Share on Facebook

Main News Page

ਦਿੱਲੀ ਵਿੱਚ ਪ੍ਰਧਾਨ ਮੰਤਰੀ ਦੀ ਘਰ ਵਲ੍ਹ ਜਾਂਦੇ ਸਿੱਖਾਂ ‘ਤੇ ਪੁਲੀਸ ਵੱਲੋਂ ਲਾਠੀਚਾਰਜ, ਦਸਤਾਰਾਂ ਲੱਥੀਆਂ

ਅੰਮ੍ਰਿਤਸਰ 5 ਮਈ (ਜਸਬੀਰ ਸਿੰਘ) ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਰੋਸ ਵਜੋਂ ਅਤੇ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਵੱਲੋਂ ਦਿੱਲੀ ਦੇ ਜੰਤਰ ਮੰਤਰ ਤੋਂ ਪ੍ਰਧਾਨ ਮੰਤਰੀ ਨਿਵਾਸ ਵੱਲ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਕੂਚ ਕੀਤਾ ਗਿਆ, ਪਰ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਪਾਰਲੀਮੈਂਟ ਸਟਰੀਟ ਥਾਣੇ ਤੋਂ ਅੱਗੇ ਨਹੀਂ ਜਾਣ ਦਿੱਤਾ ਤੇ ਪੁਲੀਸ ਵੱਲੋਂ ਸਿੱਖਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ ਜਿਸ ਕਾਰਨ ਕਈਆਂ ਦੀਆਂ ਦਸਤਾਰਾਂ ਵੀ ਲੱਥ ਗਈਆਂ।

ਦਿੱਲੀ ਤੋਂ ਜਾਰੀ ਇੱਕ ਬਿਆਨ ਰਾਹੀ ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਜਾਰਾਂ ਪ੍ਰਦਰਸ਼ਨਕਾਰੀਆਂ ਨੂੰ ਪਾਰਲੀਮੈਂਟ ਥਾਣੇ ਦੇ ਬਾਹਰ ਰੋਕਣ ਵਾਸਤੇ ਬੈਰੀਕੇਟਿੰਗ ਕੀਤੀ ਹੋਈ ਸੀ ਤੇ ਜਦੋਂ ਪ੍ਰਦਰਸ਼ਨਕਾਰੀ ਪਹਿਲਾ ਬੈਰੀਕੇਟ ਤੋੜਕੇ ਦੂਸਰੇ ਬੈਰੀਕੇਟ ਵੱਲ ਵੱਧ ਰਹੇ ਸੀ ਤਾਂ ਦਿੱਲੀ ਪੁਲਿਸ ਦੇ ਜਵਾਨਾਂ ਨੇ ਅੰਨੇਵਾਹ ਲਾਠੀਆਂ ਵਰਾਉਂਦਿਆਂ ਹੋਇਆਂ ਪ੍ਰਦਰਸ਼ਨਕਾਰੀਆਂ ਨੂੰ ਖਿੱਚ ਕੇ ਥਾਣੇ ਦੇ ਅੰਦਰ ਲੈ ਜਾਣਾ ਸ਼ੁਰੂ ਕਰ ਦਿੱਤਾ। ਇਸ ਖਿੱਚੋ ਤਾਣ ਵਿੱਚ ਕਈ ਸਿੱਖ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਲੱਥੀਆਂ ਤੇ ਇਸ ਦੌਰਾਨ ਹੋਏ ਲਾਠੀ ਚਾਰਜ, ਨੁਕੀਲੇ ਬੂਟਾਂ ਨਾਲ ਮਾਰਨਾ ਅਤੇ ਧੱਕੇ ਮੁੱਕੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ ਅਤੇ ਕੁਲਦੀਪ ਸਿੰਘ ਭੋਗਲ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਵਾਸਤੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਪੁਲਿਸ ਦੇ ਰਵੱਈਏ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਦਿੱਲੀ ਪੁਲਿਸ ਨੇ ਜਬਰ ਤੇ ਜ਼ੁਲਮ ਇੰਤਹਾ ਕਰ ਦਿੱਤੀ ਹੈ ਤੇ ਸ਼ਾਂਤਮਈ ਤਰੀਕੇ ਨਾਲ ਪ੍ਰਧਾਨ ਮੰਤਰੀ ਦੇ ਘਰ ਵੱਲ ਵੱਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਜਿਸ ਤਰੀਕੇ ਦੀ ਵਰਤੋਂ ਕਰਕੇ ਦਿੱਲੀ ਪੁਲਿਸ ਦੇ ਜਵਾਨਾਂ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ‘ਤੇ ਜੋ ਗੈਰ ਮਨੁੱਖੀ ਵਤੀਰਾ ਕੀਤਾ ਹੈ ਸਿੱਖ ਉਸ ਤੋਂ ਡਰਕੇ ਇਸ ਮੁਹਿੰਮ ਨੂੰ ਵਿਚਕਾਰ ਛੱਡਣ ਵਾਲਿਆਂ ਵਿੱਚੋਂ ਨਹੀਂ ਹਨ। ਅਕਾਲੀ ਦਲ ਦੇ ਕਾਰਕੁੰਨ ਸੱਜਣ ਕੁਮਾਰ ਨੂੰ ਸਜਾ ਨਾ ਮਿਲਣ ਤੱਕ ਆਪਣੀ ਲੜਾਈ ਇਸੇ ਤਰ੍ਹਾਂ ਜਾਰੀ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਫੁਟੇਜ਼ ਦੇ ਆਧਾਰ ‘ਤੇ ਅਸੀਂ ਦਿੱਲੀ ਪੁਲਿਸ ਦੀ ਇਸ ਕਾਰਵਾਈ ਦੀ ਪੜਤਾਲ ਕਰਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਆਪਣੀ ਸ਼ਿਕਾਇਤ ਛੇਤੀ ਹੀ ਦਰਜ਼ ਕਰਵਾਂਵਾਗੇ।

ਸ੍ਰ. ਜੀ.ਕੇ. ਨੇ ਕਿਹਾ ਕਿ ਅਸੀਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇੱਕ ਮੰਗ ਪੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਂਪਣ ਜਾ ਰਹੇ ਸੀ, ਜਿਸ ਵਿੱਚ ਅਸੀਂ ਉਨ੍ਹਾਂ ਦਾ ਧਿਆਨ ਬੀਬੀ ਨਿਰਪ੍ਰੀਤ ਕੌਰ ਵੱਲੋਂ ਜੰਤਰ ਮੰਤਰ ਵਿਖੇ ਸੱਜਣ ਕੁਮਾਰ ਦੇ ਬਰੀ ਕੀਤੇ ਜਾਣ ਦੇ ਖਿਲਾਫ ਅਣਮਿੱਥੇ ਸਮੇਂ ਲਈ ਕੀਤੀ ਜਾ ਰਹੀ ਭੁੱਖ ਹੜਤਾਲ ਵੱਲ ਦਿਵਾਉਣਾ ਸੀ ਅਤੇ ਬੀਬੀ ਨਿਰਪ੍ਰੀਤ ਕੌਰ ਵੱਲੋਂ ਮੰਗੀਆਂ ਗਈਆਂ ਚਾਰ ਮੰਗਾਂ ਤੋਂ ਉਨ੍ਹਾਂ ਨੂੰ ਜਾਣੂ ਕਰਾਉਣਾ ਸੀ। ਉਨ੍ਹਾਂ ਦੀ ਪਹਿਲੀ ਮੰਗ ਸੀ ਕਿ 1992 ਵਿੱਚ ਨਾਂਗਲੋਈ ਥਾਣੇ ‘ਚ ਦਰਜ ਐਫ.ਆਈ.ਆਰ. ਨੰਬਰ 67/87 ਵਿੱਚ 21 ਸਾਲ ਬਾਅਦ ਦਿੱਲੀ ਪੁਲਿਸ ਵੱਲੋਂ ਚਾਰਜ ਸੀਟ ਅਦਾਲਤ ਵਿੱਚ ਦਾਖਲ ਕਰਾਉਣਾ, ਦੂਜੀ ਮੰਗ ਸੀ ਐਫ.ਆਈ.ਆਰ. ਨੂੰ ਦਬਾਉਣ ਵਾਲੇ ਸਾਬਕਾ ਏ.ਸੀ.ਪੀ. ਰਜੀਵ ਰੰਜਨ ਜਿਸ ਨੂੰ ਬਾਅਦ ਵਿੱਚ ਡੀ.ਸੀ.ਪੀ. ਬਣਾਇਆ ਗਿਆ ਸੀ ਨੂੰ ਨੌਕਰੀ ਤੋਂ ਬਰਖਾਸਤ ਕਰਨਾ, ਤੀਜੀ ਮੰਗ ਸੀ ਕਿ ਗੁਜਰਾਤ ਦੰਗਿਆਂ ਦੀ ਤਰਜ ‘ਤੇ ਐਸ.ਆਈ.ਟੀ. ਬਣਾਉਣਾ ਅਤੇ ਚੌਥੀ ਮੰਗ ਸੀ ਕਿ ਸੀ.ਬੀ.ਆਈ. ਵੱਲੋਂ ਬਰੀ ਕਰਨ ਦੇ ਫੈਸਲੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕਰਕੇ ਇਸ ਕੇਸ ਦਾ ਫੈਸਲਾ ਤਿੰਨ ਮਹੀਨੇ ਵਿੱਚ ਕਰਨਾ, ਪਰ ਦਿੱਲੀ ਪੁਲਿਸ ਨੇ ਸਾਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਸਾਡੇ ਜਮੂਹਰੀ ਹੱਕ ਤੋਂ ਵਾਂਝਾ ਕਰਨ ਤੋਂ ਕੋਈ ਕਸਰ ਨਹੀਂ ਛੱਡੀ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਭਾਰਤੀ ਜਨਤਾ ਪਾਰਟੀ ਦੇ ਆਗੂ ਵਜਿੰਦਰ ਗੁਪਤਾ, ਨਿਗਮ ਪਾਰਸ਼ਦ ਜਤਿੰਦਰ ਸਿੰਘ ਸ਼ੰਟੀ, ਡਿੰਪਲ ਚੱਢਾ, ਦਿੱਲੀ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ, ਰਵਿੰਦਰ ਸਿੰਘ ਲਵਲੀ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ, ਪਰਮਿੰਦਰਪਾਲ ਸਿੰਘ ਵੀ ਸ਼ਾਮਿਲ ਸਨ।

 

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top