Share on Facebook

Main News Page

ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦਾ ਕਾਂਗਰਸ ਨਾਲੋਂ ਵੀ ਵੱਡਾ ਦੁਸ਼ਮਣ ਹੈ
- ਹਰਲਾਜ ਸਿੰਘ ਬਹਾਦਰਪੁਰ

* ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ, ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ।
* ਜੇ ਪੰਜਾਬ ਵਿੱਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰਕੇ ਉਸਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ, ਤਾਂ ਉਹ ਸਿੱਖਾਂ ਦਾ ਹਮਦਰਦ!!

ਇੱਕ ਮਈ ਦਾ ਅਖਬਾਰ ਜਦੋਂ ਸਵੇਰੇ ਹੀ ਚੁੱਕ ਕੇ ਵੇਖਿਆ, ਤਾਂ ਮੁੱਖ ਖਬਰ ਸੀ ਕਿ ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਨੂੰ ਕੀਤਾ ਬਰੀ। ਨਵੰਬਰ 1984 ਦੇ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ 30 ਅਪ੍ਰੈਲ ਨੂੰ ਬਰੀ ਕਰ ਦਿੱਤਾ। ਜਿਸ ਕਾਰਨ ਪੂਰੇ ਸਿੱਖ ਜਗਤ ਵੱਲੋਂ ਇਸ ਫੈਸਲੇ ਤੇ ਰੋਸ ਮਨਾਇਆ ਗਿਆ। ਸਿੱਖ ਪੰਥ ਦੇ ਹਰ ਛੋਟੇ-ਵੱਡੇ ਧਾਰਮਿਕ ਤੇ ਸਿਆਸੀ ਆਗੂਆਂ ਨੇ ਦਿੱਲੀ ਦੀ ਅਦਾਲਤ ਅਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ, ਅਜਿਹੇ ਅਨਿਆਂ ਦੀ ਨਿਖੇਧੀ ਹੋਣੀ ਵੀ ਚਾਹੀਦੀ ਹੈ। ਕਿਉਂਕਿ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਣ ਵਾਲੇ ਦੇਸ਼ ਵਿੱਚ ਇੱਕ ਧਰਮ ਦੇ ਬੇਦੋਸ਼ੇ ਲੋਕਾਂ ਨੂੰ ਦਿਨ ਦਿਹਾੜੇ ਸ਼ਰੇਆਮ ਹਜਾਰਾਂ ਦੀ ਗਿਣਤੀ ਵਿੱਚ ਕਤਲ ਕਰ ਦਿੱਤਾ ਜਾਵੇ ਫਿਰ ਇਨਸਾਫ ਦੇਣ ਦੇ ਨਾਮ ’ਤੇ 28 ਸਾਲ ਪੀੜਤਾਂ ਨੂੰ ਖੱਜਲ ਖੁਆਰ ਤੇ ਪ੍ਰੇਸ਼ਾਨ ਕਰਨ ਤੋਂ ਬਾਅਦ ਵੀ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਜਾਵੇ ਤਾਂ ਸਰਕਾਰਾਂ ਅਤੇ ਅਦਾਲਤਾਂ ਪ੍ਰਤੀ ਰੋਸ ਅਤੇ ਬੇਵਿਸ਼ਵਾਸੀ ਹੋਣੀ ਤਾਂ ਸੁਭਾਵਿਕ ਹੀ ਹੈ। ਜੇ ਸੱਜਣ ਕੁਮਾਰ ਨੂੰ ਸਜਾ ਹੋ ਵੀ ਜਾਂਦੀ ਤਾਂ ਵੀ ਇਹ ਕੋਈ ਇਨਸਾਫ ਨਹੀਂ ਹੋਣਾ ਸੀ, ਕਿਉਂਕਿ ਇੱਕ ਤਾਂ 28 ਸਾਲ ਦੇ ਲੰਮੇ ਸਮੇਂ ਬਾਅਦ ਮਿਲਿਆ ਇਨਸਾਫ ਵੀ ਬੇਇਨਸਾਫੀ ਹੀ ਹੁੰਦੀ ਹੈ।

ਦੂਜਾ ਇਹ ਕਿ ਜੇਕਰ ਸੈਂਕੜੇ ਇਨਸਾਨਾਂ ਨੂੰ ਮਾਰਨ ਜਾਂ ਮਰਵਾਉਣ ਵਾਲੇ ਇੱਕ ਵਿਅਕਤੀ ਨੂੰ ਫਾਂਸੀ ਵੀ ਦੇ ਦਿੱਤੀ ਜਾਵੇ ਤਾਂ ਉਹ ਵੀ ਥੋੜੀ ਹੈ, ਵੈਸੇ ਮੈਂ ਫਾਂਸੀ ਦੇ ਹੱਕ ਵਿੱਚ ਨਹੀਂ ਹਾਂ। ਫਾਂਸੀ ਦੀ ਬਜਾਇ ਦੋਸ਼ ਮੁਤਾਬਿਕ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ, ਉਹ ਭਾਵੇਂ ਉਸ ਦੇ ਮਰਨ ਤੱਕ ਜੇਲ ਵਿੱਚ ਰਹਿਣ ਦੀ ਸਜਾ ਹੋਵੇ। ਜੇਕਰ ਸੈਂਕੜੇ ਵਿਅਕਤੀਆਂ ਨੂੰ ਮਾਰਨ ਜਾਂ ਮਰਵਾਉਣ ਵਾਲੇ ਇੱਕ ਵਿਅਕਤੀ ਨੂੰ ਮਰਨ ਤੱਕ ਜੇਲ੍ਹ ਵਿੱਚ ਰਹਿਣ ਦੀ ਸਜਾ ਮਿਲ ਵੀ ਜਾਵੇ ਤਾਂ ਇਹ ਸਜ਼ਾ ਵੀ ਇਨਸਾਫ ਨਹੀਂ ਹੋ ਸਕਦੀ। ਕਿਉਂਕਿ ਇੱਕ ਤਾਂ ਇਹ ਕਿ ਜਿਸ ਦੋਸ਼ੀ ਨੇ ਸੈਂਕੜੇ ਇਨਸਾਨੀ ਜਿੰਦਗੀਆਂ ਖਤਮ ਕਰ ਦਿੱਤੀਆਂ ਉਹਨਾਂ ਦੇ ਬਦਲੇ ਉਸ ਦੋਸ਼ੀ ਦੀ ਇੱਕ ਜਿੰਦਗੀ ਹੀ ਖਤਮ ਹੋਵੇਗੀ, ਦੂਜਾ ਇਹ ਕਿ ਉਹ ਸੈਂਕੜੇ ਬੇਦੋਸ਼ਿਆਂ ਦਾ ਕੀ ਦੋਸ਼ ਸੀ, ਜਿੰਨ੍ਹਾਂ ਨੂੰ ਬਿਨ੍ਹਾਂ ਗੁਨਾਹ ਤੋਂ ਹੀ ਮੌਤ ਦੀ ਸਜ਼ਾ ਦੇ ਦਿੱਤੀ ਗਈ। ਜੇ ਅਜਿਹੇ ਬੇਗੁਨਾਹਾਂ ਦੇ ਕਾਤਲਾਂ ਨੂੰ ਸਜ਼ਾ ਮਿਲ ਵੀ ਜਾਵੇ ਤਾਂ ਵੀ ਇਸ ਨਾਲ ਮਾਰੇ ਗਏ ਬੇਗੁਨਾਹ ਮਾਵਾਂ ਦੇ ਪੁੱਤ, ਪਤਨੀਆਂ ਦੇ ਪਤੀ, ਭੈਣਾਂ ਦੇ ਵੀਰ, ਬੱਚਿਆਂ ਦੇ ਪਿਤਾ ਤਾਂ ਵਾਪਿਸ ਨਹੀਂ ਆਉਣਗੇ, ਜਿਸ ਕਾਰਨ ਉਹਨਾਂ ਨਾਲ ਹੋਈ ਬੇਇਨਸਾਫੀ ਦਾ ਇਨਸਾਫ ਤਾਂ ਹੋ ਹੀ ਨਹੀਂ ਸਕਦਾ। ਹਾਂ ਇੰਨਾ ਕੁ ਜਰੂਰ ਹੋ ਜਾਂਦਾ ਹੈ ਕਿ ਜੇਕਰ ਦੋਸ਼ੀ ਨੂੰ ਸਜ਼ਾ ਮਿਲ ਜਾਵੇ ਤਾਂ ਪੀੜ੍ਹਤਾਂ ਨੂੰ ਥੋੜਾ ਜਿਹਾ ਧਰਵਾਸ ਮਿਲ ਜਾਂਦਾ ਹੈ। ਉਹ ਇਸ ਗੱਲ ’ਤੇ ਸੰਤੁਸ਼ਟ ਹੋ ਜਾਂਦੇ ਹਨ ਕਿ ਜੇਕਰ ਦੋਸ਼ੀ ਨੇ ਮਾੜਾ ਕੀਤਾ ਸੀ ਤਾਂ ਉਹ ਵੀ ਹੁਣ ਉਸਦੀ ਸਜ਼ਾ ਭੁਗਤ ਰਿਹਾ ਹੈ।

ਪਰ ਸਾਡੇ ਮਹਾਨ ਦੇਸ਼ ਦੀਆਂ ਸਰਕਾਰਾਂ ਅਤੇ ਅਦਾਲਤਾਂ ਘੱਟ ਗਿਣਤੀ ਦੇ ਪੀੜਤ ਪਰਿਵਾਰਾਂ ਦੇ ਜਖਮਾਂ ਉੱਤੇ ਮਲ੍ਹਮ ਲਾਉਣ ਹਿੱਤ ਵੱਧ ਗਿਣਤੀ ਦੇ ਦੋਸ਼ੀ ਵਿਅਕਤੀਆਂ ਨੂੰ ਥੋੜੀ ਮੋਟੀ ਸਜ਼ਾ ਦੇਣ ਬਾਰੇ ਸੋਚਣ ਨੂੰ ਵੀ ਪਾਪ ਸਮਝਦੀਆਂ ਹਨ। ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਭਾਜਪਾ ਦੀ ਹੋਵੇ, ਘੱਟ ਗਿਣਤੀ ਦੇ ਬੇਗੁਨਾਹਾਂ ਨੂੰ ਘੱਟ ਗਿਣਤੀ ਹੋਣ ਦਾ ਅਹਿਸਾਸ ਕਰਵਾਉਣ ਵਿੱਚ ਦੋਹੇਂ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਘੱਟ ਗਿਣਤੀਆਂ ਨਾਲ ਅਜਿਹਾ ਵਿਹਾਰ ਹੋਣਾ, ਘੱਟ ਗਿਣਤੀਆਂ ਨੂੰ ਕਤਲ ਕਰਨਾ, ਘੱਟ ਗਿਣਤੀਆਂ ਦੇ ਕਾਤਲਾਂ ਨੂੰ ਬਰੀ ਕਰਨਾ, ਇਹ ਵੀ ਕੋਈ ਨਵੀਂ ਗੱਲ ਨਹੀਂ, ਅਜਿਹਾ ਤਾਂ ਮੁੱਢ ਤੋਂ ਹੀ ਹੁੰਦਾ ਆਇਆ ਹੈ, ਪਰ ਅਜਿਹਾ ਹੋਣ ਨਾਲ ਕਦੇ ਕੌਮਾਂ ਖਤਮ ਨਹੀਂ ਹੁੰਦੀਆਂ। ਅਜਿਹੇ ਵਿੱਚ ਦੁਸ਼ਮਣ ਦੀ ਪਹਿਚਾਣ ਸਾਡੇ ਧੁਰ ਅੰਦਰ ਤੱਕ ਉਤਰ ਜਾਂਦੀ ਹੈ। ਨਾਲੇ ਕਦੇ ਵੀ ਆਪਣੀ ਕੌਮ ਦੇ ਗੱਦਾਰਾਂ ਤੋਂ ਬਿਨ੍ਹਾਂ ਕਦੇ ਵੀ ਕੋਈ ਦੁਸ਼ਮਣ ਕਿਸੇ ਕੌਮ ਨੂੰ ਖਤਮ ਨਹੀਂ ਕਰ ਸਕਿਆ। ਇਸ ਲਈ ਦੁਸ਼ਮਣ ਨਾਲ ਸਮਝੌਤਾ ਹੋ ਸਕਦਾ ਹੈ ਪਰ ਗੱਦਾਰਾਂ ਨਾਲ ਨਹੀਂ। ਕੌਮ ਦੇ ਜਿਉਂਦੇ ਰਹਿਣ ਲਈ ਇਹ ਜਰੂਰੀ ਹੈ ਕਿ ਉਸ ਨੂੰ ਆਪਣੇ ਦੁਸ਼ਮਣਾਂ ਅਤੇ ਗੱਦਾਰਾਂ ਦੀ ਪਹਿਚਾਣ ਹੋਵੇ।

ਮੇਰੀ ਆਪਣੀ ਸੋਚ ਮੁਤਾਬਿਕ ਦੁੱਖ ਦੀ ਗੱਲ ਇਹ ਹੈ ਕਿ ਅਜੋਕੀ ਸਿੱਖ ਕੌਮ ਨੂੰ ਦੁਸ਼ਮਣਾਂ ਅਤੇ ਗੱਦਾਰਾਂ ਦੀ ਪਹਿਚਾਣ ਨਹੀਂ ਰਹੀ। ਜਿਸ ਕਾਰਨ ਸਿੱਖ ਕੌਮ ਦੇ ਦੁਸ਼ਮਣਾਂ ਤੋਂ ਵੀ ਵੱਧ ਖਤਰਨਾਕ ਗੱਦਾਰ ਆਗੂ ਨੰਗੇ ਚਿੱਟੇ ਦੁਸ਼ਮਣਾਂ ਨੂੰ ਦੁਸ਼ਮਣ ਪ੍ਰਚਾਰਕੇ ਹੀ ਆਪ ਕਾਤਲ ਹੁੰਦੇ ਹੋਏ ਵੀ ਹਮਦਰਦ ਬਣ ਕੇ ਦਰਦ ਦੇ ਰਹੇ ਹਨ। ਇਹ ਤਾਂ ਪੁਰਾਣੀ ਕਹਾਵਤ ਹੈ ਕਿ ਜੇਕਰ ਜੰਗਲ ਨੂੰ ਕੱਟਣਾ ਹੋਵੇ ਤਾਂ ਕੁਹਾੜੀ ਦਾ ਦਸਤਾ ਵੀ ਜੰਗਲ ਵਿੱਚੋਂ ਹੀ ਲੈਣਾ ਪੈਂਦਾ ਹੈ। ਕਾਂਗਰਸ ਨੇ ਮੁੱਢ ਤੋਂ ਹੀ ਸਿੱਖਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਰੱਖਿਆ, ਜੇ ਦੁਸ਼ਮਣ ਮਾਰੇ ਤਾਂ ਰੋਸ ਕਿਸ ਅੱਗੇ ਕਰਨਾ ਹੈ।

ਪਰ ਅਫਸੋਸ ਕਿ ਅਸੀਂ ਸਾਡੇ ਦੁਸ਼ਮਣ ਨੂੰ ਦੁਸ਼ਮਣ ਕਹਿਣ ਵਾਲੇ ਨੂੰ ਹੀ ਹਮਦਰਦ ਸਮਝਕੇ ਉਸ ਤੋਂ ਇਨਸਾਫ ਦੀ ਉਮੀਦ ਲਾ ਬੈਠੇ। ਸਿੱਖ ਕੌਮ ਦੇ ਮਹਿਲ ਦੀ ਉਸਾਰੀ ਲਈ ਗੁਰੂਆਂ ਨੇ ਆਪਣੇ ਪਰਿਵਾਰਾਂ ਦੀਆਂ ਲਾਸ਼ਾਂ ਨੂੰ ਇਸ ਦੀ ਉਸਾਰੀ ਲਈ ਵਰਤਿਆ, ਗੁਰੂ ਕੇ ਸਿੱਖਾਂ ਨੇ ਵੀ ਘੱਟ ਨਹੀਂ ਗੁਜਾਰੀ ਆਪਣੇ ਸੀਸਾਂ (ਸਿਰਾਂ), ਧੜਾਂ ਦੇ ਢੇਰ ਲਗਾ ਦਿੱਤੇ ਸਨ ਤਾਂ ਹੀ ਸਿੱਖ ਕੌਮ ਇਸ ਸਥਾਨ ਤੱਕ ਪਹੁੰਚੀ ਸੀ ਭਾਵ ਕਿ ਛੋਟੀ ਜਿਹੀ ਉਮਰ ਵਿੱਚ ਹੀ ਆਪਣੀ ਵੱਡੀ ਹੋਂਦ ਬਣਾ ਲਈ ਸੀ। ਜਿਸਦਾ ਹੁਣ ਸਲਾਮਤ ਰਹਿਣਾ ਅਸੰਭਵ ਜਾਪ ਰਿਹਾ ਹੈ। ਕੀ ਬਾਹਰੀ ਨੰਗੇ ਚਿੱਟੇ ਦੁਸ਼ਮਣਾਂ ਨੇ ਹੀ ਕੌਮ ਦੀ ਇਹ ਹਾਲਤ ਕਰ ਦਿੱਤੀ? ਨਹੀਂ, ਪੁਰਾਣਾ ਇਤਿਹਾਸ ਪੜ੍ਹ ਲਵੋ। ਦੁਸ਼ਮਣ ਤਾਂ ਇਸ ਨੂੰ ਖਤਮ ਕਰਦੇ ਕਰਦੇ ਖੁਦ ਹੀ ਖਤਮ ਹੋ ਗਏ ਸਨ। ਪਰ ਇਹ ਕੌਮ ਖਤਮ ਨਹੀਂ ਸੀ ਹੋਈ। ਸੱਜਣ ਕੁਮਾਰ ਹੋਰਾਂ ਨੂੰ ਹੀ ਵੇਖ ਲਵੋ ਕੀ ਇੰਨ੍ਹਾਂ ਨੇ ਦਿੱਲੀ ਵਿੱਚੋਂ ਸਿੱਖ ਖਤਮ ਕਰ ਦਿੱਤੇ? ਨਹੀਂ, ਕਿਉਂਕਿ ਦਿੱਲੀ ਵਿੱਚ ਤਾਂ ਦਾੜੀ ਕੇਸਾਂ ਤੇ ਦਸਤਾਰਾਂ ਵਾਲੇ ਸਿੱਖ ਸਰਦਾਰ ਅੱਜ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ। ਪਰ ਸਿੱਖੀ ਦਾ ਗੜ੍ਹ ਮੰਨੇ ਜਾਂਦੇ ਪੰਜਾਬ ਵਿੱਚ ਦਾੜ੍ਹੀ, ਕੇਸਾਂ ਤੇ ਦਸਤਾਰਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਫਿਰ ਪੰਜਾਬ ਵਿੱਚ ਕਿਹੜਾ ਸੱਜਣ ਕੁਮਾਰ ਹੈ ਜੋ ਲਗਾਤਾਰ ਹੁਣ ਤੱਕ ਸਿੱਖਾਂ ਦੇ ਕਤਲੇਆਮ ਕਰ ਰਿਹਾ ਹੈ? ਕੌਣ ਹੈ ਜੋ ਸਿੱਖਾਂ ਦੇ ਕਾਤਲਾਂ ਨੂੰ ਹੱਲਾ-ਸ਼ੇਰੀ ਦੇ ਰਿਹਾ ਹੈ?

ਜੇ ਅਸੀਂ ਥੋੜੀਆਂ ਜਿਹੀਆਂ ਵੀ ਅੱਖਾਂ ਖੋਲ੍ਹ ਕੇ ਵੇਖੀਏ ਤਾਂ ਉਹ ਸਾਫ ਦਿੱਖ ਪਵੇਗਾ। ਥੋੜਾ ਜਿਹਾ ਭੁਲੇਖਾ ਇਸ ਲਈ ਪੈ ਰਿਹਾ ਹੈ ਕਿ ਉਹ ਮੋਨਾ ਨਹੀਂ ਤੇ ਨਾ ਹੀ ਕਾਂਗਰਸ ਦਾ ਮੈਂਬਰ ਹੈ। ਜਿਸ ਕਾਰਨ ਸਾਡੀਆਂ ਅੱਖਾਂ ਧੋਖਾਂ ਖਾ ਜਾਂਦੀਆਂ ਹਨ। ਅਸਲ ਵਿੱਚ ਉਹ ਸਿੱਖੀ ਸਰੂਪ ਦੇ ਭੇਖ ਵਿੱਚ ਵਿਚਰ ਰਿਹਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਹੈ। ਬਾਦਲ ਵਾਰੇ ਜਿੰਨਾ ਕੁ ਮੇਰੇ ਪੜ੍ਹਣ ਸੁਣਨ ਵਿੱਚ ਆਇਆ ਹੈ ਉਸ ਅਨੁਸਾਰ ਕੁੱਝ ਕੁ ਵੰਨਗੀਆਂ ਲਿਖ ਰਿਹਾ ਹਾਂ । ਜੋ ਕਈਆਂ ਨੂੰ ਚੰਗੀਆਂ ਤੇ ਕਈਆਂ ਨੂੰ ਮੰਦੀਆਂ ਵੀ ਲੱਗਣਗੀਆਂ।

ਪਹਿਲੀ ਵਾਰ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ।

ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ।

ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ, ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ।

ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ। ਬਾਦਲ ਦੇ ਮਿੱਤਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਇਆ। ਬਾਦਲ ਦਲ ਦਰਬਾਰ ਸਾਹਿਬ ’ਤੇ ਛੇਤੀ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਦਾ ਰਿਹਾ ਹੈ। ਦਰਬਾਰ ਸਾਹਿਬ ’ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ

ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ ਹੋਲ਼ੀ ਖੇਡ੍ਹੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਜਿਤਾਇਆ।

ਸੁਮੇਧ ਸੈਣੀ ਨੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ: ਬਾਦਲ ਨੇ ਇਸਨੂੰ ਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ’ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ।

ਹਰਿਆਣੇ ਦੇ ਸਵ: ਮੁੱਖ ਮੰਤਰੀ ਦੇਵੀ ਲਾਲ ਦਾ ਬੁੱਤ ਲੱਖਾਂ ਰੁਪਏ ਖਰਚਕੇ ਪੰਜਾਬ ਦੇ ਲੰਬੀ ਹਲਕੇ ਵਿੱਚ ਲਾਇਆ। ਆਰ.ਐਸ.ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ.ਐਸ.ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ। ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ 'ਚ ਬਾਦਲ ਦਾ ਬਿਆਨ ਸੀ ਕਿ ਆਰ.ਐਸ.ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ

ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ।

ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ। ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੁੰਜੇ (ਥੱਲੇ) ਬੈਠਿਆ।

ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ.ਐਸ.ਐਸ. + ਸੰਤ ਸਮਾਜ ਦੇ ਇਸ਼ਾਰੇ ’ਤੇ 2010 ਵਿੱਚ ਖਤਮ ਕੀਤਾ।

ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾਵਾਂ ਵੀ ਚਲਾਈਆਂ ਹੋਈਆਂ ਹਨ।

ਸ਼੍ਰੋ:ਗੁ:ਪ੍ਰ:ਕਮੇਟੀ ’ਤੇ ਲੰਮੇ ਸਮੇਂ ਤੋਂ ਕਾਬਜ ਚੱਲੇ ਆ ਰਹੇ ਸ੍ਰ: ਬਾਦਲ ਨੇ ਜਿੱਥੇ ਗੁਰੂ ਘਰਾਂ ਦੀ ਵੱਡੀ ਪੱਧਰ ਤੇ ਆਰਥਿਕ ਲੁੱਟ ਕੀਤੀ ਹੈ, ਉੱਥੇ ਸਮਾਜਿਕ, ਧਾਰਮਿਕ ਅਤੇ ਮਾਨਸਿਕ ਤੌਰ ’ਤੇ ਸਿੱਖੀ ਜ਼ਜ਼ਬੇ ਨੂੰ 99ਪ੍ਰਤੀਸ਼ਤ ਖਤਮ ਕਰਕੇ ਰੱਖ ਦਿੱਤਾ ਹੈ। ਹੁਣ ਆਪਣੀ ਮੌਤ ਨੂੰ ਨੇੜੇ ਵੇਖਦਿਆਂ ਪੰਜਾਬ ਅਤੇ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਮੁੜ ਆਰ.ਐਸ.ਐਸ.(ਬੀ.ਜੇ.ਪੀ.) ਤੇ ਮਹੰਤਾਂ (ਸੰਤ ਸਮਾਜ) ਨੂੰ ਸੌਂਪ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ।

ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲ੍ਹਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜ਼ਜ਼ਬਾ ਖਤਮ ਕੀਤਾ। ਮਾਲਵੇ ਦੇ ਇੱਕ ਪਿੰਡ ਦੇ ਮੁੰਡੇ ਦੀ ਕਹਾਣੀ ਮੈਨੂੰ ਇੱਕ ਦੋਸਤ ਨੇ ਦੱਸੀ ਕਿ ਉਸ ਮੁੰਡੇ ਨੂੰ ਕੋਈ ਰਿਸ਼ਤਾ ਨਹੀਂ ਕਰਦਾ ਕਿਉਂਕਿ ਮੁੰਡਾ ਨਸ਼ੇੜੀ ਤੇ ਬੇਕਾਰਾ ਹੈ ਅਤੇ ਠੱਗੀਆਂ ਚੋਰੀਆਂ ਨਾਲ ਨਸ਼ੇ ਦੀ ਪੂਰਤੀ ਕਰਦਾ ਹੈ, ਮੁੰਡੇ ਦੀ ਭੈਣ ਵੀ ਜੁਆਨ ਹੈ ਉਸਦਾ ਕੋਈ ਰਿਸ਼ਤਾ ਨਹੀਂ ਲੈਂਦਾ ਕਿਉਂਕਿ ਉਸਦਾ ਭਰਾ ਨਸ਼ੇੜੀ ਤੇ ਠੱਗ ਚੋਰ ਹੈ। ਜਿਹੜਾ ਪੰਜਾਬ ਕਦੇ ਅਬਦਾਲੀਆਂ ਤੇ ਅੰਗਰੇਜਾਂ ਦੇ ਦੰਦ ਖੱਟੇ ਕਰਦਾ ਹੁੰਦਾ ਸੀ, ਹੁਣ ਇਹ ਹਾਲਤ ਹੈ ਉਸ ਪੰਜਾਬ ਦੀ।

ਪੰਜਾਬ ਹਰ ਪੱਖ ਤੋਂ ਖਤਮ ਹੋ ਰਿਹਾ ਹੈ, ਬਾਦਲ ਦੀ ਜਾਇਦਾਦ ਬੇਮਿਸਾਲ ਵੱਧ ਰਹੀ ਹੈ। ਬਾਦਲ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਕੇ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ ’ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ। ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲ਼ੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ। ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ। ਘੱਟ ਗਿਣਤੀ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡ੍ਹਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ।

ਇਸੇ ਲਈ 16-9-2011 ਨੂੰ ਮੋਦੀ ਵੱਲੋਂ ਸਦਭਾਵਨਾ ਦੇ ਕੀਤੇ ਡਰਾਮੇ ਵਿੱਚ ਬਾਦਲ ਵਿਸ਼ੇਸ਼ ਤੌਰ ’ਤੇ ਜਾ ਕੇ ਸ਼ਾਮਿਲ ਹੋਇਆ। ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰਕੂ ਯਾਤਰਾ ਦਾ 13-11-2011 ਪੰਜਾਬ ਵਿੱਚ ਪਹੁੰਚਣ ਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਵਿਤੋਂ ਬਾਹਰ ਹੋ ਕੇ ਸਵਾਗਤ ਕੀਤਾ। 29-3-2012 ਨੂੰ ਭਾਈ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਗੁਰਦਾਸਪੁਰ ਵਿਖੇ ਰੋਸ ਮਾਰਚ ਕਰਦੇ ਸਮੇਂ ਹੋਏ ਝਗੜੇ ਵਿੱਚ ਕੁੱਝ ਹਿੰਦੂ ਕੱਟੜ ਪੰਥੀਆਂ ਨੇ ਇੱਕ ਸਿੱਖ ਦੀ ਪੱਗ ਲਾਹ ਕੇ ਸਾੜ ਦਿੱਤੀ ਸੀ। ਇਸ ਘਟਨਾ ਦੇ ਵਿਰੁੱਧ 30 ਮਾਰਚ ਨੂੰ ਰੋਸ ਮੁਜਾਹਰਾ ਕਰਦੇ ਸਿੱਖਾਂ ਉੱਤੇ ਗੋਲੀਆਂ ਚਲਾ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਕਈ ਹੋਰ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ, ਇਹ ਸੀ ਪੰਜਾਬ ਸਰਕਾਰ ਦੀ ਆਪਣੇ ਨਾਗਰਿਕਾਂ ਪ੍ਰਤੀ ਹਮਦਰਦੀ ਅਤੇ ਪੱਗ ਦਾ ਸਤਿਕਾਰ।

ਪੰਜਾਬ ਦੇ ਕਾਲ਼ੇ ਦੌਰ ਵਿੱਚ ਬੇਗੁਨਾਹ ਸਿੱਖਾਂ ਉਪਰ ਹੋਏ ਤਸ਼ੱਦਦ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ "ਸਾਡਾ ਹੱਕ" ਜਿਸਨੂੰ ਮੁੰਬਈ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ; ਪ੍ਰਕਾਸ਼ ਸਿੰਘ ਬਾਦਲ ਦੇ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਇਸ ਫਿਲਮ ’ਤੇ 4 ਅਪ੍ਰੈਲ ਨੂੰ ਪਾਬੰਦੀ ਲਗਾ ਦਿੱਤੀ, ਕਦੇ ਸ੍ਰ: ਬਾਦਲ ਨੇ ਅਸ਼ਲੀਲ ਫਿਲਮਾਂ ਜਾਂ ਗਾਣਿਆਂ ’ਤੇ ਪਾਬੰਦੀ ਕਿਉਂ ਨਹੀਂ ਲਾਈ? ਸਿੱਖਾਂ ’ਤੇ ਹੋਏ ਜੁਲਮ ਨੂੰ ਵਿਖਾਉਣ ਨਾਲ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਕੀ ਬੱਸਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਮੋਬਾਇਲ ਫੋਨਾਂ, ਮੈਰਿਜ ਪੈਲੇਸਾਂ ਵਿੱਚ ਚੱਲਦੇ ਅਤਿ ਘਟੀਆਂ ਦਰਜੇ ਦੇ ਅਸ਼ਲੀਲ ਗੀਤਾਂ ਨਾਲ ਪੰਜਾਬ ਦਾ ਮਾਹੌਲ ਠੀਕ ਹੁੰਦਾ ਹੈ?

ਪੰਜਾਬ ਵਿੱਚ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਕੀ ਹਲਾਤ ਹਨ, ਉਹ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਪਰ ਬਾਦਲ ਸਾਹਿਬ ਨੂੰ ਪੰਜਾਬ ਵਿੱਚ ਖਤਮ ਹੋ ਰਹੀ ਧੀਆਂ, ਭੈਣਾਂ ਦੀ ਸਾਂਝ, ਨਿੱਤ ਹੋ ਰਹੇ ਬਲਾਤਕਾਰ, ਵੱਧ ਰਹੀ ਅਸ਼ਲੀਲਤਾ, ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਦਾ ਤਾਂ ਕਦੇ ਫਿਕਰ ਨਹੀਂ ਹੋਇਆ, ਕਿਉਂਕਿ ਇਹ ਤਾਂ ਇਹਨਾਂ ਵੱਲੋਂ ਰਾਜ ਨਹੀਂ ਸੇਵਾ ਦੇ ਨਾਹਰੇ ਹੇਠ ਪੰਜਾਬੀਆਂ ਨੂੰ ਬਖਸ਼ੀ ਹੋਈ ਦਾਤ ਹੈ। ਸਾਡਾ ਹੱਕ ਵਰਗੀਆਂ ਫਿਲਮਾਂ ਹੋ ਸਕਦੈ ਨੌਜਵਾਨਾਂ ਵਿੱਚ ਅਣਖ, ਗੈਰਤ ਜਾਂ ਸਾਡੇ ਹੱਕਾਂ ਲਈ ਜਾਗਰੂਕਤਾ ਪੈਦਾ ਕਰ ਦੇਣ। ਜਾਗੇ ਹੋਏ ਲੋਕ ਇਹਨਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਇਹਨਾਂ ਲਈ ਮੁਸੀਬਤ ਬਣ ਜਾਣਗੇ। ਇਸੇ ਲਈ ਇਹ ਪੰਜਾਬ ਵਾਸੀਆਂ ਨੂੰ ਅਸ਼ਲੀਲਤਾ ਅਤੇ ਨਸ਼ਿਆਂ ਦੀਆਂ ਲੋਰੀਆਂ ਦੇ ਕੇ ਸਦਾ ਲਈ ਸੁਆ ਦੇਣਾ ਚਾਹੁੰਦੇ ਹਨ।

ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ 3 ਤੇ 20 ਅਪ੍ਰੈਲ ਨੂੰ ਖ਼ਬਰ ਲੱਗੀ ਹੈ, ਜਿਸ ਵਿੱਚ ਪੱਤਰਕਾਰਾਂ ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ 2009 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਜਿਸ ਵਿੱਚ ਉੇਸ ਨੂੰ ਖਤਰਨਾਕ ਅੱਤਦਾਵੀ ਦੱਸਿਆ ਹੈ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫਨਾਮੇ ਬਾਰੇ ਉਹਨਾਂ ਨੂੰ ਰੱਤੀ ਭਰ ਗਿਆਨ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਹਲਫਨਾਮੇ ਵਿੱਚ ਕੀ ਲਿਖਿਆ ਹੈ। ਇਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ! ਪੱਤਰਕਾਰਾਂ ਨੇ ਫਿਰ ਹੋਰ ਸਵਾਲ ਕੀਤਾ ਕਿ 1991 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ। ਕੀ ਉਹ ਇਸਦੀ ਜਾਂਚ ਕਰਵਾਉਣਗੇ ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ ਕਿਹਾ ਜਾ ਸਕਦਾ ਹੈ, ਉਦੋਂ ਬੜਾ ਕੁੱਝ ਵਾਪਰਿਆ ਸੀ। ਅਖ਼ਬਾਰ ਵਿੱਚ ਅੱਗੇ ਲਿਖਿਆ ਹੈ ਕਿ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪ੍ਰੋ: ਭੁੱਲਰ ਦੇ ਪਿਤਾ ਅਤੇ ਮਾਸੜ ਨੂੰ ਪੁਲਿਸ ਘਰੋਂ ਚੁੱਕ ਕੇ ਲੈ ਗਈ ਸੀ ਜਿੰਨ੍ਹਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਇਸ ਮਾਮਲੇ ’ਚ ਉਂਗਲ ਸੁਮੇਧ ਸੈਣੀ ਤੇ ਉੱਠ ਰਹੀ ਹੈ।

ਪੰਜਾਬ ਸਰਕਾਰ ਸੁਮੇਧ ਸੈਣੀ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੱਕ ਗਈ ਹੈ। ਇੱਕ ਪਾਸੇ ਸ੍ਰ: ਬਾਦਲ ਜੀ 1991 ਦੇ ਕਾਤਲਾਂ ਨੂੰ ਪੁਰਾਣੇ ਕੇਸ ਕਹਿ ਕੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ 1984 ਦੇ ਕੇਸਾਂ ਨੂੰ ਲੈਕੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾ ਰਹੇ ਹਨ। ਅਕਾਲ ਤਖ਼ਤ ਸਾਹਿਬ ’ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਤਾਂ ਪੂਰੀ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ, ਲਾਲ ਕ੍ਰਿਸ਼ਨ ਅਡਵਾਨੀ (ਬਾਦਲ ਦੇ ਮਿੱਤਰ) ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ ’ਤੇ ਹਮਲਾ ਕਰਵਾਇਆ ਤਾਂ ਉਹ ਸਿੱਖਾਂ ਦਾ ਮਿੱਤਰ।

- ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ। ਜੇ ਪੰਜਾਬ ਵਿੱਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰਕੇ ਉਸਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ।

- ਜੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਪੁਲਿਸ ਨਾ ਫੜੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਜੇ ਪੰਜਾਬ ਵਿੱਚ ਸਿੱਖਾਂ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਆਕੇ ਨਕਲੀ ਨਿਰੰਕਾਰੀਏ ਗੁਰੂਆਂ ਦੇ ਵਿਰੁੱਧ ਬੋਲਣ ਅਤੇ ਸਿੱਖਾਂ ਨੂੰ ਚਿੜਾਉਣ, ਸਿੱਖਾਂ ਵੱਲੋਂ ਇਸਦਾ ਵਿਰੋਧ ਕਰਨ ਤੇ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦੇਣ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕਰ ਦੇਣ, ਬਾਦਲ ਸਰਕਾਰ ਦੀ ਪੁਲਿਸ ਨਿਰੰਕਾਰੀਆਂ ਨੂੰ ਫੜਨ ਦੀ ਬਜਾਇ ਸੁਰੱਖਿਅਤ ਪੰਜਾਬ ਵਿੱਚੋਂ ਬਾਹਰ ਕੱਢ ਦੇਵੇ, ਬਾਦਲ ਫਿਰ ਵੀ ਸਿੱਖਾਂ ਦਾ ਹਮਦਰਦ!

- ਦਿੱਲੀ ਵਿੱਚ ਆਪਣੀ ਮਾਂ ਦੇ ਹੋਏ ਕਤਲ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਸਮੇਂ ਰਜੀਵ ਗਾਂਧੀ ਨੇ ਕਿਹਾ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ, ਤਾਂ ਰਾਜੀਵ ਗਾਂਧੀ ਸਿੱਖਾਂ ਦਾ ਦੁਸ਼ਮਣ। ਜੂਨ 1984 ਵਿੱਚ ਅਕਾਲ ਤਖਤ ਤੇ ਹੋਏ ਹਮਲੇ ਸਮੇਂ ਮਾਰੇ ਗਏ ਹਜਾਰਾਂ ਬੇਦੋਸ਼ਿਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਥਾਂ ਅਟਲ ਬਿਹਾਰੀ ਵਾਜਪਾਈ (ਬਾਦਲ ਦਾ ਮਿੱਤਰ) ਇੰਦਰਾ ਗਾਂਧੀ ਨੂੰ ਵਧਾਈਆਂ ਅਤੇ ਦੁਰਗਾ ਦਾ ਖਿਤਾਬ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ!

- ਜੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦੀ ਦੁਸ਼ਮਣ, ਜੇ ਪ੍ਰਕਾਸ਼ ਸਿੰਘ ਬਾਦਲ ਬੇਦੋਸ਼ੇ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ!

ਇਹ ਕੋਈ ਉਹ ਗੱਲਾਂ ਨਹੀਂ ਜੋ ਮੈਨੂੰ ਹੀ ਪਤਾ ਹੋਣ, ਇਹ ਕੁੱਝ ਤਾਂ ਮੈਂ ਅਖਬਾਰਾਂ, ਰਸਾਲਿਆਂ ਵਿੱਚੋਂ ਹੀ ਪੜ੍ਹਿਆ ਹੈ। ਇਹ ਕੁੱਝ ਤਾਂ ਹਰ ਕੋਈ ਅਖਬਾਰ ਰਸਾਲਾ ਪੜ੍ਹਨ ਵਾਲੇ ਚੰਗੀ ਤਰ੍ਹਾਂ ਮੇਰੇ ਨਾਲੋਂ ਵੀ ਵੱਧ ਜਾਣਦੇ ਹੋਣਗੇ।

ਵਿਦਵਾਨ ਸੱਜਣ ਤਾਂ ਹਜਾਰਾਂ ਗੁਣਾ ਵੱਧ ਬਾਦਲ ਬਾਰੇ ਜਾਣਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਨੰਗਾ ਚਿੱਟਾ ਸਿੱਖਾਂ ਦਾ ਕਾਤਲ ਸਿੱਖ ਕੌਮ ਦੇ ਅਕਾਲ ਤਖਤ, ਸ਼੍ਰੋ:ਗੁ:ਪ੍ਰ:ਕਮੇਟੀ, ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਕਾਬਜ਼ ਹੈ। ਪਰ ਅਸੀਂ ਇਸਨੂੰ ਸੱਜਣ ਕੁਮਾਰਾਂ ਦੀ ਲਾਇਨ ਵਿੱਚ ਖੜ੍ਹਾ ਕਰਨ ਦੀ ਥਾਂ ਬਾਦਲ ਜਿੰਦਾਬਾਦ ਦੇ ਨਾਅਰੇ ਲਾ ਰਹੇ ਹਾਂ ਅਤੇ ਦਿੱਲੀ ਦੀਆਂ ਸਰਕਾਰਾਂ ਅਤੇ ਅਦਾਲਤਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਹਾਂ। ਇਸ ਵਿੱਚ ਕੋਈ ਝੂਠ ਨਹੀ ਕਿ ਕਾਂਗਰਸ ਸਿੱਖਾਂ ਦੀ ਵੱਡੀ ਦੁਸ਼ਮਣ ਹੈ, ਪਰ ਇਹ ਵੀ ਸੱਚ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦਾ ਕਾਂਗਰਸ ਨਾਲੋਂ ਵੀ ਵੱਡਾ ਦੁਸ਼ਮਣ ਹੈ। ਪਰ ਅਸੀਂ ਬਾਹਰਲੇ ਦੁਸ਼ਮਣਾਂ ਨੂੰ ਤਾਂ ਫਾਂਸੀ ’ਤੇ ਟੰਗਵਾਉਣਾ ਚਾਹੁਦੇ ਹਾਂ, ਅੰਦਰਲੇ ਦੁਸ਼ਮਣ ਨੂੰ ਮੁੱਖ ਮੰਤਰੀ ਬਣਾ ਰਹੇ ਹਾਂ; ਜੇ ਸਾਡਾ ਇਹੀ ਹਾਲ ਰਿਹਾ ਤਾਂ ਸਾਨੂੰ ਇਨਸਾਫ਼ ਕਦੇ ਵੀ ਨਹੀਂ ਮਿਲ ਸਕੇਗਾ। ਕਿਉਂਕਿ ਜੋ ਲੋਕ ਆਪਣੇ ਆਪ ਨਾਲ ਇਨਸਾਫ਼ ਨਹੀਂ ਕਰਦੇ (ਵੋਟ ਪਾਉਣ ਸਮੇਂ ਨਹੀਂ ਸੋਚਦੇ) ਉਨ੍ਹਾਂ ਨੂੰ ਕਿਸੇ ਨੇ ਕੀ ਇਨਸਾਫ ਦੇਣਾ ਹੈ। ਮੈਂ ਤਾਂ ਅਖੀਰ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਪ੍ਰਮਾਤਮਾ!

ਸਾਨੂੰ ਵਿਵੇਕ ਬੁੱਧੀ ਬਖਸ਼ੇ, ਤਾਂ ਕਿ ਅਸੀਂ ਆਪਣੇ ਅਸਲੀ ਦੁਸ਼ਮਣ ਨੂੰ ਪਹਿਚਾਣ ਸਕੀਏ। ਸੱਜਣ ਕੁਮਾਰ ਨੂੰ ਬਰੀ ਕਰਨ ’ਤੇ ਕੇਂਦਰ ਸਰਕਾਰ ਤੇ ਅਦਾਲਤਾਂ ਵਿਰੁੱਧ ਰੋਸ ਮੁਜ਼ਾਹਰੇ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਸੁਮੇਧ ਸੈਣੀ ਸਿੱਖਾਂ ਦੇ ਕਤਲਾਂ ’ਚ ਕਲੀਨ ਚਿੱਟ ਦੇ ਕੇ ਡੀ.ਜੀ.ਪੀ ਬਨਾਉਣ ਵਾਲੀ ਬਾਦਲ ਸਰਕਾਰ ਵਿੱਰੁਧ ਵੀ ਰੋਸ ਮੁਜ਼ਾਹਰੇ ਕਰਨ।

ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ : 94170-23911


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top