Share on Facebook

Main News Page

ਆਓ! ਕਾਰਨ ਲੱਭੀਏ ?
- ਤਰਲੋਕ ਸਿੰਘ ‘ਹੁੰਦਲ’  ਬਰੈਂਮਟੰਨ-ਕਨੇਡਾ

ਦੂਸਰੇ ਪਾਤਸਾਹ, ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਅਨਮੋਲ ਬਚਨ ਹਨ:

‘ਮਹਲਾ 2॥ ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣ॥ ਰੋਗੁ ਦਾਰੂ ਦੋਵੈ ਬੂਝੈ ਤਾ ਵੈਦ ਸੁਜਾਣ ॥’ (ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਕ 148)

ਇੰਝ ਹੀ ਸਿਆਣਿਆ ਦਾ ਵੀ ਕਥਨ ਹੈ ਕਿ ਵੈਦ ਦੀ ਸਮਝ ਵਿੱਚ ਰੋਗ ਆ ਜਾਏ ਤਾਂ ਸਹੀ ਇਲਾਜ ਸੰਭਵ ਹੈ, ਨਹੀਂ ਤਾਂ ਦਵਾ ਦਾਰੂ,ਮਾਰੂ ਸਿੱਧ ਹੋ ਜਾਂਦਾ ਹੈ, ਮੇਰੀ ਇਸ ਦਰਦ-ਭਰੀ ਵਾਰਤਾਲਾਪ ਦਾ ਮੂਲ ਵਿਸ਼ਾ ਚਿੰਤਾ-ਗ੍ਰਸਤ ਅਤੇ ਹਕੀਕੀ ਆਧਾਰ ਨੂੰ ਸਮਰਪਿਤ ਹੈ, ਇਹ ਚੰਦਰੀ ਜਿਹੀ ਫਿਕਰਮੰਦੀ ਤੁਹਾਡੀ ਵੀ ਹੋ ਸਕਦੀ ਹੈ। ਪੰਥਕ ਦਰਦੀਆਂ ਦੇ ਮਨਾਂ ਵਿੱਚ ਤਾਂ ਇਸ ਘਾਤਕ ਰੂਝਾਨ ਦੇ ਹਾਨੀਕਾਰਕ ਪ੍ਰਭਾਵ ਕਾਫੀ ਚਿਰ ਤੋਂ ਬੋਝਲ ਬਣੇ ਹੋਏ ਹਨ। ਕੋਈ ਰਾਹ-ਰਾਸਤਾ ਨਜ਼ਰੀ ਪਿਆ ਹੋਵੇ, ਅਜ ਤੋੜੀਂ ਦਿਸਿਆ ਨਹੀਂ ਹੈ।

ਸ਼ਹਿਰ ਟੋਰਾਂਟੋ ਵਿੱਚ ਬੀਤੇ ਦਿਨੀਂ ਵਿਸ਼ਾਲ ਖਾਲਸਾਈ ਰੰਗ ਵਿੱਚ ਰੰਗੇ ਹੋਏ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਸਾਂ। ਗੂਰੂ ਪ੍ਰੇਮ ਵਿੱਚ ਲਬਰੇਜ਼ ਬੇ-ਸ਼ੁਮਾਰ ਸੰਗਤਾਂ ਨੇ ਗੁਰੂ ਜਸ ਗਾਇਣ ਕਰਦਿਆਂ ਹੋਇਆਂ ਲੰਮਾ ਪੈਂਡਾ ਤਹਿ ਕਰਨਾ ਸੀ, ਪਰ ਕਮਾਲ ਦੀ ਗੱਲ ਇਹ ਕਿ ਕਿਸੇ ਇੱਕ ਜਣੇ ਨੂੰ ਵੀ ਥਕਾਵਟ, ਅਕਾਵਟ ਜਾਂ ਘਬਰਾਹਟ ਮਹਿਸੂਸ ਹੁੰਦੀ ਨਹੀਂ ਸੀ ਵੇਖੀ ਗਈ। ਚੜ੍ਹਦੀ ਕਲਾ’ਚ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ ਆਨੰਦਿਤ ਸਹਿਜ-ਸਹਿਜ ਆਪਣੀ ਮੰਜਲ ਵੱਲ ਵੱਧਦਾ ਜਾ ਰਿਹਾ ਸੀ, ਕਿ ਅੱਧਵਾਟੇ ਜਹੇ ਕੀ ਵੇਖਦਾ ਹਾਂ ਦੂਰ ਕੁਝ ਹੱਟਵਾਂ ਪਰ੍ਹੇ ਜਹੇ ਇੱਕ ਅੰਮ੍ਰਿਤਧਾਰੀ ਬਜੁਰਗ ਦਰੱਖਤ ਨਾਲ ਢਾਸਣਾ ਲਾਈ ਨੀਂਵੀਂ ਪਾਈ ਬੈਠਾ ਹੈ। ਸਾਧਾਰਨ ਤੌਰ ‘ਤੇ ਅਨੁਮਾਨੀ ਅਸਲ ਉਮਰ ਨਾਲੋਂ ਉਸਦੀ ਕੁਝ ਜਿਆਦਾ ਹੀ ਬਿਰਧ ਅਵਸਥਾ ਜਾਪਦੀ ਸੀ। ਸ਼ਾਇਦ ਉਸ ਨੂੰ ਕਿਸੇ ਸਹਾਰੇ ਜਾਂ ਮਦਦ ਦੀ ਲੋੜ ਹੋਵੇ, ਇਹ ਸੋਚ ਕੇ ਮੈਂ ਨਗਰ-ਕੀਰਤਨ’ਚੋਂ ਵੱਖ ਹੋ ਕੇ ਉਸ ਦਿਸ਼ਾ ਵੱਲ ਹੋ ਤੁਰਿਆ। ਨੇੜੇ ਪਹੁੰਚ ਕੇ ਵੇਖਦਾ ਹਾਂ, ਕਿ ਦੁਨੀਆਂ ਤੋਂ ਬੇ-ਖ਼ਬਰ ਉਸ ਭਲੇਮਾਣਸ ਨੇ ਕੱਕ-ਬਕੜੇ ਭਰਵੱਟਿਆਂ ਨਾਲ ਅਧ-ਢੱਕੀਆਂ ਦੋਵੇਂ ਨਮ ਅੱਖੀਆਂ ਧਰਤ ਉੱਤੇ ਗੱਡੀਆਂ ਹੋਈਆਂ ਹਨ, ਕਿਸੇ ਅਣ-ਕਿਆਸੀਆਂ ਸੋਚਾਂ ਦੇ ਅਥਾਹ ਸਾਗਰ ਵਿੱਚ ਗੋਤੇ ਖਾਂਦਾ ਪਿਆ ਜਾਪਦਾ ਹੈ, ਊਂਧੀ ਪਾਈ ਹੋਈ ਹੈ, ਹੱਥ ਨਾਲ ਘਾਹ ਦੀ ਤਿੜ ਤੋੜਦਾ ਹੈ ਤੇ ਮੁੜ ਉਸ ਨੂੰ ਜੜ੍ਹ ਵਾਲੇ ਹਿੱਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ, ਨਹੀਂ ਜੁੜਦੀ ਤਾਂ ਉਦਾਸ ਹੋ ਕੇ ਮੂੰਹ ’ਚ ਪਾਉਂਦਾ, ਕਿੰਨ੍ਹਾਂ ਚਿਰ ਚਿੱਥਦਾ ਰਹਿੰਦਾ ਤੇ ਫਿਰ ਪਰੇ ਸੁੱਟਦਾ ਹੋਇਆ ਮੱਧਮ ਆਵਾਜ਼’ਚ ਕੁਝ ਗੁਣ-ਗੁਣਾਊਂਦਾ ਹੈ। ਕੋਲ ਜਾ ਕੇ ਨੀਝ ਲਾ ਕੇ ਸੁਣਿਆ ਤਾਂ ਗੁਰੂ-ਬਾਣੀ ਵਿੱਚੋਂ ਬਾਰ-ਬਾਰ ਇਕੋ ਉਚਾਰਨ ਕਰ ਰਿਹਾ ਸੀ:

‘ਏਹਿ ਭਿ ਦਾਤਿ ਤੇਰੀ ਦਾਤਾਰ॥…॥25॥’ (ਜਪੁ ਜੀ)

‘ਬਾਬਾ ਜੀ! ਥੱਕ ਗਏ ਓ, ਜਾ ਕੋਈ ਹੋਰ ਤਕਲੀਫ਼ ਹੈ?’ ਮੇਰੇ ਇੰਞ ਪੁੱਛਣ ਦਾ ਉਸ ਉੱਤੇ ਕੋਈ ਅਸਰ ਨਾ ਹੋਇਆ। ਫਿਰ ਜਦੋਂ ਦੂਸਰੀ ਵਾਰ ਇਹੋ ਪ੍ਰਸ਼ਨ ਦੁਹਰਾਇਆ ਤਾਂ ਉਸ ਨੇ ਮੈਂਨੂੰ, ਆਪਣੇ ਕੋਲ ਜ਼ਮੀਨ ਤੇ ਬੈਠਣ ਦਾ ਇਸ਼ਾਰਾ ਕਰ ਦਿਤਾ। ‘ਡਾਕਟਰ ਸਾ’ਬ! ਜਿਥੇ ਧਰਮ ਕਰਮ ਹਾਰ ਜਾਣ, ਓਥੇ ਤੁਸੀਂ ਕੀ ਕਰ ਸਕਦੇ ਹੋ?’ ਉਸ ਦੇ ਅਸਚਰਜਤਾ ਭਰੇ ਮੋੜਵੇਂ ਪ੍ਰਸ਼ਨ ਨੇ ਇੱਕ ਵਾਰ ਤਾਂ ਮੈਂਨੂੰ ਠੰਡੇ ਪਿੰਡੇ ਤ੍ਰੇਲੀਆਂ ਲਿਆ ਦਿੱਤੀਆਂ। ਝੁੰਨਝੁਨੀ ਜਿਹੀ ਲੈ ਕੇ ਅਸਾਂ ਨੇ ‘ਕਰਮਾਂ ਦੀ ਹਾਰ’ ਦਾ ਕਾਰਨ ਜਾਨਣਾ ਚਾਹਿਆ ਤਾਂ ਉਸ ਨੇ ਫਿਰ ਜੋ ਦਸਿਆ, ਉਸ ਨੂੰ ਇੰਨ-ਬਿੰਨ ਪਾਠਕਾਂ ਦੇ ਰੂਬਰੂ ਪੇਸ਼ ਕਰਨ ਦਾ ਸੁਭਾਗ ਪ੍ਰਾਪਤ ਕਰ ਰਿਹਾ ਹਾਂ, ਇਹ ਸੋਚ ਕੇ ਕਿ ਸ਼ਾਇਦ ਆਪ ਜੀ ਦੇ ਪਾਸ ਉਹਦੀ ਲਾ-ਇਲਾਜ ਬਿਮਾਰੀ ਦਾ ਕੋਈ ਸੁਲੇਮਾਨੀ ਨੁਕਸਾ ਹੋਵੇ।

‘ਪਿੱਛੇ ਪਿੰਡ ਵਿੱਚ ਸਾਨੂੰ “ਅਕਾਲੀਆਂ ਦੇ” ਕਰਕੇ ਸੱਦਦੇ ਸਨ। ਬਾਪੂ ਜੀ ਦਸਦੇ ਹੁੰਦੇ ਸੀ ਕਿ ਤੁਹਾਡਾ ਬਾਬਾ, ਜਥੇਦਾਰ ਕਰਤਾਰ ਸਿੰਘ ਝੱਬਰ ਨਾਲ ਲੰਮਾ ਸਮਾਂ ਅਕਾਲੀ ਮੋਰਚਿਆਂ ਵਿੱਚ ਜਾਂਦਾ ਰਿਹਾ ਸੀ, ਸ਼ਾਇਦ ਇਸੇ ਕਰਕੇ ਸਾਡੀ ਅੱਲ ਹੀ ‘ਅਕਾਲੀਆਂ ਦੇ’ ਕਰਕੇ ਪੈ ਗਈ ਸੀ। ਸਰਕਾਰੀ ਜਬਰ ਦੀ ਮਾਰ ਕਰਕੇ ਪਹਿਲਾਂ ਤੋਂ ਹੀ ਸਾਡਾ ਰੋਟੀ-ਟੁੱਕ ਔਖਾ ਚਲਦਾ ਆ ਰਿਹਾ ਸੀ, ਇਸ ਕਰਕੇ ਬਾਪੂ ਨੇ ਛੋਟੀ ਉਮਰੇ ਹੀ ਮੈਂਨੂੰ ਵਲੈਤ ਚਾੜ੍ਹ ਤਾ। ਘਰੋਂ ਤੋਰਨ ਵੇਲੇ ਵਾਰ ਵਾਰ ਇੱਕ ਤਾਕੀਦ ਬਾਪੂ ਨੇ ਜਰੂਰ ਕੀਤੀ ਸੀ ਕਿ ‘ਪੁੱਤਰਾ! ਬੰਨ੍ਹੇ-ਚੰਨ੍ਹੇ ਆਪਾਂ ਅਕਾਲੀ ਵੱਜਦੇ ਹਾਂ,ਕੇਸਾਂ ਦੀ ਬੇ-ਅਦਬੀ ਨਾ ਕਰੀਂ…ਪਿਛਾਂਹ ਭਾਏਂ ਮੁੜ ਆਈਂ?’ ਜਹਾਜੇ ਕੀ ਚੜ੍ਹਿਆ … ਬਾਪੂ ਹੀ ਭੁੱਲ ਗਿਆ। ਫੇਰ ਕੀ ਸੀ, ਪੱਛਮੀਂ ਪ੍ਰਭਾਵ ਥੱਲੇ ਸਫ਼ਾ ਚੱਟ ਹੋ ਗਏ ਤੇ ਜੋ ਜੀਅ ਆਇਆ ਕੀਤਾ… ’ ਲੰਮਾ ਸਾਰਾ ਹੌਕਾ ਲੈ ਕੇ, ‘ਭਈ! ਤੈਂਨੂੰ ਕਾਹਲੀ ਤਾਂ ਨਹੀਂ?’ ‘ਨਹੀਂ ਜੀ’ ਉਸ ਦੀ ਉਦਾਸੀ ਦੇ ਕਾਰਨ ਲੱਭਣ ਲਈ ਮੇਰੀ ਉਤਸੁਕਤਾ ਬਹੁਤ ਪ੍ਰਬਲ ਹੋ ਚੁੱਕੀ ਸੀ।

‘ਹੱਛਾ ਫੇਰ’! ਉਸ ਨੇ ਕਹਿਣਾ ਸ਼ੁਰੂ ਕੀਤਾ ਕਿ ਵੱਲ ਵਲੇਵੇਂ ਨਾਲ ਵਲੈਤੋਂ, ਕਨੇਡਾ ਪੁੱਜ ਗਿਆ। ਮਾਂ-ਪਿਓ ਕਦੇ ਕਦੇ ਯਾਦ ਤਾਂ ਆਉਂਦੇ ਰਹੇ, ਪਰ ਸੌਹਰੀ ਐਸ਼-ਪ੍ਰਸਤੀ ਧਰਤੀ ਤੇ ਪੈਰ ਹੀ ਨਾ ਲੱਗਣ ਦੇਵੇ। ਦੁਆਬੇ ਤੋਂ ਨਵੀਂ ਨਵੀਂ ਗੋਹਾ-ਕੂੜਾ ਕਰਦੀ ਟੱਬਰ ਨਾਲ ਆਈ ਦੇਸੀ ਜਹੀ ਕੁੜੀ ਨਾਲ ਯਾਰਾਂ-ਦੋਸਤਾਂ ਨੇ ਵਿਆਹ ਕਰਵਾ ਤਾ। ਵਿਆਹ ਕੀ ਹੋਇਆ, ਓਹ ਤੇ ਲੱਗੀ ਅਸਮਾਨੀ ਉੱਡਣ। ਪੰਜਾਬੀ ਅਖਾਣ ਸੁਣਿਆ ਜਾਂ ਨਹੀਂ ਕਿ ਜੇਹਾ ਜਮਾਨਾ, ਤੇਹੇ ਗਹਿਣੇ। ਪਹਿਲਾਂ-ਪਹਿਲ ਮੈਂਨੂੰ ਵੀ ਡਾਢੀ ਚੰਗੀ ਲੱਗੇ, ਕੁਲ ਮਿਲਾ ਕੇ ਅੱਧਿਉਂ ਵੱਧ ਮੇਰੀ ਕਮਾਈ ਵੀ ਉਸਦੇ ਹਾਰ-ਸਿੰਗਾਰ ਤੇ ਹੀ ਲੱਗ ਜੇ…ਚਲੋ! ਸਮਾਂ ਪਾ ਕੇ ਇੱਕ ਲੜਕਾ ਤੇ ਇੱਕ ਲੜਕੀ ਸਾਡਾ ਪ੍ਰਵਾਰ ਬਣ ਗਿਆ। ਬੱਚੇ ਸਕੁਲੇ ਜਾਂ ਬੇਬੀ ਸਿਟਰ ਕੋਲ, ਮੈਂ ਸੋਲ੍ਹਾਂ 2 ਘੰਟੇ ਕੰਮ ਤੇ ਭਾਸੜਾ ਭਨਾਉਂਦਾ ਰਿਹਾ ਅਤੇ ਸਾਡੀ ਮੇਮ ਵਿਹਲੜ ਸਹੇਲੀਆਂ ਨਾਲ ਕਿੱਟੀ ਪਾਰਟੀਆਂ ਤੇ ਕਦੇ ਅਸਭਿਅਕ ਸਮਾਗਮਾਂ 'ਤੇ ਅਤੇ ਕਦੇ ਤੀਆਂ ਦੇ ਮੇਲਿਆਂ ’ਚ। ਇਕ ਇਹ ਵੀ ਤੈਨੂੰ ਦਸਦਾ ਜਾਵਾਂ ਕਿ ਬੇ-ਥਵੇ ਲੋਕ ਤਿਉਹਾਰਾਂ ਦੀ ਸਿੱਖ ਧਰਮ ਵਿੱਚ ਬਿਲਕੁਲ ਕੋਈ ਥਾਂ ਨਹੀਂ ਹੈ। ਖੈਰ, ਸੱਜਣਾ! ਕਈ ਵਰ੍ਹੇ ਪੂਰੀ ਐਸ਼ ਦਾ ਦੌਰ ਚੱਲਿਆ ਸੀ।

‘ਬੋਰ ਤਾਂ ਨਹੀਂ ਹੋ ਗਿਆ?’ ਇਸ ਵਾਰ ਉਹਨੇ ਮੇਰੇ ਵੱਲ ਤੱਕਿਆ। ‘ਨਹੀਂ.. ਬਿਲਕੁਲ ਨਹੀਂ… ਫੇਰ’ ਮੇਰੇ ਹਾਂ-ਪੱਖੀ ਜੁਆਬ ਤੇ ਕਹਿਣ ਲੱਗਾ, ‘ਲ਼ੈ ਫਿਰ ਸੁਣ! ਬਸ ਇਥੋਂ ਹੀ ਮੇਰਾ ਦੁਖਾਂਤ ਸ਼ੁਰੂ ਹੁੰਦਾ ਹੈ। ਕੋਸੇ ਜਹੇ ਪਾਣੀ ਨਾਲ ਭਰੀਆਂ ਅੱਖੀਆਂ ਨੂੰ ਪੁੰਝਦਾ ਹੋਇਆ ਕਹਿਣ ਲੱਗਾ ਕਿ ਇਕ ਬਦਕਿਸਮਤ ਦਿਹਾੜੇ, ਐਤਵਾਰ ਦੇ ਦਿਨ, ਆਪਣੇ ਸਾਢੇ ਨੌਂ ਤੇ ਅੱਠ ਸਾਲਾਂ ਦੇ ਦੋਵਾਂ ਬੱਚਿਆਂ ਨੂੰ ਗੁਰਦੁਆਰੇ ਜਾਣ ਲਈ ਕਿਹਾ ਤਾਂ (ਨਿੱਕੀ) ਕੁੜੀ ਨੇ ਦੋ ਟੁੱਕ ਜੁਆਬ ਦੇ ਦਿੱਤਾ। ਨਹੀਂ.. ਪਾਪਾ ਨਹੀਂ..ਕਦੇ ਵੀ ਨਹੀਂ, ਓਹ ਲੜਦੇ-ਝਗੜਦੇ ਰਹਿੰਦੇ ਹਨ… ਪਿਛਲੀ ਵਾਰ ਉਨ੍ਹਾਂ ਨੇ ਗੁਰਦੁਆਰੇ ਲੜਾਈ ਕਰਦਿਆਂ ਮੈਂਨੂੰ ਸੱਟ ਮਾਰੀ ਸੀ… ਮੈਂ ਨਹੀਂ ਜਾਵਾਂਗੀ, ਮੈਂ ਆਪਣੀਆਂ ਸਹੇਲੀਆਂ ਨਾਲ ਇਥੇ ਲਾਗੇ ਸਕੂਨ-ਭਰੇ ਰੱਬ ਦੇ ਘਰ, ਚਰਚ ਚਲੀ ਜਾਂਵਾਗੀ {No! Dad No, never, they fight, u see, last time they hit me while fighting inside your  gurdwara, I won’t go, I’ll go with friends to church here, a peaceful house of God}  ਅੰਗਰੇਜ਼ੀ ਭਾਸ਼ਾਂ ਵਿੱਚ ਉਕਤ ਸ਼ਬਦ ਕਹਿੰਦਿਆਂ ਹੋਇਆਂ, ਉਸ ਦੀਆਂ ਧਾਹਾਂ ਨਿਕਲ ਗਈਆਂ। ਰੋਣਾ ਮੈਂ ਵੀ ਨਾ ਰੋਕ ਸਕਿਆ। ਕਾਫੀ ਦੇਰ ਬਾਅਦ ਉਸ ਦੇ ਮਨ ਮੰਦਰ ਦਾ ਭੁਚਾਲ ਥੰਮਿਆ, ਕੁੱਝ ਕੁ ਸੰਭਲਿਆ ਤੇ ਆਖਣ ਲੱਗਾ, ‘ਬੌੜ੍ਹੀ ਓ ਮੇਰਿਆ ਰੱਬਾ! ਇਹ ਕੀ ਬਣਿਆ…ਲਾਹਨਤ ਐਸੀ ਕਮਾਈ ਦੇ। ਡਾਕਟਰ ਜੀ, ਸਾਰੀ ਰਾਤ ਨ੍ਹੀਂ ਸੁੱਤਾ, ਇੱਕ ਆਵੇ ਤੇ ਇੱਕ ਜਾਵੇ’। ਉਸ ਦੇ ਦੱਸਣ ਅਨੁਸਾਰ ਪਤਾ ਨਹੀਂ ਕਿਵੇਂ ਸਿੱਖ ਇਤਿਹਾਸ ਵਿਚੋਂ ਪੜ੍ਹੀ ਸੰਨ 1873 ਈ:ਦੀ ਉਹ ਹਿਰਦੇ-ਵੇਧਕ ਘਟਨਾਂ ਉਹਦੇ ਯਾਦ ਆ ਗਈ, ਜਦੋਂ ਅੰਮ੍ਰਿਤਸਰ ਮਿਸ਼ਨ ਸਕੂਲ ਵਿੱਚ ਪੜ੍ਹਦੇ ਚਾਰ ਸਿੱਖ ਬੱਚਿਆਂ ਨੇ ਭਰਮਾਏ ਜਾਣ ਤੇ ਈਸਾਈ ਧਰਮ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ। ਓਏ ਤੂੰ ਤੇ ਅਕਾਲੀ ਪਰਵਾਰ ’ਚੋਂ ਹੈਂ, ਕੁੱਝ ਕਰ.. ਪੱਛਮੀਂ ਸਭਿਅਤਾ’ਚ ਰੁੜ੍ਹ ਚਲਿਆ ਈ ਦਰ-ਘਰ ਤੇਰਾ…ਮੇਰੇ (ਉਸ) ਲਈ ਇੱਕ ਜਬਰਦਸਤ ਹਲੂਣਾ ਸੀ।

ਬਸ ਫਿਰ ਕੀ ਸੀ ਕੰਮ ਛੱਡਿਆ ਤੇ ਸਾਰੇ ਪਰਿਵਾਰ ਨੂੰ ਲੈ ਕੇ ਦੋਂਹ ਕੁ ਦਿਨ੍ਹਾਂ’ਚ ਪੰਜਾਬ ਜਾ ਪਹੁੰਚਾ। ਜਾਂਦਿਆਂ ਨੂੰ ਨਾ ਮਾਂ ਰਹੀ ਨਾ ਪਿਓ। ਸਕੇ ਭਰਾਵਾਂ ਤੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਨੇ ਮੂੰਹ ਫੇਰ ਲਏ, ਅਖੇ! ਤੂੰ ਸਾਡਾ ਕੀ ਕੀਤਾ ਐ? ਅਸੀਂ ਕਿਹੜੇ ਸਕਿਆਂ ਦੇ ਸੱਕ ਲਾਉਣੇ ਸਨ, ਘਰਵਾਲੀ ਅਤੇ ਬੱਚਿਆਂ ਨੂੰ ਲੈ ਕੇ ਕਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਕਦੇ ਹਜੂਰ ਸਾਹਿਬ, ਪਟਨਾ ਸਾਹਿਬ, ਦਮਦਮਾ ਸਾਹਿਬ, ਕਿਹੜਾ ਤਖਤ ਤੇ ਕਿਹੜਾ ਗੁਰਦੁਆਰਾ, ਜਿਥੇ ਅਸੀਂ ਨਹੀਂ ਗਏ ਅਤੇ ਅਰਦਾਸਾਂ ਨਹੀਂ ਕੀਤੀਆਂ। ਬੱਚਿਆਂ ਦੀ ਰਤਾ ਕੁ ਸੋਚ ਬਦਲੀ ਤਾਂ ਕੇਸਗੜ੍ਹ ਸ੍ਰੀ ਆਨੰਦ ਪੁਰ ਸਾਹਿਬ ਤੋਂ “ਅੰਮ੍ਰਿਤ” ਪਾਨ ਕਰ ਲਿਆ। ਪੂਰਾ ਡੂਢ ਵਰ੍ਹਾ ਗੁਰੂ ਘਰਾਂ’ਚ ਹੀ ਘੁੰਮਦਾ ਫਿਰਦਾ ਦਰਸ਼ਨ ਕਰਦਾ ਰਿਹਾ, ਆਪ ਪਾਠ ਕਰਨਾ, ਬੱਚਿਆਂ ਨੂੰ ਵੀ ਨਿਤਨੇਮ ਦਾ ਪਾਠ ਸਿਖਾਇਆ। ਦੀਵਾਨ ਦੀ ਸਮਾਪਤੀ ਉਪਰੰਤ ਵਿਦਵਾਨ ਪੁਰਸ਼ਾਂ ਦੀ ਸੰਗਤਿ ਵਿੱਚ ਲੈ ਕੇ ਜਾਣਾ ਮਾਨੋਂ! ਇੱਕ ਇਹ ਮੇਰਾ ਨਿਤ ਦਾ ਕਰਮ ਬਣ ਗਿਆ ਸੀ। ਸਾਹਿਬਜਾਦਿਆਂ ਦੀਆਂ ਸਾਖੀਆਂ, ਸਿੰਘਾਂ ਸਹੀਦਾਂ ਦੀਆਂ ਬਹਾਦਰੀਆਂ ਦੇ ਸਾਕੇ ਸੁਣਾ-ਸੁਣਾ ਕੇ ਬੱਚਿਆਂ ਨੂੰ ਯਾਦ ਕਰਵਾਏ। ਜਦੋਂ ਕੁੱਝ ਇੱਕ ਯਕੀਨ ਜਿਹਾ ਹੋ ਗਿਆ, ਕਿ ਬੱਚੇ ਸਿੱਖੀ ਦੇ ਮਹੱਤਵ ਨੂੰ ਸਮਝਣ ਲਗ ਪਏ ਹਨ, ਇਨ੍ਹਾਂ ਦੇ ਅੰਦਰ ਗੁਰਮਤਿ ਸਿਧਾਂਤਾਂ ਦਾ ਚਾਨਣ ਹੋ ਗਿਆ ਹੈ, ੁਸਿੱਖਾਂ ਦੀਆਂ ਰਸਮਾਂ, ਰੀਤਾਂ ਤੇ ਰਹਿਤ ਮਰਯਾਦਾ ਦੇ ਚੰਗੇ ਜਾਣੂ ਹੋ ਗਏ ਹਨ, ਤਦ ਜਾ ਕੇ ਮੈਂ ਦੋਂਹ/ਢਾਈ ਵਰ੍ਹਿਆਂ ਪਿੱਛੋਂ ਕਨੇਡਾ ਵਾਪਸ ਆਇਆ ਸੀ।

ਫਿਰ ਉਸ ਨੇ ‘ਵਾਹਿਗੁਰੂ …ਵਾਹਿਗੁਰੂ…ਵਾਹਿਗੁਰੂ’ ਪਦ ਦਾ ਕਈ ਵਾਰ ਉਚਾਰਣ ਕੀਤਾ ਤੇ ਦੂਰ ਮੰਜਲ ਵੱਲ ਜਾ ਚੁੱਕੇ ਨਗਰ ਕੀਰਤਨ ਵੱਲ ਹੱਥ ਨਾਲ ਇਸ਼ਾਰਾ ਕਰਕੇ ਕਹਿਣ ਲੱਗਾ, ‘ਡਾਕਟਰ ਜੀ! ਕਦੇ ਮੇਰੇ ਬੱਚੇ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਕਰਦੇ ਸਨ। ਭੱਜ ਭੱਜ ਕੇ ਲੰਗਰ ਦੀ ਸੇਵਾ ਕਰਨੀ… ਕੁੜੀ ਸੌਹਰੀ ਨੇ ਤਾਂ ਜੂਠੇ ਕੱਪ-ਪਲੇਟਾਂ ਹੀ ਇੱਕਠੇ ਕਰਦੇ ਰਹਿਣਾ… ਮੈਂਨੂੰ ਅਜ ਵੀ ਯਾਦ ਹੈ’। ਇੱਕ ਵਾਰ ਫਿਰ ਉਸ ਦਾ ਦਿਲ ਭਰ ਆਇਆ ਤੇ ਡੂੰਘੇ ਵੈਰਾਗ ਵਿੱਚ ਚਲਾ ਗਿਆ ਸੀ।

ਲੜਕੀ ਨਾਲ ਕੋਈ ਅਨਹੋਣੀ ਵਰਤ ਗਈ ਹੋਵੇਗੀ, ਸੋਚਦਿਆਂ ਹੋਇਆਂ ਮੈਂ ਵੱਡਾ ਸਾਰਾ ਜਿਗਰਾ ਕਰਕੇ ਪੁੱਛ ਹੀ ਲਿਆ ਕਿ ‘ਹੁਣ ਬੱਚੇ ਕੀ ਕਰਦੇ ਨੇ’? ‘ਕਰਨਾ ਕੀ ਐ’ ਦੋਂਹ ਦਿਸ਼ਾਵਾਂ ਨੁੰ ਹੱਥ ਫੈਲਾ ਕੇ ਆਸਮਾਨ ਵੱਲ ਤੱਕਦਾ ਹੋਇਆ ਕਹਿਣ ਲੱਗਾ ਕਿ ‘ਇੱਕ ਚੜ੍ਹਦੇ ਨੂੰ ਚੜ੍ਹ ਗਿਆ ਤੇ ਦੂਸਰਾ ਲਹਿੰਦੇ ਲਹਿ ਗਿਆ… ਲੜਕੇ ਨੂੰ ਵਾਟਰਲੂ ਯੂਨੀਵਸਟੀ ਪੜ੍ਹਨੇ ਪਾਇਆ ਸੀ…ਜਦੋਂ ਹਫਤੇ ਮਗਰੋਂ ਘਰ ਆਇਆ ਤਾਂ ਪੱਗ, ਉਸਦੀ ਕੱਛ ਵਿੱਚ ਸੀ। ਗੁੱਸਾ ਤਾਂ ਮੈਨੂੰ ਬਹੁਤ ਆਇਆ ਪਰ ਕਰਦਾ ਕੀ? ਘਰ ਵਾਲੀ ਦੇ ਰੋਕਦੇ ਰੋਕਦੇ ਐਂਵੇ ਮਾੜਾ ਜਿਹਾ ਝਿੜਕ ਬੈਠਾ…ਅਜ ਤਕ ਉਹ ਘਰ ਨ੍ਹੀਂ ਵੜ੍ਹਿਆ। ਲੋਕ ਦਸਦੇ ਹਨ ਕਿ ਉਸ ਨੇ ਕਿਸੇ ਕਾਲੀ-ਚਿੱਟੀ ਗੈਰ-ਸਿੱਖ ਨਾਲ ਸ਼ਾਦੀ ਕਰ ਲਈ ਹੈ… ਖਸਮਾਂ ਨੂੰ ਖਾਵੇ… ਜਿਹੜਾ ਗੁਰੂ ਨਾਲੋਂ ਟੁੱਟਾ, ਓਹ ਸਾਡਾ ਕੀ ਲੱਗਦਾ’।

‘ਤੇ ਲੜਕੀ ?’ ਇਹ ਸ਼ਬਦ ਅਜੇ ਮੇਰੇ ਮੂੰਹ ਵਿੱਚ ਹੀ ਸੀ ਕਿ ਉਹ ਕੁਰਲਾ ਉਠਿਆ। ਕਾਫੀ ਦੇਰ ਬਾਅਦ ਹੌਸਲਾ ਫੜਿਆ ਤੇ ਆਖਣ ਲੱਗਾ ਕਿ ‘ਦੱਸਾਂ?… ਭਰਾ ਦੇ ਮਗਰ ਭੈਣ ਵੀ ਉਸੇ ਰਾਹ ਤੁਰ ਗਈ’। ਸਾਡੇ ਕੋਲ ਕਾਫੀ ਵੱਡਾ ਮਕਾਨ ਸੀ ਵੇਚ ਤਾ। ਦੂਰ ਸ਼ਹਿਰ ਦੀ ਇੱਕ ਨੁੱਕਰੇ ਟਾਉਂਨ ਹਾਉਸ ਵਿੱਚ ਦੋਵੇਂ ਜੀਅ ਰਹਿਣ ਲਗ ਪਏ ਹਾਂ। ਮਸਾਂ ਸਾਲ ਕੁ ਹੋਇਆ ਹੋਵੇਗਾ, ਕਿ ਇੱਕ ਦਿਨ ਬੂਹੇ ਦੀ ਘੰਟੀ ਵਜੀ। ਦਰਵਾਜਾ ਖੋਲ੍ਹਿਆ ਤਾਂ ਕੀ ਵੇਖਦਾ ਹਾਂ ਮੇਰੀ ਲੜਕੀ, ਜਿਸ ਨੂੰ ‘ਗੁਰੂ ਦੇ ਲੜ੍ਹ ਲਾਇਆ ਸੀ - ਬੁਲਬੁਲਾਂ ਸਜਾਈ ਈਸਾਈ ਧਰਮ ਦੀ ਮਿਸ਼ਨਰੀ ਬਣ ਕੇ ਤਿੰਨਾਂ ਕਾਲੇ-ਕਾਲੀਆਂ ਨਾਲ ਦਰ ਤੇ ਖੜ੍ਹੀ ਸੀ’…

…ਸਾਲ ਵਿੱਚ ਹੀ ਮੈਂਨੂੰ ਦੋ ਵਾਰ ਦਿਲ ਦਾ ਦੌਰਾ ਪੈ ਚੁਕਿਆ ਹੈ… ਘਰਵਾਲੀ ਵੱਖ ਬਹੁਤ ਦੁਖੀ ਐ… ਸੋਚ ਸੋਚ ਕੇ ਨੀਮ ਪਾਗਲ ਹੋਈ ਪਈ ਐ… ਕਰੀਏ ਤਾਂ ਕੀ ਕਰੀਏ?… ਕੁਝ ਨਹੀਂ ਸੁੱਝਦਾ.. ਕੱਖ ਨਹੀਂ ਔੜਦਾ।’

ਸੋਚਾਂ ਵਿੱਚ ਡੁੱਬਿਆ ਹੋਇਆ ਕਦੇ ਮੱਥੇ ਉੱਤੇ ਹੱਥ ਮਾਰਦਾ ਤੇ ਕਦੇ ਘਾਹ ਦੀਆਂ ਤਿੜ੍ਹਾਂ ਤੋੜ ਕੇ ਮੂੰਹ ਵਿੱਚ ਪਾਉਂਦਾ ਅਤੇ ਚੱਬ ਕੇ ਬਾਹਰ ਸੁੱਟ ਦੇਂਦਾ’। ਉਦਾਸੀਨਤਾਂ ਦੇ ਆਲਮ ਵਿੱਚ ਉਸ ਦਾ ਇਹ ਵਰਤਾਰਾ ਕੋਈ ਘੰਟਾ ਕੁ ਭਰ ਚੱਲਿਆ ਹੋਵੇਗਾ। ਮੈਂ ਵੀ ਗੁੰਮ-ਸੁੰਮ ਹੋਇਆ ਪਿਆ ਸੀ ਕਿ ਅਚਨਚੇਤ ਉਸ ਨੇ ਸਿਰ ਨੂੰ ਭਾਰੀ ਝਟਕਾ ਮਾਰਿਆ ਤੇ ਮੈਂਨੂੰ ਸੰਬੋਧਨ ਹੋ ਕੇ ਕਹਿਣ ਲੱਗਾ ਕਿ ‘ਡਾਕਟਰ ਸਾਬ! ਤੇਰੇ ਕੋਲ ਇਸ ਦਾ ਕੋਈ ਇਲਾਜ ਹੈ, ਕੋਈ ਦੇਸੀ, ਜੜ੍ਹੀ ਬੂਟੀ ਹੈ। ਘਟੋ ਘਟ ਪਤਾ ਤਾਂ ਚਲੇ ਕਿ ਅਜੇਹਾ ਕਿਉਂ ਹੋਇਆ ਹੈ ?… ਮੇਰੇ ਵਾਂਗ ਸਿੱਖ ਭਾਈਚਾਰੇ ਵਿੱਚ ਹੋਰ ਵੀ ਕਈ ਤੜਫਦੇ ਹੋਣਗੇ?’ ਹੰਭੇ ਹੋਏ ਬਲਦ ਵਾਂਗ ਗੋਡਣੀ ਲਾ ਕੇ ਉਠਦਾ ਹੋਇਆ ਏਨ੍ਹਾਂ ਕੁ ਕਹਿੰਦਾ ਨੀਵੀਂ ਪਾਈ ਤੇ ਤੁਰ ਗਿਆ ਕਿ ‘ਏਨ੍ਹਾਂ ਮੁਲਕਾਂ ’ਚ ਨਈਉਂ ਲੱਭਣੇ ਲਾਲ ਗੁਵਾਚੇ... ਅੱਛਾ ਡਾਕਟਰ ਭਾਈ! ਮੇਰੇ ਵਰਗੇ ਸੰਤਾਪਿਆ ਦਾ ਕੋਈ ਦਵਾ-ਦਾਰੂ ਸੋਚੀਂ’।

ਉਸ ਦਿਨ ਤੋਂ ਹੀ ‘ਸੁਜਾਣ ਵੈਦ’ ਦੀ ਭਾਲ ਵਿੱਚ ਹਾਂ। ਵਿਦੇਸ਼ੀ ਚਟਪਟੇ ਜੀਵਨ ਦੀਆਂ ਖਰਾਬੀਆਂ ਨੇ ਸਭਿਅਕ ਸਿੱਖ ਜਗਤ ਦੀ ਭਾਰੀ ਹਾਨੀ ਕੀਤੀ ਹੈ। ਮਾਨੋ! ਗੁੰਗੇ-ਬਹਿਰੇ ਲੋਕਾਂ ਦੀ ਦੁਨੀਆਂ ਵਿੱਚ ਪੱਵਿਤਰ ਸਿੱਖੀ ਅਸੂਲ ਅਤੇ ਉੱਚਤਮ ਜੀਵਨ ਸ਼ੈਲੀ ਗੁਵਾਚ ਗਈ ਹੈ। ਸਿੱਖ ਭਾਈਚਾਰੇ ਨੂੰ ਆਪੋ-ਆਪਣੇ ਬਸਤੇ ਫਰੋਲ ਲੈਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਕਿ ਇਹ ਮੰਦਭਾਗੀ ਪ੍ਰਸਥਿਤੀਆਂ ਸਾਡਾ ਪੰਥਕ ਦਰਦ ਬਣ ਜਾਣ, ਧਰਮ ਦੇ ਨਸ਼ਈਆਂ ਅਤੇ ਅਨੈਤਿਕਤਾ ਦੇ ਮੁੱਦਈਆਂ ਨੂੰ ਲਾਂਭੇ ਰੱਖ ਕਰਕੇ, ਆਪਾਂ ਰਲ-ਮਿਲ ਕੇ ਗੰਭੀਰਤਾ ਨਾਲ ਬੱਚਾ-ਰੁਚੀ ’ਚ ਪਨਪਦੇ ਨਿਘਾਰ ਦੇ ‘ਕਾਰਨ’ ਲੱਭੀਏ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top