Share on Facebook

Main News Page

ਪਾਕਿਸਤਾਨ ਵਿੱਚ ਸਰਬਜੀਤ ਦੀ ਮੌਤ, ਦੇਹ ਭਾਰਤ ਪੁੱਜੀ, ਸਸਕਾਰ ਅੱਜ

ਲਾਹੌਰ - ਸਰਕਾਰੀ ਜਿਨਾਹ ਹਸਪਤਾਲ ਦੇ ਹਵਾਲੇ ਨਾਲ ਪਰਾਪਤ ਹੋਈਆਂ ਖਬਰਾਂ ਅਨੁਸਾਰ ਪਿਛਲੇ ਕਾਫੀ ਦਿਨਾਂ ਤੋਂ ਇਥੋਂ ਦੇ ਹਸਪਤਾਲ ਵਿਚ ਜੇਰੇ ਇਲਾਜ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਭਾਰਤੀ ਮੂਲ ਦਾ ਕੈਦੀ ਸ: ਸਰਬਜੀਤ ਸਿੰਘ ਹੁਣ ਆਪਣੀ ਜਿੰਦਗੀ ਦੀ ਆਖਰੀ ਜੰਗ ਹਾਰ ਚੁਕਾ ਹੈ

ਜਿਥੇ ਉਸਨੂੰ ਹਸਪਤਾਲ ਦੇ ਸੂਤਰਾਂ ਨੇ ਮ੍ਰਿਤਕ ਐਲਾਨ ਕਰ ਦਿਤਾ ਹੈ। ਸਰਬਜੀਤ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਹਰ ਦਿਲ ਗੁਰਦਾ ਰਖਣ ਵਾਲਾ ਹਿਰਦਾ ਰੋ ਉਠਿਆ ਹੈ ਤੇ ਦੁਨੀਆਂ ਭਰ ਵਿਚ ਸੋਗ ਤੇ ਅਫਸੋਸ ਦੀ ਲਹਿਰ ਦੌੜ ਗਈ ਹੈ।ਅਦਾਰਾ ਪੰਜਾਬ ਨਿਊਜ ਯੂ.ਐਸ.ਏ ਵਲੋਂ ਸਰਬਜੀਤ ਸਿੰਘ ਦੀ ਮੌਤ ਤੇ ਡੂੰਘੇ ਅਫਸੋਸ ਦਾ ਪਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪਰਗਟ ਕੀਤੀ ਗਈ ਹੈ।

ਨਵੀਂ ਦਿੱਲੀ/ਲਾਹੌਰ/ਅਟਾਰੀ/ਪੱਟੀ/ਭਿੱਖੀਵਿੰਡ, 2 ਮਈ (ਏਜੰਸੀਆਂ/ਜਸਵਿੰਦਰਜੀਤ ਸਿੰਘ ਵਿੱਗ/ਅਜੀਤ ਘਰਿਆਲਾ/ਪਰਮਵੀਰ ਰਿਸ਼ੀ/ਗੁਰਪ੍ਰਤਾਪ ਸਿੰਘ ਜੱਜ): ਸਰਬਜੀਤ ਸਿੰਘ ਦੀ ਮੌਤ ਨਾਲ ਉਸ ਦੇ ਪਰਵਾਰ ਵਲੋਂ ਉਸ ਦੀ ਰਿਹਾਈ ਲਈ ਪਿਛਲੇ ਕਈ ਸਾਲਾਂ ਤੋਂ ਜਾਰੀ ਸੰਘਰਸ਼ ਦਾ ਦੁਖਦ ਅੰਤ ਹੋ ਗਿਆ। ਇਸ ਘਟਨਾ ਨਾਲ ਜਿਥੇ ਭਾਰਤ ਵਿਚ ਗੁੱਸੇ ਤੇ ਸੋਗ ਦੀ ਲਹਿਰ ਦੌੜ ਗਈ, ਉਥੇ ਹੀ ਭਾਰਤ-ਪਾਕਿ ਦੇ ਰਿਸ਼ਤਿਆਂ ਵਿਚ ਨਵੀਂ ਖੜੋਤ ਪੈਦਾ ਹੋ ਗਈ ਹੈ। ਇਸੇ ਦਰਮਿਆਨ ਸਰਬਜੀਤ ਦੀ ਮ੍ਰਿਤਕ ਦੇਹ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਲਾਸ਼ ਨੂੰ ਪੋਸਟਮਾਰਟਮ ਲਈ ਪੱਟੀ ਲਿਜਾਇਆ ਗਿਆ ਜਿਸ ਪਿੱਛੋਂ ਸ਼ੁੱਕਰਵਾਰ ਨੂੰ ਭਿੱਖੀਵਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।  ਅੰਮ੍ਰਿਤਸਰ ਵਿਖੇ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਜਹਾਜ਼ ਵਿਚੋਂ ਉਤਾਰ ਕੇ ਪੱਟੀ ਲਿਜਾਏ ਜਾਣ ਮੌਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂ ਮੌਜੂਦ ਸਨ। ਭਿੱਖੀਵਿੰਡ ਵਿਖੇ ਅੰਤਮ ਸਸਕਾਰ ਤੋਂ ਪਹਿਲਾਂ ਸਰਬਜੀਤ ਸਿੰਘ ਦੀ ਦੇਹ ਨੂੰ ਲੋਕ ਸ਼ਰਧਾਂਜਲੀ ਲਈ ਰਖਿਆ ਜਾਵੇਗਾ।

ਅਪਣੇ ਭਰਾ ਦੀ ਮੌਤ ਤੋਂ ਦੁਖੀ ਦਲਬੀਰ ਕੌਰ ਨੇ ਪਾਕਿਸਤਾਨ 'ਤੇ ਭਾਰਤ ਦੀ ਪਿੱਠ ਵਿਚ ਛੁਰਾ ਮਾਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪਾਕਿਸਤਾਨੀ ਜੇਲਾਂ ਵਿਚ ਬੰਦ ਹੋਰਨਾਂ ਭਾਰਤੀਆਂ ਲਈ ਸੰਘਰਸ਼ ਕਰੇਗੀ। ਭਾਵੁਕ ਹੋਈ ਦਲਬੀਰ ਕੌਰ ਨੇ ਕਿਹਾ ਕਿ ਭਾਰਤ ਵਿਚ ਸੱਤਾ 'ਚ ਆਉਣ ਵਾਲੀਆਂ ਸਰਕਾਰਾਂ ਗ਼ਲਤ ਪਛਾਣ ਦਾ ਸ਼ਿਕਾਰ ਹੋਏ ਉਸ ਦੇ ਭਰਾ ਨੂੰ ਵਾਪਸ ਲਿਆਉਣ 'ਚ ਅਸਮਰੱਥ ਰਹੀਆਂ। ਉਨ੍ਹਾਂ ਕਿਹਾ, ''ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਮੇਰੇ ਭਰਾ ਦੀ ਹਤਿਆ ਕਰਵਾਈ।'' ਦਲਬੀਰ ਕੌਰ ਨੇ ਇਹ ਦਾਅਵਾ ਵੀ ਕੀਤਾ ਕਿ ਪਾਕਿਸਤਾਨ 'ਚ ਮਨੁੱਖੀ ਅਧਿਕਾਰਾਂ ਲਈ ਸਰਗਰਮ ਅੰਸਾਰ ਬਰਨੀ ਨੇ ਸਰਬਜੀਤ ਦੀ ਰਿਹਾਈ ਲਈ ਪਹਿਲਾਂ 25 ਕਰੋੜ ਅਤੇ ਫਿਰ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ''ਜੇ ਮੈਂ ਦੋ ਕਰੋੜ ਰੁਪਏ ਦੇ ਦਿਤੇ ਹੁੰਦੇ ਤਾਂ ਅੱਜ ਮੇਰਾ ਭਰਾ ਜਿਊਂਦਾ ਹੁੰਦਾ।'' ਉਨ੍ਹਾਂ ਕਿਹਾ, ''ਮੈਂ ਬਰਨੀ ਨੂੰ ਕਿਹਾ ਸੀ ਕਿ ਮੈਂ ਇਕ ਗ਼ਰੀਬ ਪਰਵਾਰ ਨਾਲ ਸਬੰਧ ਰਖਦੀ ਹਾਂ ਅਤੇ ਐਨੀ ਰਕਮ ਨਹੀਂ ਦੇ ਸਕਦੀ। ਉਸ ਵਿਅਕਤੀ ਨੇ ਮੈਨੂੰ ਸਾਫ਼ ਲਫ਼ਜ਼ਾਂ ਵਿਚ ਕਿਹਾ ਸੀ ਕਿ ਜੇ ਸਵੇਰੇ ਰੁਪਏ ਮਿਲ ਜਾਣਗੇ ਤਾਂ ਸ਼ਾਮ ਤਕ ਸਰਬਜੀਤ ਰਿਹਾਅ ਹੋ ਜਾਵੇਗਾ।''

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਬਜੀਤ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਦੇਸ਼ ਦਾ ਬਹਾਦਰ ਸਪੂਤ ਕਰਾਰ ਦਿਤਾ। ਉਨ੍ਹਾਂ ਕਿਹਾ, ''ਬਹੁਤ ਅਫ਼ਸੋਸ ਵਾਲੀ ਗੱਲ ਹੈ ਕਿ ਪਾਕਿਸਤਾਨ ਨੇ ਮਨੁੱਖਤਾ ਦੇ ਆਧਾਰ 'ਤੇ ਸਰਬਜੀਤ ਨੂੰ ਭਾਰਤ ਭੇਜਣ ਦੀਆਂ ਕੀਤੀਆਂ ਗਈਆਂ ਅਪੀਲਾਂ ਨੂੰ ਤਵੱਜੋ ਨਹੀਂ ਦਿਤੀ।'' ਇਸ ਦੇ ਨਾਲ ਪ੍ਰਧਾਨ ਮੰਤਰੀ ਨੇ ਆਖਿਆ ਕਿ ਸਰਬਜੀਤ ਉਪਰ ਹਮਲਾ ਕਰਨ ਵਾਲੇ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ। ਵਿਰੋਧੀ ਧਿਰ ਭਾਜਪਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਨੂੰ ਵੇਖਦਿਆਂ ਇਸਲਾਮਾਬਾਦ ਤੋਂ ਅਪਣਾ ਸਫ਼ੀਰ ਵਾਪਸ ਸੱਦ ਕੇ ਪਾਕਿਸਤਾਨ ਨਾਲ ਕੂਟਨੀਤਕ ਰਿਸ਼ਤੇ ਖ਼ਤਮ ਕਰ ਦਿਤੇ ਜਾਣ। ਉਧਰ ਵਿਦੇਸ਼ ਮੰਤਰੀ ਸਲਮਾਨ ਖ਼ੁਰਸ਼ੀਦ ਨੇ ਕਿਹਾ ਕਿ ਪਾਕਿਸਤਾਨੀ ਜੇਲ ਵਿਚ ਇਕ ਭਾਰਤੀ ਕੈਦੀ ਦੀ ਹਤਿਆ ਬਾਰੇ ਵਿਸਤਾਰਤ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ ਤਾਕਿ ਦੋਸ਼ੀਆਂ ਨੂੰ ਸਜ਼ਾ ਦਿਤੀ ਜਾ ਸਕੇ। ਇਹ ਪੁੱਛੇ ਜਾਣ 'ਤੇ ਕਿ ਕੀ ਸਰਬਜੀਤ ਦੀ ਮੌਤ ਦੀ ਘਟਨਾ ਪਿੱਛੋਂ ਭਾਰਤ-ਪਾਕਿਸਤਾਨ ਦਰਮਿਆਨ ਰਿਸ਼ਤੇ ਸੁਖਾਵੇਂ ਹੋਣ ਦੀ ਕੋਈ ਸੰਭਾਵਨਾ ਹੈ, ਖ਼ੁਰਸ਼ੀਦ ਨੇ ਕਿਹਾ, ''ਮੈਂ ਸਮਝਦਾ ਹਾਂ ਕਿ ਇਹ ਇਕ ਵੱਡਾ ਸਵਾਲ ਹੈ ਅਤੇ ਆਉਣ ਵਾਲੇ ਦਿਨਾਂ 'ਚ ਹਾਲਾਤ ਦੀ ਸਮੀਖਿਆ ਤੋਂ ਬਾਅਦ ਹੀ ਅਸੀਂ ਕਹਿ ਸਕਾਂਗੇ ਕਿ ਭਵਿੱਖ ਦੀ ਰਣਨੀਤੀ ਕੀ ਹੋਵੇਗੀ।'' ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸਰਬਜੀਤ ਦੇ ਪਰਵਾਰ ਨੂੰ 25 ਲੱਖ ਰੁਪਏ ਅਤੇ ਪੰਜਾਬ ਸਰਕਾਰ ਨੇ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਸਰਬਜੀਤ ਸਿੰਘ ਦੀਆਂ ਦੋਹਾਂ ਧੀਆਂ ਨੂੰ ਨੌਕਰੀ ਦੇਵੇਗੀ ਅਤੇ ਸੂਬੇ ਵਿਚ ਤਿੰਨ ਦਿਨ ਦਾ ਸਰਕਾਰੀ ਸੋਗ ਮਨਾਇਆ ਜਾਵੇਗਾ।

ਸਰਬਜੀਤ ਦੀ ਮੌਤ ਲਈ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਯੂਪੀਏ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਗਾਇਆ ਕਿ ਸਰਬਜੀਤ ਦੀ ਮੌਤ ਲਈ ਭਾਰਤ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ।


ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਖਿਆ ਕਿ ਮਾਮਲੇ ਨੂੰ ਸਹੀ ਤਰੀਕੇ ਨਾਲ ਨਾ ਲਏ ਜਾਣ ਕਾਰਨ ਸਰਬਜੀਤ ਮੌਤ ਦੇ ਮੂੰਹ ਜਾ ਪਿਆ

ਸੰਸਦ ਨੇ ਸਰਬਜੀਤ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਾਕਿਸਤਾਨੀ ਜੇਲ ਵਿਚ ਉਸ ਨਾਲ ਕੀਤੇ ਗਏ ਅਣਮਨੁੱਖੀ ਵਤੀਰੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਲੋਕ ਸਭਾ ਵਿਚ ਭਾਰੀ ਹੰਗਾਮੇ ਅਤੇ ਪਾਕਿਸਤਾਨ ਵਿਰੁਧ ਨਾਹਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ ਪਰ ਬਾਅਦ ਵਿਚ ਸਾਰੇ ਮੈਂਬਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਇਕ ਮਤਾ ਪਾਸ ਕੀਤਾ। ਸਪੀਕਰ ਮੀਰਾ ਕੁਮਾਰ ਵਲੋਂ ਸਦਨ ਵਿਚ ਰੱਖੇ ਗਏ ਮਤੇ 'ਚ ਕਿਹਾ ਗਿਆ ਕਿ ਇਹ ਸਦਨ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਜਿਨਾਹ ਹਸਪਤਾਲ ਵਿਚ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਆਸ ਕਰਦਾ ਹੈ ਕਿ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜ ਸਭਾ ਵਿਚ ਚੇਅਰਮੈਨ ਹਾਮਿਦ ਅੰਸਾਰੀ ਨੇ ਇਸੇ ਤਰ੍ਹਾਂ ਦਾ ਪ੍ਰਸਤਾਵ ਪੜ੍ਹਦਿਆਂ ਕਿਹਾ ਕਿ ਪੂਰਾ ਸਦਨ ਸਰਬਜੀਤ ਉਪਰ ਜੇਲ ਵਿਚ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਬਾਅਦ ਵਿਚ ਸਦਨ ਦੇ ਮੈਂਬਰਾਂ ਨੇ ਮੌਨ ਰੱਖ ਕੇ ਸਰਬਜੀਤ ਸਿੰਘ ਨੂੰ ਸ਼ਰਧਾਂਜਲੀ ਦਿਤੀ।

ਇਸ ਤੋਂ ਪਹਿਲਾਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸਰਬਜੀਤ ਸਿੰਘ ਦੇ ਪਰਵਾਰ ਨਾਲ ਮੁਲਕਾਤ ਕੀਤੀ। ਸੂਤਰਾਂ ਨੇ ਦਸਿਆ ਕਿ ਰਾਹੁਲ ਗਾਂਧੀ ਨੇ ਲਗਭਗ 40 ਮਿੰਟ ਸਰਬਜੀਤ ਦੇ ਪਰਵਾਰ ਨਾਲ ਬਿਤਾਏ ਅਤੇ ਦੁੱਖ ਸਾਂਝਾ ਕੀਤਾ। (ਪੀਟੀਆਈ)

ਸਰਬਜੀਤ ਸਿੰਘ ਦੇ ਜੱਦੀ ਪਿੰਡ 'ਚ ਮਾਤਮ, ਮੁਕੰਮਲ ਬੰਦ ਰਿਹਾ ਭਿੱਖੀਵਿੰਡ

ਅੰਮ੍ਰਿਤਸਰ/ਭਿੱਖੀਵਿੰਡ, 2 ਮਈ (ਪਰਮਵੀਰ ਰਿਸ਼ੀ) : ਲਾਹੌਰ ਦੀ ਕੋਟ ਲਖਪਤ ਜੇਲ 'ਚ ਹੋਏ ਹਮਲੇ ਦੌਰਾਨ ਗੰਭੀਰ ਹਾਲਤ ਵਿਚ ਜੇਰੇ ਇਲਾਜ ਸਰਬਜੀਤ ਸਿੰਘ ਦੀ ਜਿਨਾਹ ਹਸਪਤਾਲ ਵਿਚ ਮੌਤ ਤੋਂ ਬਾਅਦ ਸਰਬਜੀਤ ਸਿੰਘ ਦੇ ਜੱਦੀ ਪਿੰਡ ਭਿੱਖੀਵਿੰਡ ਵਿਖੇ ਮਾਤਮ ਦੇ ਚਲਦਿਆਂ ਸਾਰਾ ਕਸਬਾ ਬੰਦ ਹੋ ਗਿਆ। ਕਸਬੇ ਦੀਆਂ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਸਥਾਨਕ ਲੋਕਾਂ ਨੇ ਪਾਕਿਸਤਾਨ ਵਿਰੁਧ ਜ਼ੋਰਦਾਰ  ਪ੍ਰਦਰਸ਼ਨ ਕੀਤਾ। ਜਗ੍ਹਾ-ਜਗ੍ਹਾ 'ਤੇ ਲੋਕਾਂ ਵਲੋਂ ਪਾਕਿਸਤਾਨ ਮੁਰਦਾਬਾਦ ਅਤੇ ਸਰਬਜੀਤ ਸਿੰਘ ਜਿੰਦਾਬਾਦ ਦੇ ਨਾਹਰੇ ਸੁਣਾਈ ਦੇ ਰਹੇ ਸਨ। ਸਥਾਨਕ ਭਿੱਖੀਵਿੰਡ ਚੌਕ ਵਿਚ ਸਰਬਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਲੋਕ ਸਥਾਨਕ ਚੌਕ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।  


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top