Share on Facebook

Main News Page

ਪਾਠਕਾਂ ਦੀ ਜਾਣਕਾਰੀ ਲਈ ਮੇਰੀ ਲਿਖੀ ਕਿਤਾਬ
'ਬੇਗਾਨੀ ਧੀ ਪਰਾਇਆ ਧਨ' ਦਾ ਪੂਰਾ 'ਉਧਾਲੇ ਤੋਂ ਵਿਆਹ ਵੱਲ
- ਇੰਦਰ ਸਿੰਘ ਘੱਗਾ

ਕਾਦਰ ਨੇ ਨਰ ਮਾਦਾ ਬਣਾਏ ਹਨ, ਤਾਂ ਕਿ ਦੋਵਾਂ ਦੇ ਪਿਆਰ ਸਬੰਧਾਂ ਤੋਂ ਵੰਸ਼ ਚਲਦੀ ਰਹੇ। ਦੋਵੇਂ ਰਲ ਕੇ ਬੱਚਿਆਂ ਦੀ ਉਚਿਤ ਸੰਭਾਲ ਕਰ ਸਕਣ। ਜਿਥੇ ਇਕੱਲੀ ਮਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਵੇ ਉਥੇ (ਸਮੇਤ ਪਸ਼ੂ, ਪੰਛੀਆਂ ਦੇ) ਬੱਚਿਆਂ ਦੀ ਮੌਤ ਦਰ ਵੱਧ ਜਾਂਦੀ ਹੈ। ਬਾਕੀ ਜੀਵ ਸੰਸਾਰ ਵਿਚ ਪਤੀ ਪਤਨੀ ਵਾਲਾ ਰਿਸ਼ਤਾ (ਵਕਤੀ ਜਾਂ ਸਦੀਵੀ) ਤਾਂ ਮੌਜੂਦ ਹੈ, ਪਰ ਬਾਕੀ ਰਿਸ਼ਤਿਆਂ ਦੀ ਅਣਹੋਂਦ ਹੈ। ਇਹ ਮਨੁੱਖ ਹੀ ਹੈ ਜਿਸ ਨੇ ‘ਸਭਿਅਕ’ ਸਮਾਜ ਦੀ ਲੋੜ ਮਹਿਸੂਸ ਕੀਤੀ ਅਤੇ ਰਿਸ਼ਤੇ ਨਿਰਧਾਰਤ ਕੀਤੇ। ਆਦਿ ਕਾਲ ਤੋਂ ਹੀ ਨਰ ਮਾਦਾ ਦੀ ਸਾਂਝ ਤੋਂ ਵੰਸ਼ ਪ੍ਰੰਪਰਾ ਚੱਲ ਰਹੀ ਹੈ। ਭਾਵੇਂ ਪਹਿਲਾਂ ਇਸ ਨੂੰ ਕਾਮ ਪੂਰਤੀ ਦਾ ਵਸੀਲਾ ਮੰਨਿਆ ਗਿਆ। ਪਰ ਬਹੁਤ ¦ਮੇ ਦੁਖਦਾਈ ਤਜਰਬਿਆਂ ਤੋਂ ਮਗਰੋਂ ਕਬੀਲਿਆਂ ਦੇ ਸਿਆਣੇ ਮੁਖੀਆਂ ਨੇ ਪਤੀ ਪਤਨੀ ਦੀ ਜੋੜੀ ਨੂੰ ਪ੍ਰਵਾਨ ਕਰ ਲਿਆ। ਇਸ ਤੋਂ ਪਹਿਲਾਂ ਇਕ ਕਬੀਲੇ ਦੇ ਲੋਕ ਦੂਜੇ ਕਬੀਲੇ ਦੀਆਂ ਜਵਾਨ ਔਰਤਾਂ ਨੂੰ ਆਪਣੇ ਬਾਹੂਬਲ ਸਦਕਾ ਜਬਰੀ ਚੁੱਕ ਕੇ ਲੈ ਜਾਂਦੇ ਸਨ। ਦੂਜੀ ਧਿਰ ਭੀ ਠੀਕ ਮੌਕੇ ਦੀ ਤਾਕ ਵਿਚ ਰਹਿੰਦੀ ਸੀ ਕਿ ਅਸੀ ਉਨ੍ਹਾਂ ਦੀਆਂ ਲੜਕੀਆਂ ਨੂੰ ਕਦੋਂ ਚੁੱਕ ਲਿਆਈਏ। ਫਿਰ ਕਬੀਲੇ ਦੇ ਸਰਦਾਰ ਦੀ ਮਰਜ਼ੀ ਹੁੰਦੀ ਸੀ ਕਿ ਉਹ ਆਪਣੇ ਕੋਲ ਕਿੰਨੀਆਂ ਔਰਤਾਂ ਰੱਖੇ ਤੇ ਬਾਕੀਆਂ ਨੂੰ ਕਿੰਨੀਆਂ ਦੇਵੇ। ਇਸ ਧਿੰਗਾਜ਼ੋਰੀ ਵਿਚ ਜਿਥੇ ਮਰਦਾਂ ਦਾ ਦੋਵੇਂ ਪਾਸਿਆਂ ਵਿਚ ਜਾਨੀ ਨੁਕਸਾਨ ਹੁੰਦਾ ਸੀ, ਉਥੇ ਇਸਤਰੀਆਂ ਦੀ ਹਾਲਤ ਭੀ ਅਤਿ ਤਰਸਯੋਗ ਤੇ ਦੁਖਦਾਈ ਹੋਇਆ ਕਰਦੀ ਸੀ।

ਸਮਾਂ ਬੀਤਣ ਨਾਲ ਨਿਤ ਦੀ ਮਾਰੋ ਮਾਰੀ ਤੋਂ ਬਚਣ ਲਈ ਦੋਵਾਂ ਧਿਰਾਂ ਦੀ ਰਜ਼ਾਮੰਦੀ ਨਾਲ ਲੜਕੀਆਂ ਦਾ ‘ਵਟਾਂਦਰਾ’ ਸ਼ੁਰੂ ਕੀਤਾ ਗਿਆ। ਭਾਵ ਕਿ ਜਿੰਨੀਆਂ ਜਵਾਨ ਲੜਕੀਆਂ ਇਕ ਕਬੀਲੇ ਵਾਲੇ ਦੇਣਗੇ, ਦੂਜੇ ਕਬੀਲੇ ਵਾਲੇ ਉਨੀਆਂ ਹੀ ਧੀਆਂ ਵੱਟੇ ਵਿਚ ਦੇਣਗੇ। ਪਰ ਤਾਕਤਵਰ ਧਿਰਾਂ ਕਦੋਂ ਕਿਸੇ ਅਸੂਲ ’ਤੇ ਟਿਕਦੀਆਂ ਹਨ? ਸਗੋਂ ਲੜਕੀਆਂ ਨੂੰ ਉਧਾਲਣ ਵਾਲਾ ਸਿਲਸਿਲਾ ਫ਼ੌਜਾਂ ਲੈ ਕੇ ਹਥਿਆਰ ਧਾਰਨ ਕਰ ਕੇ ਨਗਾਰੇ ਦੀ ਚੋਟ ਨਾਲ ਕੀਤਾ ਜਾਣ ਲੱਗਾ। ਕਮਜ਼ੋਰ ਧਿਰਾਂ ਆਪਣੇ ਕਬੀਲੇ ਨੂੰ ਜਾਨੀ ਮਾਲੀ ਨੁਕਸਾਨ ਤੋਂ ਬਚਾਉਣ ਲਈ, ਹਮਲਾਵਰ ਦੀ ਇੱਛਾ ਅੱਗੇ ਝੁਕਦਿਆਂ ਮੰਗ ਮੁਤਾਬਕ ਆਪਣੀਆਂ ਜਵਾਨ ਲੜਕੀਆਂ ਉਨ੍ਹਾਂ ਨਾਲ ਟੋਰਨ ਦੀ ਸਹਿਮਤੀ ਪ੍ਰਗਟ ਕਰ ਦਿੰਦੀਆਂ। ਸਮਾਂ ਬੀਤਦਿਆਂ ਅੱਗੋਂ ਆਏ ਹਮਲਾਵਰਾਂ ਦੀ ਸੇਵਾ ਭੀ ਕੀਤੀ ਜਾਣ ਲੱਗੀ। ਅਗਲਵਾਂਢੀ ਹੋ ਕੇ ਲੜਕੀਆਂ ਪ੍ਰਾਪਤ ਕਰਨ ਆ ਰਹੇ ਲੋਕਾਂ ਦਾ ‘ਸਿਰ ਸੁੱਟ ਕੇ ਸੁਆਗਤ’ ਭੀ ਕੀਤਾ ਜਾਣ ਲੱਗਾ। ਹੌਲੀ ਹੌਲੀ ਸਮਾਂ ਪਾ ਕੇ ਇਸੇ ‘ਉਧਾਲੇ ਵਾਲੀ ਸੀਨਾ ਜ਼ੋਰੀ’ ਨੇ ਵਿਆਹ ਦਾ ਰੂਪ ਧਾਰਨ ਕਰ ਲਿਆ। ਆਪਣੇ ਕਬੀਲੇ ਵਿਚ ਵਿਆਹ ਨਾ ਕਰ ਕੇ ਬਾਹਰਲੇ ਕਬੀਲੇ ਵਿਚ ਲੜਕੀ ਲੈਣੀ ਦੇਣੀ ਪ੍ਰਵਾਨ ਕੀਤੀ ਜਾਣ ਲੱਗੀ। ਕਿਸੇ ਕਾਰਨ ਵਸ ਐਨ ਮੌਕੇ ’ਤੇ ਆ ਕੇ ਲੜਕੀ ਵਾਲਾ ਲੜਕੀ ਭੇਜਣ ਤੋਂ ਇਨਕਾਰ ਭੀ ਕਰ ਦਿਆ ਕਰਦਾ ਸੀ। ਜਿਸ ’ਤੇ ਲੜਾਈ ਭੜਕ ਪੈਂਦੀ ਸੀ। ਕਦੀ ਕਦਾਈਂ ਜੰਗਲਾਂ ਵਿਚੋਂ ਦੀ ¦ਘਦਿਆਂ ਰਾਹ ਵਿਚ ਬਰਾਤ ’ਤੇ ਡਾਕੂ ਹਮਲਾ ਕਰ ਦਿੰਦੇ। ਲੜਕੀ ਅਤੇ ਸਾਮਾਨ ਖੋਹ ਕੇ ਨੱਸ ਜਾਂਦੇ। ਬਰਾਤ ਵਾਲੇ ਖ਼ਾਲੀ ਹੱਥ ਪਰਤਦੇ।

ਸਮਾਜ ਵਿਚ ਭਾਵੇਂ ਲੜਕੀਆਂ ‘ਲੈਣੀਆਂ ਦੇਣੀਆਂ’ ਪ੍ਰਵਾਨ ਹੋ ਗਈਆਂ ਸਨ। ਆਪੋ ਆਪਣੇ ਰੀਤੀ ਰਿਵਾਜਾਂ ਮੁਤਾਬਕ ਵਿਆਹ ਦੀਆਂ ਰੀਤਾਂ ਰਸਮਾਂ ਭੀ ਘੜੀਆਂ ਜਾਣ ਲੱਗੀਆਂ ਸਨ। ਪਰ ਜਾਹਰਾ ਤੌਰ ’ਤੇ ਉਹੀ ਉਧਾਲੇ ਵਾਲੀ ਕਰੂਰ ਵਿਧੀ (ਰੂਪ ਵਟਾ ਕੇ) ਬਰਕਰਾਰ ਰਹੀ। ਸਦੀਆਂ ਬੀਤ ਜਾਣ ’ਤੇ ਭੀ ਅੱਜ ਦੇ ਸਭਿਅਕ ਆਖੇ ਜਾਂਦੇ ਸਮਾਜ ਵਿਚ ਉਹ ਰੀਤਾਂ ਰਸਮਾਂ ਨਿਤ ਵੇਖੀਆਂ ਜਾ ਸਕਦੀਆਂ ਹਨ। ਲਾੜਾ ਅਸਲ ਵਿਚ ਹਮਲਾਵਰ ਟੁਕੜੀ ਦਾ ਮੁਖੀ ਹੋਇਆ ਕਰਦਾ ਸੀ। ਉਸ ਦੇ ਹੱਥ ਵਿਚ ਕਿਰਪਾਨ ਹੋਣੀ ਜ਼ਰੂਰੀ ਸੀ। ਅੱਜ ਭੀ ਲਾੜਾ ਬਰਾਤ ਲੈ ਕੇ ਟੁਰਨ ਲੱਗੇ ਹੱਥ ਵਿਚ ਕਿਰਪਾਨ ਲੈ ਕੇ ਨਿਕਲਦਾ ਹੈ। ਉਂਞ ਭਾਵੇਂ ਸਾਰੀ ਉਮਰ ਕਿਰਪਾਨ ਨੂੰ ਹੱਥ ਭੀ ਲਾ ਕੇ ਨਾ ਵੇਖਿਆ ਹੋਵੇ। ਬਹੁਤ ਸਾਰੇ ਵਿਅਕਤੀਆਂ ਦਾ ਬਰਾਤ ਰੂਪ ਵਿਚ ਇਕੱਠੇ ਹੋ ਕੇ ਢੋਲ ਵਜਾ ਕੇ ਨਿਕਲਣਾ, ਹਮਲਾਵਰ ਵਿਧੀ ਹੀ ਤਾਂ ਹੈ। ਅਸਲ ਵਿਚ ਜਿਸ ਨੂੰ ਅੱਜ ਬਰਾਤ ਆਖਿਆ ਜਾ ਰਿਹਾ ਹੈ, ਇਹ ਲੁਟੇਰਿਆਂ ਦਾ ਟੋਲਾ ਹੀ ਤਾਂ ਹੈ। ਅੱਜ ਕਲ ਭਾਵੇਂ ਦੋਵਾਂ ਧਿਰਾਂ ਦੀ ਰਜ਼ਾਮੰਦੀ ਨਾਲ ਸਾਰਾ ਕਾਰਜ ਨੇਪਰੇ ਚੜ੍ਹਦਾ ਹੈ, ਅਸਲ ਵਿਚ ਇਉਂ ਨਹੀਂ ਹੈ। ਪੁਰਾਤਨ ਸਮੇਂ ਵਿਚ ਲੜਕੀਆਂ ਨੂੰ ਉਧਾਲਣ ਆਏ ਹਮਲਾਵਰ ਲੜਕੀ ਵਾਲਿਆਂ ਕੋਲ ਜੋ ਭੀ ਮਾਲ ਅਸਬਾਬ, ਮੱਝ, ਗਾਂ, ਘੋੜੇ ਜਬਰੀ ਲੈ ਜਾਇਆ ਕਰਦੇ ਸਨ। ਕੀਤੇ ਗਏ ਸਮਝੌਤੇ ਅਧੀਨ ਅੱਜ ਲੜਕੀ ਵਾਲੇ ਮੰਗੀਆਂ ਗਈਆਂ ਵਸਤਾਂ ਖ਼ੁਦ ਹੱਥ ਜੋੜ ਕੇ ‘ਖ਼ੁਸ਼ੀ ਖ਼ੁਸ਼ੀ’ ਅਰਪਣ ਕਰ ਦਿੰਦੇ ਹਨ। ਲੜਕੀ ਵਾਲੇ ਅੱਜ ਭੀ ‘ਨੀਂਵੇਂ’ ਹਨ। ਜੰਗ ਵਿਚ ਹਾਰੀਆਂ ਧਿਰਾਂ ਵਾਂਗ, ਜੇਤੂ (ਲੜਕੇ ਵਾਲੇ) ਧਿਰ ਦੀਆਂ ਸਾਰੀਆਂ ਮੰਗਾਂ ਸਵੀਕਾਰ ਕਰਨ ਲਈ ਮਜਬੂੁਰ ਹਨ। ਦਾਜ ਵਿਚ ਦਿਤਾ ਜਾ ਰਿਹਾ ਸਾਮਾਨ ਅਸਲ ਵਿਚ ਲੁੱਟਿਆ ਜਾ ਰਿਹਾ ਮਾਲ ਹੈ। ਕਮਜ਼ੋਰ ਧਿਰ ਖ਼ੁਦ ਲੁਟਾ ਰਹੀ ਹੈ। ਅੱਜ ਤਾਈਂ ਵਿਦਾਇਗੀ ਸਮੇਂ ਲੜਕੀ ਅਤੇ ਪ੍ਰਵਾਰ ਵਲੋਂ ਧਾਹਾਂ ਮਾਰ ਮਾਰ ਹੋਣਾ ਉਸੇ ਮਾਨਸਿਕਤਾ ਦੀ ਦੇਣ ਹੈ, ਜਦੋਂ ਲੜਕੀ ਨੂੰ ਚੁਕਿਆ ਜਾਂਦਾ ਸੀ ਤੇ ਘਰ ਲੁੱਟਿਆ ਜਾਂਦਾ ਸੀ। ਅੱਜ ਭੀ ਤਾਂ ਲੜਕੀ ਵਾਲੇ ਲੁੱਟੇ ਹੀ ਜਾ ਰਹੇ ਹਨ। ਲੜਕੀ ਨੂੰ ‘ਦੁਸ਼ਮਣਾਂ’ ਦੇ ਘਰ ਜਾ ਕੇ ਪਤਾ ਨਹੀਂ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਭਿਆਨਕਤਾ ਨੂੰ ਮਹਿਸੂਸ ਕਰ ਕੇ ਲੜਕੀ ਭੀ ਜਾਰੋਜਾਰ ਵਿਲਕਦੀ ਹੈ ਤੇ ਪਰਵਾਰ ਦੇ ਬਾਕੀ ਮੈਂਬਰ ਭੀ। ਕੀ ਪਤਾ ਲੜਕੀ ਕਿਨ੍ਹ੍ਹ੍ਹ੍ਹਾਂ ਹਾਲਤਾਂ ਵਿਚ ਜ਼ਿੰਦਗੀ ਗੁਜ਼ਾਰੇ, ਮੁੜ ਕੇ ਮਾਤਾ ਪਿਤਾ ਨਾਲ ਕਦੀ ਮਿਲਾਪ ਹੋ ਭੀ ਸਕੇਗਾ ਕਿ ਨਹੀਂ?

ਲੜਕੇ ਵਾਲੇ ਆਪਣੇ ਘਰ ਆ ਕੇ ਵੱਡੇ ਪੱਧਰ ’ਤੇ ਖ਼ੁਸ਼ੀਆਂ ਮਨਾਉਂਦੇ ਹਨ। ਸ਼ਰਾਬਾਂ ਦੇ ਦੌਰ ਚਲਦੇ ਹਨ। ਢੋਲ ਵਜਦੇ ਤੇ ਭੰਗੜੇ ਪੈਂਦੇ ਹਨ। ਇਹ ਸਭ ਉਨ੍ਹਾਂ ਸਾਥੀ ਧਾੜਵੀਆਂ ਦਾ ਸ਼ੁਕਰੀਆ ਅਦਾ ਕੀਤਾ ਜਾ ਰਿਹਾ ਹੈ। ਜੰਗ ਵਿਚ ਮਦਦ ਕਰਨ ਤੇ ਧੰਨਵਾਦ, ਜਦੋਂ ਤੁਹਾਨੂੰ ਮੇਰੀ ਲੋੜ ਪਵੇ, ਮੈਂ ਹਾਜ਼ਰ ਹੋਵਾਂਗਾ। ਉਹੀ ਪੁਰਾਤਨ ਲੁੱਟ ਦਾ ਬਦਲਿਆ ਰੂਪ ਹੈ। ਪੁਰਾਤਨ ਵਖ਼ਤਾਂ ਵਿਚ ਬੰਦਿਆਂ ਨੂੰ ਗ਼ੁਲਾਮ ਬਣਾ ਲਿਆ ਜਾਂਦਾ ਸੀ। ਉਨ੍ਹਾਂ ਤੋਂ ਉਮਰ ਭਰ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਸੀ। ਕਈ ਵਾਰੀ ਗ਼ੁਲਾਮਾਂ ਨੂੰ ਅੱਗੇ ਵੇਚ ਦਿਤਾ ਜਾਂਦਾ ਸੀ। ਗ਼ੁਲਾਮਾਂ ਦੀ ਜ਼ਿੰਦਗੀ ਭੀ ਕੋਈ ਜ਼ਿੰਦਗੀ ਹੈ? ਘੋਰ ਮੁਸੀਬਤਾਂ ਠੋਹਕਰਾਂ, ਫਿਟਕਾਰਾਂ। ਇਸੇ ਤਰ੍ਹਾਂ ਜਿਨ੍ਹਾਂ ਔਰਤਾਂ ਨੂੰ ਚੁੱਕ ਕੇ ਲਿਆਉਂਦੇ ਸਨ, ਉਹ ਭੀ ਮਾਲਕਾਂ ਦੀਆਂ ਉਮਰ ਭਰ ਲਈ ਗ਼ੁਲਾਮ ਸਨ, ਕੋਈ ਸੁਣਵਾਈ ਨਹੀਂ। ਜ਼ਰਾ ਕੁ ਜ਼ੁਬਾਨ ਖੋਲ੍ਹਣ ’ਤੇ ਹੀ ਹੱਡ ਸੇਕ ਦਿਤੇ ਜਾਂਦੇ ਸਨ। ਕੋਈ ਕਾਨੂੰਨ ਨਹੀਂ, ਕਿਧਰੇ ਸੁਣਵਾਈ ਨਹੀਂ। ਮਾਪੇ ਦੂਰ ਹਨ, ‘ਕਮਜ਼ੋਰ’ ਧਿਰ ਹਨ। ਆਪਣੀ ਵਿਲਕ ਰਹੀ ਬੇਟੀ ਦੀ ਮਦਦ ਕਰਨੋ ਅਸਮਰਥ। ਸਾਰੀਆਂ ਵਗਾਰਾਂ ਕਰਨੀਆਂ ਤੇ ਬੱਚੇ ਪੈਦਾ ਕਰਨੇ, ਆਦਮੀ (ਇਕ ਜਾਂ ਬਹੁਤੇ) ਦੀ ਕਾਮ ਭੁੱਖ ਪੂਰੀ ਕਰਨੀ... ਤੇ ਬਸ। ਜੋ ਗ਼ੁਲਾਮਾਂ ਵਾਲਾ ਜਾਲਮਾਨਾ ਵਰਤਾਉ ਔਰਤਾਂ ਨਾਲ ਤਦੋਂ ਕੀਤਾ ਜਾਂਦਾ ਸੀ, ਥੋੜੇ ਬਹੁਤੇ ਫ਼ਰਕ ਨਾਲ ਅੱਜ ਭੀ ਬਾਦਸਤੂਰ ਜਾਰੀ ਹੈ।

ਅੱਜ ਤੱਕ ਲੜਕੇ ਤੇ ਲੜਕੀ ਵਾਲਿਆਂ ਦਾ ਰਿਸ਼ਤਾ ਬਰਾਬਰਤਾ ਅਖ਼ਤਿਆਰ ਨਹੀਂ ਕਰ ਸਕਿਆ। ਇਸ ਮਨੋਰੋਗ ਤੋਂ ਕਹਿੰਦੇ ਕਹਾਉਂਦੇ ਸਿੱਖ ਭੀ ਨਹੀਂ ਬਚ ਸਕੇ। ਆਮ ਸਿੱਖ ਤਾਂ ਬੁਰੀ ਤਰ੍ਹਾਂ ਗਰਕਿਆ ਪਿਆ ਹੈ। ਲੜਕਾ ਹਾਕਮ ਵਾਲੀ ਧੌਂਸ ਜਮਾਉਂਦਾ ਹੈ। ‘ਮੇਰੀ ਸੇਵਾ, ਮੇਰਾ ਮਾਣ ਸਤਿਕਾਰ, ਮੇਰੀਆਂ ਮੰਗਾਂ, ਮੇਰਾ ਖਾਣ ਪੀਣ, ਮੇਰੇ ਸਾਥੀਆਂ ਦਾ ਸਨਮਾਨ..., ਉਨ੍ਹਾਂ ਨੇ ਸਾਡਾ ਕੋਈ ਖ਼ਿਆਲ ਨਹੀਂ ਰੱਖਿਆ। ਮੈਂ ਉਨ੍ਹਾਂ ਦੇ ਘਰ ਨਹੀਂ ਜਾਵਾਂਗਾ। ਮੈਂ ਇਸ ਜ਼ਨਾਨੀ (ਪਤਨੀ) ਨੂੰ ਵਾਪਸ ਭੇਜ ਦਿਆਂਗਾ’। ਬਹੁ ਗਿਣਤੀ ਲੜਕੇ ਇਸੇ ਮਾਨਸਿਕ ਪ੍ਰਵਿਰਤੀ ਅਧੀਨ ਜੀਅ ਰਹੇ ਹਨ। ਧੀ ਵਾਲੇ ਥਰਥਰ ਕੰਬ ਰਹੇ ਹੁੰਦੇ ਹਨ। ਕਿਤੇ ਦਾਮਾਦ ਜਾਂ ਉਸ ਦੇ ਸਾਥੀ ਨਾਰਾਜ਼ ਨਾ ਹੋ ਜਾਣ। ਵਿਤੋਂ ਬਾਹਰ ਜਾ ਕੇ ਲੜਕੇ ਦੀ ਸੇਵਾ ਕਰਦੇ ਹਨ। ਮੀਟ, ਮੁਰਗਾ, ਇੰਗਲਿਸ਼ ਸ਼ਰਾਬ ਤੇ ਹੋਰ ਕਈ ਕੁੱਝ। ਗ਼ੁਲਾਮਾਂ ਨਾਲੋਂ ਭੀ ਵੱਧ ਆਜ਼ਜ਼ੀ ਵਿਚ ਸਾਰਾ ਪ੍ਰਵਾਰ ਦਾਮਾਦ ਅੱਗੇ ਲਿਲਕੜੀਆਂ ਕੱਢ ਰਿਹਾ ਹੁੰਦਾ ਹੈ। ‘ਧੀਆਂ ਵਾਲੇ ਨੀਵੇਂ ਜੁ ਹੋਏ’। ਦੂਜੇ ਸ਼ਬਦਾਂ ਵਿਚ ਆਖੀਏ ਤਾਂ ਜੰਗ ਵਿਚ ਹਾਰੇ ਹੋਏ ਲੋਕ।

ਇਸ ‘ਨਮੋਸ਼ੀ’ ਤੋਂ ਬਚਣ ਲਈ ਇਕ ਹੋਰ ਭੀ ਵਿਹਾਰ ਪ੍ਰਚੱਲਤ ਰਿਹਾ। ਉਹ ਇਹ ਕਿ ਇਕ ਕਬੀਲਾ ਜਿੰਨੀਆਂ ਲੜਕੀਆਂ ਦੂਜੇ ਕਬੀਲੇ ਨੂੰ ਦੇਵੇਗਾ, ਉਤਨੀਆਂ ਹੀ ਲੜਕੀਆਂ ਆਪਣੇ ਕਬੀਲੇ ਦੇ ਲੜਕਿਆਂ ਲਈ ਪ੍ਰਾਪਤ ਕਰੇਗਾ। ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕੀਤਾ ਗਿਆ ਲੜਕੀਆਂ ਦਾ ਤਬਾਦਲਾ, ਆਹਮੋ ਸਾਹਮਣੇ ਲੜਕੀਆਂ ਦਾ ਵਟਾਂਦਰਾ। ‘ਅਗਰ ਤੁਸੀਂ ਸਾਡੀ ਬੇਟੀ ਨੂੰ ਪ੍ਰੇਸ਼ਾਨ ਕਰੋਗੇ ਤਾਂ ਅਸੀਂ ਤੁਹਾਡੀ ਬੇਟੀ ਨੂੰ ਉਸ ਤੋਂ ਵੱਧ ਦੁੱਖੀ ਕਰਾਂਗੇ।’ ਕੁੱਝ ਖ਼ਾਨਦਾਨਾਂ ਵਿਚ ਅੱਜ ਤੱਕ ਇਹ ‘ਵੱਟੇ’ ਵਾਲੀ ਪ੍ਰੰਪਰਾ ਪ੍ਰਚੱਲਤ ਹੈ। ਮੁਸਲਮਾਨਾਂ ਵਿਚ ਇਕ ਸੌਖਾ ਰਾਹ ਪ੍ਰਵਾਨ ਕੀਤਾ ਗਿਆ। ਆਪਣੇ ਭੂਆ ਦੇ ਪੁੱਤਰ, ਮਾਸੀ ਦੇ ਪੁੱਤਰ, ਮਾਮੇ ਦੇ ਪੁੱਤਰ, ਚਾਚੇ-ਤਾਏ ਦੇ ਪੁੱਤਰ ਨਾਲ ਲੜਕੀ ਵਿਆਹ ਦੇਣੀ ਤਾਂ ਕਿ ਅਪਣੱਤ ਬਣੀ ਰਹੇ। ਰਿਸ਼ਤੇਦਾਰਾਂ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੁੰਦੀ ਹੀ ਹੈ। ਕੁੱਝ ਹੱਦ ਤਕ ਲੜਕੀ ਸੌਖਾ ਜੀਵਨ ਬਿਤਾ ਸਕਦੀ ਹੈ।

ਉਪਰ ਵਰਣਿਤ ਹੀਣਤਾ ਵਾਲੇ ਕਾਰਨਾਂ ਸਦਕਾ, ਲੜਕੀਆਂ ਮਾਰ ਦੇਣਾ ਆਮ ਜਿਹਾ ਵਰਤਾਰਾ ਬਣ ਗਿਆ। ਸਿੱਖਾਂ ਵਿਚ ਸਿਰ ਕੱਢਵੇਂ ਸਰਦਾਰ ਭੀ ਇਸ ਪਾਪ ਕਰਮ ਤੋਂ ਨਾ ਡਰੇ। ਗੁਰਬਾਣੀ ਦੇ ਉਪਦੇਸ਼ ਨਿਤ ਦਿਨ ਸੁਣਨ-ਪੜ੍ਹਨ ਵਾਲੇ ਭੀ ਇਸ ਅਤਿਆਚਾਰ ਵਿਚ ਖ਼ੁਦ ਸ਼ਾਮਲ ਹੋ ਗਏ। ਸਤਿਗੁਰੂ ਜੀ ਤਾਂ ਆਖ ਰਹੇ ਹਨ :

ਸਾਚੁ ਸੀਲ ਸਚੁ ਸੰਜਮੀ, ਸਾ ਪੂਰੀ ਪਰਵਾਰਿ॥ ਨਾਨਕ ਅਹਿਨਿਸਿ ਸਦਾ ਭਲੀ, ਪਿਰ ਕੈ ਹੇਤਿ ਪਿਆਰਿ॥ (1088)

ਹੇ ਪੁੱਤਰੀ! ਤੂੰ ਸੱਚ ਨੂੰ ਧਾਰਨ ਕਰ, ਆਪਣੇ ਮਨ ਨੂੰ ਸੰਜਮ ਵਿਚ ਰੱਖ ਕੇ ਨਿਮਰੀ ਵਿਹਾਰ ਵਾਲੀ ਬਣ। ਇਨ੍ਹਾਂ ਗੁਣਾਂ ਸਦਕਾ ਤੂੰ ਪਰਵਾਰ ਵਿਚ ਸਤਿਕਾਰ ਪਾ ਸਕੇਂਗੀ। ਅਜਿਹੀ (ਜੀਵ ਇਸਤਰੀ) ਇਸਤਰੀ ਦਿਨ ਰਾਤ ਪਰਮੇਸ਼ਰ ਨੂੰ ਯਾਦ ਰਖਦੀ ਹੈ। ਭਲੀ ਆਖਦੀ ਹੈ, ਪ੍ਰਭੂ ਦਾ ਪਿਆਰ ਪਾ ਲੈਂਦੀ ਹੈ।

ਉਚਿਤ ਸੰਭਾਲ, ਖੁਰਾਕ ਅਤੇ ਸਮੇਂ ਸਿਰ ਇਲਾਜ ਨਾ ਕਰਾਉਣ ਕਰ ਕੇ ਲੜਕੀਆਂ ਦੀ ਮੌਤ ਦਰ ਤਾਂ ਅੱਗੇ ਹੀ ਵੱਧ ਸੀ, ਉਤੋਂ ਬੇਰਹਿਮੀ ਨਾਲ ਧੀਆਂ ਨੂੰ ਮਾਰਿਆ ਭੀ ਜਾਂਦਾ ਰਿਹਾ। ਲੜਕੀਆਂ ਦੀ ਅਨੁਪਾਤ ਖ਼ਤਰਨਾਕ ਹੱਦ ਤਕ ਘੱਟ ਗਈ। ਅਜਿਹੀ ਹਾਲਤ ਵਿਚ ਪੰਜ ਸੱਤ ਭਰਾਵਾਂ ਵਿਚੋਂ ਮਸੀਂ ਕਿਸੇ ਇਕ ਦਾ ਵਿਆਹ ਹੁੰਦਾ ਤੇ ਇਕੱਲੀ ਔਰਤ ਨੂੰ ਸਾਰਿਆਂ ਦੀ ਕਾਮ ਭੁੱਖ ਪੂਰੀ ਕਰਨੀ ਪੈਂਦੀ। ਇਸ ਘਾਟ ਦਾ ਫ਼ਾਇਦਾ ਉਠਾ ਕੇ ਬਹੁਤ ਸਾਰੇ ਨਿਰਦਈ ਪਿਉਆਂ ਨੇ ਧੀਆਂ ਨੂੰ ਵੱਡੀਆਂ ਰਕਮਾਂ ਲੈ ਕੇ ਵਿਆਹਿਆ, ਅਸਲ ਵਿਚ ਵੇਚਿਆ। ਇਸ ਦੌਰ ਵਿਚ ਲੜਕੇ-ਲੜਕੀ ਦਾ ਹਾਣ ਵੇਖਣਾ, ਯੋਗਤਾ ਪਰਖਣੀ, ਰੂਪ ਰੰਗ ਤੇ ਸੁੰਦਰਤਾ ਦੀ ਇਕਸਾਰਤਾ ਮਿਲਾਉਣੀ ਫ਼ਜ਼ੂਲ ਗੱਲਾਂ ਵਾਂਗ ਭੁਲਾ ਦਿਤੇ ਗਏ। ਅੱਲੜ ਉਮਰਾਂ ਵਾਲੀਆਂ ਰੂਪਵਤੀਆਂ, ਬੁੱਢਿਆਂ ਨਾਲ ਵਿਆਹ ਕੇ ਨਰਕ ਵਿਚ ਸੁੱਟੀਆਂ। ਰੁਪਏ ਲੈ ਕੇ ਅਪਾਹਜਾਂ, ਅਮਲੀਆਂ ਤੇ ਵਿਭਚਾਰੀਆਂ ਨੂੰ ਧੀਆਂ ਵੇਚ ਦਿਤੀਆਂ। ਲੜਕੀਆਂ ਲਈ ਇਹ ਵਿਆਹ ਨਹੀਂ ਸਨ। ਤੜਪ ਤੜਪ ਕੇ ਮਰਨ ਲਈ ਕੁੰਭੀ ਨਰਕ ਸਨ।

ਸਮਾਂ ਆਪਣੀ ਚਾਲ ਚਲਦਾ ਗਿਆ। ਵਿਆਹ ਸਬੰਧੀ ਉਭਰ ਰਹੀਆਂ ਧਿਰਾਂ ਨੇ ਕੁੱਝ ਨਿਯਮ ਘੜੇ। ਜਿਨ੍ਹਾਂ ਦਾ ਮੋਟਾ ਜਿਹਾ ਵੇਰਵਾ ਇਉਂ ਹੈ :

ਗੰਧਰਵ ਵਿਆਹ : ਲੜਕੇ-ਲੜਕੀ ਵਲੋਂ ਆਪਸੀ ਰਜ਼ਾਮੰਦੀ ਨਾਲ ਆਪਣੇ ਇਸ਼ਟ (ਧਰਮ ਜਾਂ ਦੇਵਤਾ) ਅੱਗੇ ਪਤੀ-ਪਤਨੀ ਹੋਣ ਦਾ ਪ੍ਰਣ ਕਰ ਲੈਣਾ। ਮਾਤਾ ਪਿਤਾ ਭਾਵੇਂ ਰਜ਼ਾਮੰਦ ਨਾ ਹੋਣ।

ਸੁਅੰਬਰ : ਲੜਕੀ ਦਾ ਪਿਤਾ ਕੋਈ ਔਖੀ ਜਿਹੀ ਸ਼ਰਤ ਰੱਖ ਕੇ, ਨੌਜਵਾਨ ਲੜਕਿਆਂ ਨੂੰ ਵੰਗਾਰ ਪਾਉਂਦਾ ਸੀ। ਜੋ ਗੱਭਰੂ ਇਸ ਸ਼ਰਤ ਨੂੰ ਪੂਰੀ ਕਰ ਦੇਵੇਗਾ, ਮੇਰੀ ਬੇਟੀ ਉਸ ਨੂੰ ਆਪਣਾ ਪਤੀ ਚੁਣ ਲੇਵੇਗੀ। ਪਰ ਅਜਿਹਾ ਕੇਵਲ ਰਾਜੇ ਹੀ ਕਰ ਸਕਦੇ ਸਨ। ਸੀਤਾ ਤੇ ਦਰੋਪਤੀ ਦਾ ਵਿਆਹ ਇਸੇ ਹੀ ਰੀਤ (ਸੁਅੰਬਰ) ਨਾਲ ਹੋਇਆ ਆਖੀਦਾ ਹੈ। ਇਸੇ ਤਰ੍ਹਾਂ ਕੁੱਝ ਹੋਰ ਰੀਤੀਆਂ ਚੱਲੀਆਂ। ਹਿੰਦੂ ਮਤ ਵਿਚ ਅੱਗ ਨੂੰ ਇਸ਼ਟ ਮੰਨ ਕੇ, ਉਸ ਦੁਆਲੇ ਫੇਰੇ ਲੈ ਕੇ ਵਿਆਹ ਕਰਨ ਦੀ ਪ੍ਰਥਾ ਅੱਜ ਸਰਬ ਪ੍ਰਵਨਿਤ ਮੰਨੀ ਗਈ ਹੈ। ਮੁਸਲਮਾਨਾਂ ਵਿਚ ਉਨ੍ਹਾਂ ਦੀ ਧਰਮ ਪੁਸਤਕ ਕੁਰਾਨ ’ਤੇ ਹੱਥ ਰੱਖ ਕੇ ਜੀਵਨ ਭਰ ਪਤੀ-ਪਤਨੀ ਬਣੇ ਰਹਿਣ ਦਾ ਪ੍ਰਣ ਕੀਤਾ ਜਾਂਦਾ ਰਿਹਾ ਹੈ। ਇਸ ਨੂੰ ਨਿਕਾਹ ਕਿਹਾ। ਇਸਾਈਆਂ ਵਿਚ ਰਿੰਗ ਸੈਰਾਮਨੀ, ਪਾਰਸੀਆਂ ਵਿਚ ਚੁੰਨੀ ਚੜ੍ਹਾਉਣੀ, ਕੁੱਝ ਲੋਕਾਂ ਵਿਚ ਜੈ ਮਾਲਾ ਤੇ ਆਧੁਨਿਕ ਦੌਰ ਵਿਚ ਕੋਰਟ ਮੈਰਿਜ ਭੀ ਮਕਬੂਲ ਹੁੰਦੀ ਜਾ ਰਹੀ ਹੈ। ਸਿੱਖ ਧਰਮ ਨੇ ਬੜੇ ਸੁੰਦਰ ਅਤੇ ਨਵੇਕਲੇ ਅਸੂਲ ਸਮਾਜ ਨੂੰ ਦਿਤੇ ਹਨ, ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। 

ਗੁਰੂ ਨਾਨਕ ਬਾਬਾ ਜੀ ਨੇ ਸਮਾਜ ਵਿਚ ਪ੍ਰਚਲਤ ਥੋਥੀਆਂ ਤੇ ਲੁੱਟ ਖਸੁੱਟ ਕਰਨ ਵਾਲੀਆਂ ਰੀਤੀਆਂ ਦਾ ਕਰੜਾ ਵਿਰੋਧ ਕੀਤਾ। ਅਜਿਹੇ ਹਵਾਲਿਆਂ ਦੇ ਦਰਸ਼ਨ ਗੁਰਬਾਣੀ ਵਿਚੋਂ ਸਹਿਜੇ ਹੀ ਕੀਤੇ ਜਾ ਸਕਦੇ ਹਨ। ਹੋਰ ਸੁਧਾਰਾਂ ਵਾਂਗ ਉਨ੍ਹਾਂ ਵਿਆਹ ਰੀਤੀ ਨੂੰ ਭੀ ਸੌਖਾ ਤੇ ਬਰਾਬਰਤਾ ਵਾਲਾ ਬਣਾਇਆ। ਭਾਵੇਂ ਬਹੁਤੇ ਸਬੂਤ ਤਾਂ ਨਹੀਂ ਮਿਲਦੇ ਪਰ ਗੁਰੂ ਰਾਮ ਦਾਸ ਸਾਹਿਬ ਵਲੋਂ ਲਾਵਾਂ ਦਾ ਉਚਾਰਨ ਤੇ ਸਿੱਖ ਪੰਥ ਵਿਚ ਚਲਣ ਐਵੇਂ ਨਹੀਂ ਹੋਇਆ। ਗੁਰੂ ਸਾਹਿਬ ਜੀ ਨੇ ਉਹੀ ਕਾਰਜ ਕੀਤੇ ਹਨ, ਜਿਨ੍ਹਾਂ ਦੀ ਲਿਖਤੀ ਜਾਂ ਜੁਬਾਨੀ ਗੁਰੂ ਨਾਨਕ ਸਾਹਿਬ ਆਗਿਆ ਕਰ ਗਏ ਸਨ। ਗੁਰੂ ਨਾਨਕ ਸਾਹਿਬ ਜੀ ਦਾ ਵਿਆਹ (ਅੱਗ ਦੁਆਲੇ) ਕਰਾਉਣ ਲਈ ਜਦੋਂ ਬ੍ਰਾਹਮਣ ਆਣ ਢੁੱਕੇ, ਪੂਰੀ ਤਿਆਰੀ ਹੋ ਗਈ, ਤਦੋਂ ਬਾਬਾ ਜੀ ਨੂੰ ਸੱਦਿਆ ਗਿਆ। ਉਨ੍ਹਾਂ ਬ੍ਰਾਹਮਣੀ ਰੀਤ ਅਪਣਾਉਣ ਤੋਂ ਸਾਫ਼ ਇਨਕਾਰ ਕਰ ਦਿਤਾ ਤੇ ਸੰਗੀ, ਸਾਥੀਆਂ ਸਮੇਤ ਇਕ ਕੰਧ ਨੇੜੇ ਮੰਜਾ ਡਾਹ ਕੇ ਬੈਠ ਗਏ। ਬ੍ਰਾਹਮਣਾਂ ਵਲੋਂ ਚੁੱਕੇ ਹੋਏ ਸਾਜ਼ਸ਼ੀ ਟੋਲੇ ਨੇ ਗੁਰੂ ਜੀ ਉਤੇ ਕੰਧ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਏ। ਸਾਰਿਆਂ ਨੇ ਹਾਰ ਹੰਭ ਕੇ ਪੁੱਛਿਆ ਕਿ ਤੁਸੀਂ ਦੱਸੋ, ਫਿਰ ਵਿਆਹ ਕਿਵੇਂ ਕਰੀਏ? ਗੁਰੂ ਜੀ ਨੇ ਇਕ ਚੌਕੀ (ਪੀੜ੍ਹਾ) ਮੰਗਵਾਈ, ਕਾਗ਼ਜ਼ ’ਤੇ ‘ੴ’ ਮੰਗਲਾਚਰਨ ਲਿਖ ਕੇ ਉਤੇ ਰੱਖ ਦਿਤਾ। ਮਾਤਾ ਸੁਲੱਖਣੀ ਜੀ ਨੂੰ ਲਿਆਂਦਾ ਗਿਆ। ਗੁਰੂ ਨਾਨਕ ਸਾਹਿਬ ਜੀ ਅੱਗੇ ਅੱਗੇ ਤੇ ਸੁਲੱਖਣੀ ਜੀ ਪਿੱਛੇ ਪਿੱਛੇ ਪੱਲਾ ਫੜ ਕੇ ਤੁਰਦੇ ਰਹੇ। ਚਾਰ ਚੱਕਰ ਲਾਏ, ਸਾਰਿਆਂ ਧਿਆਨ ਪੂਰਵਕ ਵੇਖਿਆ ਤੇ ਵਿਆਹ ਸੰਪੂਰਨ ਹੋ ਗਿਆ। ਇਸ ਦੀ ਗਵਾਹੀ ਸੂਰਜ ਪ੍ਰਕਾਸ਼ ਵਿਚ ਭਾਈ ਸੰਤੋਖ ਸਿੰਘ ਜੀ ਇਉਂ ਭਰਦੇ ਹਨ :

ਅਸ ਲਿਖ ਚੌਕੀ ਪਰ ਧਰਿਓ, ਲੀਨ ਪ੍ਰਕਰਮਾ ਚਾਰ। ਆਗਹਿ ਆਗਹਿ ਸਤਿਗੁਰੂ, ਮੂਲੇ ਪਾਛ ਕੁਆਰ

ਭਾਵ ਕਿ ਮੂਲਾ ਜੀ ਦੀ ਬੇਟੀ (ਕੁਆਰ-ਬੇਟੀ) ਨੇ ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਚਲਦਿਆਂ ਚਾਰ ਪ੍ਰਕਰਮਾਂ ਕੀਤੀਆਂ ਤੇ ਵਿਆਹ ਸੰਪੂਰਨ ਹੋ ਗਿਆ। ਬ੍ਰਾਹਮਣ ਦੀ ਛੁੱਟੀ ਕਰ ਦਿਤੀ। ਜੋ ਬ੍ਰਾਹਮਣ ਵਰਗ ਇਨਸਾਨ ਦੇ ਜਨਮ ਤੋਂ ਭੀ ਪਹਿਲਾਂ ਉਸ ਦਾ ਗੁਰੂ ਸੀ। ਜਨਮ ਤੋਂ ਲੈ ਕੇ, ਮਰਨ ਤਕ ਭੀ ਗੁਰੂ ਸੀ ਅਤੇ ਮਰਨ ਤੋਂ  ਬਾਅਦ ਭੀ ਸੌ ਸਾਲ ਤਕ ਗੁਰੂ ਸੀ। ਬਾਬਾ ਜੀ ਨੇ ਉਸ ਪੁਜਾਰੀ ਟੋਲੇ ਦੀ ਛੁੱਟੀ ਕਰ ਦਿਤੀ। ਜੋ ਬ੍ਰਾਹਮਣ ਅਜਿਹੇ ਕਰਮਕਾਂਡਾਂ ਦਾ ਖੱਟਿਆ ਖਾ ਰਿਹਾ ਸੀ, ਉਸ ਦੀ ਚੌਧਰ ਤੇ ਰੋਜੀ ਦੋਵੇਂ ਹੱਥੋਂ ਨਿਕਲ ਰਹੀਆਂ ਸਨ। ਇਸੇ ਕਾਰਨ ਇਹ ਖ਼ਤਰਨਾਕ ਸ਼ੈ (ਬ੍ਰਾਹਮਣ+ਪੁਜਾਰੀ) ਸਿੱਖ ਪੰਥ ਨਾਲ ਦੁਸ਼ਮਣੀ ਪਾਲਦੀ ਆ ਰਹੀ ਹੈ। ਅੱਗੇ ਜਾ ਕੇ ਇਸ ਬ੍ਰਾਹਮਣ ਪੁਜਾਰੀ ਨੇ ਦਾੜ੍ਹੀ ਕੇਸ ਰੱਖ ਕੇ ਅਨੰਦ ਕਾਰਜ ਕਰਵਾਉਣ ਸ਼ੁਰੂ ਕਰ ਦਿਤੇ।

ਬਾਬਾ ਬੰਦਾ ਸਿੰਘ ਤੋਂ ਮਗਰੋਂ ਸਿੱਖਾਂ ’ਤੇ ਸੰਕਟ ਦੇ ਹੋਰ ਗਹਿਰੇ ਬੱਦਲ ਛਾਏ ਰਹੇ। ਘਰ ਛੱਡ ਕੇ ਸਿੱਖਾਂ ਨੂੰ ਜੰਗਲੀ ਵਾਸਾ ਕਰਨਾ ਪਿਆ। ਪਿੱਛੇ ਸਾਰੀਆਂ ਰੀਤੀਆਂ ਉਹੀ ਪ੍ਰਚਲਤ ਹੁੰਦੀਆਂ ਗਈਆਂ ਜਿਨ੍ਹਾਂ ਤੋਂ ਗੁਰਬਾਣੀ ਨੇ ਰੋਕਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਤਾਂ ਇਨ੍ਹਾਂ ਬ੍ਰਾਹਮਣੀ ਕਰਮਕਾਂਡਾਂ ਨੂੰ ਮਾਨੋ ਸਰਕਾਰੀ ਮਾਨਤਾ ਹੀ ਮਿਲ ਗਈ। ਸਿੱਖ ਰਾਜ ਖੁਸ ਜਾਣ ਤੋਂ ਮਗਰੋਂ ਕੁੱਝ ਸਮਝਦਾਰ ਸਿੱਖਾਂ ਨੂੰ ਅਹਿਸਾਸ ਹੋਇਆ ਕਿ ਰਾਜ ਤਾਂ ਗਿਆ ਹੀ ਸੀ, ਹੁਣ ਧਰਮ ਭੀ ਗਿਆ ਸਮਝੋ। ਬਚਾਉਣ ਦਾ ਉਪਰਾਲਾ ਕਰਨ ਲਈ 1873 ਈ. ਵਿਚ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਗਈ। ਹੋਰ ਕੰਮਾਂ ਦੇ ਨਾਲ ਨਾਲ ਇਸ ਦੇ ਵਿਦਵਾਨ ਪੁਰਖਾਂ ਨੇ ਅਨੰਦ ਮੈਰਿਜ ਐਕਟ ਭੀ ਬਣਵਾਇਆ। ਹਿੰਦੂ ਕੱਟੜ ਪੰਥੀਆਂ ਨੇ ਇਸ ਨੂੰ ਰੋਕਣ ਦੀ ਕੋਈ ਕਸਰ ਬਾਕੀ ਨਾ ਛੱਡੀ। ਟਿੱਕਾ ਰਿਪੁਦੁਮਨ ਸਿੰਘ ਨਾਭਾ ਅਤੇ ਭਾਈ ਕਾਨ੍ਹ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅਨੰਦ ਮੈਰਿਜ ਐਕਟ 1909 ਈ. ਨੂੰ ਹੋਂਦ ਵਿਚ ਆ ਗਿਆ। 

ਕਾਨੂੰਨੀ ਮਾਨਤਾ ਭਾਵੇਂ ਮਿਲ ਗਈ, ਪਰ ਹਾਲੇ ਬਹੁਤ ਕੁੱਝ ਕਰਨ ਵਾਲਾ ਬਾਕੀ ਸੀ। ਅਨੰਦ ਕਾਰਜ ਬਾਰੇ ਸਿੱਖਾਂ ਨੂੰ ਜਾਣੂ ਕਰਾਉਣ ਦੀ ਲੋੜ ਸੀ ਤਾਂ ਕਿ ਸਿੱਖੀ ਅੰਦਰ ਘੁਸਪੈਠ ਕਰ ਚੁੱਕੀਆਂ ਬ੍ਰਾਹਮਣੀ ਰੀਤਾਂ ਨੂੰ ਚੁਣ ਚੁਣ ਕੇ ਬਾਹਰ ਕੱਢਿਆ ਜਾ ਸਕੇ। ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ। ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਗਈ। ਉਸ ਵਿਚ ਅਨੰਦ ਕਾਰਜ (ਵਿਆਹ) ਦੀ ਰੀਤ ਨੂੰ ਵਿਸਥਾਰ ਨਾਲ ਦਰਜ ਕੀਤਾ ਗਿਆ। ਸੰਨ 1947 ਈ. ਵਿਚ ਦੇਸ਼, ਦੇਸ਼ੀ ਹਾਕਮਾਂ ਦੇ ਕਬਜ਼ੇ ਵਿਚ ਆ ਗਿਆ। ਨਵੇਂ ਕਾਨੂੰਨ ਘਾੜਿਆਂ ਨੇ 26 ਜਨਵਰੀ 1950 ਈ. ਨੂੰ ਅਨੰਦ ਮੈਰਿਜ ਐਕਟ ਰੱਦ ਕਰ ਕੇ ਸਿੱਖਾਂ ’ਤੇ ਹਿੰਦੂ ਮੈਰਿਜ ਐਕਟ ਲੱਦ ਦਿਤਾ। ਜਿੰਨਾ ਵਿਰੋਧ ਇਸ ਦਾ ਹੋਣਾ ਚਾਹੀਦਾ ਸੀ, ਅਫ਼ਸੋਸ ਕਿ ਸਿੱਖ ਮੁਖੀਆਂ ਤੇ ਸਿੱਖ ਵਿਦਵਾਨਾਂ ਵਲੋਂ ਉਤਨਾ ਵਿਰੋਧ ਨਹੀਂ ਹੋਇਆ। ਈਸਾਈਆਂ ਅਤੇ ਮੁਸਲਮਾਨਾਂ ਦੇ ਵਿਆਹ ਕਾਨੂੰਨ ਵੱਖਰੇ ਹਨ। ਸਿੱਖਾਂ ਨੂੰ ਸੰਵਿਧਾਨ ਦੀ ਧਾਰਾ 25 ਮੁਤਾਬਕ ਹਿੰਦੂ ਗਰਦਾਨ ਦਿਤਾ ਹੈ। ਅਨੰਦ ਰੀਤੀ ਬੜੀ ਸਾਦੀ ਹੈ, ਸੌਖੀ ਹੈ, ਪਰ ਇਸ ਨੂੰ ਪ੍ਰਚਾਰਨ ਦੀ ਲੋੜ ਹੈ। ਸਿੱਖ ਰਹਿਤ ਮਰਿਆਦਾ ਵਿਚ ਪੰਨਾ 23 ’ਤੇ ਇਉਂ ਲਿਖਿਆ ਹੋਇਆ ਹੈ : ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਸਿੱਖਾਂ ਦਾ ਵਿਆਹ ਅਨੰਦ ਰੀਤੀ ਨਾਲ ਹੀ ਹੋਵੇ। ਸਿੱਖ ਦਾ ਵਿਆਹ ਬਿਨਾਂ ਜਾਤ ਗੋਤ ਵਿਚਾਰੇ ਹੋਵੇ। ਲੜਕਾ-ਲੜਕੀ ਮਨ ਅਤੇ ਸਰੀਰ ਕਰ ਕੇ ਜਦੋਂ ਜਵਾਨ ਹੋਵਣ ਵਿਆਹ ਤਦੋਂ ਕੀਤਾ ਜਾਵੇ। ਵਿਆਹ ਸਾਦਾ ਬਿਨਾਂ ਦਹੇਜ ਤੋਂ ਹੋਵੇ। 

(ਵਿਸਥਾਰ ਲਈ ਸਿੱਖ ਰਹਿਤ ਮਰਿਆਦਾ ਦਾ ਪੂਰਾ ਹਿੱਸਾ ਅੱਗੇ ਦਿਤਾ ਜਾਵੇਗਾ।)

ਸਖੀ ਆਉ ਸਖੀ, ਵਸਿ ਆਉ ਸਖੀ, ਅਸੀ ਪਿਰ ਕਾ ਮੰਗਲ ਗਾਵਹੁ॥ ਤਜਿ ਮਾਨੁ ਸਖੀ, ਤਜਿ ਮਾਨੁ ਸਖੀ, ਮਤੁ ਅਪਣੇ ਪ੍ਰੀਤਮ ਭਾਵਹੁ॥ (847)

ਹੇ ਸਖੀ! ਆਉ ਇਕੱਠੀਆਂ ਹੋ ਕੇ ਸੰਗਤ ਕਰੀਏ। ਆਉ ਸੰਗਤ ਵਿਚ ਜੁੜ ਕੇ ਸੱਚੇ ਪਤੀ (ਪਰਮੇਸ਼ਰ) ਦੇ ਗੀਤ ਗਾਈਏ। ਸਾਨੂੰ ਸਭ ਨੂੰ ਗੁਰੂ ਪਰਮੇਸ਼ਰ ਦੀ ਸੰਗਤ ਵਿਚੋਂ ਜੋ ਸਿਖਿਆ ਮਿਲਦੀ ਹੈ, ਉਸ ਨਾਲ ਹੰਕਾਰ ਦੂਰ ਕਰੀਏ। ਅਵਗੁਣਾਂ ਦਾ ਤਿਆਗ ਕਰਾਂਗੇ ਤਾਂ ਪਤੀ ਪਰਮੇਸ਼ਰ ਜੀ ਸਾਨੂੰ ਪਿਆਰ ਕਰਨਗੇ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top