋਂ ਦੋਸ਼-ਮੁਕਤ ਕਰਾਰ ਦੇ ਦਿੱਤੇ ਜਾਣ ਦੇ ਵਿਰੁਧ ਦੇਸ਼-ਵਿਦੇਸ਼ ਵਿੱਚ ਸਿੱਖਾਂ ਵਲੋਂ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨਾਂ ਨੂੰ ਸਿੱਖਾਂ ਦੀਆਂ ਦੁਖੀ ਭਾਵਨਾਵਾਂ ਦਾ ਸਾਰਥਕ ਪ੍ਰਗਟਾਵਾ ਕਰਾਰ ਦਿੰਦਿਆਂ ਕਿਹਾ ਕਿ ਇਹ ਪ੍ਰਦਰਸ਼ਨ ਇਸ ਗਲ ਦਾ ਸਬੂਤ ਹਨ ਕਿ ਸਿੱਖ ਕਤਲੇਆਮ ਨੂੰ ਵਾਪਰਿਆਂ ਭਾਵੇਂ 29 ਵਰ੍ਹੇ ਬੀਤ ਗਏ ਹਨ ਫਿਰ ਵੀ ਉਸ ਘਲੂਘਾਰੇ ਦੇ ਫਲਸਰੂਪ ਸਿੱਖਾਂ ਦੇ ਦਿਲਾਂ ਪੁਰ ਲਗੇ ਜ਼ਖਮ ਅਜੇ ਭਰੇ ਨਹੀਂ ਹਨ। ਸ. ਸਰਨਾ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਅਫਸੋਸ ਦੀ ਗਲ ਹੈ ਕਿ ਉਨ੍ਹਾਂ ਦੇ ਜ਼ਖਮਾਂ ਪੁਰ ਅਜਤਕ ਕਿਸੇ ਨੇ ਵੀ ਸਾਰਥਕ ਮਲ੍ਹਮ ਲਾਣ ਦਾ ਉਪਰਾਲਾ ਨਹੀਂ ਕੀਤਾ, ਹਾਂ, ਇਹ ਗਲ ਜ਼ਰੂਰ ਹੁੰਦੀ ਰਹੀ ਹੈ ਕਿ ਜਦੋਂ ਵੀ ਮੌਕਾ ਮਿਲਿਆ ਰਾਜਸੀ ਆਗੂਆਂ ਵਲੋਂ ਉਨ੍ਹਾਂ ਜ਼ਖਮਾਂ ਨੂੰ ਕੁਰੇਦ ਉਨ੍ਹਾਂ ਤੋਂ ਉਠਣ ਵਾਲੀਆਂ ਚੀਸਾਂ ਪੁਰ ਆਪਣੀਆਂ ਰਾਜਸੀ ਰੋਟੀਆਂ ਜ਼ਰੂਰ ਸੇਂਕੀਆਂ ਜਾਂਦੀਆਂ ਚਲੀਆਂ ਆਈਆਂ ਹਨ।ਉਨ੍ਹਾਂ ਕਿਹਾ ਕਿ ਆਮ ਸਿੱਖਾਂ ਨੂੰ ਇਸ ਗਲ ਦਾ ਬਹੁਤ ਡੂੰਘਾ ਦੁਖ ਹੈ ਕਿ ਜਦੋਂ ਕਦੀ ਵੀ ਉਹ ਇੱਕ-ਜੁਟ ਹੋ ਆਪਣੇ ਨਾਲ ਹੋਣ ਵਾਲੀ ਬੇਇਨਸਾਫੀ ਅਤੇ ਹੋ ਰਹੇ ਜ਼ੁਲਮ ਵਿਰੁਧ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰਦੇ ਹਨ, ਕੁਝ ਲੋਕੀ ਨਿਜੀ ਰਾਜਨੈਤਿਕ ਸੁਆਰਥ ਦੀ ਪੂਰਤੀ ਲਈ ਉਨ੍ਹਾਂ ਦੀ ਇਸ ਸ਼ਕਤੀ ਨੂੰ ਤਾਰਪੀਡੋ ਕਰਨ ਲਈ ਮੈਦਾਨ ਵਿੱਚ ਨਿਤਰ ਆਉਂਦੇ ਹਨ।

ਸ. ਸਰਨਾ ਨੇ ਦਸਿਆ ਕਿ ਬੀਤੇ ਦਿਨੀਂ ਦਿੱਲੀ ਵਿੱਚ ਇਹੀ ਕੁਝ ਵੇਖਣ ਨੂੰ ਮਿਲਿਆ ਹੈ। ਇੱਕ ਪਾਸੇ ਤਾਂ ਰਾਜਧਾਨੀ ਵਿੱਚਲੀਆਂ ਸਾਰੀਆਂ ਸਿੱਖ ਜਥੇਬੰਦੀਆਂ ਆਪੋ-ਆਪਣੀ ਰਾਜਸੀ ਸੋਚ ਤੋਂ ਉਪਰ ਉਠ, ਸਜਣ ਕੁਮਾਰ ਨੂੰ ਦੋਸ਼-ਮੁਕਤ ਕੀਤੇ ਜਾਣ ਵਿਰੁਧ ਰੋਸ ਪ੍ਰਗਟ ਕਰਨ ਲਈ ਸੜਕਾਂ ’ਤੇ ਉਤਰ ਆਈਆਂ ਸਨ, ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ, ਪ੍ਰੰਤੂ ਸਿੱਖਾਂ ਦੇ ਇਸ ਰੋਸ ਪ੍ਰਗਟਾਵੇ ਦਾ ਰਾਜਸੀ ਲਾਭ ਲੈਣ ਲਈ ਇੱਕ ਪਾਸੇ ਬਾਦਲ ਅਕਾਲੀ ਦਲ ਦੇ ਮੁਖੀ ਰੋਸ ਪ੍ਰਦਰਸ਼ਨ ਨੂੰ ਹਾਈਜੈਕ ਕਰ ਦੂਜਿਆਂ ਨੂੰ ਪਿਛੇ ਧਕਣ ਲਈ ਸਰਗਰਮ ਹੋ ਗਏ ਅਤੇ ਸਿਦੇ ਨਾਲ ਹੀ ਇਸੇ ਉਦੇਸ਼ ਨਾਲ ਭਾਜਪਾ ਦੇ ਮੁਖੀ ਵੀ ਉਨ੍ਹਾਂ ਨਾਲ ਆ ਖੜੇ ਹੋਏ। ਸ. ਸਰਨਾ ਨੇ ਕਿਹਾ ਕਿ ਬਾਜ਼ੀ ਅਕਾਲੀ-ਭਾਜਪਾ ਗਠਜੋੜ ਦੇ ਪਾਲੇ ਵਿੱਚ ਜਾਂਦਿਆਂ ਵੇਖ ਕੇਜਰੀਵਾਲ ਵੀ ਆਪਣੀ ਪਾਰਟੀ ‘ਆਪ’ ਦਾ ਝੰਡਾ ਲੈ ਪੀੜਤਾਂ ਨੂੰ ਇਨਸਾਫ ਦੁਆਣ ਦਾ ਨਾਹਰਾ ਲਾ ਮੈਦਾਨ ਵਿੱਚ ਨਿਤਰ ਆਏ।

ਉਨ੍ਹਾਂ ਸਜਣ ਕੁਮਾਰ ਵਿਰੁਧ ਇੱਕ ਮੁਖ ਗੁਆਹ ਨਿਰਪ੍ਰੀਤ ਕੌਰ ਪਾਸੋਂ ਚਾਰ ਮੰਗਾਂ, ਐਫਆਰਆਈ 67/87 ਨਾਲ ਸਬੰਧਤ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕਰਨ, ਚਾਰਜਸ਼ੀਟ ਦਬਾਣ ਵਾਲੇ ਅਧਿਕਾਰੀ, ਰਾਜੀਵ ਰੰਜਨ ਵਿਰੁਧ ਕਾਨੂੰਨੀ ਕਾਰਵਾਈ ਕਰਨ, ਮਾਮਲੇ ਦੀ ਨਿਰਪੱਖ ਜਾਂਚ ਲਈ ਵਿਸ਼ੇਸ਼ ਜਾਂਚ ਦਲ ਗਠਤ ਕਰਨ ਅਤੇ ਸਜਣ ਕੁਮਾਰ ਨੂੰ ਦੋਸ਼-ਮੁਕਤ ਕੀਤੇ ਜਾਣ ਵਿਰੁਧ ਅਪੀਲ ਕਰ ਇਸਦਾ ਫੈਸਲਾ ਤਿੰਨ ਮਹੀਨਿਆਂ ਵਿੱਚ ਕਰਨਾ ਨਿਸ਼ਚਿਤ ਕਰਨ, ਦੇ ਆਧਾਰ ਤੇ ਭੁਖ ਹੜਤਾਲ ਕਰਵਾ ਦਿੱਤੀ। ਸ. ਸਰਨਾ ਨੇ ਕਿਹਾ ਕਿ ਜਦੋਂ ਇਸ ਭੁਖ ਹੜਤਾਲ ਦੇ ਚਲਦਿਆਂ ਬਾਦਲ ਅਕਾਲੀ ਦਲ ਅਤੇ ਉਸਦੀ ਸਹਿਯੋਗੀ ਭਾਜਪਾ ਦੇ ਮੁਖੀਆਂ ਨੂੰ ਬਾਜ਼ੀ ਆਪਣੇ ਹਥੋਂ ਨਿਕਲਦੀ ਨਜ਼ਰ ਆਈ ਤਾਂ ਝਟ ਹੀ ਸ. ਪ੍ਰਕਾਸ਼ ਸਿੰਘ ਬਾਦਲ ਆਪਣੀ ਟੀਮ ਲੈ ਦਿੱਲੀ ਆ ਪੁਜੇ ਤੇ ਉਨ੍ਹਾਂ ਚਹੁੰ ਮੰਗਾਂ ਵਿਚੋਂ ਬਿਨਾਂ ਕੋਈ ਮੰਗ ਮਨਵਾਏ ਨਿਰਪ੍ਰੀਤ ਕੌਰ ਪਾਸੋਂ ਭੁਖ ਹੜਤਾਲ ਖਤਮ ਕਰਵਾ ਦਿੱਤੀ ਤੇ ਉਸਨੂੰ ਵਿਵਾਦਾਂ ਦੇ ਘੇਰੇ ਵਿੱਚ ਸੁਟ ਉਸਦੇ ਸਾਹਮਣੇ ਸੁਆਲ ਖੜਾ ਕਰਵਾ ਦਿੱਤਾ ਕਿ ਉਸਨੇ ਕਿਹੜੀ ਮੰਗ ਮੰਨੇ ਜਾਣ ਦੇ ਆਧਾਰ ਤੇ ਭੁਖ ਹੜਤਾਲ ਖਤਮ ਕੀਤੀ ਹੈ? ਸ. ਸਰਨਾ ਨੇ ਕਿਹਾ ਕਿ ਇਸਤਰ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਇਕ ਮਹੱਤਵਪੂਰਣ ਮੁਦੇ ਨੂੰ ਸਿਆਸੀ ਡਰਾਮਾ ਬਣਾ ਕਮਜ਼ੋਰ ਕਰਕੇ ਰਖ ਦਿੱਤਾ ਗਿਆ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top