Share on Facebook

Main News Page

ਇੰਜ ਬਣਿਆ ਕੇ. ਐੱਸ. ਮੱਖਣ ਤੋਂ ਭਾਈ ਕੁਲਦੀਪ ਸਿੰਘ ਖਾਲਸਾ
- ਰਾਮਦਾਸ ਬੰਗੜ  ਸਮਰਾਲਾ 99153-53800

ਪ੍ਰਸਿੱਧ ਪੰਜਾਬੀ ਗਾਇਕ ਤੇ ਅਭਿਨੇਤਾ ਕੇ. ਐੱਸ. ਮੱਖਣ ਦੇ ਅੰਮ੍ਰਿਤ ਛਕ ਕੇ ਬਾਬੇ ਨਾਨਕ ਦੇ ਲੜ ਲੱਗਣ ਪਿੱਛੇ ਬੜਾ ਹੀ ਦਿਲਚਸਪ ਘਟਨਾਕ੍ਰਮ ਛੁਪਿਆ ਹੋਇਆ ਹੈ, ਜੋ ਬਿਨਾਂ ਸ਼ੱਕ ਪਤਿਤ ਹੁੰਦੀ ਜਾ ਰਹੀ ਨੌਜਵਾਨੀ ਅਤੇ ਮਾਪਿਆਂ ਨੂੰ ਧਰਮ ਨਾਲ ਜੋੜਨ ਦਾ ਸਬੱਬ ਬਣੇਗਾ। ਰੁਮਾਂਟਿਕ ਗੀਤ ਗਾਉਣ ਵਾਲਾ ਮੱਖਣ ਸਿੱਖੀ ਸਰੂਪ ਵਿਚ ਵਹਿਗੁਰੂ-ਵਹਿਗੁਰੂ ਕਰਦਾ ਅੱਜ ਸਰਬੱਤ ਦੇ ਭਲੇ ਦੀ ਗੱਲ ਕਰ ਰਿਹਾ ਹੈ ਅਤੇ ਸ਼ਬਦ ਗੁਰੂ ਵਿਚ ਅਲੌਕਿਕ ਆਨੰਦ ਮਾਣਨ ਦੀ ਗੱਲ ਦੱਸਦਾ ਹੋਇਆ ਕਹਿ ਰਿਹਾ ਹੈ, ਕਿ ਦੁਨਿਆਵੀ ਵਡਿਆਈ ਹਵਾ ਦੇ ਬੁੱਲੇ ਵਾਂਗੂ ਲੰਘਦੀ ਹੈ ਤੇ ਵਹਿਗੁਰੂ ਦਾ ਬਖਸ਼ਿਆ ਮਾਣ ਤੇ ਸਕੂਨ ਰੂਹਾਂ ਵਿਚ ਵਸ ਜਾਂਦਾ ਹੈ। ਪੰਜਾਬੀ ਗਾਇਕੀ ਵਿਚ ਸਟਾਰ ਮੰਨੇ ਜਾਂਦੇ ਮੱਖਣ ਦੀ ਜ਼ਿੰਦਗੀ ਵਿਚ ਅਚਾਨਕ ਐਨਾ ਵੱਡਾ ਬਦਲਾਅ ਕਿਵੇਂ, ਕਿਉਂ ਤੇ ਕਿਥੋਂ ਆਇਆ ਕਿ ਉਹ ਭਾਈ ਕੁਲਦੀਪ ਸਿੰਘ ਖਾਲਸਾ ਬਣ ਗਿਆ? ਲੋਕ ਸੋਚ ਕੇ ਹੈਰਾਨ ਹੋ ਰਹੇ ਨੇ। ਮੱਖਣ ਮੁਤਾਬਿਕ ਉਸ ਨੂੰ ਗੁਰਸਿੱਖ ਬਣਾਉਣ ਵਿਚ ਉਸ ਦੇ 7 ਸਾਲਾ ਪੁੱਤਰ ਏਕਮ ਸਿੰਘ ਕੈਨੇਡਾ ਦਾ ਵੱਡਾ ਯੋਗਦਾਨ ਹੈ, ਜਿਸ ਨੇ ਉਸ ਨੂੰ ‘ਬੰਦਾ’ ਬਣਾ ਕੇ ਰੱਖ ਦਿੱਤਾ। ਅੰਮ੍ਰਿਤਧਾਰੀ ਏਕਮ ਜੋ ਕੁਝ ਦਿਨਾਂ ਤੋਂ ਮੱਖਣ ਅੱਗੇ ਖੜ੍ਹ ਕੇ ਇਕ ਗੀਤ ਗਾਉਂਦਾ ਸੀ- ‘ਮੈਂ ਜੂੜਾ ਰੱਖਿਆ ਹੈ, ਮੈਂ ਅੰਮ੍ਰਿਤ ਛਕਿਆ ਹੈ, ਮੈਂ ਕੇ. ਐੱਸ. ਮੱਖਣ ਹਾਂ…।’

ਇਹ ਗਾ ਕੇ ਉਹ ਫ਼ਿਰ ਆਖ਼ਦਾ, ‘ਓ ਸੌਰੀ ਡੈਡੀ ਮੈਥੋਂ ਗਲਤ ਗਾ ਹੋ ਗਿਆ।’ ਏਕਮ ਅਕਸਰ ਅਪਣੇ ਡੈਡੀ ਨੂੰ ਟਾਂਚ ਮਾਰਦਾ ਅਤੇ ਅੰਮ੍ਰਿਤ ਛਕਣ ਲਈ ਪ੍ਰੇਰਦਾ ਰਹਿੰਦਾ। ਪੁੱਤ ਦੇ ਦਿੱਤੇ ਹਲੂਣਿਆਂ ਨੇ ਸਰਦਾਰੀਆਂ ਯੂਥ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਦਸਤਾਰ ਮੁਕਾਬਲੇ ਵਿਚ ਅੰਮ੍ਰਿਤਪਾਨ ਕਰਨ ਦਾ ਐਲਾਨ ਕਰਵਾ ਦਿੱਤਾ ਤੇ 13 ਅਪ੍ਰੈਲ ਨੂੰ ਬਾਬਾ ਬਲਦੇਵ ਸਿੰਘ ਦੇ ਆਸ਼ੀਰਵਾਦ ਸਦਕਾ ਮੱਖਣ ਵੱਲੋਂ ਅੰਮ੍ਰਿਤ ਛਕਣ ਉਪਰੰਤ ਏਕਮ ਦੇ ਬੋਲ ਹਨ : ‘ਤੁਸੀਂ, ਅੱਜ ਮੇਰੇ ਡੈਡੀ ਬਣੇ ਹੋ।

ਰਹੀ ਗੱਲ ਆਮ ਲੋਕਾਂ ਉੱਪਰ ਮੱਖਣ ਦੇ ਗੁਰਸਿੱਖ ਬਣਨ ਦੇ ਪ੍ਰਭਾਵ ਦੀ, ਅੰਮ੍ਰਿਤਪਾਨ ਕਰਨ ਮੌਕੇ ਸਿੱਖ ਸੰਗਤਾਂ ਵਿਚ ਇਕ ਵਿਅਕਤੀ ਦੀ ਪਤਨੀ, ਆਪਣੇ ਪਤੀ ਨੂੰ ਇਹ ਆਖ਼ ਰਹੀ ਹੈ ਕਿ ‘ਜੇ ਮੱਖਣ ਗੁਰਸਿੱਖ ਬਣ ਸਕਦਾ ਹੈ ਫ਼ਿਰ ਤੁਸੀਂ ਕਿਉਂ ਨਹੀਂ?’ ਉਹ ਵਿਅਕਤੀ ਮੱਖਣ ਵੱਲ ਗੌਰ ਨਾਲ ਤੱਕਦਾ ਹੈ ਤੇ ਝੱਟ ਗੁਰੂ ਵਾਲੇ ਬਣਨ ਜਾ ਰਹੇ ਪ੍ਰਾਣੀਆਂ ਦੀ ਕਤਾਰ ਵਿਚ ਖਲੋ ਜਾਂਦਾ ਹੈ। ਮੱਖਣ ਦੱਸਦਾ ਹੈ ਕਿ ਕੈਰੀਅਰ ਦੇ ਤਿਆਗ ਤੋਂ ਗੁਰਸਿੱਖ ਬਣਨ ਤੱਕ ਦੇ ਧੁੜਕੂ ਦਾ, ਦਰਬਾਰ ਸਾਹਿਬ ਅੰਦਰ ਪੈਰ ਧਰਨ ‘ਤੇ ਮੁਕੰਮਲ ਸਫ਼ਾਇਆ ਹੋ ਗਿਆ ਸੀ। ਮੱਖਣ ਨੇ ਗ਼ੈਰ-ਧਾਰਮਿਕ ਅਦਾਕਾਰੀ ਤੇ ਗਾਇਕੀ ਨੂੰ ਅਲਵਿਦਾ ਆਖ਼ ਕੇ, ਹੁਣ ਧਾਰਮਿਕ ਫ਼ਿਲਮਾਂ ਤੇ ਗੀਤਾਂ ਰਾਹੀਂ ਮਾਨਵਤਾ ਦੀ ਸੇਵਾ ਅਤੇ ਨਸ਼ਿਆਂ ਵਿਰੁੱਧ ਜੰਗ ਛੇੜ ਕੇ ਨੌਜਵਾਨਾਂ ਨੂੰ ਗੁਰੂ ਲੜ ਲੱਗਣ ਲਈ ਪ੍ਰੇਰਨ ਦਾ ਮਨ ਬਣਾ ਲਿਆ ਹੈ।

Source: http://www.punjabspectrum.com/2013/05/6864


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top