Share on Facebook

Main News Page

ਘੱਗਾ ਸਾਹਿਬ ਜੀ ਦੇ ਸਪਸ਼ਟੀਕਰਣ ਲਈ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ
- ਇੰਦਰਜੀਤ ਸਿੰਘ ਕਾਨਪੁਰ

(ਘੱਗਾ ਸਾਹਿਬ ਦਾ ਸਪਸ਼ਟੀਕਰਣ ਵੀ ਕੱਢ ਰਿਹਾ ਹੈ, ਤੱਤ ਗਿਆਨੀਆਂ ਦੇ "ਅਖੌਤੀ ਇਨਕਲਾਬੀ ਦਿਹਾੜੇ" ਅਤੇ "ਅਖੌਤੀ ਇਨਕਲਾਬੀ ਵਿਆਹ" ਦੀ ਹਵਾ)

ਪੰਥ ਦੇ ਵਿਦਵਾਨ ਸ. ਇੰਦਰ ਸਿੰਘ ਘੱਗਾ ਜੀ ਦੀ ਇਕ ਲਿਖਤ ਦਾ ਹਵਾਲਾ ਦੇਂਦਿਆਂ ਦਾਸ ਨੇ ਉਸ "ਅਖੌਤੀ ਇਨਕਲਾਬੀ ਵਿਆਹ" ਦੀ ਅਲੋਚਨਾ ਕੀਤੀ ਸੀ, ਜਿਸ ਵਿੱਚ ਸਿੱਖ ਰਹਿਤ ਮਰਿਯਾਦਾ ਦਾ ਉਲੰਘਣਾ ਕਰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਫੇਰੇ ਨਹੀਂ ਲਏ ਗਏ ਸਨ ਅਤੇ ਇਸ ਨੂੰ "ਤੱਤ ਗਿਆਨੀਆਂ" ਨੇ ਇਕ "ਇਨਕਲਾਬੀ ਦਿਹਾੜੇ" ਦੇ ਰੂਪ ਵਿੱਚ ਮਨਾਇਆ ਸੀ।

ਘੱਗਾ ਸਾਹਿਬ ਜੀ ਨੇ ਅਪਣੀ ਸੁਹਿਰਦਤਾ ਦਾ ਪਰਿਚੈ ਦੇਂਦਿਆਂ ਇਸ ਮੁੱਦੇ ਤੇ ਅਪਣਾ ਸਪਸਟੀਕਰਣ ਇਸ ਪ੍ਰਕਾਰ ਜਾਰੀ ਕੀਤਾ ਹੈ।

ਪਿਛਲੇ ਮਹੀਨੇ ਪਰਿਵਾਰ ਦੇ ਸੱਦੇ ਅਨੁਸਾਰ ਵਿਆਹ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਕਾਫੀ ਚਰਚਾ ਹੋਈ, ਕਿਉਂਕਿ ਓਥੇ ਲਾਵਾਂ ਫੇਰੇ ਨਹੀਂ ਹੋਏ। ਇਸ ਬਾਬਤ ਕੁੱਝ ਪਾਠਕਾਂ ਨੇ ਮੈਨੂੰ ਫੇਸਬੁੱਕ ਤੇ ਮੈਸਜ ਕੀਤੇ ਹਨ, ਇਕ ਸੱਜਣ ਇੰਦਰਜੀਤ ਸਿੰਘ 'ਕਾਨਪੁਰ' ਨੇ ਤਾਂ ਨਿੱਜੀ ਗੱਲਬਾਤ ਕਰਨ ਦੀ ਬਜਾਏ 'ਖਾਲਸਾ ਨਿਊਜ਼' ਵੈਬ ਸਾਈਟ 'ਤੇ ਮੈਨੂੰ ਸਵਾਲ ਵੀ ਕਰ ਦਿੱਤਾ। ਇੰਦਰਜੀਤ ਸਿੰਘ ਜੀ ਨੇ ਜੋ ਸਵਾਲ ਕੀਤਾ, ਉਹ ਪਾਠਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ, ਕਿਉਂਕਿ ਲੇਖ ਦਾ ਇਕ ਪੈਰ੍ਹਾ ਹੀ ਲਿਆ ਗਿਆ ਹੈ। (ਪੂਰਾ ਲੇਖ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਦਿੱਤਾ ਗਿਆ ਹੈ) ਜ਼ਰੂਰੀ ਨਹੀਂ ਕਿ ਮੈਂ ਜਿਸ ਵੀ ਵਿਆਹ ਜਾਂ ਹੋਰ ਸਮਾਗਮ ਵਿਚ ਸ਼ਾਮਲ ਹੋਵਾਂ, ਉਨ੍ਹਾਂ ਦੁਆਰਾ ਨਿਭਾਈ ਮਰਯਾਦਾ ਨਾਲ ਸਹਿਮਤ ਵੀ ਹੋਵਾਂ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਆਪ ਜੀ ਸਾਰਿਆਂ ਸਮਾਗਮਾਂ ਦੇ ਆਯੋਜਕਾਂ ਨਾਲ ਸਹਿਮਤ ਹੁੰਦੇ ਹੋ ਜੀ?

ਇਸ ਤੋਂ ਅੱਗੇ ਉਨਾਂ ਨੇ ਅਪਣਾਂ ਉਹ ਪੂਰਾ ਲੇਖ ਪਾਇਆ ਹੈ, ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਫੇਰਿਆਂ ਦੀ ਉਹ ਗੱਲ ਦਾਸ ਨੇ ਕੋਟ ਕੀਤੀ ਸੀ।

ਘੱਗਾ ਸਾਹਿਬ ਨੇ ਅਪਣੀ ਸੁਹਿਰਦਤਾ ਅਤੇ ਵਿਦਵਤਾ ਦਾ ਪਰਿਚੈ ਦੇਂਦਿਆਂ ਇਸ ਗਲ ਨੂੰ ਸਵੀਕਾਰ ਕੀਤਾ ਹੈ ਕਿ "ਉਹ ਇਸ ਵਿਆਹ ਵਿੱਚ ਪਰਿਵਾਰ ਵਾਲਿਆਂ ਦੇ ਸੱਦੇ ਤੇ ਗਏ ਸਨ, ਵਿਆਹ ਵਾਲੇ ਪਰਿਵਾਰ ਦੇ ਸੱਦੇ 'ਤੇ ਨਹੀਂ। (ਸ਼ਾਇਦ) ਅਤੇ ਉਨਾਂ ਇਹ ਵੀ ਕਹਿਆ ਹੈ ਕਿ ਉਹ ਉਸ ਵਿਆਹ ਵਿੱਚ ਸ਼ਾਮਿਲ ਜਰੂਰ ਹੋਏ ਸਨ, ਲੇਕਿਨ ਜ਼ਰੂਰੀ ਨਹੀਂ ਕਿ ਉਹ ਇਸ ਵਿਆਹ ਵਿੱਚ, ਉਨ੍ਹਾਂ ਦੁਆਰਾ ਨਿਭਾਈ ਮਰਯਾਦਾ ਨਾਲ ਸਹਿਮਤ ਹੋਣ। ਚੰਗਾ ਹੁੰਦਾ ਕਿ ਸਾਫ ਸਾਫ ਲਿੱਖ ਦਿੰਦੇ ਕਿ ਤੁਸੀਂ ਇਸ "ਪਰਿਵਾਰਿਕ ਮਰਿਯਾਦਾ" ਨਾਲ ਸਹਿਮਤ ਹੋ ਜਾਂ ਨਹੀ ਤਾਂ, ਪਾਠਕਾਂ ਦੀ ਸੋਚ ਵਿਚੋਂ ਇਹ ਕੰਡਾ ਵੀ ਨਿਕਲ ਜਾਣਾ ਸੀ ਕਿ ਤੁਹਾਡਾ ਇਸ "ਤੱਤੀ ਮਰਿਯਾਦਾ" ਬਾਰੇ ਕੀ ਸਟੈਂਡ ਹੈ? ਖੈਰ, ਉਨਾਂ ਦਾ ਇਹ ਬਿਆਨ ਹੀ ਕਾਫੀ ਹਦ ਤਕ ਸਾਡੀਆਂ ਸ਼ੰਕਾਵਾਂ ਨੂੰ ਦੂਰ ਕਰਦਾ ਹੈ, ਅਤੇ ਤੱਤ ਪਰਿਵਾਰ ਵਾਲਿਆਂ ਦੇ ਇਸ "ਇਨਕਲਾਬੀ ਦਿਹਾੜੇ" ਦੀ ਫੂਕ ਕੱਢ ਰਿਹਾ ਹੈ। ਘੱਗਾ ਜੀ ਦਾ ਇਹ ਸਪਸ਼ਟੀਕਰਣ ਇਸ ਗਲ ਦਾ ਵੀ ਸੰਕੇਤ ਦੇਂਦਾ ਹੈ ਕਿ ਉਨਾਂ ਦੇ ਇਸ "ਅਖੌਤੀ ਇਨਕਲਾਬ" ਨਾਲ ਘੱਗਾ ਸਾਹਿਬ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਅਗੋਂ ਘੱਗਾ ਸਾਹਿਬ ਜਾਨਣ ਜਾਂ ਪਰਿਵਾਰ ਵਾਲੇ, ਇਹ ਤਾਂ ਉਨਾਂ ਦੇ "ਅੰਦਰ ਦੀ ਗੱਲ" ਹੈ।

ਘੱਗਾ ਸਾਹਿਬ ਅਗੇ ਲਿਖਦੇ ਹਨ ਕਿ- "ਇੰਦਰਜੀਤ ਸਿੰਘ ਜੀ ਨੇ ਜੋ ਸਵਾਲ ਕੀਤਾ, ਉਹ ਪਾਠਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ, ਕਿਉਂਕਿ ਲੇਖ ਦਾ ਇਕ ਪੈਰ੍ਹਾ ਹੀ ਲਿਆ ਗਿਆ ਹੈ।"

ਮੈਂ ਘੱਗਾ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦਾਸ ਨੇ ਕਿਸੇ ਨੂੰ, ਕਿਸੇ ਤਰੀਕੇ ਨਾਲ ਗੁਮਰਾਹ ਨਹੀਂ ਕੀਤਾ ਹੈ। ਕਿਉਂਕਿ ਆਪਜੀ ਦਾ ਪੂਰਾ ਲੇਖ ਪਾਉਣ ਨਾਲ ਲੇਖ ਬਹੁਤ ਲੰਮਾ ਹੋ ਜਾਂਣਾ ਸੀ। ਦੂਜਾ ਆਪ ਜੀ ਦਾ ਪੂਰਾ ਲੇਖ ਵੀ ਇਹ ਸਾਬਿਤ ਨਹੀਂ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਫੇਰੇ ਨਹੀਂ ਸਨ ਲਏ। ਤੀਜਾ - ਪਾਠਕ ਪੂਰਾ ਲੇਖ ਅਤੇ ਉਸ ਲੇਖ ਦੇ ਉਹ ਅੰਸ਼ ਵਖਰੇ ਕਰਕੇ, ਪੜ੍ਹਕੇ ਨਿਰਣਾਂ ਆਪ ਕਰ ਸਕਦੇ ਹਨ ਕਿ ਪੂਰਾ ਲੇਖ ਪੜ੍ਹਨ ਨਾਲ ਕਿਤੇ ਵੀ ਇਸ ਗਲ ਦਾ ਖੰਡਨ ਨਹੀਂ ਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਫੇਰੇ ਨਹੀਂ ਲਏ ਸਨ। ਭਾਵੇਂ ਪੂਰਾ ਲੇਖ ਪੜ੍ਹਿਆ ਜਾਵੇ, ਜਾਂ ਉਸ ਲੇਖ ਦੇ ਉਹ ਅੰਸ਼ ਜਿਨਾਂ ਨੂੰ ਦਾਸ ਨੇ ਕੋਟ ਕੀਤਾ ਸੀ, ਲਿਖਾਰੀ ਇਹ ਹੀ ਸਾਬਿਤ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਫੇਰੇ ਲਏ ਸਨ। ਇਸ ਲਈ ਪਾਠਕਾਂ ਦੇ ਗੁੰਮਰਾਹ ਹੋਣ ਦਾ ਕੋਈ ਸਵਾਲ ਹੀ ਨਹੀਂ ਉਠਦਾ।

ਫਿਰ ਵੀ ਮੈਂ ਘੱਗਾ ਸਾਹਿਬ ਦਾ ਤਹਿ ਦਿਲੋ ਸ਼ੁਕ੍ਰਗੁਜਾਰ ਹਾਂ ਕਿ ਉਨਾਂ ਨੇ ਅਪਣੇ ਸਾਥੀਆਂ ਵਾਂਗ ਦਾਸ ਨੂੰ "ਪੁਜਾਰੀਵਾਦੀ ਕੁੱਤਾ", "ਧੂਤਾ", "ਵਿਅਕਤੀ ਪੂਜ", "ਭਗੌੜਾ", "ਪਰੰਪਰਾਵਾਦੀ", "ਪ੍ਰੋਫੇਸਰ ਸਾਹਿਬ ਨੂੰ ਗਿਆਰ੍ਹਵਾਂ ਗੁਰੂ ਮੰਨਣ ਵਾਲਾ", "ਉਨ੍ਹਾਂ ਦਾ ਅੰਧਾ ਸਮਰਥਕ", "ਫਤਵੇ ਜਾਰੀ ਕਰਨ ਵਾਲਾ ਪੁਜਾਰੀਵਾਦੀ" ਆਦਿਕ ਗਾਲ੍ਹਾਂ ਕੱਢ ਕੇ ਨਹੀਂ ਨਿਵਾਜਿਆ ਅਤੇ ਨਾਂ ਹੀ ਅਪਣੇ ਡ੍ਰਾਈਵਰ ਸਾਥੀ ਵਾਂਗ ਕੋਲਿਆਂ ਵਾਲੀ ਪ੍ਰੈਸ ਨਾਲ ਸਾਡੇ ਕਛਿਹਿਰੇ ਹੀ ਪ੍ਰੈਸ ਕੀਤੇ ਹਨ।

ਘੱਗਾ ਸਾਹਿਬ ਜੀ, ਆਪ ਜੀ ਨੇ ਬਹੁਤ ਅਧਿਐਨ ਕੀਤਾ ਹੈ ਅਤੇ ਆਪ ਜੀ ਦਾ ਕੌਮ ਲਈ ਬਹੁਤ ਯੋਗਦਾਨ ਹੈ, ਲੇਕਿਨ ਇਕ ਕਹਾਵਤ ਹੈ "ਸੰਗ ਰੋਗ ਤਾਰੇ, ਕੁਸੰਗ ਰੋਗ ਮਾਰੇ"

ਘੱਗਾ ਸਾਹਿਬ ਜੀ, ਐਸੇ ਗਾਲ੍ਹਾਂ ਕਡ੍ਹਣ ਵਾਲੇ ਨਾਸਤਿਕ ਡ੍ਰਾਈਵਰਾਂ ਅਤੇ ਤੱਤ ਗਿਆਨੀਆਂ ਦਾ ਸਾਥ ਤੁਹਾਡੇ ਸਾਰੇ ਜੀਵਨ ਦੀ ਪੂੰਜੀ, ਜੋ ਤੁਹਾਡਾ ਗਿਆਨ ਅਤੇ ਅਧਿਐਨ ਹੈ, ਨੂੰ ਖੋਰਾ ਲਾ ਰਿਹਾ ਹੈ। ਦਾਸ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਇਨਾਂ ਅਖੌਤੀ ਚੂੰਚ ਗਿਆਨੀਆਂ ਅਤੇ ਵਿਆਖਿਆਕਾਰਾਂ ਅਤੇ "ਆਲ ਪਤਾਲ ਬੋਲਣ ਵਾਲੇ ਡਾਂਗ ਧਾਰੀਆਂ" ਤੋ ਬੱਚ ਕੇ ਰਹੋ। ਇਹ ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਦੋ ਕਦਮ ਅੱਗੇ ਲੰਘ ਚੁਕੇ ਹਨ। ਜੇ ਇਨਾਂ ਉਤੇ, ਪੰਥ ਦਰਦੀਆਂ ਦਾ ਅੰਕੁਸ਼ ਨਾ ਹੁੰਦਾ, ਤਾਂ ਹੁਣ ਤਕ ਤਾਂ ਸ਼ਾਇਦ ਇਨ੍ਹਾਂ ਨੇ ਇਕ ਨਵਾਂ ਪੰਥ ਹੀ ਸਿਰਜ ਲੈਂਣਾ ਸੀ। ਕਿਉਂਕਿ ਸਿੱਖੀ ਦੇ ਵੇੜ੍ਹੇ ਦੀ ਵਲਗਣ ਤਾਂ ਇਨ੍ਹਾਂ ਨੇ ਤੋੜ ਹੀ ਦਿੱਤੀ ਹੈ। ਇਨ੍ਹਾਂ ਲਈ ਸਿੱਖੀ ਨਾਂ ਤਾਂ ਕੋਈ ਧਰਮ ਹੈ, ਨਾ ਪੰਥ ਹੈ, ਨਾ ਵਖਰੀ ਕੌਮ ਹੈ। ਇਹ ਬਹੁਤ ਵੱਡੇ ਵਿਆਖਿਆਕਾਰ ਹਨ। ਇਨ੍ਹਾਂ ਦੀਆਂ ਕੋਸ਼ਿਸ਼ਾਂ ਤਾਂ ਕੁਝ ਐਸੀਆਂ ਹੀ ਹਨ ਘੱਗਾ ਸਾਹਿਬ, ਇਨਾਂ ਤੋਂ ਥੋੜੀ ਦੂਰੀ ਬਣਾਈ ਰੱਖਣ ਨਾਲ ਹੀ ਤੁਹਾਡੀ ਸ਼ਖਸ਼ਿਯਤ, ਅਧਿਅਨ ਅਤੇ ਗਿਆਨ ਦੀ ਪੂੰਜੀ ਬਚੀ ਰਹਿ ਸਕਦੀ ਹੈ। ਇਕ ਵਾਰ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ, ਜੋ ਆਪ ਜੀ ਨੇ ਪਾਠਕਾਂ ਦੀ ਸ਼ੰਕਾ ਦਾ ਨਿਵਾਰਣ ਕੀਤਾ ਹੈ ਜੀ।

ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ ਜੀ।

ਪਾਠਕਾਂ ਦੀ ਜਾਣਕਾਰੀ ਲਈ ਸ. ਇੰਦਰ ਸਿੰਘ ਘੱਗਾ ਜੀ ਦੀ ਲਿਖੀ ਕਿਤਾਬ 'ਬੇਗਾਨੀ ਧੀ ਪਰਾਇਆ ਧਨ' ਦਾ ਪੂਰਾ 'ਉਧਾਲੇ ਤੋਂ ਵਿਆਹ ਵੱਲ' ਪੜ੍ਹਨ ਲਈ ਇਥੇ ਕਲਿੱਕ ਕਰੋ ਜੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top