Share on Facebook

Main News Page

ਕੀ ਜੱਥੇਦਾਰ ਸੰਗਤਾਂ ਵਲੋਂ ਕੀਤੇ ਸਵਾਲਾਂ ਦੇ ਜੁਆਬ ਦੇ ਸਕਣਗੇ?
ਜੁਆਬ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਨੂੰ ਮੁੱਖ ਰੱਖ ਕੇ ਦੇਣੇ ਚਾਹੀਦੇ ਹਨ
-
ਟਾਈਗਰ ਜੱਥਾ ਯੂਕੇ

ਚੰਡੀਗੜ ੧੦ ਮਈ (ਹਰਪ੍ਰੀਤ ਸਿੰਘ) ਬੀਤੇ ਦਿਨੀ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਪਾਸੋਂ ਨਿਊਜ਼ੀਲੈਂਡ, ਆਸਟ੍ਰੇਲੀਆ,ਯੁਐਸਏ, ਯੂਕੇ ਸਮੇਤ ਕਈ ਸਿੰਘਾਂ ਅਤੇ ਸਿੰਘ ਸਭਾਵਾਂ ਵਲੋਂ ਫੇਸਬੁਕ ਅਤੇ ਵੱਖੋ-ਵੱਖ ਵੈਬਸਾਈਟਾਂ ਤੇ ਅਨੇਕਾਂ ਸਵਾਲਾਂ ਦੇ ਜਵਾਬ ਮੰਗੇ ਹਨ।ਇਹਨਾਂ ਸਵਾਲਾਂ ਦੇ ਜਵਾਬ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੂੰ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਨੂੰ ਮੁੱਖ ਰਖ ਕੇ ਪੁਰੀ ਇਮਾਨਦਾਰੀ ਤੇ ਹਲੀਮੀ ਵਿਚ ਰਹਿਕੇ ਦੇਣੇ ਚਾਹੀਦੇ ਹਨ ਤਾਂਕਿ ਕੋਈ ਵੀ ਸਿੱਖਾਂ ਨੂੰ ਵਰਗਲਾ ਨਾ ਸਕੇ।ਇਹ ਵੀਚਾਰ ਟਾਈਗਰ ਜੱਥਾ ਯੂਕੇ ਦੇ ਮੈਂਬਰ ਪ੍ਰਭਦੀਪ ਸਿੰਘ, ਗੁਲਜਾਰ ਸਿੰਘ, ਅਵਤਾਰ ਸਿੰਘ ਕੋਂਸਲਰ, ਬਲਬੀਰ ਸਿੰਘ ਮਾਨ ਚੀਗਵਲ, ਸੇਵਾ ਸਿੰਘ ਸਿੰਘ ਸਭਾ ਯੂ.ਐਸ.ਏ, ਜਗਰੂਪ ਸਿੰਘ, ਸਤਵੰਤ ਸਿੰਘ, ਪ੍ਰਗਟ ਸਿੰਘ, ਗੁਰਬਚਨ ਸਿੰਘ ਮਿਸ਼ਨਰੀ ਨੇ ਸਾਂਝੇ ਤੋਰ ਤੇ ਕਹੇ।

ਜਿਕਰਯੋਗ ਹੈ ਕਿ ਪੰਥਕ ਸਫ਼ਾ ਵਿਚ ਵੱਖੋ-ਵੱਖ ਵੈਬਸਾਈਟਾਂ ਤੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੂੰ ਕੀਤੇ ਗਏ ਸਵਾਲ ਚਰਚਾ ਦਾ ਵਿਸ਼ਾ ਬਣੇ ਹੋਇ ਹਨ ਅਤੇ ਇਹਨਾਂ ਸਵਾਲਾਂ ਦੀ ਗਿਣਤੀ ਵਧੱਦੀ ਜਾ ਰਹੀ ਹੈ। ਪਿਛਲੇ ਇਕ ਹਫਤੇ ਤੋਂ ਜਾਰੀ ਇਸ ਲੜੀ ਵਿਚ ਸਵਾਲਾਂ ਦੀ ਗਿਣਤੀ ੪੫ ਹੋ ਗਈ ਹੈ, ਪਰ ਅਜੇ ਤੱਕ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਪਾਸੋਂ ਕੋਈ ਜੁਆਬ ਨਹੀ ਆਇਆ।

ਉਨ੍ਹਾਂ ਕਿਹਾ ਕਿ ਅਖੌਤੀ ਜੱਥੇਦਾਰ ਸਾਹਿਬ ਦਸਣ ਕਿ ਸਰਬਜੀਤ ਸਿੰਘ ਨੂੰ ਮੌਤ ਤੋਂ ਬਾਅਦ ਦੇਸ਼-ਕੌਮ ਪ੍ਰਤੀ ਕਿਹੜੀ ਪ੍ਰਾਪਤੀ, ਕਿਹੜੇ ਯੋਗਦਾਨ, ਕਿਹੜੀ ਬਹਾਦੁਰੀ ਕਰਕੇ, ਪੰਜਾਬ ਸਰਕਾਰ ਨੇ *ਸ਼ਹੀਦ* ਦੀ ਉਪਾਧੀ ਦਿੱਤੀ। ਉਸਦੀ ਅੰਤਿਮ ਕ੍ਰਿਆ ਸਮੇਂ ਉਹ ਖੁਦ ਵੀ ਸ਼ਾਮਿਲ ਸੀ। ਦਰਬਾਰ ਸਾਹਿਬ ਕੰਪਲੈਕਸ 'ਚ ਸ਼ਹੀਦੀ ਸਮਾਰਕ ਦੀ ਥਾਂ 'ਤੇ ਇੱਕ ਹੋਰ ਗੁਰਦੁਆਰਾ ਬਣਾਇਆ ਗਿਆ ਜਿਸ ਦਾ ਨਾਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ 'ਤੇ ਰੱਖਿਆ ਗਿਆ, ਅਤੇ ਸ਼ਹੀਦਾਂ ਦਾ ਨਾਮ ਦੋ ਸਟੀਲ ਦੇ ਬੋਰਡਾਂ 'ਤੇ ਲਿਖਿਆ ਗਿਆ। ਉਨ੍ਹਾਂ ਬੋਰਡਾਂ ਨੂੰ ਪੱਟਣ ਲਈ ਬਾਦਲ ਸਰਕਾਰ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਤੁਸੀਂ ਇਸ ਬਾਰੇ ਕੀ ਕੀਤਾ? ਦਿੱਲੀ ਵਿਖੇ ਬੀਬੀ ਨਿਰਪ੍ਰੀਤ ਕੌਰ ਦੀ ਭੁੱਖ ਹੜਤਾਲ ਕਿਹੜੀਆਂ ਮੰਗਾਂ ਪੂਰੀਆਂ ਹੋਣ 'ਤੇ ਤੋੜੀ ਗਈ? ਬਲਾਤਕਾਰ ਦੇ ਸੰਗੀਨ ਦੋਸ਼, ਇੱਕ ਸਿੱਖ ਡਾਕਟਰ ਨੂੰ ਹਮੇਸ਼ਾਂ ਲਈ ਅੰਨਾ ਕਰਨ ਦੇ ਦੋਸ਼ ਨਾਲ ਲਬਰੇਜ਼ ਸਾਧ ਮਾਨ ਸਿੰਘ ਪਿਹੋਵੇ ਵਾਲੇ ਨਾਲ ਸਟੇਜਾਂ ਸਾਂਝੀਆਂ ਕਰਨੀਆਂ, ਉਸ ਤੋਂ ਸੋਨੇ ਦੇ ਖੰਡੇ ਸਨਮਾਨ ਦੇ ਤੌਰ 'ਤੇ ਲੈਣੇ ,ਕੀ ਇਹ ਨਹੀਂ ਦਰਸਾਉਂਦਾ ਕੀ ਤੁਹਾਡਾ ਇਸ ਸਾਧ ਨਾਲ ਗਠਜੋੜ ਹੈ? ਕਾਨਪੁਰ 'ਚ ੧੬-੧੭ ਫਰਵਰੀ ੨੦੧੩ ਨੂੰ ਪ੍ਰੋ. ਦਰਸ਼ਨ ਸਿੰਘ ਦਾ ਗੁਰਮਤਿ ਸਮਾਗਮ ਰੁਕਵਾਉਣ ਲਈ ਇਨਾਂ ਜ਼ੋਰ ਲਾਇਆ, ਇਥੋਂ ਤੱਕ ਕਿ ਤੁਸੀਂ ਥਾਨੇਦਾਰ ਨੂੰ ਕਿਹਾ ਕਿ "ਇਨ ਸਿੱਖੋਂ ਕੋ ਜੂਤੇ ਮਾਰੋ"। ਕੀ ਤੁਹਾਨੂੰ ਇਹ ਸ਼ੋਭਾ ਦਿੰਦਾ ਹੈ? ਹੁਣ ਤੱਕ ਜਾਰੀ ਹੁਕਮਨਾਮਿਆਂ 'ਚ ਸਿਰਫ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਜਾਰੀ ਹੁਕਮਨਾਮਾ ਹੀ ਅਹਿਮਿਅਤ ਰਖਦਾ ਹੈ, ਬਾਕੀ ਦੇ ਹੁਕਮਨਾਮਿਆਂ 'ਤੇ ਇਸ ਤਰ੍ਹਾਂ ਦਾ ਜ਼ੋਰ ਕਿਉਂ ਨਹੀਂ ਦਿੱਤਾ ਜਾਂਦਾ? ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਰਚਨਾਵਾਂ ਤੋਂ ਇਲਾਵਾ ਲਿਖਤਾਂ ਦਾ ਕੀਰਤਨ ਹੋਣਾ, ਤੁਸੀਂ ਇਸ ਬਾਰੇ ਕੀ ਕਾਰਵਾਈ ਕੀਤੀ? ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਕਰਕੇ ਮਸਤੂਆਣਾ ਵਿਖੇ ਬਣੇ ਗੁਰਦੁਆਰੇ ਬਾਰੇ ਤੁਸੀਂ ਕੀ ਕਾਰਵਾਈ ਕੀਤੀ? ਪੰਜਾਬੀ ਫਿਲਮ "ਸਾਡਾ ਹੱਕ" ਜੋ ਕਿ ਭਾਰਤੀ ਸੈਂਸਰ ਬੋਰਡ, ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਿਤ ਹੈ ਨੂੰ ਪੰਜਾਬ 'ਚ ਨਹੀਂ ਚਲਣ ਦਿੱਤਾ ਗਿਆ, ਤੁਸੀਂ ਇਸ ਬਾਰੇ ਕੁੱਝ ਨਹੀਂ ਕੀਤਾ, ਕਿਉਂ? ਸ੍ਰ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ 'ਚ ਪੰਜਾਬੀ ਫਿਲਮ "ਸਾਡਾ ਹੱਕ" ਨਾ ਚੱਲਣ ਦੇਣਾ, ਫਿਰ ਝੂਠ ਬੋਲਣਾ ਕਿ ਸ਼੍ਰੋਮਣੀ ਕਮੇਟੀ ਨੇ ਇਹ ਫਿਲਮ ਨਹੀਂ ਦੇਖੀ, ਜਦਕਿ ਸ. ਅਵਤਾਰ ਸਿੰਘ ਮੱਕੜ ਦੀ ਵੀਡੀਓ ਰਿਕਾਰਡਿੰਗ ਦਸਦੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਹ ਫਿਲਮ ਦੇਖੀ, ਤੇ ਫਿਰ ਝੂਠ ਬੋਲਿਆ। ਤੁਸੀਂ ਕੀ ਕਾਰਵਾਈ ਕੀਤੀ? ਹਿੰਦੀ 'ਚ ਛਪੀ "ਸਿੱਖ ਇਤਿਹਾਸ" 'ਚ ਗੁਰੂ ਸਾਹਿਬ ਦੀ ਘੋਰ ਨਿੰਦਾ ਅਤੇ ਅਪਮਾਨਿਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਤੁਸੀਂ ਸ਼੍ਰੋਮਣੀ ਕਮੇਟੀ ਵਿਰੁੱਧ ਕੀ ਕਾਰਵਾਈ ਕੀਤੀ? ਭਾਈ ਜਸਪਾਲ ਸਿੰਘ ਦੀ ਸ਼ਹੀਦੀ ਮੌਕੇ, ਹਿੱਕ ਥਾਪੜ ਕੇ ਕਿਹਾ ਸੀ ਕਿ ਮੁਜਰਮਾਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇਗਾ, ਪਰ ਇੱਕ ਸਾਲ ਤੋਂ ਉੱਪਰ ਸਮਾਂ ਹੋ ਜਾਣ ਤੇ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਸ਼ਹੀਦ ਭਾਈ ਜਸਪਾਲ ਸਿੰਘ ਦਾ ਪਰਿਵਾਰ ਦਰ ਦਰ ਠੋਕਰਾਂ ਖਾ ਰਿਹਾ ਹੈ, ਪਰ ਉਨ੍ਹਾਂ ਦੀ ਬਾਂਹ ਕਿਉਂ ਨਹੀਂ ਫੜੀ? ੧੬ ਅਪ੍ਰੈਲ ੨੦੧੨ ਨੂੰ ਤੁਸੀਂ ਕਿਹਾ ਸੀ ਕਿ "ਮੈਂ ਰਹਾਂ ਜਾ ਨਾ ਰਹਾਂ, ਕਿਸੇ ਗੁਰਮਤਿ ਵਿਰੋਧੀ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ"। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਅਤੇ ਫਖਰ-ਏ-ਕੌਮ ਪ੍ਰਕਾਸ਼ ਸਿੰਘ ਬਾਦਲ ਦਾ ਮੁਕਟ ਪਹਿਨ ਕੇ ਹਵਨ ਕਰਨਾ, ਅਪ੍ਰੈਲ ੨੦੧੩ 'ਚ ਹਨੂਮਾਨ ਦੀ ਪੂਜਾ ਕਰਨੀ, ਹਰਸਿਮਰਤ ਕੌਰ ਬਾਦਲ ਵਲੋਂ ਸ਼ਿਵਲਿੰਗ ਦੀ ਪੂਜਾ ਕਰਨੀ, ਸੁਖਬੀਰ ਬਾਦਲ ਵਲੋਂ ਮੁਸਲਮਾਨ ਦਰਗਾਹ 'ਤੇ ਨਤਮਸਤਕ ਹੋਣਾ… ਆਦਿ ਬਾਰੇ ਤੁਸੀਂ ਕੀ ਕਾਰਵਾਈ ਕੀਤੀ?

ਇਹ ਸਵਾਲ ਪੁੱਛਣ ਦਾ ਸਾਡਾ ਮੁੱਖ ਮੰਤਵ ਇਨ੍ਹਾਂ ਅਖੌਤੀ ਆਗੂਆਂ ਨੂੰ ਸਿੱਖਾਂ ਸਾਹਮਣੇ ਜਵਾਬਦੇਹ ਕਰਨਾ ਹੈ ਅਤੇ ਸੰਗਤਾਂ ਨੂੰ ਇੱਕ ਹਥਿਆਰ ਮੁੱਹਈਆ ਕਰਵਾਉਣਾ ਹੈ।ਉਹਣਾਂ ਜਾਗਰੂਕ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਮੁੱਖ ਸੇਵਾਦਾਰ ਜਿੱਥੇ ਵੀ ਜਾਣ,ਉਨ੍ਹਾਂ ਨੂੰ ਸਵਾਲ ਪੁੱਛੋ। ਜਿਸ ਦਿਨ ਸਿੱਖਾਂ ਨੂੰ ਸਵਾਲ ਪੁੱਛਣ ਦਾ ਹੀਆ ਬੱਝ ਗਿਆ, ਕੋਈ ਵੀ ਸਿੱਖਾਂ ਨੂੰ ਵਰਗਲਾ ਨਹੀਂ ਸਕੇਗਾ। ਇਹ ਕੰਮ ਸਾਰਿਆਂ ਦਾ ਸਾਂਝਾ ਹੈ, ਸਭ ਨੂੰ ਹਿੰਮਤ ਕਰਕੇ ਅੱਗੇ ਆਉਣਾ ਚਾਹੀਦਾ ਹੈ, ਜਿਸ ਨਾਲ ਪੁਜਾਰੀਵਾਦ ਦਾ ਇਹ ਜੂਲਾ ਸਾਡੇ ਸਿਰੋਂ ਲਹਿ ਸਕੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top