ਗੁਰ ਕੇ ਭਾਣੇ ਦੀ ਬਜਾਏ, ਆਪਣੇ ਭਾਣੇ ਵਿੱਚ ਚੱਲਣ ਵਾਲੇ ਮਨਮੁਖਾਂ ਨੂੰ ਸੰਤ ਮਹਾਂਪੁਰਖ ਬ੍ਰਹਮਗਿਆਨੀ ਆਖ ਕੇ ਵਡਿਆਈ ਦੇਣੀ, ਪੰਥ ਦੀ ਦੁਖਾਂਤਕ ਤ੍ਰਾਸਦੀ
- ਕਿਰਪਾਲ ਸਿੰਘ ਬਠਿੰਡਾ ਮੋਬ: ੯੮੫੫੪ ੮੦੭੯੭ 

ਗੁਰੂ ਨਾਨਕ ਸਾਹਿਬ ਜੀ ਦੇ ਇਸ ਸੰਸਾਰ ਵਿੱਚ ਆਗਮਨ ਤੋਂ ਪਹਿਲਾਂ ਭਾਰਤ ਵਿੱਚ ਰਜਵਾੜਿਆਂ ਅਤੇ ਪੁਜਾਰੀ ਸ਼੍ਰੇਣੀ ਵੱਲੋਂ ਕ੍ਰਿਤੀਆਂ ਦੀ ਲੁੱਟ ਕਰਨ ਲਈ ਸਮਾਜ ਨੂੰ ੪ ਵਰਣਾਂ ਵਿੱਚ ਵੰਡ ਕੇ ਅੱਗੋਂ ਦਰਜਾ ਬਦਰਜਾ ਅਨੇਕਾਂ ਜਾਤਾਂ ਪਾਤਾਂ ਵਿੱਚ ਵੰਡਿਆ ਗਿਆ ਸੀ। ਹਰ ਜਾਤੀ ਦਾ ਮਨੁੱਖ ਆਪਣੇ ਤੋਂ ਨੀਵੀਂ ਜਾਤੀ ਦੇ ਮਨੁੱਖ ਨਾਲੋਂ ਆਪਣੇ ਆਪ ਨੂੰ ਉੱਤਮ ਸਮਝਦਾ ਹੋਇਆ ਉਸ ਨਾਲ ਛੂਹਣਾਂ ਵੀ ਪਾਪ ਸਮਝਦਾ ਸੀ। ਇਸ ਤਰ੍ਹਾਂ ਛੂਤ ਛਾਤ ਅਤੇ ਭਿੱਟ ਦੇ ਰੋਗ ਕਾਰਣ ਰਜਵਾੜਿਆਂ ਅਤੇ ਪੁਜਾਰੀਆਂ ਦੇ ਜੁਲਮਾਂ ਵਿਰੁੱਧ ਸੰਘਰਸ਼ ਕਰਨ ਅਤੇ ਆਪਣੇ ਹੱਕ ਪ੍ਰਾਪਤ ਕਰਨ ਲਈ ਪੀੜਤ ਜਮਾਤਾਂ ਵੱਲੋਂ ਸੰਗਠਿਤ ਹੋਣਾਂ ਅਸੰਭਵ ਜਿਹਾ ਬਣਿਆ ਪਿਆ ਸੀ। ਮੰਨੀਆਂ ਗਈਆਂ ਸਭ ਤੋਂ ਨੀਵੀਆਂ ਜਾਤਾਂ ਨੂੰ ਮਿਹਨਤ ਮਜਦੂਰੀ ਤਾਂ ਸਭ ਤੋਂ ਵੱਧ ਕਰਨੀ ਪੈਂਦੀ ਸੀ ਪਰ ਉਸ ਦਾ ਮਿਹਨਤਆਨਾ ਬਹੁਤ ਹੀ ਘੱਟ ਮਿਲਦਾ ਸੀ। ਇਸ ਤਰ੍ਹਾਂ ਅਛੂਤ ਜਾਤਾਂ ਦੇ ਲੋਕਾਂ ਦਾ ਜੀਵਨ ਨਰਕ ਦੇ ਬਰਾਬਰ ਬਣਿਆ ਹੋਇਆ ਸੀ। ਇਸ ਦੇ ਉਲਟ ਸਭ ਤੋਂ ਉਤਮ ਮੰਨੀ ਗਈ ਬ੍ਰਾਹਮਣ ਪੁਜਾਰੀ ਸ਼੍ਰੇਣੀ ਰਹਿੰਦੀ ਤਾਂ ਬਿਲਕੁਲ ਵਿਹਲੜ ਸੀ ਪਰ ਬਾਕੀ ਦੇ ਤਿੰਨਾਂ ਵਰਣਾਂ ਲਈ ਧਾਰਮਕ ਕਰਮ ਕਾਂਡ ਨਿਭਾਉਣ ਲਈ ਦਖ਼ਸ਼ਣਾਂ ਦੇ ਰੂਪ ਵਿੱਚ ਕ੍ਰਿਤੀਆਂ ਦੀ ਕਮਾਈ ਦਾ ਵੱਡਾ ਹਿੱਸਾ ਹੜੱਪ ਕਰਕੇ ਐਸ਼ੋ ਆਰਾਮ ਦੀ ਜਿੰਦਗੀ ਬਤੀਤ ਕਰਦੇ ਸਨ।

 

ਅਛੂਤ ਜਾਤਾਂ ਤੋਂ ਇਲਾਵਾ ਹਰ ਜਾਤੀ ਦੀ ਔਰਤ ਦੀ ਸਮਾਜਕ ਦਸ਼ਾ ਵੀ ਬਦਤਰ ਬਣੀ ਹੋਈ ਸੀ। ਮਨੁੱਖ ਦੇ ਮੁਕਾਬਲੇ ਔਰਤ ਨੂੰ ਅਪਵਿਤਰ ਮੰਨਿਆ ਗਿਆ ਸੀ ਇਸ ਲਈ ਉਹ ਕੋਈ ਵੀ ਧਾਰਮਕ ਰਸਮਾਂ ਨਹੀਂ ਸੀ ਨਿਭਾ ਸਕਦੀ ਅਤੇ ਨਾ ਹੀ ਉਸ ਨੂੰ ਜਨੇਊ ਪਹਿਨਣ ਦਾ ਅਧਿਕਾਰ ਸੀ। ਔਰਤ ਨੂੰ ਪੈਰ ਦੀ ਜੁੱਤੀ ਤੱਕ ਸਮਝਿਆ ਜਾਂਦਾ ਸੀ। ਮੰਨੂੰ ਸਿਮਰਤੀਆਂ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ: 'ਸ਼ੂਦਰ ਢੋਰ ਅਰ ਨਾਰੀ, ਤੀਨੋ ਤਾੜਨ ਕੇ ਅਧਿਕਾਰੀ'ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਸੁਧਾਰ ਵਜੋਂ ਸਭ ਤੋਂ ਪਹਿਲਾਂ ਵਰਣ ਵੰਡ ਅਤੇ ਜਾਤੀ ਵਿਵਸਥਾ ਦਾ ਭਰਵਾਂ ਖੰਡਨ ਕਰਦਿਆਂ ਨੀਚਾਂ ਦੇ ਹੱਕ ਵਿੱਚ 'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥' (ਸਿਰੀਰਾਗੁ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੫) ਕਹਿ ਕੇ ਸਿਰਫ ਹਾਅ-ਦਾ-ਨਾਹਰਾ ਹੀ ਨਹੀ ਮਾਰਿਆ ਸਗੋਂ ਵਰਣ ਵੰਡ ਜਾਤ ਪਾਤ ਅਤੇ ਲਿੰਗ ਦੇ ਅਧਾਰ 'ਤੇ ਸਾਰੇ ਵਿਤਕਰੇ ਖਤਮ ਕਰਕੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਨਾ ਕਰਕੇ ਇੱਕ ਤਰ੍ਹਾਂ ਸਮਾਜਕ ਅਤੇ ਧਾਰਮਕ ਤੌਰ 'ਤੇ ਕ੍ਰਾਂਤੀ ਲਿਆਂਦੀ।'ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥' (ਸਿਰੀਰਾਗੁ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੫) 'ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥' {ਸਿਰੀਰਾਗੁ  ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ - ਪੰਨਾ ੯੧} ਸ਼ਬਦਾਂ ਰਾਹੀਂ ਸਮਝਾਇਆ ਕਿ ਜਨਮ ਤੋਂ ਕੋਈ ਵੀ ਮਨੁੱਖ ਨੀਚ ਨਹੀਂ ਹੈ ਬਲਕਿ ਉਸ ਦੇ ਅੰਦਰ ਦੇ ਵਿਕਾਰ ਭਾਵ ਲੋਭ, ਕੂੜ, ਨਿੰਦਾ, ਕ੍ਰੋਧ, ਭੈੜੀ ਮੱਤ, ਕੁਦਇਆ ਆਦਿਕ ਹੀ ਨੀਚ ਜਾਤਾਂ ਕੁੱਤਾ, ਚੂਹੜਾ, ਮਰਾਸਣ, ਕਸਾਇਣ ਆਦਕ ਹਨ। ਜਦ ਇਹ ਵਿਕਾਰ ਰੂਪੀ ਨੀਚ ਜਾਤਾਂ ਹਮੇਸ਼ਾਂ ਹੀ ਮਨੁਖ ਦੇ ਨਾਲ ਰਹਿੰਦੀਆਂ ਹਨ ਤਾਂ ਕਾਰਾਂ ਕੱਢਣ ਨਾਲ ਕੁਝ ਨਹੀਂ ਹੋਣਾ; ਇਨ੍ਹਾਂ ਵਿਕਾਰਾਂ ਤੋਂ ਬਚਣ ਵਾਲਾ ਮਨੱਖ ਹੀ ਉਤਮ ਜਾਤੀ ਦਾ ਕਿਹਾ ਜਾ ਸਕਦਾ ਹੈ।

ਜਿਸ ਤਰ੍ਹਾਂ ਦੇ ਮਨੁੱਖ ਕੰਮ ਕਰਦਾ ਹੈ ਮਨੁੱਖ ਦੀ ਅਸਲ ਵਿੱਚ ਉਹ ਹੀ ਜਾਤ ਬਣ ਜਾਂਦੀ ਹੈ: 'ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥' (ਪ੍ਰਭਾਤੀ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੩੩੦) ਗੁਰੂ ਅਮਰ ਦਾਸ ਜੀ ਨੇ ਵੀ ਜਾਤ ਦਾ ਹੰਕਾਰ ਕਰਨ ਵਾਲੇ ਨੂੰ ਮੂਰਖ ਗਵਾਰ ਤੱਕ ਲਿਖਿਆ ਹੈ: 'ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥  ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥  ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ਰਹਾਉ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਰਾਰਾ ॥੩॥ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥' (ਭੈਰਉ ਮ: ੩, ਗੁਰੂ ਗ੍ਰੰਥ ਸਾਹਿਬ - ਪੰਨਾ ੧੧੨੮)


 
ਬਾਬਾ ਕਬੀਰ ਸਾਹਿਬ ਜੀ ਨੇ ਤਾਂ ਉਚੀ ਜਾਤ ਦਾ ਹੰਕਾਰ ਕਰਨ ਵਲੇ ਬ੍ਰਾਹਮਣ ਨੂੰ ਹੋਰ ਵੀ ਲਾਹਨਤਾਂ ਪਾਉਂਦੇ ਹੋਏ ਪੁੱਛਿਆ ਸੀ ਕਿ ਜੇ ਤੂੰ ਇਸੇ ਕਰਕੇ ਆਪਣੇ ਆਪ ਨੂੰ ਉਚੀ ਕੁਲ ਦਾ ਅਖਵਾਉਂਦਾ ਹੈਂ ਕਿ ਤੂੰ ਬ੍ਰਾਹਮਣੀ ਦੇ ਪੇਟੋਂ ਪੈਦਾ ਹੋਇਆ ਹੈਂ ਤਾਂ ਦੱਸ ਕਿ ਤੂੰ ਕਿਹੜਾ ਕਿਸੇ ਹੋਰ ਰਸਤੇ ਆਇਆ ਹੈਂ: 'ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥' (ਗੁਰੂ ਗ੍ਰੰਥ ਸਾਹਿਬ - ਪੰਨਾ ੩੨੪)।

 ਪਰ ਸਿੱਖ ਸਮਾਜ ਵਿੱਚ ਕਾਂ-ਅੰਗਿਆਰੀ ਦੀ ਤਰ੍ਹਾਂ ਉਗੇ ਸੰਤ ਸਮਾਜ ਦੇ ਆਗੂ ਅਤੇ ਇਨ੍ਹਾਂ ਦੇ ਡੇਰਿਆਂ ਦੀ ਉਪਜ ਸਾਡੇ ਸਤਿਕਾਰਯੋਗ ਦੋ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅੱਜ ਗੁਰੂ ਸਾਹਿਬ ਜੀ ਦੀਆਂ ਸਿਖਿਆਵਾਂ ਨੂੰ ਪੁੱਠਾ ਗੇੜਾ ਦਿੰਦੇ ਹੋਏ ਹਰ ਉਹ ਕੰਮ ਕਰ ਰਹੇ ਹਨ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਰਵਾਂ ਖੰਡਨ ਹੈ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਉਕਤ ਸਿਖਿਆ ਤੋਂ ਉਲਟ ਬਹੁਤੇ ਡੇਰਿਆਂ ਵਿੱਚ ਜਾਤੀ ਵਿਤਕਰਾ ਜੋਰਾਂ 'ਤੇ ਹੈ ਜਿਸ ਦੀ ਉਘੜਵੀਂ ਮਿਸਾਲ ਬਠਿੰਡਾ ਜਿਲ੍ਹਾ ਦੇ ਪਿੰਡ ਭੁੱਚੋ ਕਲਾਂ ਵਿੱਚ ਸਥਿਤ ਡੇਰਾ ਰੂੰਮੀ ਅਤੇ ਉਨ੍ਹਾਂ ਦੇ ਪ੍ਰਬੰਧ ਹੇਠ ਚੱਲ ਰਹੇ ਪਿੰਡ ਲਹਿਰਾ ਖਾਨਾ ਦੇ ਇੱਕ ਗੁਰਦੁਆਰਾ ਦੀ ਹੈ।

 

ਔਰਤ ਜਾਤੀ ਨੂੰ ਬਰਾਬਰ ਦਾ ਹੱਕ ਤੇ ਸਨਮਾਨ ਦੇਣ ਅਤੇ ਇਸਤਰੀ ਨੂੰ ਅਪਵਿੱਤਰ ਤੇ ਮਾੜਾ ਕਹਿਣ ਵਾਲਿਆਂ ਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਉਚਾਰਣ ਕੀਤਾ: 'ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥' (ਆਸਾ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੪੭੩) ਪਰ ਜਿਸ ਦਰਬਾਰ ਸਾਹਿਬ ਵਿੱਚ ਹਰ ਰੋਜ ਇਸ ਸ਼ਬਦ ਦਾ ਕੀਰਤਨ ਹੁੰਦਾ ਹੈ ਉਸੇ ਦਰਬਾਰ ਸਾਹਿਬ ਵਿੱਚ ਇਸਤਰੀਆਂ ਨੂੰ ਅਪਵਿਤਰ ਜਾਣ ਕੇ ਕੀਰਤਨ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ 'ਤੇ ਪਾਬੰਦੀ ਲੱਗੀ ਹੋਈ ਹੈ।ਰਸਮ ਪੂਰਤੀ ਲਈ ਵਿਖਾਵੇ ਮਾਤਰ ਕੀਤੇ ਜਿਹੜੇ ਧਾਰਮਕ ਕੰਮ ਕਰਨ ਨਾਲ ਮਨੁੱਖ ਦੇ ਆਤਮਕ ਗੁਣ ਵਿੱਚ ਕੋਈ ਵਾਧਾ ਨਹੀਂ ਹੁੰਦਾ ਜਾਂ ਉਨ੍ਹਾਂ ਕੰਮਾਂ ਰਾਹੀਂ ਅੁਚੇ ਆਤਮਕ ਗੁਣ ਧਾਰਨ ਕਰਨ ਦਾ ਕੋਈ ਉਦਮ ਨਹੀਂ ਕੀਤਾ ਜਾਂਦਾ; ਉਨ੍ਹਾਂ ਨੂੰ ਕਰਮ ਕਾਂਡ ਦੱਸ ਕੇ ਕਰਨ ਤੋਂ ਵਰਜਿਆ ਹੈ। ਜਿਵੇਂ ਕਿ ਜਨੇਊ, ਦੀਵੇ ਜਗਾ ਕੇ ਆਰਤੀ ਕਰਨ, ਸ਼ਰਾਧਾਂ, ਪਾਪ ਧੋਣ ਲਈ ਤੀਰਥਾਂ ਦੇ ਇਸ਼ਨਾਨ ਕਰਨ, ਧਰਮ ਦੇ ਨਾਮ 'ਤੇ ਵਰਤ ਰੱਖਣੇ, ਰੱਬ ਜਾਂ ਕਿਸੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਜਾਨਵਰਾਂ ਦੀ ਬਲੀ ਦੇਣ ਆਦਿਕ ਦਾ ਭਰਵਾਂ ਦਾ ਖੰਡਨ ਕੀਤਾ ਹੈ। ਗੁਰੂ ਅਰਜੁਨ ਸਾਹਿਬ ਜੀ ਨੇ ਅਜੇਹੇ ਕਰਮ ਕਾਂਡਾਂ ਦਾ ਖੰਡਨ ਕਰਦਿਆਂ ਲਿਖਿਆ ਹੈ: 'ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥' (ਗੁਰੂ ਗ੍ਰੰਥ ਸਾਹਿਬ - ਪੰਨਾ ੭੪੮) ਗੁਰੂ ਜੀ ਨੇ ਥਾਲ ਵਿੱਚ ਦੀਵੇ ਬਾਲ ਕੇ ਦੇਵੀ ਦੇਵਤਿਆਂ ਦੀ ਆਰਤੀ ਦਾ ਖੰਡਨ ਕੀਤਾ ਹੈ ਤਾਂ ਦੋ ਤਖ਼ਤਾਂ ਸਮੇਤ ਕਈ ਡੇਰਿਆਂ ਵਿਚ ਸ਼ਬਦ ਉਹੀ ਪੜ੍ਹੀ ਜਾਣਗੇ: 'ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥'  (ਸੋਹਿਲਾ ਧਨਾਸਰੀ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੩) ਪਰ ਦੇਵੀ ਦੇਵਤਿਆਂ ਦੀ ਮੂਰਤੀ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਹੀ ਦੀਵੇ ਘੁੰਮਾਈ ਜਾਂਦੇ ਹਨ। ਜਾਨਵਰਾਂ ਦੀ ਬਲੀ ਦੇਣ ਦਾ ਖੰਡਨ ਕਰਦਿਆਂ ਭਗਤ ਕਬੀਰ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਦਰਜ ਹੈ: 'ਜੀਅ ਬਧਹੁ, ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ ॥੨॥' (ਪੰਨਾ ੧੧੦੩) ਪਰ ਸਾਡੇ ਪਾਵਨ ਤਖ਼ਤ ਸਾਹਿਬ ਵਿਖੇ ਹੀ ਨਿਸ਼ਾਨ ਸਾਹਿਬ ਦੇ ਥੱਲੇ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਤੇ ਉਸ ਦੇ ਖ਼ੂਨ ਦੇ ਟਿੱਕੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਸ਼ਸ਼ਤਰਾਂ ਨੂੰ ਲਾ ਕੇ ਉਨ੍ਹਾਂ ਦਾ ਇੱਕ ਤਰ੍ਹਾਂ ਮੂੰਹ ਚਿੜਾਇਆ ਜਾਂਦਾ ਹੈ।

ਬਿਨਾਂ ਸੋਚ ਵੀਚਾਰ ਅਤੇ ਉਸ ਵਿੱਚ ਦਿੱਤੀ ਸਿਖਿਆ ਧਾਰਨ ਕੀਤੇ ਬਿਨਾਂ ਹੀ ਧਾਰਮਕ ਗ੍ਰੰਥਾਂ ਦੇ ਪਾਠ ਪਠਨ ਕਰਨ ਦਾ ਖੰਡਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਦਰਜ ਹੈ: 'ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥' (ਸੂਹੀ ਮ: ੫, ਗੁਰੂ ਗ੍ਰੰਥ ਸਾਹਿਬ - ਪੰਨਾ ੭੪੭) ਪਰ ਗੁਰਬਾਣੀ ਦੇ ਉਕਤ ਸਾਰੇ ਹੀ ਉਪਦੇਸ਼ਾਂ ਦੇ ਉਲਟ ਕੰਮ ਕਰਨ ਵਾਲੇ ਗੁਰਬਾਣੀ ਦਾ ਸ਼ੁਧ ਪਾਠ ਸਿੱਖਣ ਅਤੇ ਸਿਖਿਆ ਗ੍ਰਹਿਣ ਕਰਨ ਲਈ ਅਰਥਾਂ ਸਮੇਤ ਪਾਠਬੋਧ ਸਮਾਗਮਾਂ ਦੀ ਥਾਂ ਆਪਣੇ ਡੇਰਿਆਂ ਵਿੱਚ ਇਕੋਤਰੀਆਂ ਦੇ ਨਾਮ ਹੇਠ ਪਾਠਾਂ ਦੀ ਲੜੀਆਂ ਤੇ ਜਪ ਤਪ ਸਮਾਗਮਾਂ ਵਿੱਚ ਆਪਣਾ ਤੇ ਸੰਗਤਾਂ ਦਾ ਸਮਾ ਬਰਬਾਦ ਕਰ ਰਹੇ ਹਨ। ਸੰਗਤਾਂ ਨੂੰ ਗੁਰਬਾਣੀ ਦਾ ਪਾਠ ਸਿੱਖਣ ਅਤੇ ਕਰਨ ਤੋਂ ਰੋਕਣ ਲਈ ਆਪੇ ਬਣਾਈਆਂ ਬੜੀਆਂ ਕਠਿਨ ਮਰਿਆਦਾਵਾਂ ਦਾ ਹਊਆ ਖੜ੍ਹਾ ਕੀਤਾ ਹੋਇਆ ਹੈ ਪਰ ਸਿੱਖ ਰਹਿਤ ਮਰਿਆਦਾ ਤੋਂ ਪੂਰੀ ਤਰ੍ਹਾਂ ਕੋਰੇ ਹਨ। ਇਸ ਦੀ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਅਕਾਲ ਤਖ਼ਤ ਦੇ ਹੁਕਮ ਨਾਲ ਪਿੰਡ ਲਹਿਰਾਖਾਨਾ ਵਿੱਚ ਦਲਿਤ ਭਾਈਚਾਰੇ ਵੱਲੋਂ ੫ ਮਈ ਨੂੰ ਅਖੰਡਪਾਠ ਰਖਵਾਇਆ ਗਿਆ। ਪਿੰਡ ਦੇ ਪੰਚ ਭਾਈ ਮਨਜੀਤ ਸਿੰਘ ਦੇ ਦੱਸਣ ਅਨੁਸਾਰ ਡੇਰਾਵਾਦੀ ਪ੍ਰਬੰਧਕਾਂ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਪਾਠੀਆਂ ਨੂੰ ਪਾਠ ਕਰਨ ਤੋਂ ਇਹ ਕਹਿ ਕੇ ਰੋਕ ਦਿੱਤਾ ਕਿ ਇਨ੍ਹਾਂ ਨੂੰ ਪਾਠ ਕਰਨ ਦੀ ਮਰਿਆਦਾ ਦਾ ਗਿਆਨ ਨਹੀਂ ਹੈ ਇਸ ਲਈ ਮਰਿਆਦਾ ਅਨੁਸਾਰ ਪਾਠ ਡੇਰੇ ਦੇ ਪਾਠੀ ਹੀ ਕਰਨਗੇ। ਮਜਬੂਰੀ ਕਾਰਣ ਦਲਿਤ ਭਾਈਚਾਰਾ ਮੰਨ ਗਿਆ। ਡੇਰੇਦਾਰਾਂ ਦੇ ਪਾਠੀਆਂ ਨੇ ਮੂੰਹ ਬੰਨ੍ਹ ਕੇ ਗੁਪਤ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾ ਕਿ ਕਿਸੇ ਦੇ ਕੰਨਾਂ ਵਿੱਚ ਗੁਰੂ ਦਾ ਕੋਈ ਸ਼ਬਦ ਨਾ ਪੈ ਜਾਵੇ।

ਦਲਿਤਾਂ ਵੱਲੋਂ ਵਾਰ ਵਾਰ ਕਹਿਣ 'ਤੇ ਕਈ ਵਾਰ ਸਪੀਕਰ 'ਚ ਬੋਲ ਕੇ ਪਾਠ ਕਰ ਵੀ ਦਿੱਤਾ ਜਾਂਦਾ ਸੀ। ੭ ਮਈ ਨੂੰ ਉਸ ਅਖੰਡਪਾਠ ਦੇ ਭੋਗ ਸਮੇਂ ਡੇਰਾਵਾਦੀ ਪਾਠੀ ਨੇ ਗੁਪਤ ਅਰਦਾਸ ਕਰਨੀ ਸ਼ੁਰੂ ਕੀਤੀ ਤਾਂ ਦਲਿਤ ਵੀਰਾਂ ਨੇ ਫਿਰ ਅਰਦਾਸੀਏ ਸਿੰਘ ਨੂੰ ਬੇਨਤੀ ਕੀਤੀ ਕਿ ਇਹ ਸੰਗਤੀ ਅਰਦਾਸ ਹੋ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸਮਾਗਮ ਵਿੱਚ ਸ਼ਾਮਲ ਹੈ ਇਸ ਲਈ ਅਰਦਾਸ ਸਪੀਕਰ ਵਿੱਚ ਬੋਲ ਕੇ ਕੀਤੀ ਜਾਵੇ। ਸਮਾਗਮ ਵਿੱਚ ਸ਼ਾਮਲ ਹੋਣ ਲਈ ਇਸ ਲੇਖ ਦਾ ਇਹ ਲੇਖਕ ਵੀ ਆਪਣੇ ਹੋਰ ਸਾਥੀਆਂ ਸਮੇਤ ਉਥੇ ਪਹੁੰਚਿਆ ਤਾਂ ਉਸ ਸਮੇਂ ਅਰਦਾਸ ਉਪ੍ਰੰਤ ਭਾਈ ਗੁਰਮੀਤ ਸਿੰਘ ਜੀ ਕਥਾ ਕਰ ਰਹੇ ਸਨ ਅਤੇ ਗੁਰਦੁਆਰਾ ਸਾਹਿਬ ਜੀ ਦਾ ਹਾਲ ਸੰਗਤ ਨਾਲ ਭਰਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਅਤੇ ਸੰਗਤ ਵਿੱਚ ਬੈਠਣ ਉਪ੍ਰੰਤ ਜਦ ਮੈਂ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਚੌਰ ਦੀ ਸੇਵਾ ਕਰਨ ਵਾਲਾ ਕੋਈ ਵੀ ਸਿੰਘ ਹਾਜਰ ਨਹੀਂ ਤਾਂ ਉਥੇ ਹਾਜਰ ਇੱਕ ਸਾਬਤ ਸੂਰਤ ਸਿੰਘ ਨੂੰ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਦੀ ਤਾਬਿਆ ਬੈਠ ਕੇ ਚੌਰ ਦੀ ਸੇਵਾ ਕੀਤੀ ਜਾਵੇ; ਤਾਂ ਉਸ ਨੇ ਡਰਦੇ ਡਰਦੇ ਹੋਏ, ਕਿਹਾ ਜੀ ਇਹ ਇਤਰਾਜ ਕਰਨਗੇ ਕਿ ਸਾਡੀ ਮਰਿਆਦਾ ਭੰਗ ਕਰ ਦਿੱਤੀ ਕਿਉਂਕਿ ਮੇਰੇ ਕੁੜਤਾ ਪਜਾਮਾ ਪਾਇਆ ਹੋਇਆ ਹੈ ਜਦੋਂ ਇਨ੍ਹਾਂ ਦੀ ਮਰਿਆਦਾ ਹੈ ਕਿ ਕੇਵਲ ਚੋਲ਼ੇ ਵਾਲਾ ਸਿੰਘ ਹੀ ਤਾਬਿਆ ਬੈਠ ਸਕਦਾ ਹੈ। ਜਦ ਉਸ ਨੂੰ ਕਿਹਾ ਗਿਆ ਕਿ ਅਕਾਲ ਤਖ਼ਤ ਤੋਂ ਲਾਗੂ ਕੀਤੀ ਸਿੱਖ ਰਹਿਤ ਮਰਿਆਦਾ ਵਿੱਚ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਇਸ ਲਈ ਜੇ ਅਕਾਲ ਤਖ਼ਤ ਦੀ ਮਰਿਆਦਾ ਲਾਗੂ ਕਰਨੀ ਹੈ ਤਾਂ ਇਨ੍ਹਾਂ ਦੀ ਮਰਿਆਦਾ ਭੰਗ ਹੋਵੇਗੀ ਹੀ, ਇਸ ਦੀ ਕੋਈ ਚਿੰਤਾ ਨਾ ਕਰੋ। ਸ਼ਾਇਦ ਉਹ ਸਿੰਘ ਦਲਿਤ ਭਾਈਚਾਰੇ ਨਾਲ ਸਬੰਧਤ ਸੀ ਜਾਂ ਉਨ੍ਹਾਂ ਦਾ ਸਮਰਥਕ ਸੀ ਇਸ ਲਈ ਉਸ ਨੇ ਕਿਹਾ ਮੈਨੂੰ ਹੋਰ ਵੀ ਕਈ ਪਾਸੇ ਬੁਲਾ ਲਿਆ ਜਾਂਦਾ ਹੈ ਇਸ ਲਈ ਤੁਸੀਂ ਆਪਣੇ ਕਿਸੇ ਸਾਥੀ ਨੂੰ ਇਸ ਸੇਵਾ ਲਈ ਕਹਿ ਦੇਵੋ। ਇਸ ਉਪ੍ਰੰਤ ਆਪਣੇ ਨਾਲ ਗਏ ਇੱਕ ਮਿਸ਼ਨਰੀ ਭਾਵਨਾ ਵਾਲੇ ਅੰਮ੍ਰਿਤਧਾਰੀ ਸਾਥੀ ਨੂੰ ਤਾਬਿਆ ਬੈਠਣ ਲਈ ਕਿਹਾ ਤਾਂ ਉਨ੍ਹਾਂ ਝੱਟ ਸੇਵਾ ਸੰਭਾਲ ਲਈ।

ਕੁਝ ਚਿਰ ਉਪ੍ਰੰਤ ਉਥੇ ਸੇਵਾ ਨਿਭਾ ਰਿਹਾ ਚੋਲ਼ਾਧਾਰੀ ਗ੍ਰੰਥੀ /ਕੀਰਤਨੀਆ ਕਥਾ ਕਰ ਰਹੇ ਭਾਈ ਗੁਰਮੀਤ ਸਿੰਘ ਦੇ ਕੰਨ ਵਿੱਚ ਕਹਿਣ ਲੱਗਾ ਕਿ ਅਗਲਾ ਅਖੰਡਪਾਠ ਅਰੰਭ ਕਰਨਾ ਹੈ ਇਸ ਲਈ ਕਥਾ ਦੀ ਸਮਾਪਤੀ ਕਰ ਦਿੱਤੀ ਜਾਵੇ। ਭਾਈ ਗੁਰਮੀਤ ਸਿੰਘ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਦਾ ਹੁਕਮ ਮੰਨ ਕੇ ਕਥਾ ਦੀ ਸਮਾਪਤੀ ਕਰ ਦਿੱਤੀ। ਉਸੇ ਚੋਲ਼ਾਧਾਰੀ ਨੇ ਵਾਜੇ 'ਤੇ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹ ਕੇ ਉਥੇ ਬੈਠੇ ਬੈਠੇ ਹੀ ਅਰਦਾਸ ਕਰ ਦਿੱਤੀ। ਡੇਰੇ ਦੀ ਮਰਿਆਦਾ ਦੇ ਉਸ ਕੱਟੜ ਧਾਰਨੀ ਨੂੰ ਪੁੱਛਿਆ ਕਿ ਤੁਹਾਡੀ ਇਹ ਹੀ ਮਰਿਆਦਾ ਹੈ ਕਿ ਜੇ ਕੋਈ ਪਜਾਮਾ ਪਾ ਕੇ ਤਾਬਿਆ ਬੈਠ ਜਾਵੇ ਤਾਂ ਮਰਿਆਦਾ ਭੰਗ ਹੋ ਜਾਂਦੀ ਹੈ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ੍ਹੇ ਹੋ ਕੇ 'ਦੁਇ ਕਰ ਜੋੜਿ ਕਰਉ ਅਰਦਾਸਿ ॥' (ਸੂਹੀ ਮ: ੫, ਗੁਰੂ ਗ੍ਰੰਥ ਸਾਹਿਬ – ਪੰਨਾ ੭੩੭) 'ਤੇ ਪਹਿਰਾ ਦੇਣ ਦੀ ਥਾਂ ਬੈਠਿਆਂ ਬੈਠਿਆਂ ਹੀ ਅਰਦਾਸ ਕਰ ਦਿੱਤੀ ਤਾਂ ਮਰਿਆਦਾ ਭੰਗ ਨਹੀਂ ਹੁੰਦੀ। ਉਸ ਨੇ ਕਿਹਾ ਇਸ ਸਬੰਧੀ ਬਾਹਰ ਕਮਰੇ ਵਿੱਚ ਬੈਠ ਕੇ ਵੀਚਾਰ ਕਰ ਲੈਣੀ।ਜਦ ਬਾਹਰ ਆ ਕੇ ਉਸ ਨੂੰ ਪੁੱਛਿਆ ਕਿ ਸਿੱਖ ਰਹਿਤ ਮਰਿਆਦਾ ਦੇ ਅਰਦਾਸ ਸਿਰਲੇਖ ਹੇਠ ਪਹਿਰਾ (ੲ) ਵਿੱਚ ਸਾਫ ਲਿਖਿਆ ਹੈ: 'ਅਰਦਾਸ ਕਰਨ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ ਹੱਥ ਜੋੜ ਕੇ ਅਰਦਾਸ ਕਰੇ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰ ਕੇ ਅਰਦਾਸ ਕਰੇ ਪ੍ਰਵਾਨ ਹੈ।'  ਪਰ ਤੁਸੀਂ ਅਰਦਾਸ ਕਰਨ ਸਮੇਂ ਨਾ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਖੜ੍ਹੇ ਹੋਏ ਤੇ ਨਾ ਹੀ ਦੋਵੇਂ ਹੱਥ ਜੋੜੇ। ਸਾਰੀ ਸੰਗਤ ਤੁਹਾਡੇ ਵੱਲ ਵੇਖ ਕੇ ਦੁਬਿਧਾ ਵਿੱਚ ਪੈ ਰਹੀ ਸੀ ਕਿ ਖੜ੍ਹੇ ਹੋਇਆ ਜਾਵੇ ਜਾਂ ਨਾਂ।

ਉਨ੍ਹਾਂ ਕਿਹਾ ਅਖੰਡ ਪਾਠ ਦੀ ਸਮਾਪਤੀ ਸਮੇਂ ਖੜ੍ਹੇ ਹੋ ਕੇ ਅਰਦਾਸ ਕਰ ਦਿੱਤੀ ਸੀ ਇਹ ਸਿਰਫ ਕਥਾ ਦੀ ਹੀ ਅਰਦਾਸ ਸੀ ਇਸ ਲਈ ਬੈਠੇ ਬੈਠੇ ਕਰ ਦਿੱਤੀ। ਪੁੱਛਿਆ ਗਿਆ ਕਿ ਜੇ ਪਹਿਲਾਂ ਅਰਦਾਸ ਕਰ ਦਿੱਤੀ ਤਾਂ ਹੁਣ ਅਨੰਦ ਸਾਹਿਬ ਪੜ੍ਹਨ ਤੇ ਅਰਦਾਸ ਕਰਨ ਦੀ ਲੋੜ ਹੀ ਨਹੀਂ ਸੀ। ਪਰ ਜੇ ਅਨੰਦ ਸਾਹਿਬ ਪੜ੍ਹਿਆ ਹੈ ਤਾਂ ਕਿਉਂਕਿ ਇਹ ਕਿਸੇ ਦਾ ਨਿਜੀ ਸਮਾਗਮ ਨਹੀਂ ਸੰਗਤੀ ਸਮਾਗਮ ਹੈ, ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੋਵੇਂ ਹੀ ਮੌਜੂਦ ਹਨ ਤਾਂ ਅਰਦਾਸ ਵੀ ਸੰਗਤੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੇ ਹੋ ਕੇ ਦੋਵੇਂ ਹੱਥ ਜੋੜ ਕੇ ਸਪੀਕਰ ਵਿੱਚ ਬੋਲ ਕੇ ਹੀ ਕਰਨੀ ਚਾਹੀਦੀ ਸੀ। ਉਸ ਦਾ ਜਵਾਬ ਸੀ, ਜੀ ਕਿਸ ਕਿਸ ਦੀ ਗੱਲ ਸੁਣੀਏ! ਜੇ ਅਰਦਾਸ ਕਰ ਦਿੱਤੀ ਤਾਂ ਵੀ ਮਰੇ ਜੇ ਨਾਂ ਕਰਦੇ ਤਾਂ ਵੀ ਮਰਦੇ। ਉਸ ਨੂੰ ਕਿਹਾ ਕਿ ਤੁਸੀਂ ਕਿਸੇ ਦੀ ਗੱਲ ਸੁਣਦੇ ਹੀ ਕਿਉਂ ਹੋ? ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ, ਜੋ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਸਿਰਫ ਉਹੀ ਕਰੋ ਤਾਂ ਤੁਹਾਨੂੰ ਟੋਕਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਪਏਗੀ। ਉਸ ਦਾ ਜਵਾਬ ਸੀ ਜੇ ਸਿੱਖ ਰਹਿਤ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਕੰਮ ਕਰਨ ਲੱਗ ਪਈਏ ਤਾਂ ਉਹ (ਡੇਰੇਦਾਰ ਪ੍ਰਬੰਧਕ) ਸਾਨੂੰ ਅਗਲੇ ਦਿਨ ਹੀ ਘਰ ਨੂੰ ਤੋਰ ਦੇਣਗੇ।

ਡੇਰਾ ਰੂੰਮੀ ਦੇ ਪ੍ਰਬੰਧਕਾਂ ਵੱਲੋਂ ਨਿਯੁਕਤ ਉਸ ਗ੍ਰੰਥੀ ਦੇ ਜਵਾਬ ਅਤੇ ਚਿਹਰੇ ਦੇ ਹਾਵਭਾਵ ਤੋਂ ਸਪਸ਼ਟ ਸੀ ਕਿ ਜਾਤ ਅਭਾਮਨੀ ਡੇਰਾਮੁਖੀ ਸੁਖਦੇਵ ਸਿੰਘ ਦਾ ਉਨ੍ਹਾਂ 'ਤੇ ਕਿੰਨਾ ਦਬਾਅ ਹੈ ਕਿ ਬੇਸ਼ੱਕ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਕਾਰਣ ਉਨ੍ਹਾਂ ਨੂੰ ਦਲਿਤ ਭਾਈਚਾਰੇ ਦਾ ਅਖੰਡਪਾਠ ਤਾਂ ਮਜਬੂਰੀ ਵੱਸ ਕਰਵਾਉਣਾ ਪੈ ਗਿਆ ਪਰ ਦਿਲੋਂ ਉਹ ਬਿਨਾਂ ਕਿਸੇ ਵਿਤਕਰੇ ਦੇ ਉਨ੍ਹਾਂ ਨਾਲ ਮਿਲ ਕੇ ਚੱਲਣ ਲਈ ਤਿਆਰ ਨਹੀਂ। ਦਲਿਤਾਂ ਨੂੰ ਪਾਠ ਤੇ ਅਰਦਾਸ ਕਰਨ ਤੋਂ ਰੋਕਣ ਲਈ ਐਣ ਮੌਕੇ 'ਤੇ ਡੇਰੇ ਦਾ ਗ੍ਰੰਥੀ ਆ ਜਾਂਦਾ ਸੀ ਪਰ ਚਲਦੇ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਦਾ ਸਮਾਂ ਵੀ ਉਨ੍ਹਾਂ ਨੇ ਨਹੀਂ ਕੱਢਿਆ। ਗੁਰਦੁਆਰੇ ਦੇ ਲੰਗਰ ਵਿੱਚ ਦਲਿਤਾਂ ਨੂੰ ਲੰਗਰ ਬਣਾਉਣ ਤੋਂ ਰੋਕਣ ਦਾ ਵੀ ਉਨ੍ਹਾਂ ਨੇ ਪੂਰਾ ਯਤਨ ਕੀਤਾ ਪਰ ਅਕਾਲ ਤਖ਼ਤ ਦੇ ਹੁਕਮ ਕਰਕੇ ਉਹ ਰੋਕ ਨਾ ਸਕੇ। ਗੁਰਦੁਆਰੇ ਦੀ ੧੩ ਮੈਂਬਰੀ ਪ੍ਰਬੰਧਕੀ ਕਮੇਟੀ ਦਾ ਕੋਈ ਵੀ ਮੈਂਬਰ ਅਤੇ ਉਨ੍ਹਾਂ ਦੇ ਸਮਰਥਕ ਸਾਰੇ ਸਮਾਗਮ ਦੌਰਾਨ ਉਥੇ ਹਾਜਰ ਨਹੀ ਹੋਏ ਕਿਉਂਕਿ ਉਨ੍ਹਾਂ ਨੂੰ ਖਤਰਾ ਸੀ ਕਿ ਉਨ੍ਹਾਂ ਨੂੰ ਦਲਿਤਾਂ ਵੱਲੋਂ ਬਣਾਈ ਦੇਗ ਅਤੇ ਇੱਕੋ ਪੰਕਤ ਵਿੱਚ ਬੈਠ ਕੇ ਲੰਗਰ ਛਕਣਾ ਪਏਗਾ। ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਹਦਾਇਤਾਂ ਦੇ ਕੇ ਭੇਜੇ ਪੰਜ ਪਿਆਰਿਆਂ ਨੇ ਬੇਸ਼ੱਕ ਅੰਮ੍ਰਿਤ ਛਕਾਉਣ ਉਪ੍ਰੰਤ ਦੋਵਾਂ ਧਿਰਾਂ ਦੀ ਸਾਂਝੀ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ 'ਤੇ ਸੱਦੇ ਜਾਣ 'ਤੇ ਉਨ੍ਹਾਂ ਦੇ ਕੁਝ ਮੈਂਬਰ ਮੀਟਿੰਗ ਵਿੱਚ ਹਾਜਰ ਹੋਏ ਤੇ ਉਨ੍ਹਾਂ ਵੱਲੋਂ ਅਕਾਲ ਤਖ਼ਤ ਦਾ ੨੭ ਅਪ੍ਰੈਲ ਦਾ ਹੁਕਨਾਮਾ ਲਾਗੂ ਕਰਨ ਲਈ ਗੁਰਮਤਿ ਅਨੁਸਾਰੀ ਫੈਸਲਾ ਸੁਣ ਕੇ ਟੁੱਟੇ ਦਿੱਲ ਨਾਲ ਸਹਿਮਤੀ ਦੇ ਦਿੱਤੀ ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ 'ਤੇ ਕਿਤਨਾ ਕੁ ਅਮਲ ਹੁੰਦਾ ਹੈ! ਕਿਉਂਕਿ ਦਲਿਤ ਭਾਈਚਾਰੇ ਨੂੰ ਲੰਗਰ ਹਾਲ ਵਿੱਚ ਲੰਗਰ ਤਿਆਰ ਕਰਨ ਤੋਂ ਰੋਕਣ ਲਈ ਉਹ ਹੁਣ ਵੀ ਢੁੱਚਰਾਂ ਡਾਹ ਰਹੇ ਸਨ ਕਿ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਲੰਗਰ ਵਿੱਚ ਸਿਰਫ ਗੁਰੂ ਦੀ ਦੇਗ ਅਤੇ ਪਾਠੀ ਸਿੰਘਾਂ ਦਾ ਲੰਗਰ ਹੀ ਤਿਆਰ ਹੋਵੇਗਾ ਬਾਕੀ ਭਾਵੇਂ ਜੱਟ ਜਿੰਮੀਦਾਰਾਂ ਦਾ ਲੰਗਰ ਹੋਵੇ ਜਾਂ ਦਲਿਤਾਂ ਦਾ ਉਹ ਲੰਗਰ ਤੋਂ ਬਾਹਰ ਤਿਆਰ ਹੋਵੇਗਾ। ਭਾਵ ਹਾਲੀ ਵੀ ਜਿੱਥੇ ਉਹ ਜਾਤੀ ਵਿਤਕਰੇ ਤੋਂ ਰਹਿਤ ਗੁਰੂ ਕਾ ਸਾਂਝਾ ਲੰਗਰ ਮੰਨਣ ਲਈ ਤਿਆਰ ਨਹੀਂ ਉਥੇ ਉਨ੍ਹਾਂ ਨੂੰ ਇਹ ਵੀ ਖਤਰਾ ਹੈ ਕਿ ਦਲਿਤਾਂ ਦਾ ਦਾਖ਼ਲੇ ਨਾਲ ਪਾਠੀਆਂ ਦੇ ਲੰਗਰ ਵਾਲਾ ਚੌਕਾ ਭਿੱਟਿਆ ਜਾਵੇਗਾ।

ਸਿੱਖ ਰਹਿਤ ਮਰਿਆਦਾ ਦੇ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਪਹਿਰਾ (ਣ) ਹੇਠ ਸਾਫ ਤੌਰ 'ਤੇ ਲਿਖਿਆ ਹੈ: 'ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁੱਟ ਪੁਸ਼ਾਕ ਸਬੰਧੀ ਬਾਕੀ ਕੋਈ ਪਾਬੰਦੀ ਨਹੀਂ।' ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਚਿਆਰਾ ਬਣਨ ਲਈ ਕੋਈ ਵਿਸ਼ੇਸ਼ ਪਹਿਰਾਵਾ ਪਹਿਨਣ 'ਤੇ ਜੋਰ ਨਹੀਂ ਦਿੱਤਾ ਗਿਆ ਸਗੋਂ ਉਪਦੇਸ਼ ਹੈ: 'ਜਬ ਬੁਧਿ ਹੋਤੀ, ਤਬ ਬਲੁ ਕੈਸਾ; ਅਬ ਬੁਧਿ, ਬਲੁ ਨ ਖਟਾਈ ॥ ਕਹਿ ਕਬੀਰ, ਬੁਧਿ ਹਰਿ ਲਈ ਮੇਰੀ; ਬੁਧਿ ਬਦਲੀ, ਸਿਧਿ ਪਾਈ ॥੨॥੨੧॥੭੨॥' (ਗਉੜੀ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ ੩੩੯) ਭਾਵ (ਹੇ ਪ੍ਰਭੂ!) ਜਿਤਨਾ ਚਿਰ ਅਸਾਂ ਜੀਵਾਂ ਵਿਚ ਆਪਣੀ ਅਕਲ (ਦੀ ਹਉਮੈ) ਹੁੰਦੀ ਹੈ ਉਤਨਾ ਚਿਰ ਸਾਡੇ ਵਿਚ ਕੋਈ ਆਤਮਕ ਬਲ ਨਹੀਂ ਹੁੰਦਾ (ਭਾਵ, ਸਹਿਮੇ ਹੀ ਰਹਿੰਦੇ ਹਾਂ), ਪਰ ਹੁਣ (ਜਦੋਂ ਤੂੰ ਆਪ ਸਾਡੇ ਵਿਚ ਆ ਪ੍ਰਗਟਿਆ ਹੈਂ) ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ। ਕਬੀਰ ਆਖਦਾ ਹੈ-(ਹੇ ਪ੍ਰਭੂ!) ਤੂੰ ਮੇਰੀ (ਹਉਮੈ ਵਾਲੀ) ਅਕਲ ਖੋਹ ਲਈ ਹੈ, ਹੁਣ ਉਹ ਅਕਲ ਬਦਲ ਗਈ ਹੈ (ਭਾਵ, 'ਮੈਂ ਮੈਂ' ਛੱਡ ਕੇ 'ਤੂੰ ਹੀ ਤੂੰ' ਕਰਨ ਵਾਲੀ ਹੋ ਗਈ ਹੈ, ਇਸ ਵਾਸਤੇ ਮਨੁੱਖਾ ਜਨਮ ਦੇ ਮਨੋਰਥ ਦੀ) ਸਿੱਧੀ ਹਾਸਲ ਹੋ ਗਈ ਹੈ ॥੨॥੨੧॥੭੨॥ ਪਰ ਚੋਲ਼ੇ ਪਾ ਕੇ ਬਣੇ ਬ੍ਰਹਮਗਿਆਨੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਆਪਣੀ ਬੁੱਧ ਬਦਲਣ ਵਾਸਤੇ ਬਿਲਕੁਲ ਹੀ ਤਿਆਰ ਨਹੀਂ ਤੇ ਹਮੇਸ਼ਾਂ ਆਪਣੇ ਡੇਰੇ ਦੀ ਮਰਿਆਦਾ ਦਾ ਢੰਢੋਰਾ ਹੀ ਪਿਟਦੇ ਰਹਿੰਦੇ ਹਨ।
 

ਗੁਰੂ ਗ੍ਰੰਥ ਸਾਹਿਬ ਜੀ ਕਾਰਾਂ ਕੱਢ ਕੇ ਪਵਿਤਰ ਚੌਕੇ 'ਤੇ ਬੈਠੇ ਤਿਲਕਧਾਰੀ ਤੇ ਜਨੇਊਧਾਰੀ ਬ੍ਰਾਹਮਣ ਨੂੰ ਬ੍ਰਾਹਮਣ ਮੰਨਣ ਲਈ ਤਿਆਰ ਹਨ ਸਗੋਂ ਉਨ੍ਹਾਂ ਨੂੰ ਉਪਦੇਸ਼ ਹੈ: 'ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥ ਜਪੁ ਤਪੁ ਸੰਜਮੁ ਕਮਾਵੈ ਕਰਮੁ ॥ ਸੀਲ ਸੰਤੋਖ ਕਾ ਰਖੈ ਧਰਮੁ ॥ ਬੰਧਨ ਤੋੜੈ ਹੋਵੈ ਮੁਕਤੁ ॥ ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥' (ਸਲੋਕ ਵਾਰਾਂ ਤੇ ਵਧੀਕ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੪੧੧) 

ਸੁੰਨਤ ਕਰਾ ਕੇ ਅਤੇ ਕਲਮਾਂ ਪੜ੍ਹ ਕੇ ਮੁਸਲਮਾਨ ਅਖਵਾਉਣ ਵਾਲੇ ਨੂੰ ਮੁਸਲਮਾਨ ਮੰਨਣ ਲਈ ਤਿਆਰ ਨਹੀਂ ਤੇ ਉਸ ਨੂੰ ਉਪਦੇਸ਼ ਹੈ: 'ਮੁਸਲਮਾਣੁ ਕਹਾਵਣੁ ਮੁਸਕਲੁ; ਜਾ ਹੋਇ, ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ; ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ, ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ; ਕਰਤਾ ਮੰਨੇ, ਆਪੁ ਗਵਾਵੈ ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ; ਤ ਮੁਸਲਮਾਣੁ ਕਹਾਵੈ ॥੧॥' (ਮਾਝ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੪੧) ਭਾਵ (ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ। (ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ)। ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)। ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ। ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥'ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ ਨੇੜੈ; ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥' (ਮਾਰੂ ਸੋਲਹੇ ਮ: ੫, ਗੁਰੂ ਗ੍ਰੰਥ ਸਾਹਿਬ -ਪੰਨਾ ੧੦੮੪) ਭਾਵ ਹੇ ਖ਼ੁਦਾ ਦੇ ਬੰਦੇ! (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੁੰਦਾ ਹੈ ਅਤੇ ਜੋ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਧੋ ਦੇਂਦਾ ਹੈ। (ਉਹ ਮੁਸਲਮਾਨ) ਦੁਨੀਆਂ ਦੇ ਰੰਗ-ਤਮਾਸ਼ਿਆਂ ਦੇ ਨੇੜੇ ਨਹੀਂ ਢੁਕਦਾ (ਜੋ ਇਉਂ ਪਵਿੱਤਰ ਰਹਿੰਦਾ ਹੈ) ਜਿਵੇਂ ਫੁੱਲ ਰੇਸ਼ਮ ਘਿਉ ਅਤੇ ਮ੍ਰਿਗਛਾਲਾ ਪਵਿੱਤਰ (ਰਹਿੰਦੇ ਹਨ) ॥੧੩॥ ਠੀਕ ਇਸੇ ਤਰ੍ਹਾਂ ਕੇਵਲ ਚੋਲ਼ੇ ਪਾ ਕੇ ਗੋਲ਼ ਪੱਗਾਂ ਬੰਨ੍ਹ ਕੇ ਅਤੇ ਪਵਿੱਤਰ ਚੌਕੇ ਚੁੱਲ੍ਹਿਆਂ 'ਤੇ ਤਿਆਰ ਹੋਇਆ ਭੋਜਨ ਛੱਕ ਕੇ ਹੀ ਕੋਈ ਉਤਮ ਸਿੱਖ ਨਹੀ ਬਣ ਸਕਦਾ। ਸਿੱਖ ਬਣਨ ਲਈ ਵੀ ਸ਼ਰਤ ਹੈ: 'ਸੋ ਸਿਖੁ ਸਖਾ ਬੰਧਪੁ ਹੈ ਭਾਈ; ਜਿ ਗੁਰ ਕੇ ਭਾਣੇ ਵਿਚਿ ਆਵੈ ॥  ਆਪਣੈ ਭਾਣੈ ਜੋ ਚਲੈ ਭਾਈ; ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ, ਸੁਖੁ ਕਦੇ ਨ ਪਾਵੈ ਭਾਈ; ਫਿਰਿ ਫਿਰਿ ਪਛੋਤਾਵੈ ॥੧॥'  (ਸੋਰਠਿ ਮ: ੩, ਗੁਰੂ ਗ੍ਰੰਥ ਸਾਹਿਬ - ਪੰਨਾ ੬੦੧) ਪਰ ਜਿਹੜੇ ਡੇਰੇਦਾਰ ਗੁਰੂ ਕੇ ਭਾਣੇ ਵਿੱਚ ਆਉਣ ਲਈ ਤਿਆਰ ਹੀ ਨਹੀਂ ਤੇ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਪੰਥਕ ਰਹਿਤ ਮਰਿਆਦਾ ਨਾਲੋਂ ਆਪਣੇ ਡੇਰੇ ਦੀ ਮਰਿਆਦਾ ਨੂੰ ਹੀ ਪਹਿਲ ਦਿੰਦੇ ਹਨ ਉਹ ਤਾਂ ਸਿੱਖ ਅਖਵਾਉਣ ਦੇ ਵੀ ਹੱਕਦਾਰ ਨਹੀਂ ਪਰ ਇਹ ਪੰਥ ਦੀ ਦੁਖਾਂਤਕ ਤ੍ਰਾਸਦੀ ਹੀ ਹੈ ਕਿ ਇੱਕ ਅੱਧ ਨੂੰ ਛੱਡ ਕੇ ਸਾਡੇ ਜਥੇਦਾਰਾਂ ਸਮੇਤ ਪੰਥ ਦਾ ਵੱਡਾ ਹਿੱਸਾ ਇਨ੍ਹਾਂ ਆਪਣੇ ਭਾਣੇ ਵਿੱਚ ਚੱਲਣ ਵਾਲੇ ਮਨਮੁਖਾਂ ਨੂੰ ਸੰਤ ਮਹਾਂਪੁਰਖ ਬ੍ਰਹਮਗਿਆਨੀ ਆਖ ਕੇ ਵਡਿਆਈ ਦੇ ਰਿਹਾ ਹੈ।