Share on Facebook

Main News Page

ਸਿੱਖਾਂ ਨੂੰ ਤਾਂ ਦੂਜਿਆਂ ਦੀ ਮਦਦ ਕਰਣ ਲਈ, ਆਪਣੀ ਜਾਨ ਦੇ ਦੇਣ ਦਾ ਜਜ਼ਬਾ, ਅਪਣੇ ਗੁਰੂਆਂ ਕੋਲੋਂ ਵਿਰਾਸਤ ਵਿੱਚ ਮਿਲਿਆ ਹੈ
- ਇੰਦਰਜੀਤ ਸਿੰਘ, ਕਾਨਪੁਰ

(ਕਾਨਪੁਰ ਦੇ ਇਕ ਸਿੱਖ ਨੌਜੁਆਨ ਦੀ ਬਹਾਦੁਰੀ ਭਰੀ ਦਾਸਤਾਨ)

ਕਾਨਪੁਰ, 1 ਮਈ ਸੰਨ 2013 ਦਾ ਦਿਨ ਇੰਦਰਜੀਤ ਸਿੰਘ "ਰਾਜੂ" ਲਈ ਮੌਤ ਦਾ ਪੈਗਾਮ ਲੈ ਕੇ ਆਏਗਾ ਅਤੇ ਇਹ ਦਿਨ ਉਸ ਦੀ ਜਿੰਦਗੀ ਦਾ ਅਖੀਰਲਾ ਦਿਨ ਹੋਵੇਗਾ, ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ। ਰੋਜ ਦੀ ਤਰ੍ਹਾਂ, ਅੱਜ ਸਵੇਰੇ ਉਹ ਅਪਣੀ ਸਾਇਕਲਾਂ ਦੀ ਦੁਕਾਨ 'ਤੇ ਕਿਰਤ ਕਮਾਈ ਲਈ ਆਇਆ ਅਤੇ ਅਪਣੇ ਕੰਮ ਵਿੱਚ ਰੁਝ ਗਇਆ। 40 ਵਰ੍ਹਿਆਂ ਦਾ ਇੰਦਰਜੀਤ ਆਪਣੇ 85 ਵਰ੍ਹੇ ਦੇ ਬਿਰਧ ਪਿਤਾ ਗੁਰਮੁਖ ਸਿੰਘ ਦੇ ਬੁੜ੍ਹਾਪੇ ਦਾ ਸਹਾਰਾ ਸੀ ਅਤੇ ਦੋ ਜੂਨ ਦੀ ਰੋਟੀ ਦਾ ਜੁਗਾੜ ਕਰ ਕਰਕੇ ਅਪਣੇ ਪਰਿਵਾਰ ਦਾ ਗੁਜਰ ਬਸਰ ਕਰ ਰਿਹਾ ਸੀ। ਪਤਨੀ ਸਤਨਾਮ ਕੌਰ ਅਤੇ ਪੁੱਤਰ ਹਰਮੀਤ ਸਿੰਘ ਹੀ ਉਸ ਦੀ ਸਾਰੀ ਦੁਨੀਆ ਸੀ। ਗੁਰੂ ਦਾ ਸ਼ੁਕਰਾਨਾਂ ਅਤੇ ਕਿਰਤ ਕਮਾਈ ਕਰਕੇ ਅਪਣੇ ਫਰਜਾਂ ਨੂੰ ਪੂਰਾ ਕਰਨਾਂ ਇਸ ਭੋਲੇ ਭਾਲੇ ਸਿੱਖ ਦਾ ਇਕੋ ਇਕ ਨਿੱਤ ਕਰਮ ਸੀ। ਜਿਨਾਂ ਸਾਰਿਆਂ ਨੂੰ ਉਹ ਅਪਣੀ ਬਹਾਦੁਰੀ ਭਰੀ ਸ਼ਹਾਦਤ ਤੋਂ ਬਾਅਦ, ਰੱਬ ਦੇ ਭਰੋਸੇ ਛੱਡ ਕੇ ਇਸ ਦੁਨੀਆਂ ਤੋਂ ਕੂਚ ਕਰ ਗਇਆ। ਕਾਨਪੁਰ ਦੀ ਸਿੱਖ ਸੰਗਤ ਦੋ ਦਿਨਾਂ ਤੋਂ ਭਾਰੀ ਸਦਮੇ ਅਤੇ ਸ਼ੋਕ ਵਿੱਚ ਹੈ।

ਆਪਣੇ ਹੀ ਮੁਹੱਲੇ ਵਿੱਚ ਰਹਿਣ ਵਾਲੇ ਡਾਕਟਰ ਵਿਵੇਕ ਚੌਰਸਿਆ ਦੀ ਧਰਮ ਪਤਨੀ ਸਰਿਤਾ ਅਪਣੇ ਘਰੋਂ ਨਿਕਲੀ ਹੀ ਸੀ ਕੇ ਕੁਝ ਬਦਮਾਸ਼ਾਂ ਨੇ ਉਸ ਦੀ ਹਿੱਕ ਤੇ ਬੰਦੂਕ ਰੱਖ ਕੇ ਉਸ ਦੇ ਗਲੇ ਵਿੱਚ ਪਈ ਸੋਨੇ ਦੀ ਚੇਨ ਲੁੱਟ ਲਈ। ਉਸ ਦੇ ਰੌਲਾ ਪਾਉਣ 'ਤੇ ਉਸ ਦੇ ਅਪਾਰਟਮੇਂਟ ਦਾ ਗਾਰਡ ਆ ਗਇਆ, ਲੇਕਿਨ ਡਰ ਕੇ ਕੁਝ ਨਾਂ ਬੋਲਿਆ ਅਤੇ ਇਕ ਪਾਸੇ ਜਾ ਕੇ ਖੜਾ ਹੋ ਗਇਆ। ਦੁਕਾਨ ਤੇ ਬੈਠਾ ਇੰਦਰਜੀਤ ਸਿੰਘ ਬਾਹਰ ਆਇਆ ਅਤੇ ਮੋਟਰ ਸਾਇਕਿਲ ਤੇ ਚੇਨ ਲੁਟ ਕੇ ਭਜਦੇ ਬਦਮਾਸ਼ਾਂ ਨੂੰ ਉਸ ਨੇ ਦਬੋਚ ਲਿਆ। ਇਕ ਬਦਮਾਸ਼ ਨੂੰ ਉਸ ਨੇ ਢਾਅ ਲਿਆ ਅਤੇ ਉਸ ਨੂੰ ਅਪਣੀ ਮਜਬੂਤ ਗ੍ਰਿਫਤ ਵਿੱਚ ਲੈ ਲਿਆ। ਉਸ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਦੂਜੇ ਬਦਮਾਸ਼ ਕੋਲ ਵੀ ਬੰਦੂਕ ਹੋ ਸਕਦੀ ਹੈ। ਦੂਜੇ ਬਦਮਾਸ਼ ਨੇ ਇੰਦਰਜੀਤ ਨੂੰ ਗੋਲੀ ਮਾਰ ਦਿਤੀ ਅਤੇ ਉਹ ਉਸੇ ਥਾਂ 'ਤੇ ਡਿੱਗ ਪਇਆ ਅਤੇ ਦੋਵੇ ਬਦਮਾਸ਼ ਮੋਟਰ ਸਾਇਕਿਲ ਤੇ ਬੈਠ ਕੇ, ਮੌਕੇ ਵਾਰਦਾਤ ਤੋਂ ਫਰਾਰ ਹੋ ਗਏ। ਇੰਦਰਜੀਤ ਦੀ ਬਦਮਾਸ਼ਾ ਨਾਲ ਇਹ ਧਰ ਪਕੜ ਮੁਹੱਲੇ ਦੇ ਬਹੁਤੇ ਲੋਕੀਂ ਤਮਾਸ਼ਬੀਨ ਬਣਕੇ ਵੇਖਦੇ ਰਹੇ, ਲੇਕਿਨ ਅਪਣੀ ਜਾਂਨ ਤੋਂ ਡਰਦਿਆ ਇਕ ਵੀ ਬੰਦਾ ਉਸ ਦੀ ਮਦਦ ਨੂੰ ਅੱਗੇ ਨਹੀਂ ਆਇਆ। ਗੋਲੀ ਲਗਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸ ਦੀ ਮਦਦ ਨੂੰ ਇਕ ਵੀ ਬੰਦਾ ਉਸ ਦੀ ਮਦਦ ਲਈ ਨੇੜੇ ਨਹੀਂ ਆਇਆ । ਉਹ ਸੜਕ ਤੇ ਡਿਗਿਆ ਰਹਿਆ ਲੇਕਿਨ ਮੁਹੱਲੇ ਵਾਲਿਆਂ ਨੇ ਉਸ ਦੇ ਕਰੀਬ ਆਉਣਾਂ ਵੀ ਮੁਨਾਸਿਬ ਨਹੀਂ ਸਮਝਿਆ। ਇਥੋ ਤਕ ਕਿ ਡਾਕਟਰ ਦੀ ਪਤਨੀ, ਜਿਸ ਦੀ ਮਦਦ ਦੀ ਗੁਹਾਰ ਅਤੇ ਰੌਲੇ ਉਤੇ ਇੰਦਰਜੀਤ ਨੇ ਅਪਣੀ ਜਾਨ ਕੁਰਬਾਨ ਕਰ ਦਿਤੀ, ਉਹ ਵੀ ਅਪਣੇ ਘਰ ਦੌੜ ਗਈ ਅਤੇ ਅਪਣੇ ਆਪ ਨੂੰ ਡਰਦਿਆਂ ਮਾਰੇ ਕਮਰੇ ਵਿੱਚ ਬੰਦ ਕਰ ਲਿਆ।

ਇਸ ਘਟਨਾਂ ਨੇ ਅੱਜ ਕਾਨਪੁਰ ਵਿੱਚ 1984 ਦੀ ਨਸਲਕੁਸ਼ੀ ਵਾਲੀ ਉਹ ਕਾਲੀ ਸਵੇਰ ਮੈਨੂੰ ਯਾਦ ਦੁਆ ਦਿੱਤੀ, ਜਦੋਂ ਕਾਨਪੁਰ ਦੇ ਇਸੇ ਸ਼ਾਸ਼ਤਰੀ ਨਗਰ ਮੁਹੱਲੇ ਵਿੱਚ ਸਿੱਖਾਂ ਨੂੰ ਸੜਕ ਤੇ ਪੇਟ੍ਰੋਲ ਪਾ ਪਾ ਕੇ ਸਾੜਿਆ ਜਾ ਰਿਹਾ ਸੀ ਅਤੇ ਲੋਕੀਂ ਆਪੋ ਆਪਣੇ ਘਰਾਂ ਦੀਆਂ ਬਾਰੀਆਂ ਅਤੇ ਦਰਵਾਜਿਆਂ ਦੀਆਂ ਝੀਖਾਂ ਵਿੱਚੋਂ ਸਿੱਖਾਂ ਨੂੰ ਤੜਫਦੇ ਅਤੇ ਮਰਦੇ ਹੋਏ ਵੇਖਦੇ ਰਹੇ। ਉਨ੍ਹਾਂ ਦੀ ਮਦਦ ਨੂੰ ਵੀ ਕੋਈ ਨੇੜੇ ਨਹੀਂ ਸੀ ਆਇਆ। ਫਿਰ ਇਕ ਠੰਡਾ ਹੌਕਾ ਭਰ ਕੇ ਮੇਰੇ ਦਿਲ ਨੇ ਸੋਚਿਆ, "ਮੇਰਿਆ ਮਨਾਂ ਇਨਾਂ ਭਾਵੁਕ ਨਾ ਹੋ, ਸਿੱਖਾਂ ਨੂੰ ਤਾਂ ਦੂਜਿਆਂ ਦੀ ਮਦਦ ਲਈ ਅਪਣੀ ਜਾਨ ਦੇ ਦੇਣ ਦਾ ਜਜ਼ਬਾ ਤਾਂ ਆਪਣੇ ਗੁਰੂਆਂ ਕੋਲੋਂ ਵਿਰਾਸਤ ਵਿੱਚ ਮਿਲਿਆ ਹੈ। ਜਿਨ੍ਹਾਂ ਕੌਮਾਂ ਕੋਲ ਇਹੋ ਜਹੇ ਸਮਰਥ ਗੁਰੂ ਅਤੇ ਸ਼ਹਾਦਤਾਂ ਦਾ ਇਤਿਹਾਸ ਹੀ ਨਾ ਹੋਏ, ਉਨਾਂ ਨੇ ਕਿਸੇ ਦੀ ਕੀ ਮਦਦ ਕਰਨੀ ਹੈ।"


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top