Share on Facebook

Main News Page

ਲਹਿਰੇਖਾਨੇ ਵਿੱਚ ਕਈ ਸਾਲਾਂ ਤੋਂ ਚੱਲ ਰਿਹਾ ਜਾਤੀ ਵਿਵਾਦ ਜਥੇਦਾਰ ਨੰਦਗੜ੍ਹ ਦੇ ਯਤਨਾ ਸਦਕਾ ਹੋਇਆ ਹੱਲ

ਬਠਿੰਡਾ, 7 ਮਈ (ਕਿਰਪਾਲ ਸਿੰਘ, ਤੁੰਗਵਾਲੀ): ਬਠਿੰਡਾ ਜ਼ਿਲ੍ਹਾ ਦੇ ਪਿੰਡ ਲਹਿਰੇਖਾਨੇ ਵਿੱਚ ਕਈ ਸਾਲਾਂ ਤੋਂ ਚੱਲ ਰਿਹਾ ਜਾਤੀ ਵਿਵਾਦ ਜਥੇਦਾਰ ਨੰਦਗੜ੍ਹ ਦੇ ਯਤਨਾ ਸਦਕਾ ਅੱਜ ਪੂਰਨ ਤੌਰ ’ਤੇ ਉਸ ਸਮੇਂ ਹੱਲ ਹੋ ਗਿਆ ਜਦੋਂ ਤਖ਼ਤ ਦਮਦਮਾ ਸਾਹਿਬ ਤੋਂ ਆਏ ਪੰਜ ਪਿਆਰੇ ਭਾਈ ਦਿਲਬਾਗ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਕੇਵਲ ਸਿੰਘ, ਭਾਈ ਹਰਮੀਤ ਸਿੰਘ, ਭਾਈ ਕੇਵਲ ਸਿੰਘ ਅਤੇ ਉਨ੍ਹਾਂ ਨਾਲ ਧਰਮ ਪ੍ਰਚਾਰ ਕਮੇਟੀ ਮਾਲਵਾ ਜ਼ੋਨ ਦੇ ਇੰਚਾਰਜ ਭਾਈ ਜਗਤਾਰ ਸਿੰਘ ਜੰਗੀਆਣਾ ਨੇ ਦਲਿਤ ਭਾਈਚਾਰੇ ਵੱਲੋਂ ਗੁਰਦੁਆਰੇ ’ਚ ਅਕਾਲ ਪੁਰਖ਼ ਦੇ ਸ਼ੁਕਰਾਨੇ ਲਈ ਰੱਖੇ ਗਏ ਅਖੰਡਪਾਠ ਦੇ ਭੋਗ ਉਪ੍ਰੰਤ 34 ਪ੍ਰਾਣੀਆਂ ਨੂੰ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਖੰਡੇਬਾਟੇ ਦੀ ਪਾਹੁਲ ਛਕਾਈ ਅਤੇ ਦੋਵੇਂ ਧਿਰਾਂ ਦੀ ਸਾਂਝੀ ਮੀਟਿੰਗ ਕਰਵਾ ਕੇ 27 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਹੂਬਹੂ ਲਾਗੂ ਕਰਵਾ ਦਿੱਤਾ।

ਇਹ ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ’ਚ ਡੇਰਾ ਰੂੰਮੀ ਵਾਲਿਆਂ ਦੀ ਮਰਿਆਦਾ ਚੱਲਣ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਦਲਿਤ ਭਾਈਚਾਰੇ ਦੇ ਸਿੰਘਾਂ ਲਈ ਲੰਗਰ ’ਚ ਵੱਖਰੀ ਪੰਕਤ ਲਾਈ ਜਾਂਦੀ ਸੀ, ਉਨ੍ਹਾਂ ’ਤੇ ਗਰੂ ਕਾ ਲੰਗਰ ਬਣਾਉਣ ਤੇ ਛਕਾਉਣ ਦੀ ਸੇਵਾ ਨਿਭਉਣ ’ਤੇ ਪਾਬੰਦੀ ਸੀ। ਇਸ ਤੋਂ ਵੀ ਵੱਧ ਅਫਸੋਸਨਾਕ ਗੱਲ ਇਹ ਸੀ ਕਿ ਦਲਿਤ ਭਾਈਚਾਰੇ ਦੇ ਗੁਰਦੁਆਰਾ ਸਾਹਿਬ ’ਚ ਅਖੰਡਪਾਠ, ਅਨੰਦਕਾਰਜ ਕਰਨ ਦੀ ਇਜਾਜਤ ਨਹੀਂ ਸੀ। ਇਥੋਂ ਤੱਕ ਕਿ ਦਲਿਤਭਾਈਚਾਰੇ ਦੇ ਸਿੰਘ ਸਿੰਘਣੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਉਪ੍ਰੰਤ ਪ੍ਰਕਰਮਾ ਕਰਨ ਤੋਂ ਵੀ ਰੋਕ ਦਿੱਤਾ ਜਾਂਦਾ ਸੀ। ਮਾਰਚ ਮਹੀਨੇ ’ਚ ਪੁਲਿਸ ਦੀ ਮੱਦਦ ਨਾਲ ਦਲਿਤਭਾਈਚਾਰੇ ਵੱਲੋਂ ਰਖਵਾਏ ਗਏ ਸਹਿਜਪਾਠ ਦੇ ਭੋਗ ਸਮਾਗਮ ਸਮੇਂ ਗੁਰੂਘਰ ਦੇ ਲੰਗਰ ਵਿੱਚ ਗੁਰੂ ਕੀ ਦੇਗ ਅਤੇ ਲੰਗਰ ਬਣਾਉਣ ਤੋਂ ਰੋਕੇ ਜਾਣ ਅਤੇ ਇੱਕ ਦਲਿਤ ਲੜਕੀ ਦੇ ਗੁਰਦੁਆਰੇ ਵਿੱਚ ਅਨੰਦਕਾਰਜ ਦੀ ਮਰਿਆਦਾ ਨਿਭਾਉਣ ਤੋਂ ਨਾਹ ਕੀਤੇ ਜਾਣ ’ਤੇ ਪਿੰਡ ਦੇ ਪੰਚ ਭਾਈ ਮਨਜੀਤ ਸਿੰਘ, ਭੋਲਾ ਸਿੰਘ, ਹਰਜੀਤ ਸਿੰਘ ਪੰਚ, ਬਲਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਆਦਿ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਿਕਾਇਤ ਕਰ ਦਿੱਤੀ। ਤਖਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੇ ਇਸ ਦਾ ਤੁਰੰਤ ਨੋਟਿਸ ਲਿਆ ਤੇ ਗੁਰਦੁਆਰੇ ਦੀ ਕਮੇਟੀ ਨੂੰ ਸਪਸ਼ਟੀਕਰਨ ਦੇਣ ਲਈ ਪਹਿਲੀ ਅਪ੍ਰੈਲ ਨੂੰ ਤਖ਼ਤ ਸਾਹਿਬ ’ਤੇ ਤਲਬ ਕਰ ਲਿਆ। ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸੁਣਨ ਉਪ੍ਰੰਤ ਗੁਰਦੁਆਰਾ ਕਮੇਟੀ ਨੂੰ ਸਖਤ ਤਾੜਨਾ ਕੀਤੀ ਤੇ ਅਗਲੀ ਕਾਰਵਾਈ ਕਰਨ ਲਈ ਮਾਮਲਾ ਅਕਾਲ ਤਖ਼ਤ ਸਾਹਿਬ ’ਤੇ ਭੇਜ ਦਿੱਤਾ।

ਡੇਰਾ ਰੂੰਮੀ ਮੁਖੀ ਬਾਬਾ ਸੁਖਦੇਵ ਸਿੰਘ ਦੇ ਰਾਜਸੀ ਪ੍ਰਭਾਵ ਸਦਕਾ ਬੇਸ਼ੱਕ ਉਨ੍ਹਾਂ ਸਮੇਤ ਹੋਰਨਾਂ ਕਈਆਂ ਦਾ ਖਿਆਲ ਸੀ ਕਿ ਅਕਾਲ ਤਖ਼ਤ ਤੋਂ ਕੋਈ ਐਸਾ ਫੈਸਲਾ ਨਹੀਂ ਹੋਵੇਗਾ ਜਿਹੜਾ ਬਾਬਾ ਸੁਖਦੇਵ ਸਿੰਘ ਨੂੰ ਮਨਜੂਰ ਨਾ ਹੋਵੇ। ਪਰ ਕੁਝ ਵਿਦਵਾਨਾਂ ਵੱਲੋਂ ਇਸ ਵਿਰੁੱਧ ਅਵਾਜ਼ ਉਠਾਉਣ, ਗਿਆਨੀ ਨੰਦਗੜ੍ਹ ਵੱਲੋਂ ਸਖਤ ਸਟੈਂਡ ਲੈਣ ਅਤੇ ਸੱਚ ਕੀ ਬੇਲਾ ਦੇ ਮੁੱਖ ਸੰਪਾਦਕ ਭਾਈ ਅਨਭੋਲ ਸਿੰਘ ਦੀਵਾਨਾ ਵੱਲੋਂ ਨਿਜੀ ਤੌਰ ’ਤੇ ਕੀਤੀ ਪੈਰਵਾਈ ਸਦਕਾ 27 ਅਪ੍ਰੈਲ ਨੂੰ ਅਕਾਲ ਤਖ਼ਤ ’ਤੇ ਪੰਜੇ ਜਥੇਦਾਰਾਂ ਨੇ ਦੋਵਾਂ ਧਿਰਾਂ ਨੂੰ ਸੁਣਨ ਉਪ੍ਰੰਤ ਪਹਿਲੀਵਾਰ ਰਾਜਨੀਤਕ ਪ੍ਰਭਾਵ ਤੋਂ ਮੁਕਤ ਹੋ ਕੇ ਫੈਸਲਾ ਗੁਰਮਤਿ ਅਨੁਸਾਰ ਕੀਤਾ ਭਾਵੇਂ ਜਾਤੀ ਵਿਤਕਰਾ ਕਰਨ ਦੇ ਸੂਤਰਧਾਰ ਅਤੇ ਪ੍ਰਬੰਧਕੀ ਕਮੇਟੀ ਨੂੰ ਕੋਈ ਤਨਖ਼ਾਹ ਨਹੀਂ ਸੀ ਲਾਈ ਗਈ, ਜਿਸ ਨੂੰ ਰਾਜਸੀ ਦਬਾਅ ਤੋਂ ਪ੍ਰਭਾਵਿਤ ਹੋਣਾ ਹੀ ਕਿਹਾ ਜਾ ਸਕਦਾ ਹੈ।

ਗੁਰਮਤਿ ਅਨੁਸਾਰੀ ਹੋਏ ਇਸ ਫੈਸਲੇ ਨੂੰ ਕਿਸੇ ਦੀ ਵਿਅਕਤੀਗਤ ਜਿੱਤ ਹਾਰ ਨਾ ਲੈਂਦੇ ਹੋਏ ਦਲਿਤ ਭਾਈਚਾਰੇ ਨੇ ਅਕਾਲਪੁਰਖ਼ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ’ਚ 5 ਮਈ ਨੂੰ ਅਖੰਡਪਾਠ ਰਖਵਾਇਆ ਤੇ 7 ਮਈ ਨੂੰ ਭੋਗ ਸਮੇਂ ਅੰਮ੍ਰਿਤ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ। ਅਖੰਡਪਾਠ ਦੇ ਭੋਗ ਉਪ੍ਰੰਤ ਭਾਈ ਗੁਰਮੀਤ ਸਿੰਘ ਨੇ ਕਥਾ ਕੀਤੀ ਅਤੇ ਗਿਆਨੀ ਨੰਦਗੜ੍ਹ ਵੱਲੋਂ ਭੇਜੇ ਗਏ ਪੰਜ ਪਿਆਰਿਆਂ ਨੇ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਖੰਡੇਬਾਟੇ ਦੀ ਪਾਹੁਲ ਛਕਾਈ ਜਿਸ ਵਿੱਚ 34 ਸਿੰਘ ਸਿੰਘਣੀਆਂ ਨੇ ਪਾਹੁਲ ਛਕੀ ਜਿਸ ਵਿੱਚ ਬਹੁ ਗਿਣਤੀ ਦਲਿਤ ਭਾਈਚਾਰੇ ਨਾਲ ਹੀ ਸਬੰਧਤ ਸੀ।

ਅੰਮ੍ਰਿਤ ਸਮਾਗਮ ਉਪ੍ਰੰਤ ਪੰਜ ਪਿਆਰਿਆਂ ਨੇ ਦੋਵਾਂ ਧਿਰਾਂ ਦੀ ਸਾਂਝੀ ਮੀਟਿੰਗ ਕੀਤੀ ਜਿਸ ਦੌਰਾਨ ਅਕਾਲ ਤਖ਼ਤ ਸਾਹਿਬ ਤੋਂ ਹੋਏ ਫੈਸਲੇ ਨੂੰ ਲਾਗੂ ਕਰਦਿਆਂ ਦਲਿਤ ਭਾਈਚਾਰੇ ਦੇ ਦੋ ਅੰਮ੍ਰਿਧਾਰੀ ਗੁਰਸਿੱਖ ਭਾਈ ਮਨਜੀਤ ਸਿੰਘ ਅਤੇ ਜਰਨੈਲ ਸਿੰਘ ਨੂੰ ਪਹਿਲਾਂ ਤੋਂ ਬਣੀ 13 ਮੈਂਬਰੀ ਕਮੇਟੀ ਵਿੱਚ ਸ਼ਾਮਲ ਕਰਨ ਉਪ੍ਰੰਤ 15 ਮੈਂਬਰੀ ਕਮੇਟੀ ਬਣਾ ਦਿੱਤੀ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਦਾ ਕੋਈ ਵੀ ਕੰਮ ਜਾਂ ਸਮਾਗਮ ਕਰਨ ਤੋਂ ਪਹਿਲਾਂ ਕਮੇਟੀ ਦੀ ਇੱਕ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਇਨ੍ਹਾਂ ਦੋ ਦਲਿਤ ਮੈਂਬਰਾਂ ਸਮੇਤ ਘੱਟ ਤੋਂ ਘੱਟ 10 ਮੈਂਬਰ ਹਾਜਰ ਹੋਣੇ ਲਾਜਮੀ ਹੋਣਗੇ। ਕਿਸੇ ਵੀ ਫੈਸਲੇ ਲਈ ਇਨ੍ਹਾਂ ਦੋ ਦਲਿਤ ਮੈਂਬਰਾਂ ਦੀ ਸਹਿਮਤੀ ਜਰੂਰੀ ਹੈ ਭਾਵ ਵੀਟੋ ਪਾਵਰ ਦਲਿਤ ਭਾਈਚਾਰੇ ਨੂੰ ਮਿਲ ਗਈ ਹੈ। ਹਰ ਮਹੀਨੇ ਗੁਰੂ ਕੀ ਗੋਲਕ ਇਨ੍ਹਾਂ ਦੋ ਮੈਂਬਰਾਂ ਦੀ ਹਾਜਰੀ ਵਿੱਚ ਖੁਲ੍ਹੇਗੀ ਤੇ ਆਮਦਨ ਖਰਚ ਦਾ ਪੂਰਾ ਹਿਸਾਬ ਕਿਤਾਬ ਕਰਕੇ ਉਸ ਦੀ ਇੱਕ ਕਾਪੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਭੇਜੀ ਜਾਵੇਗੀ। ਅਕਾਲ ਤਖ਼ਤ ਸਾਹਿਬ ਦੇ ਫੈਸਲੇ ਅਨੁਸਾਰ ਇਹ ਵੀ ਫੈਸਲਾ ਕੀਤਾ ਗਿਆ ਕਿ ਅੱਗੇ ਤੋਂ ਗੁਰਦੁਆਰਾ ਸਾਹਿਬ ’ਚ ਅਨੰਦ ਕਾਰਜ ਸਮਾਗਮਾਂ ਸਮੇਤ ਸਾਰੇ ਧਾਰਮਕ ਸਮਾਗਮ ਬਿਨਾਂ ਕਿਸੇ ਜਾਤੀ ਵਿਤਕਰੇ ਤੋਂ ਹੋਣਗੇ, ਕਿਸੇ ਵੀ ਜਾਤ ਨਾਲ ਸਬੰਧਤ ਅੰਮ੍ਰਿਤਧਾਰੀ ਪਾਠੀ ਪਾਠ ਅਤੇ ਹੋਰ ਸੇਵਾ ਨਿਭਾ ਸਕਦਾ ਹੈ, ਹਰ ਜਾਤ ਨਾਲ ਸਬੰਧਤ ਵਿਅਕਤੀ ਜਿਹੜਾ ਤੰਬਾਕੂ ਆਦਿ ਵਿਵਰਜਤ ਨਸ਼ਿਆਂ ਦਾ ਸੇਵਨ ਨਹੀਂ ਕਰਦਾ ਉਹ ਗੁਰੂ ਕਾ ਲੰਗਰ ਤਿਆਰ ਕਰਨ ਅਤੇ ਛਕਾਉਣ ਦੀ ਸੇਵਾ ਨਿਭਾ ਸਕਦਾ ਹੈ, ਹਰ ਜਾਤ ਨਾਲ ਸਬੰਧਤ ਵਿਅਕਤੀ ਬਿਨਾਂ ਕਿਸੇ ਵਿਤਕਰੇ ਦੇ ਸਾਂਝੀ ਪੰਕਤ ’ਚ ਬੈਠ ਕੇ ਲੰਗਰ ਛਕ ਸਕਦਾ ਹੈ।

ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ’ਤੇ ਬਾਬੇ ਦੀਆਂ ਰੱਖੀਆਂ ਗਈਆਂ ਖੜਾਵਾਂ ਨੂੰ ਗੁਰਮਤਿ ਵਿਰੋਧੀ ਜਾਣ ਕੇ ਉਥੋਂ ਚੁਕਵਾ ਦਿੱਤਾ ਹੈ। ਗੁਰਦੁਆਰਾ ਸਾਹਿਬ ਦੇ ਵਿਖੇ ਚਰਨ ਗੰਗਾ ਪਹਿਲਾਂ ਨਹੀਂ ਬਣੀ ਸੀ, ਉਹ ਬਣਾਉਣ ਲਈ ਵੀ ਪੰਜ ਪਿਆਰਿਆਂ ਨੇ ਹਦਾਇਤ ਜਾਰੀ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਸੱਚ ਕੀ ਬੇਲਾ ਦੇ ਮੁੱਖ ਸੰਪਾਦਕ ਭਾਈ ਅਨਭੋਲ ਸਿੰਘ, ਲੇਖਕ ਕਿਰਪਾਲ ਸਿੰਘ ਬਠਿੰਡਾ, ਭੁੱਚੋ ਚੌਕੀ ਦੇ ਇੰਚਾਰਜ ਏ.ਐੱਸ.ਆਈ ਗੁਰਦਰਸ਼ਨ ਸਿੰਘ ਸਮੇਤ ਉਨ੍ਹਾਂ ਸਭਨਾ ਦਾ ਜਿਨ੍ਹਾਂ ਜਿਨ੍ਹਾਂ ਨੇ ਅਕਾਲ ਤਖ਼ਤ ਦੀ ਮਰਿਆਦਾ ਬਹਾਲ ਕਰਨ ਲਈ ਆਪਣਾ ਸਹਿਯੋਗ ਦਿੱਤਾ; ਨੂੰ ਗੁਰਦੁਆਰਾ ਸਾਹਿਬ ਵਿੱਚ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਥਾਣਾ ਨਥਾਨਾ ਮੁਖੀ ਸੰਦੀਪ ਸਿੰਘ ਕੁਝ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਨ ਸਕੇ, ਇਸ ਲਈ ਉਨ੍ਹਾਂ ਦਾ ਸਨਮਾਨ ਏ.ਐੱਸ.ਆਈ ਗੁਰਦਰਸ਼ਨ ਸਿੰਘ ਨੇ ਹਾਸਲ ਕੀਤਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top