Share on Facebook

Main News Page

ਭਨਿਆਰਾ ਸਾਧ ਦੋਸ਼ੀ ਕਰਾਰ, ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ

ਚਮਕੌਰ ਸਾਹਿਬ, 10 ਮਈ (ਕੁਲਵਿੰਦਰ ਜੀਤ ਸਿੰਘ/ਲੱਖਾ) : ਅੱਜ ਅੰਬਾਲਾ ਦੇ ਚੀਫ਼ ਜੁਡੀਸੀਅਲ ਮੈਜਿਸਟ੍ਰੇਟ ਸ੍ਰੀ ਏਕੇ ਜੈਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਕਰਨ ਦੇ ਮਾਮਲੇ ਵਿਚ ਅਖੌਤੀ ਸਾਧ ਭਨਿਆਰੇ ਤੇ ਉਸ ਦੇ 8 ਚੇਲਿਆਂ ਨੂੰ ਦੋਸ਼ੀ ਮੰਨਦਿਆਂ ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ 13 ਮਈ 2013 ਦਾ ਦਿਨ ਨਿਰਧਾਰਤ ਕਰ ਦਿਤਾ ਹੈ। ਇਸ ਮਾਮਲੇ ਵਿਚ ਸ਼ਾਮਲ 5 ਵਿਅਕਤੀਆਂ ਨੂੰ ਬਰੀ ਕਰ ਦਿਤਾ ਹੈ। ਅੱਜ ਭਨਿਆਰਾ ਸਾਧ ਅਪਣੇ ਚੇਲਿਆਂ ਨਾਲ ਖ਼ੁਦ ਸੀ ਆਰ ਪੀ ਦੇ ਸੁਰੱਖਿਆਂ ਗਾਰਦਾਂ ਦੀਆਂ ਸੰਗੀਨਾਂ ਵਿਚ ਘਿਰਿਆ ਕਾਫ਼ੀ ਲੰਮੇ ਅਰਸੇ ਮਗਰੋਂ ਅਦਾਲਤ ਵਿਚ ਹਾਜ਼ਰ ਹੋਇਆ, ਜਦਕਿ ਸਿੱਖ ਪੰਥ ਦੀ ਤਰਫ਼ੋ ਇਸ ਮਾਮਲੇ ਦੀ 2001 ਤੋਂ ਹੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੱਘ ਮੱਕੜ ਦੇ ਸਹਿਯੋਗ ਨਾਲ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਵਲੋਂ ਭਾਈ ਸੁਖਵਿੰਦਰ ਸਿੰਘ ਗੁਲਾਲੀਪੁਰ, ਰਾਮ ਸਰੂਪ ਸਿੰਘ ਔਲਖ, ਸੁਖਬੀਰ ਸਿੰਘ ਜਿੰਦਵੜੀ, ਬਲਜੀਤ ਸਿੰਘ ਬੇਗੋਵਾਲ, ਬਲਜਿੰਦਰ ਸਿੰਘ ਮਨਾਵਾਂ, ਭਾਈ ਬਿੱਕਰਮ ਸਿੰਘ ਕਲੋਤਾ, ਬਲਜੀਤ ਸਿੰਘ ਅਤੇ ਇੰਟਰਨੈਸ਼ਨਲ ਸਿੱਖ ਮੰਚ ਦੇ ਆਗੂ ਭਾਈ ਗੁਰਮੁਖ ਸਿੰਘ ਪਿੱਪਲਮਾਜਰਾ ਅਤੇ ਹਰਸਿਮਰਤ ਸਿੰਘ ਭਟੋਆ ਆਦਿ ਵੀ ਅਦਾਲਤੀ ਕੰਪਲੈਕਸ ਵਿਚ ਹਾਜ਼ਰ ਸਨ।

ਅੱਜ ਅਦਾਲਤੀ ਕਾਰਵਾਈ ਬਾਰੇ ਸਰਕਾਰੀ ਵਕੀਲ ਜਗਮਾਲ ਸਿੰਘ, ਜੰਗ ਬਹਾਦਰ ਸਿੰਘ ਅਤੇ ਸਿੱਖ ਪੰਥ ਦੀ ਤਰਫ਼ੋਂ ਐਡਵੋਕੇਟ ਲਵਨੀਤ ਠਾਕੁਰ ਤੇ ਐਡਵੋਕੇਟ ਗੁਰਸ਼ੇਰ ਸਿੰਘ ਸੂਲਰ ਨੇ ਦਸਿਆ ਕਿ ਅੱਜ ਏ ਕੇ ਜੈਨ ਦੀ ਅਦਾਲਤ ਵਿਚ ਪਿੰਡ ਰਤਨਗੜ੍ਹ ਦੇ ਗੁਰੂ ਘਰ ਵਿਚੋਂ ਮਿਤੀ 17-9-2001 ਨੂੰ ਤੜਕ ਸਾਰ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁਰਾ ਕੇ ਇਨ੍ਹਾਂ ਨੂੰ ਫਾੜਨ ਉਪਰੰਤ ਪਿੰਡ ਰਸੂਲਪੁਰ ਦੇ ਬੱਸ ਅੱਡੇ 'ਤੇ ਅਗਨ ਭੇਟ ਕਰ ਦਿਤਾ ਸੀ ਜਿਸ 'ਤੇ ਰੋਪੜ ਦੇ ਤਤਕਾਲੀ ਐਸਐਸਪੀ ਸ੍ਰੀ ਗੁਰਪੀ੍ਰਤ ਸਿੰਘ ਭੁੱਲਰ ਦੇ ਆਦੇਸ਼ਾਂ 'ਤੇ ਸਾਧ ਤੇ ਉਸ ਦੇ 13 ਚੇਲਿਆਂ ਵਿਰੁਧ ਧਾਰਾ 452, 435, 411, 380, 153, 295 ਏ, 120 ਬੀ ਅਤੇ 109 ਅਧੀਨ ਮੋਰਿੰਡਾ ਥਾਣੇ ਵਿਖੇ ਮੁਕੱਦਮਾ ਨੰਬਰ 161 ਦਰਜ ਕੀਤਾ ਗਿਆ ਸੀ ਜਿਸ ਦੀ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਟਰਾਈਲ ਅੰਬਾਲਾ ਦੇ ਚੀਫ਼ ਜੂਡੀਸ਼ੀਅਲ ਜਿਸ ਦੌਰਾਨ 22 ਸਰਕਾਰੀ ਤੇ ਗ਼ੈਰ ਸਰਕਾਰੀ ਗਵਾਹਾਂ ਨੇ ਆਪੋ-ਅਪਣੇ ਬਿਆਨ ਦਰਜ ਕਰਵਾਏ।

ਇਸ ਕੇਸ ਵਿਚ ਹੋਈ ਅੰਤਮ ਬਹਿਸ ਦੌਰਾਨ ਜਿਥੇ ਉਕਤ ਸਾਧ ਦੇ ਵਕੀਲਾਂ ਨੇ ਉਕਤ ਸਾਧ ਨੂੰ ਨਿਰਦੋਸ਼ ਕਰਾਰ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ, ਉਥੇ ਖ਼ਾਲਸਾ ਪੰਥ ਦੀ ਤਰਫ਼ੋ ਉਕਤ ਬਹਿਸ ਦਾ ਜੁਆਬ ਦਰਜ ਕਰਾਉਂਦਿਆਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਪੂਰੇ ਤੱਥਾਂ ਅਤੇ ਦਲੀਲਾਂ ਦੇ ਕੇ ਅਦਾਲਤ ਵਿਚ ਇਹ ਸਾਬਤ ਕੀਤਾ ਕਿ ਉਕਤ ਸ਼ਰਮਨਾਕ ਕਾਰਾ ਉਕਤ ਸਾਧ ਦੀ ਸ਼ਹਿ 'ਤੇ ਅਤੇ ਉਸ ਦੇ ਚੇਲਿਆਂ ਵਲੋਂ ਹੀ ਕੀਤਾ ਗਿਆ ਹੈ। ਸ੍ਰੀ ਬੈਂਸ ਨੇ ਅਦਾਲਤ ਵਿਚ ਇਹ ਵੀ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਸਿੱਖ ਪੰਥ ਲਈ ਇਕ ਜਾਗਦੀ ਜੋਤ ਸਰੂਪ ਹੈ ਨਾ ਕਿ ਇਕ ਆਮ ਕਿਤਾਬ ਹੈ। ਐਡਵੋਕੇਟ ਬੈਂਸ ਵਲੋਂ ਦਿਤੀਆਂ ਜ਼ੋਰਦਾਰ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੱਜ ਸ੍ਰੀ ਏ ਕੇ ਜੈਨ ਨੇ ਅੱਜ ਸਾਧ ਭਨਿਆਰੇ ਤੇ ਉਸ ਦੇ 7 ਹੋਰ ਚੇਲਿਆਂ ਜਿਨ੍ਹਾਂ ਵਿਚ ਸੁਰਮੁਖ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ, ਰਾਜਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਸੁਰਜੀਤ ਸਿੰਘ ਆਦਿ ਸ਼ਾਮਲ ਹਨ, ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ 13 ਮਈ 2013 ਦਾ ਦਿਨ ਨਿਰਧਾਰਤ ਕਰ ਦਿਤਾ ਅਤੇ ਸਾਧ ਸਮੇਤ ਸਾਰੇ 7 ਮੁਲਜ਼ਮਾਂ ਨੂੰ ਸੋਮਵਾਰ ਲਈ ਪਾਬੰਦ ਕਰ ਕੇ ਅਦਾਲਤ ਵਿਚ ਹਾਜ਼ਰ ਹੋਣ ਦੇ ਹੁਕਮ ਦਿੰਦਿਆਂ ਇਸ ਮਾਮਲੇ ਵਿਚਲੇ 5 ਵਿਅਕਤੀਆਂ ਜਿਨ੍ਹਾਂ ਵਿਚ ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਸਾਧੂ ਸਿੰਘ, ਕਰਨੈਲ ਸਿੰਘ ਤੇ ਸਤਨਾਮ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top