Share on Facebook

Main News Page

ਸ਼ਹੀਦੀ ਯਾਦਗਾਰ ਮਾਮਲਾ - ਅਣਗੌਲਿਆ ਕਰਨ ਕਰਕੇ ਅਖੰਡ ਕੀਰਤਨੀ ਜਥਾ ਸ਼੍ਰੋਮਣੀ ਕਮੇਟੀ ਨਾਲ ਨਾਰਾਜ਼?

ਅੰਮ੍ਰਿਤਸਰ: (5 ਮਈ: ਨਰਿੰਦਰ ਪਾਲ ਸਿੰਘ): ਜੂਨ '੮੪ ਦੇ ਸ਼ਹੀਦਾਂ ਦੀ ਯਾਦਗਾਰ ਨੂੰ ਲੈਕੇ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਦਰਮਿਆਨ ਵੱਧ ਰਹੀਆਂ ਦੂਰੀਆਂ ਤੋਂ ਪੈਦਾ ਹੋਏ ਹਾਲਾਤਾਂ ਦੇ ਮੱਦੇ ਨਜਰ ਇਹ ਸੰਕੇਤ ਮਿਲੇ ਹਨ ਕਿ ਯਾਦਗਾਰ ਦੇ ਨਾਮ ਕਰਣ ਦਾ ਪ੍ਰਛਾਵਾਂ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਇਕ ਹੋਰ ਸੰਸਥਾ ਤੇ ਵੀ ਪੈ ਸਕਦਾ ਹੈ।ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਜੂਨ ੮੪ ਦੇ ਸ਼ਹੀਦਾਂ ਦੀ ਉਸਾਰੀ ਗਈ ਯਾਦਗਾਰ ਦੇ ਨਾਮ ਕਰਨ ਨੂੰ ਲੈਕੇ ਦੇਸ਼ ਵਿਦੇਸ਼ ਦੀਆਂ ਵੱਖ ਵੱਖ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲ ਨਿਸ਼ਾਨਾ ਸਾਧਿਆ ਹੋਇਆ ਹੈ, ਲੇਕਿਨ ਇਨ੍ਹਾ ਸੱਭ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਇਹੀ ਸੁਣਾਈ ਜਾ ਰਹੇ ਹਨ ਕਿ ਯਾਦਗਾਰ ਇਸ ਵਕਤ ਕਮੇਟੀ ਦੇ ਪ੍ਰਬੰਧ ਦਾ ਹਿੱਸਾ ਬਣ ਚੁਕੀ ਹੈ ਤੇ ਕਮੇਟੀ ਗੁਰਦੁਆਰਾ ਪ੍ਰਬੰਧ ਚਲਾਉਣ ਦੇ ਫਰਜ ਨਿਭਾਉਣਾ ਭਲੀ ਭਾਂਤ ਜਾਣਦੀ ਹੈ।

ਸਿੱਖ ਪੰਥ ਦੀ ਇਕ ਹੋਰ ਅਹਿਮ ਸੰਸਥਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਨੇ ਯਾਦਗਾਰ ਨੂੰ ਲੈਕੇ ਗੰਭੀਰ ਇਤਰਾਜ ਜਿਤਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਅਖੰਡ ਕੀਰਤਨੀ ਜਥਾ ਨੂੰ ਯਾਦਗਾਰ ਮਾਮਲੇ ਵਿਚ ਪੂਰੀ ਤਰ੍ਹਾਂ ਅਣਗੋਲਿਆਂ ਕੀਤਾ ਹੈ । ਜਥੇਬੰਦੀ ਨੇ ਸਾਫ ਕਿਹਾ ਹੈ ਕਿ ਜੂਨ ੧੯੮੪ ਦੇ ਫੌਜੀ ਹਮਲੇ ਦੌਰਾਨ ਸ਼ਹੀਦੀ ਪਾਣ ਵਾਲੇ ਜਥੇ ਦੇ ਭਾਈ ਮਹਿੰਗਾ ਸਿੰਘ ਤੇ ਰਾਗੀ ਭਾਈ ਅਵਤਾਰ ਸਿੰਘ ਨੂੰ ਵਿਸਾਰ ਦਿੱਤਾ ਗਿਆ ਹੈ, ਜਿਸਨੂੰ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਜਥੇਬੰਦੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਯਾਦਗਾਰ ਦੀ ਉਸਾਰੀ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਰੀਆਂ ਹੀ ਪੰਥਕ ਧਿਰਾਂ ਨਾਲ ਮਿਲ ਬੈਠ ਕੇ ਇਕ ਵਾਰ ਸਲਾਹ ਕਰ ਲੈਂਦੇ ਤਾਂ ਅੱਜ ਹਾਲਤ ਇਹ ਨਹੀਂ ਸਨ ਹੋਣੇ । ਜਥੇਬੰਦੀ ਦੇ ਇਹ ਜਾਣਕਾਰ ਇਸ ਗੱਲ ਨਾ ਤਾਂ ਸਹਿਮਤ ਹਨ ਕਿ ਯਾਦਗਾਰ ਮੂਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਹਿਮਤੀ ਨਾਲ ਹੀ ਉਸਾਰੀ ਗਈ ਹੈ, ਲੇਕਿਨ ਇਸਦੇ ਨਾਮ ਬਾਰੇ ਉਠੇ ਵਿਵਾਦ ਲਈ ਉਹ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੂੰ ਪੂਰੀ ਤਰ੍ਹਾਂ ਜਿੰਮੇਵਾਰ ਮੰਨਦੇ ਹਨ ।

ਜਥੇਬੰਦੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਸ੍ਰ ਮੱਕੜ ਕੋਈ ਧਾਰਮਿਕ ਸ਼ਖਸ਼ੀਅਤ ਨਹੀਂ ਬਲਕਿ ਇਕ ਅਨਾੜੀ ਰਾਜਨੀਤਕ ਹਨ, ਜੋ ਕਿ ਕਿਸੇ ਨਾ ਕਿਸੇ ਢੰਗ ਨਾਲ ਮੁਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਲਈ ਕੰਡੇ ਬੀਜਦੇ ਰਹਿੰਦੇ ਹਨ । ਇਸ ਆਗੂ ਦਾ ਤਰਕ ਹੈ ਕਿ ਜੇਕਰ ਯਾਦਗਾਰ ਦਾ ਵਿਵਾਦ ਨਾ ਹੁੰਦਾ ਤਾਂ ਮੁਖ ਮੰਤਰੀ ਨੂੰ ਯਾਦਗਾਰ ਮੁੱਦੇ ਤੇ ਰਾਜਸੀ ਭਾਈਵਾਲ ਪਾਰਟੀ ਭਾਜਪਾ ਦੇ ਵਿਰੋਧ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ । ਆਖਿਰ ਜਦ ਇਹ ਵਿਵਾਦ ਦੇਸ਼ ਵਿਦੇਸ਼ ਵਿਚ ਪੰਥ ਅੰਦਰ ਦਰਾੜ ਪਾਣ ਦਾ ਕੰਮ ਕਰਨ ਲੱਗਾ, ਤਾਂ ਸ੍ਰ ਬਾਦਲ ਨੇ ਰਾਜਨੀਤਕ ਮਾਮਲਿਆਂ ਦੀ ਇਕਤਰਤਾ ਬੁਲਾ ਲਈ।

ਹੁਣ ਹਾਲਾਤ ਅਜੇਹੇ ਹਨ ਕਿ ਸ੍ਰ ਬਾਦਲ ਸਭ ਨੂੰ ਖੁਸ਼ ਨਹੀਂ ਕਰ ਸਕਦੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਇਕ ਗਲਤੀ ਦਾ ਖਮਿਆਜਾ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ। ਜਿਕਰਯੋਗ ਹੈ ਕਿ ਅਖੰਡ ਕੀਰਤਨੀ ਜਥਾ ਅੰਤਰਰਾਸ਼ਟਰੀ ਦੀਆਂ ੫੭ ਦੇਸ਼ਾਂ ਵਿਚ ਇਕਾਈਆਂ ਮੌਜੂਦ ਹਨ, ਜੋ ਹੋਰ ਸਿੱਖ ਸੰਸਥਾਵਾਂ ਵਾਂਗ ਹੀ ਸ਼੍ਰੋਮਣੀ ਕਮੇਟੀ ਦੀ ਕਾਰਜ ਪ੍ਰਣਾਲੀ ਤੇ ਨਜਰ ਵੀ ਰੱਖਦੀਆਂ ਹਨ, ਮੁਲਾਂਕਣ ਵੀ ਕਰਦੀਆਂ ਤੇ ਸੁਝਾਅ ਵੀ ਭੇਜਦੀਆਂ ਹਨ । ਜਥੇ ਦੇ ਮੁਖੀ ਗਿਆਨੀ ਬਲਦੇਵ ਸਿੰਘ ਸਾਲ ੨੦੦੬ ਤੋਂ ਸ਼੍ਰੋਮਣੀ ਕਮੇਟੀ ਵਲੋਂ ਚਲਾਈ ਗਈ ਵਿਰਸਾ ਸੰਭਾਲ ਧਰਮ ਪ੍ਰਚਾਰ ਲਹਿਰ ਦੇ ਮੁਖੀ ਹਨ, ਹੁਣ ਤੀਕ ਮਾਝੇ ਮਾਲਵੇ ਤੇ ਦੋਆਬੇ ਦੇ ੧੮੫੦ ਪਿੰਡਾਂ ਦਾ ਦੌਰਾ ਕਰਕੇ ੧ ਲੱਖ ੮੫ ਹਜਾਰ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਚੁਕੇ ਹਨ, ਢਾਈ ਲੱਖ ਪਤਿਤ ਨੌਜੁਆਨਾਂ ਦੇ ਕੇਸ ਰਖਾ ਚੁਕੇ ਹਨ, ਇਕੱਲੇ ਮਾਲਵੇ ਵਿਚ ੧੦ ਹਜਾਰ ਨੋਜੁਆਨਾਂ ਦੇ ਨਸ਼ੇ ਛੁਡਾ ਚੁਕੇ ਹਨ।

ਜਿਕਰਯੋਗ ਹੈ ਕਿ ਸਿੱਖੀ ਦੇ ਬੂਟੇ ਨੂੰ ਹਰਿਆ ਰੱਖਣ ਲਈ ਬਾਣੀ ਤੇ ਬਾਣੇ ਦਾ ਪ੍ਰਚਾਰ ਕਰਨਾ ਹੀ ਅਖੰਡ ਕੀਰਤਨੀ ਜਥੇ ਦਾ ਮਕਸਦ ਮੰਨਿਆ ਜਾਂਦਾ ਹੈ। ਸਾਲ ੧੯੮੨ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਆਰੰਭੇ ਧਰਮ ਯੁੱਧ ਮੋਰਚੇ ਤੋਂ ਲੈਕੇ ਹੁਣ ਤੀਕ ਅਖੰਡ ਕੀਰਤਨੀ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਲੇਕਿਨ ਬਦਲਦੇ ਹਾਲਾਤਾਂ ਵਿਚ ਸਿੱਖ ਪੰਥ ਦੀ ਇਹ ਸੰਸਥਾ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਤੋਂ ਦੂਰ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top