Share on Facebook

Main News Page

ਨਿਊਜ਼ੀਲੈਂਡ ‘ਚ 18 ਸਾਲਾ ਗੋਰਾ ਨੌਜਵਾਨ ਸਰਦਾਰ ਬਣਿਆ

…ਜਦੋਂ ਜ਼ਿੰਦਗੀ ਨੇ ਲਿਆ ਖੂਬਸੂਰਤ ਮੋੜ

- 2009 ਦੇ ਵਿਚ ਇਟਲੀ ਤੇ ਗਰੀਸ ਦੌਰੇ ਦੌਰਾਨ ਸਿੱਖ ਧਰਮ ਵੱਲ ਪ੍ਰੇਰਿਤ ਹੋਇਆ

ਆਕਲੈਂਡ 11 ਮਈ (ਹਰਜਿੰਦਰ ਸਿੰਘ ਬਸਿਆਲਾ): ਸਿੱਖ ਧਰਮ ਦੇ ਪ੍ਰਚਾਰਕਾਂ ਤੇ ਚਿੰਤਕਾਂ ਨੂੰ ਇਹ ਗੱਲ ਹਮੇਸ਼ਾਂ ਚਿੰਤਾਂ ਦੇ ਵਿਚ ਪਾਈ ਰੱਖਦੀ ਹੈ ਕਿ ਜਿਸ ਦੇਸ਼ ਵਿਚ ਦੁਨੀਆ ਦੇ ਨਿਰੋਲ ਅਤੇ ਉਤਮ ਧਰਮ ‘ਸਿੱਖ ਧਰਮ’ ਦਾ ਜਨਮ ਹੋਇਆ ਉਸ ਦੇਸ਼/ਸੂਬੇ ਦੇ ਵਿਚੋਂ ਸਿੱਖੀ ਬੂਟੇ ਦੇ ਪ੍ਰਫੁੱਲਤ ਹੋਣ ਦੇ ਉਹੋ ਜਿਹੇ ਫਲਦਾਰ ਨਤੀਜੇ ਸਾਹਮਣੇ ਨਹੀਂ ਆ ਰਹੇ ਜਿਨ੍ਹਾਂ ਦੀ ਉਹ ਆਸ ਰੱਖਦੇ ਹਨ। ਇਸਦੇ ਉਲਟ ਵਿਦੇਸ਼ਾਂ ਦੇ ਵਿਚ ਦੂਜੀਆਂ ਕੌਮਾਂ ਦੇ ਲੋਕ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਆਪਣੇ-ਆਪ ਸਿੱਖੀ ਵੱਲ ਖਿੱਚੇ ਆ ਰਹੇ ਹਨ। ਇਨ੍ਹਾਂ ਕਾਰਨਾਂ ਦੀ ਪੜਚੋਲ ਕਰਨਾ ਇਕ ਲੰਬਾ ਵਿਸ਼ਾ ਹੋ ਸਕਦਾ ਹੈ ਪਰ ਕਹਿੰਦੇ ਨੇ ਹਨ੍ਹੇਰੇ ਨੂੰ ਚੀਰਨ ਵਾਸਤੇ ਹਲਕੇ ਜਿਹੇ ਪ੍ਰਕਾਸ਼, ਸ਼ੀਸ਼ੇ ਨੂੰ ਕੱਟਣ ਵਾਸਤੇ ਇਕ ਨੁਕੀਲੇ ਹੀਰੇ ਅਤੇ ਦੁੱਧ ਤੋਂ ਮੱਖਣ ਕੱਢਣ ਲਈ ਬਿੰਦ ਕੁ ਜਾਗ ਦੀ ਲੋੜ ਪੈਂਦੀ ਹੈ।

ਇਕ ਅਜਿਹੀ ਹੀ ਉਦਾਹਰਣ ਨਿਊਜ਼ੀਲੈਂਡ ਦੇ ਸ਼ਹਿਰ ਡੁਨੀਡਨ ਵਿਖੇ ਕੈਮਿਸਟਰੀ ਦੀ ਉਚ ਪੜ੍ਹਾਈ ਕਰਦੇ ਇਕ 18 ਸਾਲਾ ਗੋਰੇ ਨੌਜਵਾਨ ਵਿਚ ਵੇਖਣ ਨੂੰ ਮਿਲੀ ਹੈ। ਇਸ ਨੌਜਵਾਨ ਦਾ ਅਸਲ ਨਾਂਅ ਰੌਬਰਟ ਟੱਕਰ ਹੈ ਅਤੇ ਹੁਣ ਇਹ ਕੇਸ ਅਤੇ ਦਾੜੀ ਰੱਖ ਕੇ ਪੂਰਾ ਸਰਦਾਰ ਬਣ ਗਿਆ ਹੈ। ਇਹ ਹਮੇਸ਼ਾਂ ਆਪਣਾ ਸਿਰ ਢਕ ਕੇ ਰੱਖਦਾ ਹੈ। ਇਸਦਾ ਪਿਤਾ ਥੈਰੇਪਿਸਟ ਅਮਰੀਕਨ ਮੂਲ ਦਾ ਹੈ ਅਤੇ ਮਾਤਾ ਸਕਾਟਲੈਂਡ ਮੂਲ ਦੀ ਹੈ। ਇਸਦਾ ਜਨਮ ਡੁਨੀਡਨ ਤੋਂ ਲਾਗੇ ਹੀ ਸ਼ਹਿਰ ਇਨਵਰ ਕਾਰਗਿਲ ਵਿਖੇ 1995 ਵਿਚ ਹੋਇਆ। ਇਹ ਗੋਰਾ ਸਿੱਖ ਕੈਮਿਸਟਰੀ ਅਤੇ ਫਾਰਮਾਕੋਲੋਜੀ ਦੇ ਵਿਚ ਓਟਾਗੋ ਯੂਨੀਵਰਸਿਟੀ ਤੋਂ ਡਬਲ ਮੇਜਰ ਕਰ ਰਿਹਾ ਹੈ ਅਤੇ ਇਹ ਪੜ੍ਹਾਈ ਪੀ. ਐਚ. ਡੀ. ਤੱਕ ਲਿਜਾਉਣਾ ਚਾਹੁੰਦਾ ਹੈ। ਕੈਮੀਕਲ ਸਾਇੰਸ ਦੇ ਵਿਚ ਇਸਦੀ ਬਹੁਤ ਜਿਆਦਾ ਰੁਚੀ ਹੈ।

ਕੋਈ ਚਾਰ ਕੁ ਸਾਲ ਪਹਿਲਾਂ ਇਸ ਨੂੰ ਸਿੱਖ ਧਰਮ ਬਾਰੇ ਕੁਝ ਜਾਣਕਾਰੀ ਮਿਲੀ। ਫਿਰ 2009 ਦੇ ਵਿਚ ਇਹ ਨੌਜਵਾਨ ਇਟਲੀ ਅਤੇ ਗ੍ਰੀਸ ਘੁੰਮਣ ਗਿਆ ਸੀ। ਇਸ ਟੂਰ ਦੌਰਾਨ ਹੀ ਉਸ ਅੰਦਰ ਇਕ ਅਧਿਆਤਮਿਕ ਭਾਵਨਾ ਜਾਗੀ ਅਤੇ ਉਸਨੂੰ ਨਹੀਂ ਪਤਾ ਲੱਗਾ ਕਿ ਉਹ ਕਿਵੇਂ ਸਿੱਖ ਧਰਮ ਦੀ ਫਿਲਾਸਫੀ ਦੇ ਪ੍ਰਭਾਵ ਵਿਚ ਆ ਗਿਆ। ਦਿਨਾਂ ਵਿਚ ਹੀ ਇਸਨੂੰ ਇਹ ਰੱਬ ਤੱਕ ਜਾਂਦਾ ਸੱਚਾ-ਸੁੱਚਾ ਰਸਤਾ ਜਾਪਣ ਲੱਗਾ। ਉਸਨੇ ਸਿੱਖ ਧਰਮ ਬਾਰੇ ਪੜ੍ਹਨਾ ਸ਼ੁਰੂ ਕੀਤਾ ਤੇ ਕੀਰਤਨ ਸੁਨਣਾ ਆਰੰਭ ਕੀਤਾ। ਉਦੋਂ ਲੈ ਕੇ ਹੁਣ ਤੱਕ ਇਹ ਨੌਜਵਾਨ ਰੋਜ਼ਾਨਾ ਹੁਕਮਨਾਮਾ ਸਰਵਣ ਕਰਦਾ ਹੈ। ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ, ਸਿੱਖ ਧਰਮ ਬਾਰੇ ਜਾਣਕਾਰੀ ਦਿੰਦੀਆਂ ਵੈਬ ਸਾਈਟਾਂ ਪ੍ਰਤੀ ਉਹ ਸਾਰਾ ਕੁਝ ਜਾਣਦਾ ਹੈ। ਇਹ ਨੌਜਵਾਨ ਆਪਣੀ ਕਮੀਜ ਅਤੇ ਕੋਟ ਉਤੇ ਖੰਡੇ ਦਾ ਬੈਜ ਹਮੇਸ਼ਾਂ ਲਗਾ ਕੇ ਰੱਖਦਾ ਹੈ। ਅੰਮ੍ਰਿਤ ਛਕਣ ਬਾਰੇ ਉਸਦਾ ਵਿਚਾਰ ਹੈ ‘ਅੰਮ੍ਰਿਤ’ ਸਿੱਖ ਦੇ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੈ ਸੋ ਪਹਿਲਾਂ ਮੈਂ ਆਪਣੇ ਆਪ ਨੂੰ ਸਾਰੇ ਪੱਖਾਂ ਤੋਂ ਮਜ਼ਬੂਤ, ਤਿਆਰ ਅਤੇ ਇਕ ਖਾਲਸੇ ਦਾ ਆਚਰਣ ਅਖਤਿਆਰ ਕਰਨਾ ਚਾਹੁੰਦਾ ਹਾਂ। ਇਸ ਤੋਂ ਬਾਅਦ ਇਕ ਦਿਨ ਜਰੂਰ ਅੰਮ੍ਰਿਤ ਛਕ ਕੇ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗਾ। ਇਸ ਤੋਂ ਇਲਾਵਾ ਉਹ ਭਾਰਤ ਅਤੇ ਪੰਜਾਬ ਦੇ ਵਿਚ ਜਾ ਕੇ ਗੁਰ ਅਸਥਾਨ ਵੇਖਣ ਦਾ ਸੁਪਨਾ ਵੀ ਰੱਖਦਾ ਹੈ।

ਹੁਣ ਜਰੂਰਤ ਹੈ ਮਨੁੱਖਤਾ ਦੀ ਸੇਵਾ ਵਿਚ ਜਿਥੇ ਸਿੱਖ ਧਰਮ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਉਥੇ ਅਜੋਕੇ ਸਮੇਂ ਵਿਚ ਹੋਰਨਾਂ ਕੌਮਾਂ ਤੱਕ ਸਿੱਖ ਧਰਮ ਦੇ ਸੁਨਹਿਰੇ ਸਿਧਾਤਾਂ ਦੀ ਖੁਸ਼ਬੋਅ ਫੈਲਾਈ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top