Share on Facebook

Main News Page

ਆਪਣੇ ਦੇਸ਼ ਵਿੱਚ ਆਪਣੇ ਹੀ ਦੇਸ਼ ਦੇ ਬੇਦੋਸ਼ੇ ਨਾਗਰਿਕਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਵਾਲੇ, ਕਤਲ ਕਰਨ ਵਾਲੇ, ਮਨੁੱਖਤਾ ਦੇ ਕਾਤਲ ਕਿਹੜੇ ਮੂੰਹ ਨਾਲ ਸਰਬਜੀਤ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ?
- ਹਰਲਾਜ ਸਿੰਘ ਬਹਾਦਰਪੁਰ

“ਕੌਣ ਕਹੇ ਰਾਣੀਏ ਅੱਗਾ ਢੱਕ”

ਸਰਬਜੀਤ ਸਿੰਘ ਜੋ 22-23 ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ, ਉਪਰ ਜੇਲ੍ਹ ਵਿੱਚ ਬੰਦ ਹੋਰ ਕੈਦੀਆਂ ਨੇ 26-4-2013 ਨੂੰ ਜਾਨ ਲੇਵਾ ਹਮਲਾ ਕਰਕੇ ਜਖਮੀ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਖਮੀ ਹੋਏ ਸਰਬਜੀਤ ਸਿੰਘ ਦੀ 2-5-2013 ਨੂੰ ਮੌਤ ਹੋ ਗਈ। ਪੂਰੇ ਭਾਰਤੀ ਮੀਡੀਏ ਨੇ ਸਰਬਜੀਤ ਸਿੰਘ ’ਤੇ ਹੋਏ ਹਮਲੇ ਦੀਆਂ ਖਬਰਾਂ ਨੂੰ ਪ੍ਰਮੁੱਖਤਾ ਦਿੱਤੀ। ਪਹਿਲਾਂ ਵੀ ਮੀਡੀਆ ਸਰਬਜੀਤ ਦੀਆਂ ਖਬਰਾਂ ਨੂੰ ਪ੍ਰਮੁੱਖਤਾ ਦਿੰਦਾ ਰਿਹਾ ਹੈ। ਸਰਬਜੀਤ ਸਿੰਘ ਦੀ ਮੌਤ ਦੀ ਖ਼ਬਰ ਤੋਂ ਬਾਅਦ ਵੱਡੀ ਪੱਧਰ ’ਤੇ ਰੋਸ ਵਿਖਾਵੇ ਅਤੇ ਬਿਆਨਬਾਜੀ ਹੋਈ, ਜਿਸ ਵਿੱਚ ਪਾਕਿਸਤਾਨ ਦੀ ਸਰਕਾਰ ਦੇ ਨਾਲ-ਨਾਲ ਕੇਂਦਰ ਦੀ ਸਰਕਾਰ ਨੂੰ ਵੀ ਕੋਸਿਆ ਗਿਆ।

ਸਰਬਜੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਨੇ ਉਸਦੀਆਂ ਦੋਵੇਂ ਬੱਚੀਆਂ ਨੂੰ ਸਰਕਾਰੀ ਨੌਕਰੀ ਅਤੇ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਕੇਂਦਰ ਸਰਕਾਰ ਨੇ ਸਰਬਜੀਤ ਸਿੰਘ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਲੈਣ ਲਈ ਸ਼੍ਰੀ ਗੁਰੂ ਰਾਮਦਾਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ ਹੋਏ ਸਨ। ਛੋਟੇ ਤੋਂ ਲੈ ਕੇ ਵੱਡੇ ਲੀਡਰਾਂ ਤੱਕ ਸਭ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਾਕਿਸਤਾਨੀ ਸਰਕਾਰ ਦੀ ਨਿਖੇਧੀ ਕੀਤੀ, ਭਾਵ ਕਿ ਸਾਰੇ ਦੇਸ਼ ਨੇ ਸੋਗ ਮਨਾਇਆ। ਮੀਡੀਆ ਰਾਹੀਂ ਸਰਬਜੀਤ ਸਿੰਘ ਦੀ ਮੌਤ ਦੀਆਂ ਖਬਰਾਂ ਸੁਣ ਕੇ ਜਿੱਥੇ ਇੱਕ ਬੇਦੋਸ਼ੇ ਵਿਅਕਤੀ ਦੀ ਹੋਈ ਮੌਤ ਦਾ ਦੁੱਖ ਹੋਇਆ ਉੱਥੇ ਇੱਕ ਗੱਲ ਫ਼ਖ਼ਰ ਕਰਨ ਵਾਲੀ ਵੀ ਸਾਹਮਣੇ ਆਈ ਕਿ ਸਾਡੇ ਦੇਸ਼ ਦੇ ਨਾਗਰਿਕ ਦੀ ਬਹੁਤ ਕੀਮਤ ਹੈ, ਅੱਜ ਸਾਰਾ ਦੇਸ਼ ਸਰਬਜੀਤ ਸਿੰਘ ਦੇ ਪਰਿਵਾਰ ਨਾਲ ਖੜ੍ਹਾ ਹੈ। ਸਾਡੀ ਸੂਬਾ ਸਰਕਾਰ ਨੇ ਪੀੜ੍ਹਤ ਪਰਿਵਾਰ ਨੂੰ ਦਿਲ ਖੋਲ੍ਹ ਕੇ ਆਰਥਿਕ ਮੱਦਦ ਦਿੱਤੀ ਹੈ, ਬੱਚੀਆਂ ਨੂੰ ਸਰਕਾਰੀ ਨੌਕਰੀਆਂ ਤੇ ਸਰਬਜੀਤ ਸਿੰਘ ਨੂੰ ਕੌਮੀ ਸ਼ਹੀਦ ਵੀ ਐਲਾਨ ਦਿੱਤਾ ਗਿਆ।

ਖ਼ਬਰਾਂ ਅਨੁਸਾਰ ਸਰਬਜੀਤ ਨਸ਼ੇ ਦੀ ਹਾਲਤ ਵਿੱਚ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ, ਜਿਸ ਕਾਰਨ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ, ਜਿੱਥੇ ਉਸਨੇ 22-23 ਸਾਲ ਜੇਲ੍ਹ ਦੇ ਤਸੀਹੇ ਝੱਲੇ, ਅਖੀਰ ਜੇਲ੍ਹ ਦੇ ਹੋਰ ਕੈਦੀਆਂ ਨੇ ਉਸ ਉੱਪਰ ਜਾਨ ਲੇਵਾ ਹਮਲਾ ਕਰ ਦਿੱਤਾ, ਇਸ ਹਮਲੇ ਤੋਂ ਬਾਅਦ ਉਸਦੀ ਮੌਤ ਹੋ ਗਈ। ਆਪਣੇ ਦੇਸ਼ ਦੇ ਬੇਦੋਸ਼ੇ ਨਾਗਰਿਕ ਉੱਤੇ 22 ਸਾਲ ਤਸ਼ੱਦਦ ਹੋਣ ਅਤੇ ਉਸ ਦੀ ਮੌਤ ਹੋ ਜਾਣ ’ਤੇ ਪੂਰੇ ਦੇਸ਼ ਵਾਸੀਆਂ ਵੱਲੋਂ ਦੁੱਖ ਮਨਾਇਆ ਜਾਣਾ ਸਾਡੀ ਏਕਤਾ ਅਤੇ ਹਮਦਰਦੀ ਦਾ ਪ੍ਰਤੀਕ ਹੈ। ਪੂਰੇ ਦੇਸ਼ ਵਾਸੀਆਂ ਵੱਲੋਂ ਪੀੜਤ ਦੇ ਪਰਿਵਾਰ ਨਾਲ ਖੜ੍ਹਨਾ ਇਨਸਾਨੀ ਫਰਜ਼ ਵੀ ਹੈ। ਜੇ ਕਦੇ ਕਿਤੇ ਵੀ ਸਾਡੇ ਦੇਸ਼ ਦੇ ਨਾਗਰਿਕ ਉੱਤੇ ਤਸ਼ੱਦਦ ਹੁੰਦਾ ਹੈ ਜਾਂ ਬੇਦੋਸ਼ਾ ਮਾਰਿਆ ਜਾਂਦਾ ਹੈ ਤਾਂ ਸਾਨੂੰ ਸਾਰੇ ਨਾਗਰਿਕਾਂ ਨੂੰ ਅਤੇ ਸਾਡੀਆਂ ਸਰਕਾਰਾਂ ਨੂੰ ਸਰਬਜੀਤ ਸਿੰਘ ਦੇ ਵਾਂਗ ਹੀ ਦੁੱਖ ਦਾ ਪ੍ਰਗਟਾਵਾ ਅਤੇ ਹਮਦਰਦੀ ਦਾ ਇਜ਼ਹਾਰ ਕਰਨਾ ਚਾਹੀਦਾ ਹੈ।

ਪਰ ਇੱਥੇ ਮਨ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਰਬਜੀਤ ਸਿੰਘ ਦੀ ਮੌਤ ਉੱਤੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲੇ ਦੇਸ਼ ਵਾਸੀਆਂ ਅਤੇ ਸਰਕਾਰਾਂ ਸਾਡੇ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਸਰਬਜੀਤ ਸਿੰਘ ਵਾਂਗ ਆਪਣੇ ਨਾਗਰਿਕ ਸਮਝਦੀਆਂ ਹਨ? ਜੇ ਸਮਝਦੀਆਂ ਹਨ ਤਾਂ ਫਿਰ ਸਾਡੇ ਪੰਜਾਬ ਸਮੇਤ ਪੂਰੇ ਦੇਸ਼ ਦੀਆਂ ਜੇਲ੍ਹਾਂ ਵਿੱਚ 20-20 ਸਾਲਾਂ ਤੋਂ ਬੇਦੋਸ਼ੇ ਨਾਗਰਿਕਾਂ ਨੂੰ ਕਿਉਂ ਬੰਦ ਕੀਤਾ ਹੋਇਆ ਹੈ? ਕੀ ਉਹ ਸਰਬਜੀਤ ਵਾਂਗ ਸਾਡੇ ਦੇਸ਼ ਦੇ ਪੁੱਤਰ ਨਹੀਂ ਹਨ? ਕੀ ਬੇਦੋਸ਼ਿਆਂ ਉੱਤੇ ਜੁਲਮ ਸਿਰਫ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਹੀ ਹੁੰਦੇ ਹਨ? ਸਾਡੇ ਦੇਸ਼, ਪੰਜਾਬ ਦੀਆਂ ਜੇਲ੍ਹਾਂ ਵਿੱਚ ਬੇਦੋਸ਼ਿਆਂ ਉੱਤੇ ਜੁਲਮ ਨਹੀਂ ਹੁੰਦੇ? ਕੀ ਸਾਡੇ ਦੇਸ਼ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਉੱਤੇ ਹਮਲੇ ਨਹੀਂ ਹੁੰਦੇ? ਕੀ ਸਾਡੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀ ਨਹੀਂ ਮਰਦੇ? ਪਾਕਿਸਤਾਨ ਦੀ ਸਰਕਾਰ ਨੇ ਗਲਤੀ ਨਾਲ ਜਾਂ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖ਼ਲ ਹੋਏ ਸਰਬਜੀਤ ਸਿੰਘ (ਬੇਦੋਸ਼ੇ) ਨੂੰ ਜੇਲ੍ਹ ਵਿੱਚ ਬੰਦ ਕੀਤਾ ਤੇ ਬੰਬ ਧਮਾਕਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਫਾਂਸੀ ਦੀ ਸਜਾ ਸੁਣਾਈ। ਫਿਰ ਕੀ ਸਾਡੇ ਦੇਸ਼ ਦੀਆਂ ਜੇਲ੍ਹਾਂ ਵਿੱਚ ਹਜਾਰਾਂ ਬੇਦੋਸ਼ੇ ਸਰਬਜੀਤਾਂ ਨੂੰ ਬੰਦ ਨਹੀਂ ਕੀਤਾ ਹੋਇਆ?

ਕਾਂਗਰਸ ਨੇ 1984 ਵਿੱਚ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਵਾਇਆ, ਭਾਜਪਾ ਦੇ ਨਰਿੰਦਰ ਮੋਦੀ ਨੇ 2002 ਵਿੱਚ ਗੁਜਰਾਤ ਵਿੱਚ ਬੇਦੋਸ਼ੇ ਮੁਸਲਮਾਨਾਂ ਦਾ ਤਕਲੇਆਮ ਕਰਵਾਇਆ, ਬਾਦਲ ਦੋਹੇਂ ਕਾਤਲ ਪਾਰਟੀਆਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਹਿਮਤ ਹੈ, ਬਾਦਲ ਨੇ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਦੇ ਕੇ ਸਨਮਾਨਿਆ, ਫਿਰ ਇਹ ਆਪਣੇ ਦੇਸ਼ ਵਿੱਚ ਆਪਣੇ ਹੀ ਦੇਸ਼ ਦੇ ਬੇਦੋਸ਼ੇ ਨਾਗਰਿਕਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਵਾਲੇ, ਕਤਲ ਕਰਨ ਵਾਲੇ, ਮਨੁੱਖਤਾ ਦੇ ਕਾਤਲ ਕਿਹੜੇ ਮੂੰਹ ਨਾਲ ਸਰਬਜੀਤ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਕਿਹੜੇ ਮੂੰਹ ਨਾਲ ਪਾਕਿਸਤਾਨ ਦੀ ਨਿਖੇਧੀ ਕਰ ਰਹੇ ਹਨ? ਕਿਉਂਕਿ ਪਾਕਿਸਤਾਨ ਨੇ ਤਾਂ ਦੂਜੇ (ਦੁਸ਼ਮਣ) ਦੇਸ਼ ਦੇ ਨਾਗਰਿਕ ਨੂੰ ਆਪਣੇ ਦੇਸ਼ ਵਿੱਚ ਦਾਖ਼ਲ ਹੋਣ ’ਤੇ ਜੇਲ੍ਹ ਵਿੱਚ ਸੁੱਟਿਆ ਸੀ, ਸਾਡੀਆਂ ਸਰਕਾਰਾਂ ਤਾਂ ਸਾਡੇ ਆਪਣੇ ਹੀ ਦੇਸ਼ ਦੇ ਬੇਦੋਸ਼ੇ ਨਾਗਰਿਕਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀਆਂ ਹਨ, ਕਤਲ ਕਰ ਰਹੀਆਂ ਹਨ। ਜੇ ਵਿਦੇਸ਼ਾਂ ਦੇ ਹਵਾਈ ਅੱਡਿਆਂ ਉੱਤੇ ਉਨ੍ਹਾਂ ਦੇ ਕਾਨੂੰਨ ਮੁਤਾਬਿਕ ਕਿਸੇ ਸਿੱਖ ਨੂੰ ਪੱਗ ਦੀ ਤਲਾਸ਼ੀ ਲਈ ਰੋਕਿਆ ਜਾਵੇ ਤਾਂ ਅਕਾਲੀ ਦਲ ਬਾਦਲ ਦੇ ਵਰਕਰ ਤੇ ਆਗੂ ਪੱਗ ਦੇ ਮੁੱਦੇ ’ਤੇ ਵਿਦੇਸ਼ੀ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਰੋਸ ਵਿਖਾਵੇ ਕਰਦੇ ਹਨ ਪਰ ਪੰਜਾਬ ਵਿੱਚ ਪੱਗ ਅਤੇ ਚੁੰਨੀ ਦੀ ਕੀ ਹਾਲਤ ਹੈ, ਪੰਜਾਬ ਪੁਲਿਸ ਦੇ ਜਵਾਨ ਡਾਂਗਾਂ ਨਾਲ ਪੱਗਾਂ ਤੇ ਚੁੰਨੀਆਂ ਲਾਹੁੰਦੇ ਹਨ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਕਿਵੇਂ ਕੇਸਾਂ ਤੋਂ ਫੜ ਕੇ ਘਸੀਟਦੇ ਹਨ ਇਸ ਬਾਰੇ ਸਾਰੇ ਹੀ ਜਾਣਦੇ ਹਨ। ਇੱਥੇ ਪੱਗ ਬਾਰੇ ਇੱਕ ਮਿਸਾਲ ਦੇਣੀ ਠੀਕ ਹੀ ਹੋਵੇਗੀ।

29 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਗੁਰਦਾਸਪੁਰ ਵਿਖੇ ਰੋਸ ਮਾਰਚ ਕਰਦੇ ਸਮੇਂ ਹੋਏ ਝਗੜੇ ਵਿੱਚ ਕੁੱਝ ਹਿੰਦੂ ਕੱਟੜ ਪੰਥੀਆਂ ਨੇ ਇੱਕ ਸਿੱਖ ਦੀ ਪੱਗ ਲਾਹ ਕੇ ਸਾੜ ਦਿੱਤੀ ਸੀ। ਇਸ ਘਟਨਾ ਦੇ ਵਿਰੁੱਧ 30 ਮਾਰਚ ਨੂੰ ਰੋਸ ਮੁਜਾਹਰਾ ਕਰਦੇ ਸਿੱਖਾਂ ਉੱਤੇ ਬਾਦਲ ਸਰਕਾਰ ਦੀ ਪੰਜਾਬ ਪੁਲਿਸ ਨੇ ਗੋਲ਼ੀਆਂ ਚਲਾ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਕਈ ਹੋਰ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ, ਇਹ ਸੀ ਪੰਜਾਬ ਸਰਕਾਰ ਦੀ ਆਪਣੇ ਨਾਗਰਿਕਾਂ ਪ੍ਰਤੀ ਹਮਦਰਦੀ ਅਤੇ ਪੱਗ ਦਾ ਸਤਿਕਾਰ। ਸਰਬਜੀਤ ਸਿੰਘ ਦੇ ਹਮਦਰਦੀ ਬਣੇ ਬਾਦਲ ਦਾ ਇਹ ਹੈ ਅਸਲੀ ਚੇਹਰਾ।

ਕੌਣ ਨਹੀਂ ਜਾਣਦਾ ਕਿ ਬੇਦੋਸ਼ੇ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇਣ ਵਾਲੇ ਅਤੇ ਇੱਕ ਕਰੋੜ ਰੁਪਏ ਦੀ ਸਹਾਇਤਾ ਕਰਨ ਵਾਲੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਚੇਹਰੇ ਨੂੰ; ਜਿਸਨੇ ਪੰਜਾਬ ਦੇ ਹਜਾਰਾਂ ਬੇਦੋਸ਼ਿਆਂ ਨੂੰ ਮਾਰ ਕੇ ਸਾੜਣ ਵਾਲਿਆਂ ਨੂੰ ਉੱਚੇ ਅਹੁਦੇ ਦੇ ਕੇ ਸਨਮਾਨਿਆ ਹੈ। ਪਾਕਿਸਤਾਨ ਨੂੰ ਦੁਸ਼ਮਣ ਮੰਨਣ ਵਾਲੀ ਜਮਾਤ ਦੇ ਪਾਲਤੂ ਬਾਦਲ ਨੇ ਪੰਜਾਬ ਵਿੱਚੋਂ ਖਾੜਕੂ ਬਣਾ ਕੇ ਮਾਰੇ ਗਏ ਬੇਦੋਸ਼ਿਆਂ ਅਤੇ ਖਾੜਕੂਆਂ ਦੇ ਨਾਮ ’ਤੇ ਲੁਟੇਰਿਆਂ ਜਾਂ ਏਜੰਸੀਆਂ ਦੇ ਨਕਲੀ ਖਾੜਕੂਆਂ ਵੱਲੋਂ ਮਾਰੇ ਗਏ ਬੇਦੋਸ਼ਿਆਂ ਦੇ ਪਰਿਵਾਰਾਂ ਨੂੰ ਅਤੇ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਕਿੰਨੀ ਕੁ ਸਹਾਇਤਾ ਦਿੱਤੀ ਹੈ? ਕੀ ਉਹ ਸਾਡੇ ਦੇਸ਼ ਦੇ ਨਾਗਰਿਕ ਨਹੀਂ ਸਨ? ਸਾਨੂੰ ਸਰਬਜੀਤ ਸਿੰਘ ਦੀ ਮੌਤ ਦਾ ਦੁੱਖ ਹੈ ਅਤੇ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਵੀ ਹੈ। ਪਰਿਵਾਰ ਨੂੰ ਮਿਲੀ ਸਹਾਇਤਾ ’ਤੇ ਵੀ ਕੋਈ ਕਿੰਤੂ ਨਹੀਂ, ਪਰ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੋਹਾਂ ਲੜਕੀਆਂ ਨੂੰ ਸਰਕਾਰੀ ਨੌਕਰੀ, ਸਰਬਜੀਤ ਸਿੰਘ ਨੂੰ ਕੌਮੀ ਸ਼ਹੀਦ ਦਾ ਖ਼ਿਤਾਬ ਅਤੇ ਕੇਂਦਰ ਸਰਕਾਰ ਵੱਲੋਂ 25 ਲੱਖ ਰੁਪਏ ਦੀ ਸਹਾਇਤਾ, ਸਰਬਜੀਤ ਸਿੰਘ ਦੇ ਬੇਦੋਸ਼ਾ ਹੋਣ ਤੇ ਸ਼ੰਕੇ ਖੜ੍ਹੇ ਕਰਦੀ ਹੈ।

ਸਾਡੇ ਦੇਸ਼ ਦਾ ਮੀਡੀਆ ਅਤੇ ਸਰਕਾਰਾਂ ਜਿੰਨ੍ਹਾ ਮਰਜੀ ਕਹੀ ਜਾਣ ਕਿ ਸਰਬਜੀਤ ਸਿੰਘ ਬੇਦੋਸ਼ਾ ਸੀ, ਉਹ ਤਾਂ ਐਵੇਂ ਹੀ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ, ਪਰ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ। ਕਿਉਂਕਿ ਸਾਡੇ ਦੇਸ਼ ਵਿੱਚ ਆਮ ਨਾਗਰਿਕ ਦੀ ਤਾਂ ਕੋਈ ਥਾਣੇ ਵਿੱਚ ਰਿਪੋਰਟ ਵੀ ਨਹੀਂ ਲਿਖਦਾ। ਸਰਕਾਰਾਂ ਨੇ ਤਾਂ ਸੁਣਨੀ ਹੀ ਕੀ ਹੈ? ਆਮ ਨਾਗਰਿਕ ਨੂੰ ਇਨੀ ਵੱਡੀ ਸਹਾਇਤਾ ਦੇਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਸਰਕਾਰਾਂ ਵੱਲੋਂ ਇੰਨੀ ਹਮਦਰਦੀ ਦਾ ਪ੍ਰਗਟਾਵਾ ਸਿੱਧ ਕਰਦਾ ਹੈ ਕਿ ਸਬਰਜੀਤ ਸਿੰਘ ਨੂੰ ਸਾਡੀਆਂ ਸਰਕਾਰਾਂ ਨੇ ਕਿਸੇ ਖਾਸ ਮਕਸੱਦ ਲਈ ਹੀ ਪਾਕਿਸਤਾਨ ਭੇਜਿਆ ਸੀ। ਪੰਜਾਬ ਵਿੱਚ ਹਜਾਰਾਂ ਪੰਜਾਬ ਦੇ ਬੇਦੋਸ਼ੇ ਪੁੱਤਰਾਂ (ਸਰਬਜੀਤਾਂ) ਨੂੰ ਮਿੱਟੀ ਵਿੱਚ ਮਿਲਾ ਦਿੱਤਾ, ਜਿੰਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਜੇ ਕਿਤੇ ਇਹੀ ਸਰਬਜੀਤ ਸਿੰਘ ਪੰਜਾਬ ਪੁਲਿਸ ਦੇ ਅੜਿੱਕੇ ਚੜ੍ਹਿਆ ਹੁੰਦਾ ਤਾਂ ਉਸਦੇ ਪਰਿਵਾਰ ਨੂੰ ਉਸਦੀ ਲਾਸ਼ ਵੀ ਨਹੀਂ ਸੀ ਮਿਲਣੀ।

ਖਬਰਾਂ ਅਨੁਸਾਰ ਸਰਬਜੀਤ ਸਿੰਘ ਬੇਦੋਸ਼ਾ ਸੀ, ਉਹ ਗਲਤੀ ਨਾਲ ਹੱਦ ਪਾਰ ਕਰ ਗਿਆ, ਜਿਥੇ ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ, ਕੋਈ ਮਨਜੀਤ ਸਿੰਘ ਨਾਮ ਦਾ ਵਿਅਕਤੀ ਦੋਸ਼ੀ ਸੀ, ਉਸ ਦੀ ਥਾਂ ਉੱਤੇ ਜਾਂ ਨਾਮ ’ਤੇ ਹੀ ਸਰਬਜੀਤ ਸਿੰਘ ਨੂੰ ਦੋਸ਼ੀ ਮੰਨਿਆ ਗਿਆ ਸੀ, ਜੋ ਬਹੁਤ ਮਾੜਾ ਹੋਇਆ। ਕਿਉਂਕਿ ਕਿਸੇ ਹੋਰ ਦੀ ਥਾਂ ਕਿਸੇ ਹੋਰ ਬੇਦੋਸ਼ੇ ਨੂੰ ਸਜ਼ਾ ਦੇਣੀ ਜਾਂ ਕੈਦ ਵਿੱਚ ਰੱਖਣਾ ਜੁਰਮ ਹੈ। ਪਰ ਪਾਕਿਸਤਾਨ ਨੇ ਤਾਂ ਹੱਦ ਪਾਰ ਕਰਕੇ ਆਪਣੇ ਦੇਸ਼ ਵਿੱਚ ਆਏ ਵਿਅਕਤੀ ਨੂੰ ਹੀ ਜੇਲ੍ਹ ਵਿੱਚ ਸੁੱਟਿਆ ਸੀ ਬੇਸ਼ੱਕ ਉਹ ਗਲਤੀ ਨਾਲ ਹੀ ਗਿਆ ਸੀ, ਪਰ ਸਾਡੇ ਆਪਣੇ ਦੇਸ਼, ਪੰਜਾਬ ਵਿੱਚ ਤਾਂ ਦੋਸ਼ੀ ਵਿਅਕਤੀਆਂ ਦੀ ਥਾਂ ਹਜਾਰਾਂ ਬੇਦੋਸ਼ਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਕੇ ਸਾੜ ਦਿੱਤਾ, ਸੈਂਕੜੇ ਖਾੜਕੂ ਜਿੰਨ੍ਹਾਂ ਦੇ ਸਿਰਾਂ ਤੇ ਇਨਾਮ ਰੱਖਿਆ ਹੋਇਆ ਸੀ, ਪੁਲਿਸ ਨੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਵਿਖਾ ਕੇ ਇਨਾਮ ਪ੍ਰਾਪਤ ਕਰ ਲਏ ਹਨ ਪਰ ਉਹ ਖਾੜਕੂ ਅੱਜ ਵੀ ਜਿਉਂਦੇ ਹਨ, ਫਿਰ ਜੋ ਉਹਨਾਂ ਇਨਾਮੀ ਖਾੜਕੂਆਂ ਦੀ ਥਾਂ ਤੇ ਮਾਰੇ ਗਏ ਉਹ ਕੌਣ ਸਨ? ਇਸ ਦਾ ਜਵਾਬ ਕੌਣ ਦੇਵੇਗਾ?

ਇਸਦਾ ਮਤਲਬ ਤਾਂ ਇਹ ਹੋਇਆ ਕਿ ਹਿੰਦੂਸਤਾਨੀ ਸਰਕਾਰਾਂ ਆਪ ਆਪਣੇ ਦੇਸ਼ ਦੇ ਨਾਗਰਿਕਆਂ ਨੂੰ ਜਿਵੇਂ ਮਰਜੀ ਜੇਲ੍ਹਾਂ ਵਿੱਚ ਸੁੱਟਣ, ਕਤਲ ਕਰਨ ਉਹ ਫੇਰ ਵੀ ਸਾਡੀਆਂ ਹਿਤੈਸ਼ੀ ਤੇ ਆਪਣੀਆਂ ਹਨ। ਪਰ ਜਿਸ ਦੇਸ਼ ਨੂੰ ਸਾਡੇ ਦੇਸ਼ ਦੇ ਘੱਟ ਗਿਣਤੀਆਂ ਦੇ ਦੁਸ਼ਮਣਾਂ ਅਤੇ ਦੇਸ਼ ਦੇ ਅਖੌਤੀ ਮਾਲਕਾਂ ਨੇ ਆਪਣਾ ਦੁਸ਼ਮਣ ਪ੍ਰਚਾਰਿਆ ਤੇ ਮੰਨਿਆ ਹੋਇਆ ਹੈ ਜੇ ਉੱਥੇ ਕੋਈ ਮਰ ਜਾਵੇ ਤਾਂ ਇਹ ਉਸਦੀ ਨਿਖੇਧੀ ਕਰਦੇ ਨਹੀਂ ਥੱਕਦੇ, ਕਿਉਂਕਿ ਇਹ ਦੇਸ਼ ਦੇ ਮਾਲਕ ਜੋ ਹੋਏ, ਇਹਨਾਂ ਨੂੰ ਕੌਣ ਕਹੇ ਕਿ ਰਾਣੀਏ ਅੱਗਾ ਢੱਕ।

ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿਨ - 151501
ਮੋ : 94170-23911


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top