Share on Facebook

Main News Page

ਪੰਥਕ ਏਕਤਾ ਦੇ ਨਾਮ ’ਤੇ (ਕੁ)ਸੋਧੇ ਕੈਲੰਡਰ ’ਚ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਵਿਗਾੜੀਆਂ
- ਕਿਰਪਾਲ ਸਿੰਘ ਬਠਿੰਡਾ ਮੋਬ: 98554 80797

ਹੈਰਾਨੀ ਹੈ ਕਿ ਸਮਾਜ ਦਾ ਸੁਧਾਰ ਕਰਨ ਦਾ ਦਾਅਵਾ ਕਰਨ ਵਾਲੇ ਸੰਤਾਂ ਨੇ ਆਪਣਾ ਹੀ ਵੱਖਰਾ ਸੰਤ ਸਮਾਜ ਭਾਵ ਸੰਤ ਯੂਨੀਅਨ ਬਣਾ ਲਈ ਹੈ ਤੇ ਬਾਬਾ ਸੁਖਚੈਨ ਸਿੰਘ ਵਾਂਗ ਕੋਈ ਵੀ ਗੁਰਮਤਿ ਦਾ ਸਿਧਾਂਤ ਚੰਗੀ ਤਰ੍ਹਾਂ ਸਮਝਣ ਦੇ ਬਾਵਯੂਦ ਵੀ ਕੋਈ ਐਸੀ ਗੱਲ ਕਰਨ ਨੂੰ ਤਿਅਰ ਨਹੀਂ, ਜਿਹੜੀ ਉਨ੍ਹਾਂ ਦੀ ਆਪਣੀ ਯੂਨੀਅਨ ਦੇ ਕਿਸੇ ਮੈਂਬਰ ਦੇ ਵਿਰੋਧ ਵਿੱਚ ਜਾਂਦੀ ਹੋਵੇ

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ; ਸੁਣਨ ਉਪ੍ਰੰਤ ਅੱਜ ਦੇ ਕਥਾਵਾਚਕ ਭਾਈ ਸੁਖਚੈਨ ਸਿੰਘ ਧਰਮਪੁਰਾ ਵਾਲੇ ਨਾਲ ਉਨ੍ਹਾਂ ਦੇ ਫ਼ੋਨ ਨੰ: 98151 26212 ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਚੇਤਾ ਕਰਵਾਇਆ ਕਿ ਬੀਤੀ 18 ਅਪ੍ਰੈਲ ਨੂੰ ਤੁਹਾਡੇ ਵੱਲੋਂ ਕੀਤੀ ਕਥਾ ਸੁਣਨ ਉਪ੍ਰੰਤ ਤੁਹਾਡੇ ਨਾਲ ਗੱਲ ਹੋਈ ਸੀ ਕਿ ਗੁਰਬਾਣੀ ਵਿੱਚ ਜਾਤ ਪਾਤ ਦਾ ਭਰਵਾਂ ਖੰਡਨ ਕੀਤੇ ਜਾਣ ਦੇ ਬਾਵਯੂਦ ਸੰਤ ਸਮਾਜ ਦੇ ਕਈ ਮੁੱਖ ਆਗੂ ਗੁਰਦੁਆਰਿਆਂ ਵਿੱਚ ਜਾਤੀ ਵਿਤਕਰਾ ਕਰ ਰਹੇ ਹਨ; ਜੋ ਕਿ ਪੰਥ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕਰ ਰਹੇ ਹਨ। ਤੁਹਾਡੇ ਵੱਲੋਂ ਇਸ ਖ਼ਿਆਲ ਨਾਲ ਪੂਰਨ ਸਹਿਮਤੀ ਜਿਤਾਉਣ ਪਿੱਛੋਂ ਤੁਹਾਨੂੰ ਬੇਨਤੀ ਕੀਤੀ ਗਈ ਸੀ ਕਿ ਗੁਰਬਾਣੀ ’ਚੋਂ ਮਿਸਾਲਾਂ ਦੇ ਕੇ ਸਿੱਖੀ ਵਿੱਚ ਜਾਤ ਪਾਤ ਦੇ ਸਥਾਨ ਦੇ ਗੁਰਮਤਿ ਸਿਧਾਂਤ ਨੂੰ ਸਪਸ਼ਟ ਕਰਨ ਵਾਲਿਆਂ ਨੂੰ ਤਾਂ ਸੰਤ ਸਮਾਜ ਦੇ ਆਗੂ ਮਿਸ਼ਨਰੀ ਤੇ ਨਿੰਦਕ ਕਹਿ ਕੇ ਭੰਡਦੇ ਹਨ। ਇਸ ਲਈ ਜੇ ਤੁਸੀਂ ਇੱਸ ਪੱਖ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤਾਂ ਸਿੱਖੀ ਵਿੱਚ ਜਾਤ ਵਿਵਸਥਾ ਅਤੇ ਸਮਾਜ ’ਚ ਇਸ ਦੇ ਨੁਕਸਾਨ ਸਬੰਧੀ ਚਾਨਣਾ ਪਾ ਦੇਵੋ ਤਾਂ ਹੋ ਸਕਦਾ ਹੈ ਕਿ ਜਾਤੀ ਵਿਤਕਰਾ ਕਰਨ ਵਾਲੇ ਡੇਰੇਦਾਰਾਂ ਲਈ ਗੁਰਮਤਿ ਦੇ ਸਿਧਾਂਤ ਨੂੰ ਸਮਝਣਾਂ ਕੁਝ ਸੁਖਾਲਾ ਹੋ ਜਾਵੇ। ਤੁਸੀਂ ਉਸ ਸਮੇਂ ਵਾਅਦਾ ਕੀਤਾ ਸੀ ਕਿ ਦਿੱਲੀ ਕਮੇਟੀ ਨਾਲ ਗੱਲ ਕਰਕੇ ਦੁਬਾਰਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟਾਈਮ ਲਵੋਗੇ ਤੇ ਉਸ ਸਮੇਂ ਇਸ ਪੱਖ’ਤੇ ਵਿਸਥਾਰ ਨਾਲ ਚਾਨਣਾਂ ਪਾਵੋਗੇ। ਪਰ ਹੁਣ ਤੁਸੀਂ 1 ਤੇ 2 ਮਈ ਨੂੰ ਲਗਾਤਾਰ ਦੋ ਦਿਨ ਕਥਾ ਕੀਤੀ ਹੈ ਪਰ ਜਾਤ ਪਾਤ ਸਬੰਧੀ ਇਸ਼ਾਰੇ ਮਾਤਰ ਵੀ ਗੱਲ ਨਹੀਂ ਕੀਤੀ।

ਬਾਬਾ ਸੁਖਚੈਨ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਅੱਜ ਚੇਤਾ ਸੀ, ਪਰ ਗੁਰੂ ਅਰਜੁਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਗੁਰੂ ਸਾਹਿਬ ਜੀ ਦੇ ਜੀਵਨ ਕੁਝ ਸਬੰਧੀ ਬੋਲਣਾਂ ਪਿਆ ਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਟਾਈਮ ਕਦੋਂ ਨਿਕਲ ਗਿਆ।

ਬਾਬਾ ਸੁਖਚੈਨ ਸਿੰਘ ਨੂੰ ਕਿਹਾ ਗਿਆ ਕਿ ਹਾਂ ਤੁਹਾਡੇ ਨਾਲ ਦੂਸਰੀ ਗੱਲ ਇਸ ਸਬੰਧੀ ਵੀ ਕਰਨੀ ਹੈ। ਪ੍ਰੋ. ਕਰਤਾਰ ਸਿੰਘ ਐਮ.ਏ. ਦੀ ਕਿਤਾਬ 'ਸਿੱਖ ਇਤਿਹਾਸ ਭਾਗ 1' ਜੋ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪੀ ਹੋਈ ਹੈ ਉਸ ਵਿਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 19 ਵੈਸਾਖ, ਵੈਸਾਖ ਵਦੀ 7 ਸੰਮਤ 1620 ਬਿਕ੍ਰਮੀ ਦਿਨ ਵੀਰਵਾਰ, 15 ਅਪ੍ਰੈਲ 1563 ਦਰਜ ਹੈ। ਹੋਰ ਵੀ ਬਹੁਤੇ ਵਿਦਵਾਨ ਇਸੇ ਤਾਰੀਖ ਨਾਲ ਹੀ ਸਹਿਮਤ ਹਨ। ਭਾਈ ਸੁਖਚੈਨ ਸਿੰਘ ਨੇ ਕਿਹਾ ਮੈਂ ਤਾਂ ਇਹੀ ਬੋਲਿਆ ਸੀ।

ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਬਲਿਆ ਤਾਂ ਠੀਕ ਸੀ ਪਰ ਅੱਜ ਨਾਂ ਤਾਂ 19 ਵੈਸਾਖ ਹੈ ਤੇ ਨਾ ਹੀ ਵੈਸਾਖ ਵਦੀ 7 ਹੈ। ਫਿਰ ਇਹ ਪ੍ਰਕਾਸ਼ ਦਿਹਾੜਾ ਸਹੀ ਤਰੀਖ ਨੂੰ ਬੀਤੇ ਕੱਲ੍ਹ ਕਿਉਂ ਨਹੀਂ ਮਨਾਇਆ ਗਿਆ? 14 ਮਾਰਚ 2013 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ (ਕੁ)ਸੋਧੇ ਕੈਲੰਡਰ ਵਿਚ ਇਹ ਦਿਹਾੜਾ 2 ਮਈ ਦਾ ਦਰਜ ਹੈ ਜਿਸ ਮੁਤਾਬਕ ਇਹ 20 ਵੈਸਾਖ ਅਤੇ ਵੈਸਾਖ ਵਦੀ 8 ਬਣਦਾ ਹੈ। ਭਾਵ ਇਸ (ਕੁ)ਸੋਧੇ ਕੈਲੰਡਰ ’ਚ ਨਾ ਤਾਂ ਇਹ ਦਿਹਾੜਾ ਚੰਦਰ–ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਵੈਸਾਖ ਸੁਦੀ 7 ਨੂੰ ਮਨਾਇਆ ਜਾ ਰਿਹਾ ਹੈ ਅਤੇ ਨਾ ਹੀ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ 19 ਵੈਸਾਖ ਨੂੰ। ਅਜੇਹਾ ਕਿਉਂ? ਉਹ ਸੰਤ ਸਮਾਜ ਅਤੇ ਦੋ ਤਖ਼ਤਾਂ ਦੇ ਜਥੇਦਾਰ ਜਿਹੜੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਦਲੀਲ ਦੇ ਇਹ ਰੌਲਾ ਪਾਉਂਦੇ ਆ ਰਹੇ ਹਨ ਕਿ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾਂ ਬਦਲ ਦਿੱਤੀਆਂ ਹਨ (ਜੋ ਸੱਚ ਨਹੀਂ ਹੈ) ਹੁਣ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ 19 ਵੈਸਾਖ ਤੋਂ ਬਦਲ ਕੇ 20 ਵੈਸਾਖ ਕਰਨ ’ਤੇ ਚੁੱਪ ਕਿਉਂ ਹਨ? ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ 19 ਵੈਸਾਖ ਸਦਾ ਵਾਸਤੇ ਹੀ 2 ਮਈ ਨੂੰ ਆਉਂਦਾ ਹੈ। ਇਹ ਸੁਣ ਕੇ ਭਾਈ ਸੁਖਚੈਨ ਸਿੰਘ ਜੀ ਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਕਿ ਇਸ ਸਬੰਧੀ ਬੈਠ ਕੇ ਗੱਲ ਕਰਾਂਗੇ। ਜਦੋਂ ਦੁਬਾਰਾ ਫ਼ੋਨ ਮਿਲਾਇਆ ਗਿਆ ਤਾਂ ਪਹਿਲੀ ਵਾਰ ਤਾਂ ਉਨ੍ਹਾਂ ਚੁੱਕਿਆ ਨਹੀਂ ਪਰ ਦੂਜੀ ਵਾਰ ਕੀਤੇ ਫ਼ੋਨ ਨੂੰ ਸੁਣਨ ਉਪ੍ਰੰਤ ਉਨ੍ਹਾਂ ਕਿਹਾ ਉਹ ਹੁਣ ਕਿਸੇ ਮੀਟਿੰਗ ਵਿੱਚ ਬੈਠੇ ਹਨ ਘੰਟਾ ਕੁ ਠਹਿਰ ਕੇ ਗੱਲ ਕਰਨਾ।

ਤਕਰੀਬਨ ਪੌਣੇ ਦੋ ਘੰਟੇ ਬਾਅਦ ਦੁਬਾਰਾ ਫ਼ੋਨ ਕਰ ਕੇ ਉਨ੍ਹਾਂ ਤੋਂ ਫਿਰ ਪੁੱਛਿਆ ਕਿ ਇਹ ਕਿਹੜੀ ਮਰਯਾਦਾ ਹੈ ਕਿ (ਕੁ)ਸੋਧੇ ਕੈਲੰਡਰ ’ਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਦਿਹਾੜਾ ਤਾਂ ਨਾਨਕਸ਼ਾਹੀ ਸੂਰਜੀ ਕੈਲੰਡਰ ਮੁਤਾਬਕ ਹੈ ਜਿਸ ਦੇ ਸਾਲ ਦੇ 365.2425 ਦਿਨ ਹਨ ਪਰ ਸ਼ਹੀਦੀ ਦਿਹਾੜਾ ਬਿਕ੍ਰਮੀ ਚੰਦਰ-ਸੂਰਜੀ ਕੈਲੰਡਰ ਮੁਤਾਬਕ ਹੈ, ਜਿਸ ਦੇ ਸਾਲ ਦੇ 354.37 ਦਿਨ ਹਨ। ਦੂਜੇ, ਤੀਜੇ, ਚੌਥੇ, ਛੇਵੇਂ, ਸਤਵੇਂ, ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬਾਨਾਂ ਨਾਲ ਸੰਬੰਧਤ ਸਾਰੇ ਹੀ ਦਿਹਾੜੇ ਨਾਨਕਸ਼ਾਹੀ ਸੂਰਜੀ ਕੈਲੰਡਰ ਮੁਤਾਬਕ ਹਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ 2013 ਵਿਚ 12 ਜੂਨ, 2014 ਵਿੱਚ 1 ਜੂਨ, 2015 ਵਿੱਚ 22 ਮਈ, ਅਤੇ 2016 ਵਿੱਚ 8 ਜੂਨ, 2017 ਵਿੱਚ 29 ਮਈ ਨੂੰ ਆਵੇਗਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹਰ ਸਾਲ 11 ਜੂਨ ਨੂੰ ਆਵੇਗਾ। 2012 ਵਿੱਚ ਜੇਠ ਸੁਦੀ 4 ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤਾਂ 24 ਮਈ ਨੂੰ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਮਨਾਇਆ ਗਿਆ ਸੀ; ਤਾਂ ਸਵਾਲ ਪੈਦਾ ਹੋਇਆ ਸੀ ਕਿ ਗੁਰੂ ਅਰਜਨ ਦੇਵ ਜੀ 24 ਮਈ ਨੂੰ ਸ਼ਹੀਦ ਹੋ ਗਏ ਸਨ, 18 ਦਿਨਾਂ ਪਿੱਛੋਂ 11 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਕਿਸ ਨੇ ਦਿੱਤੀ ਸੀ? ਅਤੇ 24 ਮਈ ਤੋਂ 11 ਜੂਨ ਦੇ ਦਰਮਿਆਨ 18 ਦਿਨ ਲਈ ਗੁਰਗੱਦੀ ’ਤੇ ਕੌਣ ਵਿਰਾਜਮਾਨ ਸੀ? ਅਜੇਹੀ ਹੀ ਸਥਿਤੀ 2014, 15, 16 ਅਤੇ 17 ਵਿੱਚ ਵੀ ਹੋਵੇਗੀ। ਕੀ ਇਸ ਸੋਧ ਨਾਲ ਭੰਬਲਭੂਸੇ ਨਹੀਂ ਪਏ? ਭਾਈ ਸੁਖਚੈਨ ਸਿੰਘ ਜੀ ਸਹਿਮਤ ਹੋਏ ਕਿ ਹਾਂ ਭੰਬਲਭੂਸੇ ਵਧੇ ਹਨ। ਇਸ ਬਾਅਦ ਉਨ੍ਹਾਂ ਨਾਲ ਹੋਏ ਸਵਾਲ ਜਵਾਬ ਹੇਠ ਲਿਖੇ ਅਨੁਸਾਰ ਹਨ:

ਸਵਾਲ: ਜੇ ਤੁਸੀਂ ਮੰਨ ਰਹੇ ਹੋ ਕਿ ਭੰਬਲਭੂਸੇ ਵਧੇ ਹਨ ਤਾਂ ਹੁਣ ਹੀ ਸੋਧ ਵਾਪਸ ਲੈਣ ਦੀ ਸਿਫ਼ਾਰਸ਼ ਕਰ ਦੇਵੋ।

ਬਾਬਾ ਸੁਖਚੈਨ ਸਿੰਘ: ਅਸੀਂ ਤਾਂ ਕਿਹਾ ਸੀ ਪੁਰਾਣਾ ਕੈਲੰਡਰ ਹੀ ਲਾਗੂ ਕਰ ਦੇਵੋ।

ਸਵਾਲ: ਕਿਹੜੇ ਪੁਰਾਣੇ ਦੀ ਗੱਲ ਕਰ ਰਹੇ ਹੋ? 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਜਾਂ ਉਸ ਤੋਂ ਪਹਿਲਾਂ ਵਾਲੇ ਬਿਕ੍ਰਮੀ ਕੈਲੰਡਰ ਦੀ?

ਬਾਬਾ ਸੁਖਚੈਨ ਸਿੰਘ: 2003 ਵਾਲਾ ਕੈਲੰਡਰ ਤਾਂ ਬਹੁਤ ਹੀ ਗਲਤ ਹੈ। ਉਹ ਤਾਂ ਪੁਰੇਵਾਲ ਨੇ ਗੋਰਿਆਂ ਦੇ ਕੈਲੰਡਰ ਦੀ ਨਕਲ ਮਾਰੀ ਹੈ।

ਸਵਾਲ: ਕੀ ਤੁਹਾਨੂੰ ਪਤਾ ਹੈ ਕਿ ਮੌਸਮੀ ਸਾਲ ਦੀ ਲੰਬਾਈ ਕਿੰਨੀ ਹੈ? ਗੋਰਿਆਂ ਦੇ ਕੈਲੰਡਰ ਦੇ ਸਾਲ ਦੀ ਲੰਬਾਈ ਕਿੰਨੀ ਹੈ? ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਕਿੰਨੀ ਤੇ ਬਿਕ੍ਰਮੀ ਚੰਦਰ ਕੈਲੰਡਰ ਸਾਲ ਦੀ ਲੰਬਾਈ ਕਿੰਨੀ ਹੈ?

ਬਾਬਾ ਸੁਖਚੈਨ ਸਿੰਘ: ਪਤਾ ਤਾਂ ਸਭ ਕੁਝ ਹੈ, ਪਰ ਇਹ ਸਾਰਾ ਕੁਝ ਟੈਲੀਫ਼ੋਨ ’ਤੇ ਨਹੀਂ ਦੱਸਿਆ ਜਾ ਸਕਦਾ। ਤੁਸੀਂ ਸਾਡੇ ਕੋਲ ਆਓ ਸਭ ਕੁਝ ਦੱਸ ਦਿੱਤਾ ਜਾਵੇਗਾ।

ਸਵਾਲ: ਜੇ ਤੁਸੀਂ ਫ਼ੋਨ ’ਤੇ ਨਹੀਂ ਦੱਸ ਸਕਦੇ ਤਾਂ ਸੁਣ ਲਓ ਕਿ ਪੁਰੇਵਾਲ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਤੁਸੀਂ ਗੋਰਿਆਂ ਦਾ ਕੈਲੰਡਰ ਦੱਸ ਰਹੇ ਹੋ; ਮੌਸਮੀ ਸਾਲ ਦੀ ਲੰਬਾਈ ਤੋਂ ਸਿਰਫ 26 ਸੈਕੰਡ ਵੱਧ ਹੈ ਤੇ ਇਹ 3300 ਸਾਲਾਂ ਵਿੱਚ ਮੌਸਮੀ ਸਾਲ ਤੋਂ ਸਿਰਫ ਇੱਕ ਦਿਨ ਅੱਗੇ ਹੁੰਦਾ ਹੈ। ਸੂਰਜੀ ਬਿਕ੍ਰਮੀ ਕੈਲੰਡਰ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ 20 ਮਿੰਟ ਵੱਧ ਹੈ ਤੇ ਇਹ 72 ਸਾਲਾਂ ਵਿੱਚ ਇੱਕ ਦਿਨ ਅੱਗੇ ਹੋ ਜਾਂਦਾ ਹੈ। ਜਦੋਂ ਕਿ ਚੰਦਰ ਸਾਲ ਜਿਸ ਨਾਲ ਤੁਸੀਂ ਗੁਰਪੁਰਬ ਮਨਾਉਣ ਨੂੰ ਤਰਜੀਹ ਦੇ ਰਹੇ ਹੋ ਇਹ ਸੂਰਜੀ ਕੈਲੰਡਰ ਦੇ ਸਾਲ ਨਾਲੋਂ 11 ਦਿਨ ਛੋਟਾ ਹੋਣ ਕਰਕੇ ਇੱਕ ਸਾਲ ਵਿੱਚ ਹੀ 11 ਦਿਨ ਅਤੇ ਦੋ ਸਾਲਾਂ ਵਿੱਚ 22 ਦਿਨ ਪਿੱਛੇ ਹੋ ਜਾਂਦਾ ਹੈ।

ਬਾਬਾ ਸੁਖਚੈਨ ਸਿੰਘ: ਗੋਰਿਆਂ ਦੇ ਕਲੰਡਰ ਵਿੱਚ ਤਾਂ ਇੰਨਾਂ ਭੂਬਲਭੂਸਾ ਹੈ ਕਿ ਕਿਸੇ ਸਾਲ ਫਰਵਰੀ ਮਹੀਨੇ ਦੇ 28 ਦਿਨ ਹੁੰਦੇ ਹਨ ਤੇ ਕਿਸੇ ਸਾਲ 29 ਹੋ ਜਾਂਦੇ ਹਨ। ਸਭ ਤੋਂ ਵਧੀਆ ਉਹ ਕੈਲੰਡਰ ਸੀ ਜਿਹੜਾ ਗੁਰੂ ਸਾਹਿਬ ਜੀ ਦੇ ਸਮੇਂ ਲਾਗੂ ਸੀ।

ਸਵਾਲ: ਗੋਰਿਆਂ ਦੇ ਕੈਲੰਡਰ ਦਾ ਤਾਂ ਸਭ ਨੂੰ ਪਤਾ ਹੈ ਕਿ ਜਿਹੜਾ ਸਾਲ 4 ’ਤੇ ਵੰਡਿਆ ਜਾਵੇ, ਜਿਵੇਂ ਕਿ 2004, 2008, 2012 ਆਦਿ ਸਾਲ ਲੀਪ ਦੇ ਹੁੰਦੇ ਹਨ ਜਿਸ ਵਿੱਚ ਫਰਵਰੀ ਦੇ 29 ਦਿਨ ਹੋ ਜਾਂਦੇ ਹਨ ਜਦੋਂ ਕਿ ਬਾਕੀ ਦੇ ਸਾਲਾਂ ਵਿੱਚ 28 ਦਿਨ ਹੁੰਦੇ। ਪਰ ਜਿਸ ਕੈਲੰਡਰ ਨੂੰ ਤੁਸੀਂ ਵਧੀਆ ਦੱਸ ਰਹੇ ਹੋ ਉਸ ਵਿੱਚ ਕਈ ਸਾਲਾਂ ਵਿੱਚ ਮਹੀਨੇ ਹੀ 12 ਦੀ ਵਜਾਏ 13 ਹੋ ਜਾਂਦੇ ਹਨ। ਕਈ ਵਾਰ ਇੱਕ ਹੀ ਦਿਨ ਨੂੰ ਦੋ ਤਿੱਥਾਂ ਆ ਜਾਂਦੀਆਂ ਹਨ ਤੇ ਕਦੀ ਦੋ ਦਿਨਾਂ ਵਿੱਚ ਇੱਕ ਹੀ ਤਿੱਥ ਆ ਜਾਂਦੀ ਹੈ, ਜਿਵੇਂ ਕਿ ਅਗਲੇ ਹੀ ਹਫਤੇ 9-10 ਮਈ/ 27-28 ਵੈਸਾਖ ਦੋਵੇਂ ਦਿਨ ਹੀ ਮੱਸਿਆ ਹੈ। ਕੀ ਤੁਸੀਂ ਸਕਦੇ ਹੋ ਕਿ ਆਉਣ ਵਾਲੇ ਕਿਹੜੇ ਕਿਹੜੇ ਸਾਲ 13-13 ਮਹੀਨੇ ਦੇ ਹੋਣਗੇ ਤੇ ਕਿਉਂ? ਕੀ ਤੁਸੀਂ ਦੱਸ ਸਕਦੇ ਹੋ ਕਿ ਆਉਣ ਵਾਲੀਆਂ ਕਿਹੜੀਆਂ ਕਿਹੜੀਆਂ ਦੋ ਤਰੀਖਾਂ ਨੂੰ ਇਸ ਮੱਸਿਆ ਵਾਂਗ ਇੱਕੋ ਹੀ ਤਿੱਥ ਹੋਵੇਗੀ? ਅਤੇ ਕਿਹੜੇ ਕਿਹੜੇ ਇੱਕੋ ਦਿਨ ਦੋ ਦੋ ਤਿਥਾਂ ਆਉਣਗੀਆਂ ਤੇ ਅਜੇਹਾ ਕਿਉਂ ਹੋ ਰਿਹਾ ਹੈ? ਜੇ ਤੁਸੀਂ ਇਸ ਗੋਰਖ ਧੰਦੇ ਨੂੰ ਸਮਝ ਸਕਦੇ ਹੋ ਤਾਂ ਤੁਹਾਡੇ ਲਈ ਫਰਵਰੀ ਮਹੀਨੇ ਦੇ 28 ਜਾਂ 29 ਦਿਨ ਸਮਝ ਵਿੱਚ ਕਿਉਂ ਨਹੀਂ ਆ ਸਕਦੇ? ਪਰ ਜਿਸ ਬੰਦੇ ਨੂੰ ਫਰਵਰੀ ਦੇ 28 ਜਾਂ 29 ਦਿਨਾਂ ਦੀ ਸਮਝ ਨਹੀਂ ਆ ਸਕਦੀ ਉਸ ਨੂੰ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੇ ਗੋਰਖ਼ ਧੰਦੇ ਦੀ ਸਮਝ ਕਿਥੋਂ ਪੈ ਜਾਵੇਗੀ? ਸਮਝ ਤੁਹਾਨੂੰ ਵੀ ਨਹੀਂ ਹੈ, ਪਰ ਤੁਹਾਨੂੰ ਮੱਥਾ ਮਾਰਨ ਦੀ ਲੋੜ ਨਹੀਂ ਤੇ ਐਵੇਂ ਹੀ ਬ੍ਰਾਹਮਣ ਵੱਲੋਂ ਬਣਾਈ ਜੰਤਰੀ ਨੂੰ ਹੀ ਸਭ ਤੋਂ ਸ਼ੁੱਧ ਦੱਸਣ ਦੀ ਰੱਟ ਲਾ ਰਹੇ ਹੋ? ਦੱਸੋ ਪੁਰੇਵਾਲ ਵੱਲੋਂ ਬਣਾਏ ਨਾਨਕਸ਼ਾਹੀ ਕੈਲੰਡਰ ਵਿੱਚ ਕੀ ਨੁਕਸ ਸੀ। ਉਸ ਵਿੱਚ ਇਤਿਹਾਸ ਮੁਤਾਬਕ ਤਰੀਖਾਂ ਹਮੇਸ਼ਾਂ ਵਾਸਤੇ ਪੱਕੀਆਂ ਤਾਂ ਕਰ ਦਿੱਤੀਆਂ ਸਨ। ਜਿਵੇਂ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਵੈਸਾਖ ਹਮੇਸ਼ਾਂ ਲਈ 2 ਮਈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਮੇਸ਼ਾਂ ਲਈ 23 ਪੋਹ ਨੂੰ ਹੀ ਆਵੇਗਾ। ਇਸੇ ਤਰ੍ਹਾਂ ਬਾਕੀ ਦੇ ਦਿਨ ਪੱਕੇ ਕਰ ਦਿੱਤੇ ਸਨ।

ਬਾਬਾ ਸੁਖਚੈਨ ਸਿੰਘ: ਪੁਰੇਵਾਲ ਨੇ 23 ਪੋਹ ਵੀ ਗਲਤ ਤੈਅ ਕੀਤੀ ਹੈ ਕਿਉਂਕਿ 23 ਪੋਹ ਓਸ ਕੈਲੰਡਰ ਦੀ ਸੀ ਜਿਹੜਾ ਗੁਰੂ ਸਾਹਿਬ ਜੀ ਦੇ ਸਮੇਂ ਲਾਗੂ ਸੀ। ਪਰ ਪੁਰੇਵਾਲ ਨੇ ਹੁਣ ਜਿਹੜੀ 23 ਪੋਹ ਬਣਾਈ ਹੈ ਉਹ ਅਸਲ ਵਿੱਚ 24 ਪੋਹ ਹੈ। ਉਸ ਨੇ 24 ਪੋਹ ਨੂੰ ਹੀ 23 ਪੋਹ ਬਣਾ ਦਿੱਤਾ।

ਸਵਾਲ: ਕੀ ਤੁਹਾਨੂੰ ਪਤਾ ਹੈ ਕਿ ਜਿਸ ਨੂੰ ਤੁਸੀਂ ਸਭ ਤੋਂ ਸ਼ੁੱਧ ਕੈਲੰਡਰ ਦੱਸ ਰਹੇ ਹੋ ਉਸ ਵਿੱਚ ਹਮੇਸ਼ਾਂ ਹੀ ਤਰੀਖਾਂ ਬਦਲਦੀਆਂ ਰਹਿਣਗੀਆਂ? ਕੀ ਤੁਹਾਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੈਸਾਖੀ 27 ਮਾਰਚ ਨੂੰ ਸੀ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 29-30 ਮਾਰਚ ਨੂੰ ਸੀ। ਬਿਕ੍ਰਮੀ ਸੰਮਤ 1753 ਵਿੱਚ 9 ਅਪ੍ਰੈਲ ਹੋ ਗਈ ਸੀ; ਹੁਣ 13-14 ਅਪ੍ਰੈਲ ਨੂੰ ਆ ਰਹੀ ਹੈ ਅਤੇ 2199 ਤੱਕ 16 ਅਪ੍ਰੈਲ ਹੋ ਜਾਵੇਗੀ। ਪੁਰੇਵਾਲ ਨੇ ਹਮੇਸ਼ਾਂ ਲਈ 14 ਅਪ੍ਰੈਲ ਪੱਕੀ ਕਰ ਦਿੱਤੀ ਸੀ ਤਾਂ ਤੁਹਾਨੂੰ ਉਸ ਵਿੱਚ ਕੀ ਨੁਕਸ ਦਿੱਸਿਆ?

ਬਾਬਾ ਸੁਖਚੈਨ ਸਿੰਘ: ਪੁਰੇਵਾਲ ਨੇ ਦੋ ਦੋ ਸੰਗਰਾਂਦਾਂ ਬਣਾ ਦਿੱਤੀਆਂ ਸਨ।

ਸਵਾਲ: ਨਾਨਕਸ਼ਾਹੀ ਕੈਲੰਡਰ ਵਿੱਚ ਕਿਧਰੇ ਵੀ ਦੋ ਸੰਗਰਾਂਦਾਂ ਨਹੀਂ ਹਨ। ਉਸ ਨੇ ਸੰਗ੍ਰਾਂਦ ਦੀ ਥਾਂ ਇਸ ਨੂੰ ਮਹੀਨੇ ਦੀ ਅਰੰਭਤਾ ਲਿਖਿਆ ਹੈ ਤੇ ਹਮੇਸ਼ਾਂ ਲਈ ਹਰ ਮਹੀਨੇ ਦੀਆਂ ਨਿਸਚਿਤ ਤਰੀਖਾਂ ਨੂੰ ਹੀ ਆਉਣਗੀਆਂ। ਕੀ ਤੁਹਾਨੂੰ ਪਤਾ ਹੈ ਕਿ ਨਾਨਕਸ਼ਾਹੀ ਦੀਆਂ ਕੁਝ ਸੰਗ੍ਰਾਂਦਾਂ ਬਿਕ੍ਰਮੀ ਸੰਮਤ ਦੀ ਤਰੀਖਾਂ ਨਾਲ ਨਾ ਮਿਲਣ ਨੂੰ ਤਾਂ ਤੁਸੀਂ ਦੋ ਸੰਗ੍ਰਾਂਦਾਂ ਬਣਾਈਆਂ ਦੱਸ ਰਹੇ ਹੋ ਪਰ ਜਿਸ ਬਿਕ੍ਰਮੀ ਕੈਲੰਡਰ ਨੂੰ ਮੁੱਖ ਰੱਖ ਕੇ ਤੁਸੀਂ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਇਆ ਹੈ ਉਹ ਖੁਦ ਹੀ ਦੋ ਦੋ ਸੰਗ੍ਰਾਂਦਾਂ ਬਣਾ ਰਿਹਾ ਹੈ ਜਿਹੜੀਆਂ ਤੁਹਾਨੂ ਪ੍ਰਵਾਨ ਹਨ। ਕੀ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਦੇ ਸਮੇਂ ਸੂਰਜੀ ਸਿਧਾਂਤ ਲਾਗੂ ਸੀ ਅਤੇ ਦੱਖਣੀ ਭਾਰਤ ਵਿੱਚ ਅੱਜ ਵੀ ਲਾਗੂ ਹੈ। ਪਰ ਨਵੰਬਰ 1964 ’ਚ ਅੰਮ੍ਰਿਤਸਰ ਵਿਖੇ ਹਿੰਦੂ ਵਿਦਵਾਨਾਂ ਨੇ ਬੈਠ ਕੇ ਸੋਧ ਕੀਤੀ ਤੇ ਸਾਲ ਦੀ ਲੰਬਾਈ 365.25875 ਤੋਂ ਘਟਾ ਕੇ 365.25636 ਦਿਨ ਕਰ ਦਿਤੀ। ਜਿਸ ਨਾਲ ਜਿੱਥੇ ਪਹਿਲਾਂ 60 ਸਾਲਾਂ ਵਿੱਚ ਬਿਕ੍ਰਮੀ ਸਾਲ ਮੌਸਮੀ ਸਾਲ ਤੋਂ ਇੱਕ ਦਿਨ ਅੱਗੇ ਲੰਘ ਜਾਂਦਾ ਸੀ ਉਥੇ ਹੁਣ 72 ਸਾਲਾਂ ਵਿੱਚ ਇੱਕ ਦਿਨ ਅੱਗੇ ਹੁੰਦਾ ਹੈ। ਪੰਜਾਬ ਸਮੇਤ ਉਤਰੀ ਭਾਰਤ ਵਿੱਚ ਇਹ ਕੈਲੰਡਰ ਲਾਗੂ ਹੈ ਜਿਸ ਨੂੰ ਦ੍ਰਿੱਕ ਗਣਿਤ ਸਿਧਾਂਤ ਕਹਿੰਦੇ ਹਨ। ਦੱਖਣੀ ਭਾਰਤ ਦੇ ਪੰਡਿਤਾਂ ਨੇ ਇਸ ਸੋਧ ਨੂੰ ਪ੍ਰਵਾਨ ਨਹੀਂ ਕੀਤਾ ਤੇ ਉਥੇ ਅੱਜ ਵੀ ਸੂਰਜੀ ਸਿਧਾਂਤ ਲਾਗੂ ਹੈ।

ਸੋ ਦੱਖਣੀ ਤੇ ਉਤਰੀ ਭਾਰਤ ਦੇ ਕੈਲੰਡਰ ਵਿੱਚ ਵੀ 4-5 ਸੰਗ੍ਰਾਂਦਾ ਆਪਸ ਵਿੱਚ ਇੱਕ ਦਿਨ ਦੇ ਫਰਕ ਨਾਲ ਆਉਂਦੀਆਂ ਹਨ। ਤੁਸੀਂ ਉਸ ਬਿਕ੍ਰਮੀ ਕੈਲੰਡਰ ਨਾਲ ਮੇਲ ਕਰਨ ਲਈ ਨਾਨਕਸ਼ਾਹੀ ਕੈਲੰਗਰ ਵਿਗਾੜ ਦਿੱਤਾ ਜਿਹੜਾ ਹਿੰਦੂ ਵਿਦਵਾਨਾਂ ਵੱਲੋਂ 1964 ਵਿੱਚ ਸੋਧਿਆ ਗਿਆ ਹੈ। ਜੇ ਤੁਹਾਨੂੰ 1964 ’ਚ ਹਿੰਦੂ ਵਿਦਵਾਨਾਂ ਵੱਲੋਂ ਸੋਧਿਆ ਗਿਆ ਪਰ ਦੋ ਦੋ ਸੰਗ੍ਰਾਂਦਾਂ ਬਣਾਉਣ ਵਾਲਾ ਉਹ ਕੈਲੰਡਰ ਪ੍ਰਵਾਨ ਹੈ ਜਿਹੜਾ ਗੁਰੂ ਕਾਲ ਵਿੱਚ ਪ੍ਰਚੱਲਤ ਨਹੀਂ ਸੀ ਤਾਂ 2003 ’ਚ ਸਿੱਖ ਵਿਦਵਾਨਾਂ ਵੱਲੋਂ ਸੋਧਿਆ ਗਿਆ ਕੈਲੰਡਰ ਕਿਉਂ ਪ੍ਰਵਾਨ ਨਹੀਂ? ਜਿਹੜਾ ਕਿ ਹੁਣ ਤੱਕ ਬਣੇ ਸਭ ਕੈਲੰਡਰ ਨਾਲੋਂ ਮੌਸਮੀ ਸਾਲ ਦੇ ਵੱਧ ਨਜ਼ਦੀਕ ਹੈ, ਭਾਵ ਸਿਰਫ 26 ਸੈਕੰਡ ਵੱਡਾ ਹੈ। ਜੇ ਤੁਸੀਂ ਕੋਈ ਐਸਾ ਕੈਲੰਡਰ ਬਣਾ ਸਕਦੇ ਹੋ ਜਿਸ ਦੇ ਸਾਲ ਦੀ ਲੰਬਾਈ ਦਾ ਮੌਸਮੀ ਸਾਲ ਦੀ ਲੰਬਾਈ ਨਾਲੋਂ ਫਰਕ 26 ਸੈਕੰਡ ਤੋਂ ਵੀ ਘਟ ਜਾਵੇ ਤੇ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜਿਆਂ ਦੀ ਤਰੀਖਾਂ ਹਮੇਸ਼ਾਂ ਲਈ ਪੱਕੀਆਂ ਹੋ ਜਾਣ ਤਾਂ ਇਸ ਸੋਧ ਦਾ ਕੋਈ ਵੀ ਵਿਰੋਧ ਨਹੀਂ ਕਰੇਗਾ ਤੇ ਤੁਹਾਡਾ ਧੰਨਵਾਦ ਕੀਤਾ ਜਾਵੇਗਾ।

ਪਰ ‘ਮੈਂ ਨਾ ਮਾਨੂੰ’ ਦੀ ਰੱਟ ਲਾਉਣ ਵਾਲੇ ਬਾਬਾ ਜੀ ਕਹਿਣ ਲੱਗੇ ਮੈਂ ਹੁਣ ਮੀਟਿੰਗ ਵਿੱਚ ਬੈਠਾ ਹਾਂ ਏਨੀਆਂ ਗੱਲਾਂ ਫ਼ੋਨ ’ਤੇ ਨਹੀਂ ਹੋ ਸਕਦੀਆਂ ਤੁਸੀਂ ਕਦੀ ਆ ਕੇ ਸਾਡੇ ਕੋਲ ਬੈਠੋ ਤਾਂ ਸਭ ਕੁਝ ਦੱਸ ਦਿੱਤਾ ਜਾਵੇਗਾ।

ਚਲੋ ਕਈ ਵਾਰ ਬੰਦਾ ਫ਼ੋਨ ’ਤੇ ਤੁਰੰਤ ਜਵਾਬ ਨਹੀਂ ਵੀ ਦੇ ਸਕਦਾ ਇਸ ਲਈ ਕੈਲੰਡਰ ਸੋਧਣ ਵਾਲੀ ਦੋ ਮੈਂਬਰੀ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਮੱਕੜ, ਭਾਈ ਹਰਨਾਮ ਸਿੰਘ ਧੁੰਮਾ, ਇਸ ਨੂੰ ਪ੍ਰਵਾਨਗੀ ਦੇਣ ਵਾਲੀ ਕਾਰਜਕਾਰੀ ਕਮੇਟੀ ਅਤੇ ਪੰਜੇ ਜਥੇਦਾਰਾਂ ਸਮੇਤ ਸੋਧਾਂ ਦੇ ਹੱਕ ਵਿੱਚ ਬੋਲਣ ਵਾਲੇ ਸੰਤ ਸਮਾਜ ਤੇ ਹੋਰ ਵਿਦਵਾਨਾਂ ਵਿੱਚੋਂ ਜੇ ਹੁਣ ਵੀ ਕੋਈ ਸੋਚ ਵੀਚਾਰ ਕੇ ਮੇਰੇ ਉਕਤ ਸਵਾਲਾਂ ਦੇ ਕਿਸੇ ਪਾਸ ਜਵਾਬ ਦੇ ਸਕਦਾ ਹੈ ਤਾਂ ਉਹ ਜਵਾਬ ਦੇ ਕੇ ਪੰਥ ਵਿੱਚ ਪੈ ਰਹੀਆਂ ਦੁਬਿਧਾਵਾਂ ਨੂੰ ਘਟਾਉਣ ਵਿੱਚ ਮੱਦਦ ਕਰੇ। ਪਰ ਜੇ ਕਿਸੇ ਕੋਲ ਜਵਾਬ ਨਹੀਂ ਹੈ ਤਾਂ ਸਾਰਾ ਦਿਨ ਝੂਠ ਬੋਲ ਕੇ ਇਨ੍ਹਾਂ (ਕੁ)ਸੋਧਾਂ ਦਾ ਜਾਇਜ਼ ਵਿਰੋਧ ਕਰਨ ਵਾਲਿਆਂ ਨੂੰ ਨਿੰਦਣ ਦੀ ਕੁਚੇਸਟਾ ਦਾ ਤਿਆਗ ਕਰਕੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੇ ਉਸ ਸਮੇਂ ਸੰਤ ਸਮਾਜ ਦੇ ਦਬਾਅ ਹੇਠ ਤਿੰਨ ਗੁਰਪੁਰਬ- ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀ ਛੋੜ ਦਿਵਸ ਅਤੇ ਹੋਲਾ ਮਹੱਲਾ ਚੰਦਰ ਸਾਲ ਦੀ ਥਾਂ ਬਾਕੀਆਂ ਦਿਹਾੜਿਆਂ ਦੀ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਸੂਰਜੀ ਸਾਲ ਅਨੁਸਾਰ ਨਿਸਚਿਤ ਕਰਕੇ ਇਸ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਬਣਾ ਦਿੱਤਾ ਜਾਵੇ; ਜਿਹੜਾ ਕਿ 1999 ਦੀ ਵੈਸਾਖੀ ਨੂੰ ਲਾਗੂ ਕੀਤਾ ਜਾਣਾ ਸੀ। ਜੇ ਇਸ ਤਰ੍ਹਾਂ ਸੰਭਵ ਹੋ ਜਾਵੇ ਤਾਂ ਸਿੱਖ ਪੰਥ ਬ੍ਰਾਹਮਣ ਦੀ ਬਣਾਈ ਜੰਤਰੀ ਤੋਂ ਹਮੇਸ਼ਾਂ ਲਈ ਮੁਕਤ ਹੋ ਸਕਦਾ ਹੈ। ਕਿਉਂਕਿ ਇਸ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਤਾਂ ਪ੍ਰਕਾਸ਼ ਦਿਹਾੜੇ ਦਾ ਭੰਬਲਭੂਸਾ ਕਿ ਇਹ ਕੱਤਕ ਵਿੱਚ ਹੈ ਜਾਂ ਵੈਸਾਖ ਵਿੱਚ ਹੈ; ਖਤਮ ਹੋ ਜਾਵੇਗਾ। ਬ੍ਰਾਹਮਣੀ ਤਿਉਹਾਰ ਦੀਵਾਲੀ ਦਾ ਬੰਦੀ ਛੋੜ ਦਿਵਸ ਅਤੇ ਹੋਲੀ ਦਾ ਹੋਲੇ ਮਹੱਲੇ ਨਾਲੋਂ ਹਮੇਸ਼ਾਂ ਵਾਸਤੇ ਲਿੰਕ ਟੁੱਟ ਜਾਣ ਕਰਕੇ ਬ੍ਰਾਹਮਣ ਦੇ ਜੂਲ਼ੇ ’ਚ ਸਿੱਖ ਪੰਥ ਹਮੇਸ਼ਾਂ ਲਈ ਮੁਕਤ ਹੋ ਸਕਦਾ ਹੈ। ਪਰ ਹੈਰਾਨੀ ਹੈ ਕਿ ਸਮਾਜ ਦਾ ਸੁਧਾਰ ਕਰਨ ਦਾ ਦਾਅਵਾ ਕਰਨ ਵਾਲੇ ਸੰਤਾਂ ਨੇ ਆਪਣਾ ਹੀ ਵੱਖਰਾ ਸੰਤ ਸਮਾਜ ਭਾਵ ਸੰਤ ਯੂਨੀਅਨ ਬਣਾ ਲਈ ਹੈ ਤੇ ਬਾਬਾ ਸੁਖਚੈਨ ਸਿੰਘ ਵਾਂਗ ਕੋਈ ਵੀ ਗੁਰਮਤਿ ਦਾ ਸਿਧਾਂਤ ਚੰਗੀ ਤਰ੍ਹਾਂ ਸਮਝਣ ਦੇ ਬਾਵਯੂਦ ਵੀ ਕੋਈ ਐਸੀ ਗੱਲ ਕਰਨ ਨੂੰ ਤਿਅਰ ਨਹੀਂ ਜਿਹੜੀ ਉਨ੍ਹਾਂ ਦੀ ਆਪਣੀ ਯੂਨੀਅਨ ਦੇ ਕਿਸੇ ਮੈਂਬਰ ਦੇ ਵਿਰੋਧ ਵਿੱਚ ਜਾਂਦੀ ਹੋਵੇ।

ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ, ਪਰ ਸਾਂਭਿਆ ਨਹੀਂ। ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖਾਂ ਦਾ ਇਤਿਹਾਸ ਗੈਰਾਂ ਨੇ ਵਿਗਾੜ ਕੇ ਲਿਖਿਆ ਹੈ। ਪਰ ਅੱਜ ਤਾਂ ਸਾਡੇ ਸਾਹਮਣੇ ਹੀ ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ ਹੈ, ਉਹ ਵੀ ਆਪਣੇ ਆਪ ਨੂੰ ਸਿੱਖਾਂ ਦੀ ਸ਼੍ਰੋਮਣੀ ਅਖਵਾਉਣ ਵਾਲੀ ਸੰਸਥਾ ਵੱਲੋਂ। ਜਰਾ ਸੋਚੋ! ਜੇ ਇਸ ਤਰ੍ਹਾਂ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਵਿਗਾੜਨ ਨੂੰ ਏਕਤਾ ਆਖਿਆ ਜਾ ਰਿਹਾ ਹੈ ਤਾਂ ਕੀ ਥੁੜਿਆ ਹੈ ਅਜੇਹੀ ਏਕਤਾ ਖੁਣੋ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top