Share on Facebook

Main News Page

ਪੰਜਾਬ ਦੇ ਭਿਆਨਕ ਖ਼ਾਤਮੇ ਦੀ ਘੰਟੀ…
- ਜਸਪਾਲ ਸਿੰਘ ਹੇਰਾਂ

ਪੰਜਾਬ ਜਿਹੜਾ ਪਹਿਲਾ ਹੀ ਨਸ਼ਿਆਂ ਦੀ ਅਜਗਰੀ ਜਕੜ ’ਚ ਹੈ ਅਤੇ 70 ਫੀਸਦੀ ਜੁਆਨੀ ਤੇ ਜੁਆਨੀ ਦੀਆਂ ਬਰੂਹਾਂ ਤੇ ਪੈਰ ਧਰਦੇ ਕੱਚੀ ਉਮਰ ਦੇ ਮੁੰਡੇ-ਕੁੜੀਆਂ ਇਸਦਾ ਸ਼ਿਕਾਰ ਹੋ ਰਹੇ ਹਨ, ਉਸ ਲਈ ਬੀਤੇ ਦਿਨ ਖ਼ਤਰੇ ਦੀ ਇਕ ਹੋਰ ਘੰਟੀ ਖੜਕੀ ਹੈ, ਜਿਸ ਬਾਰੇ ਸਰਕਾਰ ਅਤੇ ਸੂਬੇ ਦੇ ਭਵਿੱਖ ਲਈ ਫ਼ਿਕਰਮੰਦ ਹਰ ਪੰਜਾਬੀ ਨੂੰ ਪਹਿਰਾ ਦੇਣ ਲਈ ਜਾਗਣਾ ਹੀ ਪਵੇਗਾ। ਤਬਾਹੀ ਸੂਬੇ ਦੀਆਂ ਬਰੂਹਾਂ ਤੇ ਦਸਤਕ ਦੇ ਚੁੱਕੀ ਹੈ ਅਤੇ ਜੇ ਹੁਣ ਵੀ ਅਸੀਂ ਲੰਬੀਆਂ ਤਾਣ ਕੇ ਸੁੱਤੇ ਰਹੇ ਜਾਂ ਆਪਣੀਆਂ ਤਿਜੌਰੀਆਂ ਭਰਨ ਅਤੇ ਸੱਤਾ ਲਾਲਸਾ ਕਾਰਣ ਨਸ਼ਾ-ਮਾਫੀਏ ਦੀ ਪਿੱਠ ਥਾਪੜਦੇ ਰਹੇ ਤਾਂ ਪੰਜਾਬ ਨੂੰ ਤਬਾਹੀ ਤੋਂ ਕੋਈ ਤਾਕਤ ਨਹੀਂ ਬਚਾਅ ਸਕੇਗੀ। ਬੀਤੇ ਦਿਨ ਪਟਿਆਲਾ ਪੁਲਿਸ ਵੱਲੋਂ ਅਜਿਹਾ ਨਸ਼ੀਲਾ ਨਸ਼ਾ ਜਿਹੜਾ ਹੈਰੋਇਨ ਤੇ ਸਮੈਕ ਤੋਂ ਵੀ ਵਧੇਰੇ ਘਾਤਕ ਹੈ ਅਤੇ ਪੱਛਮੀ ਮੁਲਕਾਂ ਅਮਰੀਕਾ-ਕਨੇਡਾ ਆਦਿ ’ਚ ਵਰਤਿਆ ਜਾਂਦਾ ਹੈ, ਉਸ ਨਸ਼ੇ ਦੀ ਵੱਡੀ ਖੇਪ, ਪਹਿਲੀ ਵਾਰ ਪੰਜਾਬ ’ਚੋਂ ਫੜੀ ਗਈ ਹੈ। ਇਸ ਤੋਂ ਸਾਫ਼ ਹੈ ਕਿ ਪੰਜਾਬ ਹੁਣ ਅੰਤਰਰਾਸ਼ਟਰੀ ਪੱਧਰ ਦੇ ਨਸ਼ਾ-ਮਾਫੀਆ ਦੀ ਜਕੜ ਤੇ ਮਾਰ ’ਚ ਆ ਚੁੱਕਾ ਹੈ।

ਅੰਤਰਰਾਸ਼ਟਰੀ ਨਸ਼ਾ ਮਾਫੀਆ ਦੀਆਂ ਸਿੱਧੀਆਂ ਤਾਰਾਂ ਪੰਜਾਬ ਦੇ ਨਸ਼ਾ ਮਾਫ਼ੀਆ ਨਾਲ ਜੁੜ ਚੁੱਕੀਆਂ ਹਨ। ਇਹ ਖ਼ਬਰਾਂ ਪਹਿਲਾ ਵੀ ਨਿਰੰਤਰ ਆ ਰਹੀਆਂ ਸਨ ਕਿ ਪੈਸੇ ਦੀ ਭੁੱਖ ’ਚ ਅੰਨ੍ਹੇ ਸਾਡੇ ਕੁਝ ਪੰਜਾਬੀ ਅਮਰੀਕਾ-ਕਨੇਡਾ ’ਚ ਨਸ਼ਾ ਮਾਫ਼ੀਏ ਨਾਲ ਜੁੜ ਚੁੱਕੇ ਹਨ ਅਤੇ ਪੰਜਾਬੀਆਂ ਦੇ ਟਰਾਲਿਆਂ ਨੂੰ ਹੁਣ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਣ ਲੱਗ ਪਿਆ ਹੈ। ਮੁੱਕੇਬਾਜ਼ ਵਰਿੰਦਰ ਦੇ ਆੜ੍ਹੀ ਕਾਹਲੋਂ ਵਾਲੇ ਨਸ਼ਾ ਮਾਫ਼ੀਏ ਦੀ ਗ੍ਰਿਫਤਾਰੀ ਤੋਂ ਬਾਅਦ, ਪੰਜਾਬ ਸਰਕਾਰ ਨੂੰ ਇਸ ਪਾਸੇ ਤੋਂ ਵਿਸ਼ੇਸ਼ ਰੂਪ ’ਚ ਚੇਤੰਨ ਹੋ ਜਾਣਾ ਚਾਹੀਦਾ ਸੀ ਅਤੇ ਪੰਜਾਬ ਨੂੰ ਆਉਂਦੀ ਨਸ਼ੇ ਦੀ ਸਪਲਾਈ ਵਾਲੀ ਲਾਈਨ ਨੂੰ ਤੋੜ੍ਹਣ ਲਈ ਇਮਾਨਦਾਰ, ਮਿਹਨਤੀ ਤੇ ਸਖ਼ਤ ਪੁਲਿਸ ਅਫਸਰ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਕਰਕੇ, ਉਸਨੂੰ ਜੁੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ ਅਤੇ ਇਸ ਟੀਮ ਨੂੰ ਸਿਆਸੀ ਦਬਾਅ ਤੋਂ ਪੂਰੀ ਤਰ੍ਹਾਂ ਮੁਕਤ ਰੱਖਿਆ ਜਾਣਾ ਸਭ ਤੋਂ ਜ਼ਰੂਰੀ ਹੈ। ਅੱਜ ਪੰਜਾਬ ’ਚ ਸਮੈਕ ਤੇ ਹੈਰੋਇਨ ਵਰਗਾ ਘਾਤਕ ਨਸ਼ਾ, ਜਿਹੜਾ ਨਸ਼ੇੜੀ ਨੂੰ 2-4 ਸਾਲਾ ’ਚ ਹੀ ਪੂਰੀ ਤਰ੍ਹਾਂ ਹਰ ਪੱਖੋਂ ਤਬਾਹ ਤੇ ਬਰਬਾਦ ਕਰ ਦਿੰਦਾ ਹੈ, ਉਹ ਥਾਂ-ਥਾਂ ਮਿਲਦਾ ਹੈ, ਇਥੋਂ ਤੱਕ ਕਿ ਸਕੂਲਾਂ ਦੇ ਵਿਦਿਆਰਥੀ ਵੀ ਇਸ ਦੀ ਜਕੜ ’ਚ ਆ ਰਹੇ ਹਨ, ਪ੍ਰੰਤੂ ਇਸ ਦੇ ਬਾਵਜੂਦ ਜੇ ਸਰਕਾਰ ਨਸ਼ਾ ਸਪਲਾਈ ਰੋਕਣ ਲਈ ਠੋਸ ਸਖ਼ਤ ਉਪਰਾਲੇ ਨਹੀਂ ਕਰਦੀ ਤਾਂ ਆਮ ਪੰਜਾਬੀਆਂ ਨੂੰ ਸਰਕਾਰ ਦੀ ਇਮਾਨਦਾਰੀ ਤੇ ਸ਼ੱਕ ਹੋਣਾ ਵੀ ਕੁਦਰਤੀ ਹੈ।

ਨਸ਼ਾ ਮਾਫ਼ੀਏ ਨੂੰ ਸਿਆਸੀ ਥਾਪੜੇ ਦੀ ਚਰਚਾ ਹਰ ਜ਼ੁਬਾਨ ਤੇ ਹੈ ਅਤੇ ਇਸਦਾ ਕਾਰਣ ਵੀ ਇਹੋ ਹੈ ਕਿ ਜੇ 7 ਸਮੁੰਦਰ ਪਾਰੋਂ ਵੀ ਨਸ਼ਾ ਪੰਜਾਬ ’ਚ ਪੁੱਜ ਰਿਹਾ ਹੈ ਤਾਂ ਉਸ ’ਚ ਸਰਕਾਰੀ ਹੱਥ ਕਿਤੇ ਨਾ ਕਿਤੇ ਜ਼ਰੂਰ ਹੈ। ਅਸੀਂ ਸਮਝਦੇ ਹਾਂ ਕਿ ਦੇਸ਼ ਦੇ ਹਾਕਮ ਪੰਜਾਬ ਦੀ ਜੁਆਨੀ ਨੂੰ ਕਿਉਂ ਤਬਾਹ ਕਰਨਾ ਚਾਹੁੰਦੇ ਹਨ, ਉਹ ਸਿੱਖਾਂ ਦੀ ਨਸਲਕੁਸ਼ੀ, ਝੂਠੇ ਪੁਲਿਸ ਮੁਕਾਬਲਿਆਂ, ਸਿੱਖ ਕਤਲੇਆਮ ਨਾਲ ਤਾਂ ਨਹੀਂ ਕਰ ਸਕੀ, ਹੁਣ ਉਹ ਘਾਤਕ ਨਸ਼ਿਆਂ ਰਾਹੀਂ ਸਿੱਖਾਂ ਦੀ ਨਸਲਕੁਸ਼ੀ ਕਰਨ ਵੱਲ ਤੁਰੀ ਹੈ, ਇਸ ਕਾਰਣ ਸਰਹੱਦ ਪਾਰੋਂ ਨਸ਼ਾ ਧੜੱਲੇ ਨਾਲ ਪੰਜਾਬ ਦੀ ਹਰ ਗਲੀ-ਗਲੀ, ਮੁਹੱਲੇ-ਮੁਹੱਲੇ ਪੁੱਜ ਰਿਹਾ ਹੈ। ਪੰਤੂ ਪੰਜਾਬ ਦੀ ਸੱਤਾਧਾਰੀ ਧਿਰ ਵੀ ਨਸ਼ਾ-ਮਾਫ਼ੀਏ ਦੇ ਖ਼ਾਤਮੇ ਲਈ ਗੰਭੀਰ ਨਹੀਂ ਹੈ, ਉਸਦੇ ਕਈ ਵੱਡੇ ਥੰਮਾਂ ਦੇ ਸਹਾਰੇ ਨਸ਼ਾ ਮਾਫ਼ੀਆ ਪੰਜਾਬ ’ਚ ਸ਼ਰੇਆਮ ਧੜੱਲੇ ਨਾਲ ਤਬਾਹੀ ਮਚਾ ਰਿਹਾ ਹੈ, ਇਹ ਕਿਸੇ ਤੋਂ ਲੁੱਕਿਆ ਛੁਪਿਆ ਨਹੀਂ। ਅਸੀਂ ਪਹਿਲਾ ਵੀ ਲਿਖਿਆ ਹੈ, ਪੰਜਾਬ ਨੂੰ ਨਸ਼ਿਆਂ ਦੀ ਤਬਾਹੀ ਤੋਂ ਬਚਾਉਣ ਲਈ ਹੁਣ ਪੰਜਾਬੀਆਂ ਨੂੰ ਖ਼ੁਦ ‘ਪਹਿਰੇਦਾਰ’ ਬਣਨਾ ਹੋਵੇਗਾ। ਆਪਣੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਨੂੰ ਨਸ਼ੇ ਦੇ ਵਪਾਰੀਆਂ ਦੇ ਪਰਛਾਵੇ ਤੋਂ ਬਚਾਉਣਾ ਹੋਵੇਗਾ।

ਇਸ ਸਬੰਧੀ ਇੱਕਾ-ਦੁੱਕਾ ਯਤਨਾਂ ਨਾਲ ਕੁਝ ਨਹੀਂ ਹੋਣਾ, ਇਕ ਲਹਿਰ ਖੜ੍ਹੀ ਕਰਨੀ ਹੋਵੇਗੀ। ਗੰਦ ਨੂੰ ਹੂੰਝਣ ਲਈ ਲੱਕ ਬੰਨ੍ਹ ਕੇ ਮੈਦਾਨ ’ਚ ਨਿੱਤਰਨਾ ਪਵੇਗਾ। ਹੁਣ ਜਦੋਂ ਹੈਰੋਇਨ, ਸਮੈਕ ਤੋਂ ਬਾਅਦ ਸਿਰੇ ਦਾ ਘਾਤਕ ਨਸ਼ਾ ਮੈਸਕੇਲਾਈਨ ਜਿਹੜਾ ਕਿ ਥੋਹਰ (ਕੈਕਟਸ) ਤੋਂ ਤਿਆਰ ਹੁੰਦਾ ਹੈ, ਹੁਣ ਮੈਕਸੀਕੋ ਤੋਂ ਪੰਜਾਬ ਆ ਗਿਆ ਹੈ ਤਾਂ ਇਸ ਤੋਂ ਵਧੇਰੇ ਚਿੰਤਾ ਦੀ ਗੱਲ ਹੋਰ ਨਹੀਂ ਹੋ ਸਕਦੀ। ਸਾਰੀਆਂ ਰਾਜਸੀ ਧਿਰਾਂ, ਧਾਰਮਿਕ ਸੰਸਥਾਵਾਂ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਪੰਜਾਬ ਦੀ ਤਬਾਹੀ ਵਿਰੁੱਧ ਇਕ ਜੁੱਟ ਹੋ ਕੇ ਡੱਟਣਾ ਪਵੇਗਾ, ਤਦ ਹੀ ਅਸੀਂ ਪੰਜਾਬ ਦਾ ਭਵਿੱਖ ਹਨੇਰਾ ਹੋਣ ਤੋਂ ਬਚਾਅ ਸਕਾਂਗੇ। ਪੰਜਾਬ ਪੁਲਿਸ ਦੇ ਉਨ੍ਹਾਂ ਅਫ਼ਸਰਾਂ ਨੂੰ ਜਿਨ੍ਹਾਂ ਦੇ ਮਨ ’ਚ ਮਨੁੱਖਤਾ ਅਤੇ ਖ਼ਾਸ ਕਰਕੇ ਪੰਜਾਬ ਪ੍ਰਤੀ ਮਾੜੀ-ਮੋਟੀ ਵੀ ਫਿਕਰਮੰਦੀ ਤੇ ਦਰਦ ਹੈ, ਉਨ੍ਹਾਂ ਨੂੰ ਵੀ ਆਪਣੇ ਫਰਜ਼ ਨੂੰ ਪਹਿਚਾਨਣਾ ਹੋਵੇਗਾ ਅਤੇ ਜੇ ਹਰਦਿਆਲ ਸਿੰਘ ਮਾਨ ਨਸ਼ਿਆਂ ਦੇ ਸੁਦਾਗਰਾਂ ਲਈ ਚੁਣੌਤੀ ਬਣ ਕੇ, ਉਨ੍ਹਾਂ ਦੇ ਰਾਹ ’ਚ ਡੱਟ ਸਕਦਾ ਹੈ ਤਾਂ ਬਾਕੀ ਵੀ ਅਜਿਹਾ ਕਿਉਂ ਨਹੀਂ ਕਰ ਸਕਦੇ? ਅੱਜ ਆਪਣੀ ਮਾਤਭੂਮੀ ਦੀ ਰਾਖੀ ਕਰਕੇ ਉਸ ਕਰਜ਼ੇ ਨੂੰ ਜਿਹੜਾ ਮਾਂ-ਭੂਮੀ ਦਾ ਹਮੇਸ਼ਾ ਸਾਡੇ ਸਿਰ ਹੁੰਦਾ ਹੈ, ਉਤਾਰਨ ਦਾ ਮੌਕਾ ਹੈ, ਜੇ ਅੱਜ ਵੀ ਅਸੀਂ ਇਹ ਸੋਚ ਕੇ ਅੱਗ ਤਾਂ ਦੂਜੇ ਘਰ ਹੀ ਲੱਗੀ ਹੋਈ ਹੈ, ਸੁੱਤੇ ਰਹੇ ਤਾਂ ਵਿਆਪਕ ਵਿਨਾਸ਼ ਤੋਂ ਅਸੀਂ ਵੀ ਬਚ ਨਹੀਂ ਸਕਾਂਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top