Share on Facebook

Main News Page

ਜੇ ਪੰਜ ਸਿੰਘ ਸਾਹਿਬਾਨ ਬੋਰਡ ਹਟਾਉਣ ਦੇ ਆਦੇਸ਼ ਜਾਰੀ ਕਰ ਦਿੰਦੇ ਹਨ, ਤਾਂ ਸੰਤ ਸਮਾਜ ਨੂੰ ਪ੍ਰਵਾਨ ਨਹੀਂ ਹੋਵੇਗਾ
-: ਹਰਨਾਮ ਸਿੰਘ ਧੁੰਮਾਂ

ਅੰਮ੍ਰਿਤਸਰ 6 ਮਈ (ਜਸਬੀਰ ਸਿੰਘ ਪੱਟੀ): ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਚੇਅਰਮੈਨ ਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕਾਂਗਰਸ ਤੇ ਭਾਜਪਾ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਦਖਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਉਸਾਰੀ ਗਈ ਸ਼ਹੀਦੀ ਯਾਦਗਾਰ ਦੇ ਵਿਵਾਦ ਨੂੰ ਲੈ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਗੱਲਬਾਤ ਕਰਨ ਤੇ ਆਪਣਾ ਮੰਗ ਪੱਤਰ ਸੋਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕਿਹਾ ਕਿ ਸ਼ਹੀਦੀ ਯਾਦਗਾਰੀ ਵਿੱਚ ਕਿਸੇ ਵੀ ਕਿਸਮ ਦੀ ਤਬਦੀਲੀ ਕਰਨ ਦੀ ਇਜਾਜਤ ਨਹੀਂ ਕੀਤੀ ਜਾਵੇਗੀ, ਜੇਕਰ ਕਿਸੇ ਨੇ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਪੰਥਕ ਪਰੰਪਰਾ ਤੇ ਮਰਿਆਦਾ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਦੀ ਉਸਾਰੀ ਉਹਨਾਂ ਨੇ ਪੂਰਣ ਰੂਪ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮੱਤੇ ਅਨੁਸਾਰ ਕੀਤੀ ਹੈ, ਤੇ ਇਸ ਵਿੱਚ ਤਬਦੀਲੀ ਕਰਨਾ ਉਸ ਮੱਤੇ ਤੋਂ ਭੱਜਣਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਜਾਣ ਬੁੱਝ ਕੇ ਬਾਤ ਦਾ ਬਤੰਗੜ ਬਣਾ ਰਹੇ ਹਨ, ਅਸਲ ਵਿੱਚ ਸ਼ਹੀਦੀ ਯਾਦਗਾਰ ਦੇ ਸਾਹਮਣੇ ਇਤਿਹਾਸਕ ਬੋਰਡ ਲਗਾਉਣੇ ਪੁਰਾਤਨ ਪਰੰਪਰਾ ਹੈ ਕਿਉਂਕਿ ਇਤਿਹਾਸ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ।

ਉਹਨਾਂ ਕਿਹਾ ਕਿ ਜੇਕਰ ਮੱਕੜ ਜਾਂ ਉਸ ਦੀ ਮੱਕੜ ਸੈਨਾ ਨੇ ਬੋਰਡ ਉਖਾੜਨ ਦੀ ਕੋਸ਼ਿਸ਼ ਕੀਤੀ, ਤਾਂ ਇਸ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 27 ਅਪ੍ਰੈਲ ਦੀ ਰਾਤ ਨੂੰ ਜਿਹੜੇ ਸ਼ਰੋਮਣੀ ਕਮੇਟੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਬੋਰਡ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਅੱਤਲ ਕਰਕੇ ਤੁਰੰਤ ਸਖਤ ਐਕਸ਼ਨ ਲਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਮੱਕੜ ਇਹ ਕਹਿ ਰਿਹਾ ਹੈ, ਕਿ ਉਸ ਨੇ ਬੋਰਡ ਉਖਾੜਨ ਦੇ ਕੋਈ ਆਦੇਸ਼ ਨਹੀਂ ਕੀਤੇ, ਤਾਂ ਫਿਰ ਹੁਣ ਤੱਕ ਐਡੀਸ਼ਨਲ ਮਨੈਜਰ ਸ੍ਰੀ ਗੁਰਿੰਦਰ ਸਿੰਘ ਤੇ ਉਸ ਦੀ ਨਾਲ ਆਏ ਮੁਲਾਜਮਾਂ ਨੂੰ ਮੁਅੱਤਲ ਕਿਉ ਨਹੀਂ ਕੀਤਾ ਗਿਆ?

ਉਹਨਾਂ ਕਿਹਾ ਕਿ ਬੋਰਡਾਂ ਦਾ ਮਸਲਾ ਇਸ ਵੇਲੇ ਕੌਮੀ ਮਸਲਾ ਬਣ ਗਿਆ ਹੈ ਅਤੇ ਇਹਨਾਂ ਨੂੰ ਉਤਾਰਨ ਨਾਲ ਸੰਘਰਸ਼ ਸ਼ੁਰੂ ਹੋ ਜਾਵੇਗਾ, ਜਿਸ ਲਈ ਮੱਕੜ ਤੇ ਉਸ ਦੀ ਜੁੰਡਲੀ ਜਿੰਮੇਵਾਰ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਮੱਕੜ ਦਾ ਆਪਣੇ ਪਰਿਵਾਰ ਦਾ ਕੋਈ ਵਿਅਕਤੀ ਸ਼ਹੀਦ ਹੋਇਆ ਹੁੰਦਾ, ਤਾਂ ਉਸ ਨੂੰ ਸ਼ਹੀਦਾਂ ਦੇ ਸਤਿਕਾਰ ਦਾ ਜਰੂਰ ਪਤਾ ਹੁੰਦਾ।

ਉਹਨਾਂ ਕਿਹਾ ਕਿ ਸੰਤ ਸਮਾਜ ਨੇ ਅੱਜ ਦਮਦਮੀ ਟਕਸਾਲ ਮਹਿਤਾ ਵਿਖੇ ਮੀਟਿੰਗ ਕਰਨ ਉਪਰੰਤ, ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ, ਕਿ ਸ਼ਹੀਦੀ ਯਾਦਗਾਰ ਜਿਹੜੀ ਉਹਨਾਂ ਦੀ ਨਿਗਾਰਨੀ ਹੇਠ ਬਣਾਈ ਗਈ ਹੈ, ਅਤੇ ਇਸ ਵਿੱਚ ਕੋਈ ਵੀ ਰੱਦੋ ਬਦਲ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜਥੇਦਾਰ ਨੇ ਭਰੋਸਾ ਦਿੱਤਾ ਹੈ, ਕਿ ਉਹ ਇਸ ਮਾਮਲੇ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰਕੇ ਫੈਸਲਾ ਲੈਣਗੇ। ਜਦੋਂ ਬਾਬਾ ਧੁੰਮਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਜੇਕਰ ਪੰਜ ਸਿੰਘ ਸਾਹਿਬਾਨ ਬੋਰਡ ਹਟਾਉਣ ਦੇ ਆਦੇਸ਼ ਜਾਰੀ ਕਰ ਦਿੰਦੇ ਹਨ, ਤਾਂ ਕੀ ਸੰਤ ਸਮਾਜ ਫੈਸਲੇ ਨੂੰ ਪ੍ਰਵਾਨ ਕਰੇਗਾ? ਬਾਬਾ ਧੁੰਮਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ, ਕਿ ਅਜਿਹਾ ਫੈਸਲਾ ਨਹੀਂ ਲਿਆ ਜਾਵੇਗਾ, ਫਿਰ ਵੀ ਜੇਕਰ ਅਜਿਹਾ ਫੈਸਲਾ ਆਉਦਾ ਹੈ, ਤਾਂ ਸੰਤ ਸਮਾਜ ਨੂੰ ਪ੍ਰਵਾਨ ਨਹੀਂ ਹੋਵੇਗਾ। ਸ੍ਰੀ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ, ਕਿ ਯਾਦਗਾਰ ਦੇ ਸਬੰਧ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 15 ਮਈ ਨੂੰ ਅਤੇ ਸ੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ 10 ਮਈ ਨੂੰ ਹੋਵੇਗੀ।

ਉਹਨਾਂ ਕਿਹਾ ਕਿ ਪਹਿਲੀ ਮਈ ਨੂੰ ਉਹਨਾਂ ਦੀ ਮੱਕੜ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰ ਵਿਅਕਤੀਆਂ ਨਾਲ ਮੁਲਾਕਾਤ ਹੋਈ ਸੀ, ਪਰ ਮੱਕੜ ਇਸ ਗੱਲ ਤੇ ਅੜਿਆ ਰਿਹਾ ਕਿ ਬੋਰਡ ਨਹੀਂ ਰਹਿਣ ਦਿੱਤੇ ਜਾਣਗੇ ਤੇ ਇਸੇ ਦਿਨ ਹੀ ਸੰਤ ਸਮਾਜ ਦੀ ਮੀਟਿੰਗ ਵੀ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ, ਕਿ ਸੰਤ ਸਮਾਜ ਕਿਸੇ ਵੀ ਸੂਰਤ ਵਿੱਚ ਬੋਰਡ ਨਹੀਂ ਉਖਾੜਨ ਦੇਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨਾਲ ਉਹਨਾਂ ਦੀ ਇਸ ਸਬੰਧ ਵਿੱਚ ਕੋਈ ਵੀ ਗੱਲਬਾਤ ਨਹੀਂ ਹੋਈ ਅਤੇ ਉਹਨਾਂ ਦਾ ਇੱਕ ਹੀ ਸਟੈਂਡ ਹੈ, ਕਿ ਸ਼ਹੀਦੀ ਯਾਦਗਾਰ ਵਿੱਚ ਕੋਈ ਵੀ ਤਬਦੀਲੀ ਨਾ ਕੀਤੀ ਜਾਵੇ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ, ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੀ ਤਸਵੀਰ ਲਗਾਈ ਜਾ ਸਕਦੀ ਹੈ ? ਬਾਬਾ ਧੁੰਮਾਂ ਨੇ ਕਿਹਾ ਕਿ ਕਿਸੇ ਵੀ ਵਿਸ਼ੇਸ਼ ਵਿਅਕਤੀ ਦੀ ਤਸਵੀਰ ਨਹੀਂ ਲਗਾਈ ਜਾ ਸਕਦੀ, ਪਰ ਸ਼ਹੀਦਾਂ ਦੀਆ ਤਸਵੀਰਾਂ ਲਗਾਈਆਂ ਜਾ ਸਕਦੀਆਂ ਹਨ, ਇਸ ਲਈ ਉਹ ਸ਼੍ਰੋਮਣੀ ਕਮੇਟੀ ਪਰਧਾਨ ਮੱਕੜ ਨੂੰ ਤਾੜਨਾ ਕਰਦੇ ਹਨ ਕਿ ਸੰਤ ਭਿੰਡਰਾਂਵਾਲਿਆਂ ਦੀ ਜਿਹੜੀ ਤਸਵੀਰ ਵਾਲੀ ਘੜੀ ਲਾਹੀ ਗਈ, ਉਸ ਨੂੰ ਮੁੜ ਉਸੇ ਜਗਾ 'ਤੇ ਹੀ ਲਗਾਇਆ ਜਾਵੇ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਸੰਘਰਸ਼ ਵੀ ਸ਼ੁਰੂ ਕਰਨਾ ਪਿਆ, ਤਾਂ ਉਹਨਾਂ ਦਾ ਸੰਘਰਸ਼ ਨਿਰੋਲ ਸ਼ਾਤਮਈ ਹੋਵੇਗਾ, ਪਰ ਉਹਨਾਂ ਨੂੰ ਉਮੀਦ ਹੈ ਕਿ ਪੰਜ ਸਿੰਘ ਸਾਹਿਬਾਨ ਕੋਈ ਰਸਤਾ ਲੱਭ ਲੈਣਗੇ।

ਉਹਨਾਂ ਕਿਹਾ ਕਿ ਹਰ ਸਾਲ 6 ਜੂਨ ਨੂੰ ਕੀਤਾ ਜਾਣ ਵਾਲਾ ਸ਼ਹੀਦੀ ਸਮਾਗਮ, ਇਸ ਵਾਰੀ ਸ਼ਹੀਦੀ ਯਾਦਗਾਰ ਵਿਖੇ ਕਰਨਾ ਹੈ, ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਨਾ ਹੈ, ਇਸ ਦਾ ਫੈਸਲਾ ਵੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਹੀ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮਹਿਤਾ ਵਿਖੇ ਸੰਤ ਸਮਾਜ ਦੇ ਸੰਤਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਉਹਨਾਂ ਤੋਂ ਇਲਾਵਾ ਬਾਬਾ ਜੋਗਿੰਦਰ ਸਿੰਘ ਕਾਰ ਸੇਵਾ ਵਾਲੇ ਅਨੰਦਪੁਰ ਸਾਹਿਬ, ਬਾਬਾ ਬਲਬੀਰ ਸਿੰਘ ਲੰਮੇ ਜੱਟ ਪੂਰੇ ਵਾਲੇ, ਬਾਬਾ ਨਰਿੰਦਰ ਸਿੰਘ ਬੱਢਾ ਦਲ, ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਆਦਿ ਨੇ ਸ਼ਮੂਲੀਅਤ ਕੀਤੀ।


ਟਿਪਣੀ:

ਧੁੰਮਾਂ ਜੀ, ਤੁਹਾਡੇ ਕਹਿਣ ਮੁਤਾਬਿਕ "ਉਹਨਾਂ ਨੂੰ ਪੂਰੀ ਉਮੀਦ ਹੈ, ਕਿ ਅਜਿਹਾ ਫੈਸਲਾ ਨਹੀਂ ਲਿਆ ਜਾਵੇਗਾ, ਫਿਰ ਵੀ ਜੇਕਰ ਅਜਿਹਾ ਫੈਸਲਾ ਆਉਦਾ ਹੈ, ਤਾਂ ਸੰਤ ਸਮਾਜ ਨੂੰ ਪ੍ਰਵਾਨ ਨਹੀਂ ਹੋਵੇਗਾ।" ਜੇ ਇਹ ਹੁੰਦਾ ਹੈ ਤਾਂ ਅਕਾਲ ਤਖ਼ਤ ਦੀ ਬੇਹੁਰਮਤੀ ਨਹੀਂ ਹੋਵੇਗੀ, ਕਿਉਂਕਿ ਤੁਹਾਡੇ ਲਈ ਤਾਂ ਜਥੇਦਾਰ ਸਭ ਤੋਂ ਸਰਵਉੱਚ ਹੈ। ਫਿਰ ਬਾਕੀ ਜਿਨ੍ਹਾਂ ਨੇ ਜਥੇਦਾਰ ਦੀ ਕਹੀ ਗੱਲ ਨਹੀਂ ਮੰਨੀ, ਉਨ੍ਹਾਂ ਦੇ ਪਿੱਛੇ ਡਾਂਗਾਂ ਲੈ ਕੇ ਕਿਉਂ ਭਜਦੇ ਹੋ? ਹੁਣ ਆਪਣੀ ਵਾਰੀ ਆਈ ਤਾਂ, ਇਹ ਕਹਿ ਦਿੱਤਾ ਕਿ ਸਾਡੇ ਹੱਕ 'ਚ ਫੈਸਲਾ ਆਵੇਗਾ ਤਾਂ ਠੀਕ, ਨਹੀਂ ਤਾਂ ਸਾਨੂੰ ਪ੍ਰਵਾਨ ਨਹੀਂ। ਇਹ ਦੋਗਲੀ ਨੀਤੀ ਕਿਉਂ?

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top