Share on Facebook

Main News Page

ਸ਼ਹੀਦੀ ਯਾਦਗਾਰ ਵਿਵਾਦ
ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਦੀ ਹੋਈ ਮੀਟਿੰਗ ਬੇ ਸਿੱਟਾ ਰਹੀ

* ਸੰਤ ਸਮਾਜ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਆੜੇ ਹੱਥੀਂ ਲਿਆ, 6 ਮਈ ਨੂੰ ਦੇਣਗੇ ਮੰਗ ਪੱਤਰ

ਅੰਮ੍ਰਿਤਸਰ 2 ਮਈ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਦੇ ਨਜਦੀਕ ਦਮਦਮੀ ਟਕਸਾਲ ਵੱਲੋਂ ਜੂਨ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਉਸਾਰੀ ਗਈ ਸ਼ਹੀਦੀ ਯਾਦਗਾਰ ਨੂੰ ਲੈ ਕੇ, ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਵਿੱਚਕਾਰ ਹੋਈ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ ਤੇ ਬਾਬਾ ਹਰਨਾਮ ਸਿੰਘ ਧੁੰਮਾਂ ਤੇ ਜਸਬੀਰ ਸਿੰਘ ਰੋਡੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਖਰੀਆਂ ਖਰੀਆਂ ਸੁਣਾਉਦਿਆਂ ਕਿਹਾ, ਕਿ ਉਹਨਾਂ ਨੇ ਸਾਕਾ ਨੀਲਾ ਤਾਰਾ ਦੀ ਸਹੀ ਤਸਵੀਰ ਪੇਸ਼ ਕਰਦਾ ਇਤਿਹਾਸਕ ਬੋਰਡ ਲਗਾ ਕੇ ਕੋਈ ਗਲਤੀ ਨਹੀਂ ਕੀਤੀ ਅਤੇ ਟਕਸਾਲ ਤੇ ਸੰਤ ਸਮਾਜ ਇਹ ਬੋਰਡ ਉਖਾੜੇ ਜਾਣ ਦਾ ਡੱਟ ਕੇ ਵਿਰੋਧ ਕਰੇਗਾ।

ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ, ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੱਲ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਤੇ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਵਿਚਕਾਰ ਸਥਾਨਕ ਅਜੀਤ ਨਗਰ ਵਿਖੇ ਕੋਠੀ ਨੰਬਰ ਇੱਕ ਵਿੱਚ ਕਰੀਬ ਡੇਢ ਘੰਟਾ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕਿਹਾ, ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਕੋਈ ਸ਼ਰਤ ਮਨਜੂਰ ਨਹੀਂ ਹੈ ਅਤੇ ਉਹ ਬੋਰਡਾਂ ਨੂੰ ਉਥੋ ਹਟਾਉਣ ਅਤੇ ਸੰਤਾਂ ਦੀ ਫੋਟੋ ਲਾਹੁਣ ਦਾ ਡੱਟ ਕੇ ਵਿਰੋਧ ਕਰਨਗੇ।

ਉਹਨਾਂ ਕਿਹਾ ਕਿ ਇਸ ਸਬੰਧੀ ਉਹ ਅੱਜ ਹੀ ਮਹਿਤਾ ਵਿਖੇ ਸੰਤ ਸਮਾਜ ਦੀ ਮੀਟਿੰਗ ਕਰਨ ਜਾ ਰਹੇ ਹਨ ਅਤੇ ਇਸ ਮੀਟਿੰਗ ਵਿੱਚ ਠੋਸ ਫੈਸਲੇ ਲੈ ਜਾਣਗੇ। ਉਹਨਾਂ ਕਿਹਾ ਕਿ ਜਿਹੜੀ ਸ਼ਹੀਦੀ ਯਾਦਗਾਰ ਉਸਾਰੀ ਕੀਤੀ ਗਈ ਹੈ, ਉਹ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮੱਤੇ ਮੁਤਾਬਕ ਹੀ ਹੋਈ ਹੈ ਅਤੇ ਸਿਆਸੀ ਦਬਾ ਹੇਠ ਇਸ ਵਿੱਚ ਕੋਈ ਬਦਲਾ ਨਹੀਂ ਹੋਣ ਦਿੱਤਾ ਜਾਵੇਗਾ। ਦਮਦਮੀ ਟਕਸਾਲ ਆਪਣੇ ਸਿਧਾਤਾਂ ਤੇ ਅਸੂਲਾਂ ਅਨੁਸਾਰ ਬਣਾਈ ਗਈ ਯਾਦਗਾਰ ਵਿੱਚ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਹੋਣ ਦੇਵੇਗੀ। ਇਸ ਮੀਟਿੰਗ ਦੇ ਪੂਰੀ ਤਰ੍ਹਾਂ ਬੇਸਿੱਟਾ ਰਹਿਣ ਦੀ ਵੀ ਪੁਸ਼ਟੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਟਕਸਾਲ ਵਿਚਕਾਰ ਵਿਵਾਦ ਮੰਦਭਾਗਾ ਹੈ।

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ਼ਹੀਦੀ ਯਾਦਗਾਰ ਵਿੱਚ ਕੁਝ ਵੀ ਵਿਵਾਦਤ ਨਹੀਂ ਰਹਿਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਉਹਨਾਂ ਨੂੰ ਯਾਦਗਾਰ 27 ਅਪ੍ਰੈਲ ਨੂੰ ਸੌਂਪ ਦਿੱਤੀ ਸੀ ਅਤੇ ਇਸ ਦਾ ਪ੍ਰਬੰਧ ਹੁਣ ਸ਼੍ਰੋਮਣੀ ਕਮੇਟੀ ਨੇ ਆਪਣੇ ਤਰੀਕੇ ਨਾਲ ਕਰਨਾ ਹੈ।

- ਉਹਨਾਂ ਕਿਹਾ ਕਿ ਭਿੰਡਰਾਂਵਾਲਿਆ ਦੀ ਤਸਵੀਰ ਵਾਲੀ ਵਿਵਾਦਤ ਘੜੀ ਉਤਾਰ ਦਿੱਤੀ ਗਈ ਹੈ ਅਤੇ ਉਸ ਦੀ ਜਗਾ ਤੇ ਹੋਰ ਨਵੀਂ ਘੜੀ ਲਗਾ ਦਿੱਤੀ ਗਈ ਹੈ

- ਉਹਨਾਂ ਕਿਹਾ ਕਿ ਲਗਾਏ ਗਏ ਬੋਰਡਾਂ ਬਾਰੇ ਵੀ ਫੈਸਲਾ ਹੁਣ ਸ਼੍ਰੋਮਣੀ ਕਮੇਟੀ ਨੇ ਹੀ ਲੈਣਾ ਹੈ, ਕਿ ਉਹਨਾਂ ਨੂੰ ਰੱਖਣਾ ਹੈ ਜਾਂ ਪੁੱਟਣਾ ਹੈ। ਜਦੋਂ ਉਹਨਾਂ ਨੂੰ ਟਕਸਾਲ ਵੱਲੋਂ ਵਿਰੋਧ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਟਕਸਾਲ ਦਾ ਹੁਣ ਸ਼ਹੀਦੀ ਯਾਦਗਾਰ ਨਾਲ ਕੋਈ ਸਬੰਧ ਨਹੀਂ ਹੈ ਤੇ ਟਕਸਾਲ ਦੇ ਸੇਵਾਦਾਰ ਤਾਂ ਸਿਰਫ ਗੁਰੂਦੁਆਰਾ ਥੜਾ ਸਾਹਿਬ ਦੇ ਸੇਵਾ ਲਈ ਹੀ ਬੈਠੇ ਹੁੰਦੇ ਹਨ

- ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਦੋਂ ਯਾਦਗਾਰ ਨਾਲ ਟਕਸਾਲ ਦਾ ਕੋਈ ਵਾਸਤਾ ਹੀ ਨਹੀਂ ਰਿਹਾ ਤਾਂ ਫਿਰ ਮੀਟਿੰਗ ਕਿਉਂ ਕੀਤੀ ਗਈ ਜਿਸ ਦਾ ਉਹ ਕੋਈ ਵੀ ਜਵਾਬ ਨੇ ਸਕੇ

ਮਹਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਦਮਦਮੀ ਟਕਸਾਲ ਦੇ ਹੈਡਕੁਆਟਰ ਵਿਖੇ ਸੰਤ ਸਮਾਜ ਦੀ ਹੋਈ ਮੀਟਿੰਗ ਉਪਰੰਤ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕਿਹਾ ਕਿ ਉਹ ਸੰਤਾਂ ਨਾਲ ਸਬੰਧਿਤ ਇਤਿਹਾਸਕ ਬੋਰਡਾਂ ਨੂੰ ਕਿਸੇ ਵੀ ਸੂਰਤ ਵਿੱਚ ਪੁੱਟਣ ਦੀ ਇਜਾਜਤ ਨਹੀਂ ਦੇਣਗੇ ਕਿਉਂਕਿ ਇਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖਸ਼ ਸਿੰਘ ਵੱਲੋਂ ਲੜੀਆਂ ਜੰਗਾਂ ਦੇ ਇਤਿਹਾਸ ਦਰਸਾਉਂਦੇ ਬੋਰਡ ਵੀ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਸੰਤ ਸਮਾਜ ਸ਼ਹੀਦੀ ਯਾਦਗਾਰ ਦੇ ਨਜਦੀਕ ਲਗਾਏ ਬੋਰਡਾਂ ਨੂੰ ਪੁੱਟਣ ਦੀ ਇਜਾਜਤ ਨਹੀਂ ਦੇਵੇਗਾ ਅਤੇ ਇਸ ਸਬੰਧ ਵਿੱਚ 6 ਮਈ ਨੂੰ ਸੰਤ ਸਮਾਜ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਵੀ ਸੌਂਪੇਗਾ।

ਉਹਨਾਂ ਕਿਹਾ ਕਿ ਅੱਜ ਅੰਮ੍ਰਿਤਸਰ ਵਿਚ ਹੋਈ ਮੀਟਿੰਗ ਵਿੱਚ ਸਭ ਤੋਂ ਅੱਖੜ ਤੇ ਪੰਥ ਵਿਰੋਧੀ ਵਤੀਰਾ ਸ੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦਾ ਹੀ ਸੀ। ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਬਾਰੇ ਹੁਣ ਤੱਕ ਜਿੰਨੀਆ ਅਰਦਾਸਾਂ ਹੋਈਆਂ ਹਨ, ਸਾਰੀਆਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਉਹਨਾਂ ਸ਼ਹੀਦਾਂ ਨੂੰ ਸਮੱਰਪਿਤ ਕੀਤੇ ਜਾਣ ਦੀ ਅਰਦਾਸ ਕੀਤੀ ਜਾਂਦੀ ਰਹੀ ਹੈ, ਜਿਹੜੇ ਜੂਨ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਹਨ। ਮੱਕੜ ਵੀ ਆਪਣੇ ਬਿਆਨਾਂ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਹੀ ਸਮੱਰਪਿੱਤ ਦੱਸਦਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਪਤਾ ਨਹੀਂ ਕਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰਿਆਂ 'ਤੇ ਮੱਕੜ ਇਸ ਯਾਦਗਾਰ ਦਾ ਵਿਰੋਧੀ ਬਣਿਆ ਬੈਠਾ ਹੈ।

ਇਸੇ ਤਰ੍ਹਾਂ ਸ਼੍ਰੋਮਣੀ ਪੰਥਕ ਦਲ ਦੇ ਮੁੱਖੀ ਪਰਮਜੀਤ ਸਿੰਘ ਢਾਡੀ ਨੇ ਇੰਗਲੈਂਡ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੂਰੇ ਇੰਗਲੈਂਡ ਦੇ ਗੁਰੂਦੁਆਰਿਆਂ ਦੇ ਨੁੰਮਾਇੰਦਿਆਂ ਦੀ ਇੱਕ ਮੀਟਿੰਗ ਹੋਈ ਹੈ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ, ਕਿ ਸ਼ਹੀਦੀ ਯਾਦਗਾਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵੀ ਲਗਾਈ ਜਾਵੇਗੀ ਅਤੇ 1984 ਵਿੱਚ ਹੋਏ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸੰਤਾਂ ਤੇ ਉਹਨਾਂ ਸਾਥੀਆਂ ਦੇ ਨਾਮ ਵੀ ਲਿਖੇ ਜਾਣਗੇ। ਉਹਨਾਂ ਕਿਹਾ ਕਿ ਮੱਕੜ ਦੀਆਂ ਆਪ ਹੁਦਰੀਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮਨੈਜਰ ਗੁਰਿੰਦਰ ਸਿੰਘ ਨੂੰ ਵੀ ਚਿਤਾਵਨੀ ਦੇ ਦਿੱਤੀ ਗਈ ਹੈ, ਕਿ ਉਹ ਬੋਰਡ ਪੁੱਟਣ ਦੀ ਕੋਸ਼ਿਸ਼ ਨਾ ਕਰੇ। ਉਹਨਾਂ ਕਿਹਾ ਕਿ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ, ਕਿ ਜਿਹੜੇ ਵੀ ਸ਼੍ਰੋਮਣੀ ਕਮੇਟੀ ਦਾ ਅਧਿਕਾਰੀ ਜਾਂ ਮੁਲਾਜ਼ਮ ਨੇ ਬੋਰਡ ਪੁੱਟਣ ਵੀ ਕੋਸ਼ਿਸ਼ ਕੀਤੀ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।


ਟਿੱਪਣੀ:

ਹੁਣ ਦੱਸੋ ਧੁੰਮਾ ਸਾਬ, ਕਿੱਦਾਂ ਰਹੀ ਮੱਕੜ ਦੀ ਦੋਸਤੀ। ਪਹਿਲਾਂ ਬੜੀਆਂ ਪੀਂਘਾਂ ਝੂਟਦੇ ਰਹੇ ਹੋ, ਹੁਣ ਪਤਾ ਲਗਾ ਜਦੋਂ ਆਪਣੇ 'ਤੇ ਬੀਤੀ ਹੈ। ਇਹ ਮੱਕੜ ਕਿਸੇ ਦਾ ਸਕਾ ਨਹੀਂ, ਜਦੋਂ ਤੱਕ ਬਾਦਲ ਦੇ ਟੁੱਕੜ ਇਸ ਮੱਕਾਰ ਨੂੰ ਪੈਂਦੇ ਰਹਿਣਗੇ, ਇਸਨੇ ਕੋਈ ਵੀ ਕੰਮ ਸਿੱਖੀ ਦੇ ਭਲੇ ਦਾ ਨਹੀਂ ਕਰਨਾ, ਕਿਉਂਕਿ ਇਸਦਾ ਆਕਾ, ਜਿਸਦੇ ਚਰਨਾਂ ਦੀ ਧੂੜ ਤੁਸੀਂ ਆਪ ਵੀ ਮਾਣੀ ਹੈ, ਉਹ ਤਾਂ ਸਿੱਖੀ ਦੇ ਦੁਸ਼ਮਨਾਂ ਦਾ ਦੋਸਤ ਹੈ। ਇਸ ਲਈ ਤੁਸੀਂ, ਮੱਕੜ, ਪੱਪੂ ਗੁਰਬਚਨ ਸਿੰਘ ਤੇ ਬਾਕੀ ਪੱਪੂ ਅਤੇ ਹੋਰ ਅਕਾਲੀ, ਸਭ ਮੋਹਰੇ ਹਨ, ਹਰ ਕਿਸੇ ਨੂੰ ਇਸਤੇਮਾਲ ਕਰਨਾ ਹੈ, ਬਾਦਲ ਨੇ। ਜਦੋਂ ਕਿਸੇ ਨੇ ਸਿੱਖੀ ਦੀ ਗੱਲ ਕੀਤੀ ੳਦੋਂ ਉਹ ਦਾ ਕੰਮ ਤਮਾਮ। ਵੇਦਾਂਤੀ ਦਾ ਹਾਲ ਦੇਖੋ, ਸਭ ਤੋਂ ਵੱਧ ਪੂੰਛ ਚੱਕੀ ਸੀ ਉਸਨੇ, ਕੀ ਹੱਲ ਕੀਤਾ ਉਸ ਦਾ, ਹੁਣ ਕੋਈ ਪੁੱਛਦਾ ਉਸਨੂੰ, ਗੁਰਬਚਨ ਸਿੰਘ ਦਾ ਵੀ ਇਹੋ ਹਾਲ ਹੋਣਾ ਹੈ। ਪੂਰਨ ਸਿਓਂ ਦਾ ਕੀ ਹਾਲ ਕੀਤਾ, ਹੋਰ ਦੇਖੋ, ਟੌਹੜੇ ਵਰਗੇ ਜਿਸਨੇ ਸ਼ਾਇਦ 21 ਸਾਲ ਪ੍ਰਧਾਨਗੀ ਮਾਣੀ, ਉਸਦਾ ਕੀ ਹਾਲ ਕੀਤਾ, ਤੇ ਭੋਲੇ (ਮੂਰਖ) ਸਿੱਖ, ਜਿਹੜੇ ਬਾਦਲ ਦੀਆਂ ਚਾਲਾਂ ਨਾ ਸਮਝ ਸਕੇ, ਅਤੇ ਜਿਹੜੇ ਸਮਝ ਕੇ ਵੀ ਬਾਦਲ ਦੇ ਪਿੱਠੂ ਬਣੇ ਰਹੇ, ਉਨ੍ਹਾਂ ਦਾ ਕੀ ਹਾਲ ਹੋਇਆ ਹੈ। 1978 ਤੋਂ ਲੈਕੇ ਹੁਣ ਤੱਕ ਬਾਦਲ ਦਾ ਸਿੱਖਾਂ ਨਾਲ ਗੱਦਾਰੀਆਂ ਦਾ ਸਿਲਸਲਾ ਲਗਾਤਰ ਜਾਰੀ ਹੈ, ਤੇ ਅੱਗੋਂ ਉਸਦਾ ਪੁੱਤ ਤਿਆਰ ਬੈਠਾ।

ਸ਼ਰਮ ਕਰੋ, ਧੁੰਮਾਂ ਜੀ, ਜਿਸ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਮ ਸੁਣਕੇ ਇਨ੍ਹਾਂ ਦੀਆਂ ਪਤਲੂਨਾਂ ਗਿੱਲੀਆਂ ਹੋ ਜਾਂਦੀਆਂ ਸਨ, ਉਨ੍ਹਾਂ ਦਾ ਤੁਸੀਂ ਪਾਣੀ ਭਰਿਆ, ਹੁਣ ਭੁਗਤੋ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top