Share on Facebook

Main News Page

ਮੈਂ ਜੁੱਤੀ ਕਿਸੇ ਵਿਸ਼ੇਸ਼ ਜੱਜ ਦੇ ਨਹੀਂ, ਦੋਗਲੀ ਨਿਆਂਪਾਲਿਕਾ ਵੱਲ ਮਾਰੀ
- ਪੀਰਮੁਹੰਮਦ

ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਦੀਆਂ ਜ਼ਖ਼ਮੀ ਭਾਵਨਾਵਾਂ ਦਾ ਪ੍ਰਗਟਾਵਾ ਕੀਤੈ

ਚੰਡੀਗੜ, 30 ਅਪ੍ਰੈਲ :- ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਆਖਿਆ ਹੈ ਕਿ, ‘‘ਮੈਨੂੰ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਦੇ ਜੱਜ ਵੱਲ ਜੁੱਤੀ ਸੁੱਟਣ ’ਤੇ ਕੋਈ ਪਛਤਾਵਾ ਨਹੀਂ ਹੈ, ਸਗੋਂ ਮੈਂ ਇਸ ਕਾਰਵਾਈ ਰਾਹੀਂ ਸਿੱਖ ਕਤਲੇਆਮ ਦੀਆਂ ਸੈਂਕੜੇ ਪੀੜਤ ਵਿਧਵਾਵਾਂ, ਬੇਪੱਤ ਕੀਤੀਆਂ ਗਈਆਂ ਮਾਵਾਂ ਤੇ ਭੈਣਾਂ ਅਤੇ ਪਿਛਲੇ 29 ਸਾਲਾਂ ਤੋਂ ਇਨਸਾਫ਼ ਨੂੰ ਉਡੀਕ ਰਹੀ ਸਮੁੱਚੀ ਸਿੱਖ ਕੌਮ ਦੀਆਂ ਜ਼ਖ਼ਮੀ ਭਾਵਨਾਵਾਂ, ਗੈਰਤ ਅਤੇ ਪੀੜਤ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।’’

ਨਵੀਂ ਦਿੱਲੀ ਵਿਚ ਪੁਲਿਸ ਹਿਰਾਸਤ ਵਿਚੋਂ ਆਪਣੇ ਬੁਲਾਰੇ ਰਾਹੀਂ ਚੰਡੀਗੜ ਦੇ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਸ. ਪੀਰਮੁਹੰਮਦ ਨੇ ਆਖਿਆ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮੁੱਦੇ ’ਤੇ ਭਾਰਤੀ ਨਿਆਂਪਾਲਿਕਾ ਵਲੋਂ ਸਿੱਖ ਕੌਮ ਨਾਲ ਪਿਛਲੇ 29 ਸਾਲਾਂ ਤੋਂ ਲਗਾਤਾਰ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨਿਆਂਪਾਲਿਕਾ ਤੋਂ ਸਵਾਲ ਪੁੱਛਿਆ ਕਿ ਜੇਕਰ ਅੱਜ ਸੀ.ਬੀ.ਆਈ. ਦੀ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਹੀ ਕਰਨਾ ਸੀ ਤਾਂ ਇੰਨੇ ਸਾਲ ਇਨਸਾਫ਼ ਦੇ ਨਾਂਅ ’ਤੇ ਸਿੱਖਾਂ ਨਾਲ ਖੇਖਣ ਕਿਉਂ ਕੀਤੇ ਗਏ? ਸ. ਪੀਰਮੁਹੰਮਦ ਨੇ ਆਖਿਆ ਕਿ ਉਨ੍ਹਾਂ ਨੇ ਅੱਜ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਤੋਂ ਬਾਅਦ ਅਦਾਲਤ ਵਿਚ ਜੁੱਤੀ ਕਿਸੇ ਵਿਸ਼ੇਸ਼ ਜੱਜ ਵੱਲ ਨਹੀਂ, ਸਗੋਂ ਭਾਰਤੀ ਨਿਆਂਪਾਲਿਕਾ ਵੱਲ ਮਾਰੀ ਹੈ, ਜਿਸ ਨੇ ਸਿੱਖਾਂ ਨਾਲ ਘੋਰ ਧੱਕੇਸ਼ਾਹੀ ਕੀਤੀ ਹੈ।

ਪਿਛਲੇ 29 ਸਾਲਾਂ ਤੋਂ ਪੀੜਤ ਦਰ-ਦਰ ਠੋਕਰਾਂ ਖਾ ਰਹੇ ਹਨ ਅਤੇ ਦੋਸ਼ੀਆਂ ਨੂੰ ਸਰਕਾਰ ਅਤੇ ਨਿਆਂਪਾਲਿਕਾ ਵਲੋਂ ਸੁਰੱਖਿਆ ਅਤੇ ਪੁਸ਼ਤਪਨਾਹੀ ਦਿੱਤੀ ਹੋਈ ਹੈ। ਸ. ਪੀਰਮੁਹੰਮਦ ਨੇ ਕਿਹਾ ਕਿ ਜੇਕਰ ਭਾਰਤੀ ਨਿਆਂਪਾਲਿਕਾ ਦੇਸ਼ ਦੀ ਰਾਜਧਾਨੀ ਵਿਚ, ਰਾਜਸੀ ਪੁਸ਼ਤਪਨਾਹੀ ਅਤੇ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਚਿੱਟੇ ਦਿਨ ਚਾਰ ਹਜ਼ਾਰ ਤੋਂ ਵੱਧ ਬੇਕਸੂਰ ਅਤੇ ਨਿਹੱਥੇ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਤਲਾਂ, ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨ ਵਾਲੇ ਦਰਿੰਦਿਆਂ ਅਤੇ ਕਰੋੜਾਂ ਦੀ ਸੰਪਤੀ ਨੂੰ ਲੁੱਟ-ਪੁੱਟ ਲੈਣ ਵਾਲੇ ਦੋਸ਼ੀਆਂ ਨੂੰ ਫ਼ਾਂਸੀ ਲਗਾਉਣ ਦੀ ਜ਼ੁਰੱਅਤ ਨਹੀਂ ਦਿਖਾ ਸਕਦੀ ਤਾਂ ਉਹ ਸਾਨੂੰ (ਪੀੜਤ ਧਿਰ) ਫ਼ਾਹੇ ਲਗਾ ਦੇਵੇ ਕਿਉਂਕਿ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਇਨਸਾਫ਼ ਲਈ ਭਟਕਦੇ ਹੋਏ ਨਿਤ ਦਿਨ ਤਿਲ-ਤਿਲ ਕਰਕੇ ਮਰ ਰਹੇ ਹਾਂ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਹੁਣ ਭਾਰਤੀ ਨਿਆਂਪਾਲਿਕਾ ਤੋਂ ਕੋਈ ਉਮੀਦ ਦੀ ਆਸ ਨਹੀਂ ਰੱਖਣੀ ਚਾਹੀਦੀ ਸਗੋਂ ਸਿੱਖ ਕੌਮ ਨੂੰ ਰਾਜਸੀ ਧੜ•ੇਬੰਦੀਆਂ ਤੋਂ ਉਪਰ ਉਠ ਕੇ ਸਾਂਝੇ ਤੌਰ ’ਤੇ ਇਨਸਾਫ਼ ਲਈ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣੀ ਚਾਹੀਦੀ ਹੈ। ਅਖ਼ੀਰ ਵਿਚ ਮੁੜ ਸ. ਪੀਰਮੁਹੰਮਦ ਨੇ ਆਖਿਆ ਕਿ, ਸਿੱਖ ਕਤਲੇਆਮ ਦੌਰਾਨ ਆਪਣੇ ਪਤੀ ਅਤੇ ਪੁੱਤਰਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਜ਼ਾਲਮਾਂ ਵਲੋਂ ਜਿਊਂਦੇ ਸੜਦੇ ਦੇਖ ਚੁੱਕੀਆਂ ਵਿਧਵਾ ਮਾਵਾਂ ਅਤੇ ਯਤੀਮ ਧੀਆਂ ਅਤੇ ਦਰਿੰਦਿਆਂ ਵਲੋਂ ਬੇਪੱਤ ਕੀਤੀਆਂ ਗਈਆਂ ਸਿੱਖ ਮਾਂਵਾਂ ਤੇ ਭੈਣਾਂ ਦੇ ਪਿਛਲੇ 29 ਸਾਲਾਂ ਤੋਂ ਹਉਕਿਆਂ ਅਤੇ ਹਾਵਾਂ ਨੂੰ ਮੈਂ ਹੋਰ ਝੱਲ ਨਹੀਂ ਸੀ ਸਕਦਾ। ਹੁਣ ਬੇਸ਼ੱਕ ਮੇਰੀ ਜਾਨ ਵੀ ਚਲੀ ਜਾਵੇ ਮੈਨੂੰ ਕੋਈ ਪ੍ਰਵਾਹ ਨਹੀਂ ਹੋਵੇਗੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top