Share on Facebook

Main News Page

ਭਾਜਪਾ ਦੀ ਸੱਜਣ ਕੁਮਾਰ ਨੂੰ ਖਾਮੋਸ਼ ਹਿਮਾਇਤ ?

ਨਵੀਂ ਦਿੱਲੀ, 2 ਮਈ : ਕੜਕੜਡੂਮਾ ਦੀ ਸੀ.ਬੀ.ਆਈ. ਕੋਰਟ ਵੱਲੋਂ 1984 ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਬੁੱਧਵਾਰ ਨੂੰ ਤਿਲਕ ਨਗਰ ਵਿਖੇ ਸੜਕ ਅਤੇ ਮੈਟਰੋ ਟ੍ਰੇਨਾਂ ਦੀ ਆਵਾਜਾਈ ਰੋਕ ਕੇ ਅਤੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਸਾਹਮਣੇ ਪ੍ਰਦਰਸ਼ਨ ਕਰਕੇ ਅਕਾਲੀ ਦਲ ਅਦਾਲਤੀ ਫੈਸਲੇ ਪ੍ਰਤੀ ਆਪਣਾ ਸਖ਼ਤ ਵਿਰੋਧ ਜਤਾ ਚੁੱਕਾ ਹੈ। ਪਰ ਪੰਜਾਬ, ਦਿੱਲੀ ਅਤੇ ਹੋਰ ਥਾਵਾਂ ’ਤੇ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇਸ ਮੁੱਦੇ ’ਤੇ ਲਗਪਗ ਚੁੱਪੀ ਸਾਧੀ ਹੋਈ ਹੈ।

ਅਦਾਲਤੀ ਫੈਸਲਾ ਆਉਣ ਉਪਰੰਤ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਵਿਜੇ ਗੋਇਲ ਵੱਲੋਂ ਇਕ ਰਸਮੀ ਬਿਆਨ ਰਾਹੀਂ ਕਾਂਗਰਸ ਦੀ ਕੀਤੀ ਗਈ ਆਲੋਚਨਾ ਤੋਂ ਇਲਾਵਾ ਭਾਜਪਾ ਨੇ ਇਸ ਮੁੱਦੇ ’ਤੇ ਬਿਲਕੁਲ ਚੁੱਪੀ ਧਾਰੀ ਹੋਈ ਹੈ। ਦੋਵੇਂ ਪ੍ਰਦਰਸ਼ਨਾਂ ਵਿਚ ਅਕਾਲੀ ਵਰਕਰਾਂ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਟਾਫ਼ ਨੇ ਹੀ ਹਿੱਸਾ ਲਿਆ ਅਤੇ ਭਾਜਪਾ ਦੇ ਕਿਸੇ ਵੱਡੇ ਨੇਤਾ ਜਾਂ ਵਰਕਰ ਨੇ ਇਨ੍ਹਾਂ ਪ੍ਰਦਰਸ਼ਨਾਂ ਵਿਚ ਭਾਗ ਲੈ ਕੇ ਆਪਣੀ ਭਾਈਵਾਲ ਪਾਰਟੀ ਦੀ ਮੁਹਿੰਮ ਨੂੰ ਸਮਰਥਨ ਦੇਣ ਦੀ ਲੋੜ ਨਹੀਂ ਸਮਝੀ। ਭਾਜਪਾ ਦੇ ਇਸ ਵਤੀਰੇ ਨਾਲ ਅਕਾਲੀ ਦਲ ਦੀ ਦਿੱਲੀ ਇਕਾਈ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।

ਹਾਲਾਂਕਿ ਹਾਈਕਮਾਂਡ ਦੀ ਹੁਕਮਅਦੂਲੀ ਕਰਕੇ ਕੋਈ ਆਗੂ ਭਾਜਪਾ ਦੀ ਜਨਤਕ ਤੌਰ ’ਤੇ ਆਲੋਚਨਾ ਕਰਨ ਦੀ ਹਿੰਮਤ ਨਹੀਂ ਜੁਟਾ ਰਿਹਾ ਪਰ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਕ ਆਗੂ ਨੇ ਇਸ ਪੱਤਰਕਾਰ ਨਾਲ ਵਿਚਾਰ ਸਾਂਝਾ ਕੀਤਾ ਕਿ ਪ੍ਰੋ. ਭੁੱਲਰ ਮਾਮਲੇ ਵਿਚ ਅਕਾਲੀ ਦਲ ਤੋਂ ਐਨ ਉਲਟਾ ਸਟੈਂਡ ਲੈਣ ਵਾਲੀ ਭਾਜਪਾ ਵੱਲੋਂ ਸਿੱਖਾਂ ਨਾਲ ਹੋਈ ਬੇਇਨਸਾਫੀ ਦੇ ਮਾਮਲੇ ਵਿਚ ਪਾਰਟੀ ਦਾ ਸਾਥ ਨਾ ਦੇਣਾ ਇਸ ਦੀ ਘੱਟ-ਗਿਣਤੀ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਅਕਾਲੀ ਦਲ ਦੇ ਇਕ ਹੋਰ ਆਗੂ ਨੇ ਕਿਹਾ ਕਿ ਭਾਜਪਾ ਦਿੱਲੀ ਵਿਚ ਦਿਨ-ਦਿਹਾੜੇ ਹਜ਼ਾਰਾਂ ਸਿੱਖਾਂ ਦਾ ਕਤਲ ਕਰਵਾਉਣ ਦੇ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਖਿਲਾਫ਼ ਜ਼ੁਬਾਨ ਖੋਲ੍ਹਣ ਤੋਂ ਸੰਕੋਚ ਕਰ ਰਹੀ ਹੈ।

ਅਕਾਲੀ ਆਗੂਆਂ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੂੰ ਸਿੱਖਾਂ ਦੇ ਸਦੀਵੀ ਸਮਰਥਨ ਦੀ ਗਲਤਫਹਿਮੀ ਆਪਣੇ ਮਨਾਂ ਵਿਚੋਂ ਕੱਢ ਦੇਣੀ ਚਾਹੀਦੀ ਹੈ ਅਤੇ ਜੇ ਪਾਰਟੀ ਦਾ ਅਜਿਹਾ ਵਤੀਰਾ ਜਾਰੀ ਰਿਹਾ ਤਾਂ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਇਲਾਵਾ ਭਾਜਪਾ ਨੂੰ ਵੀ ਸਿੱਖਾਂ ਦੀ ਨਾਰਾਜ਼ਗੀ ਦੀ ਮਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top