Share on Facebook

Main News Page

ਸੱਜਣ ਕੁਮਾਰ ਬਰੀ, ਪੰਜ ਦੋਸ਼ੀ ਕਰਾਰ

ਨਵੀਂ ਦਿੱਲੀ, 30 ਅਪ੍ਰੈਲ (ਅਮਨਦੀਪ ਸਿੰਘ): ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਵਿਖੇ ਇਕੋ ਪਰਵਾਰ ਦੇ ਪੰਜ ਜੀਆਂ ਦੀ ਹਤਿਆ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਬਰੀ ਕਰ ਦਿਤਾ ਜਦਕਿ ਪੰਜ ਹੋਰਨਾਂ ਨੂੰ ਦੋਸ਼ੀ ਕਰਾਰ ਦਿਤਾ। ਕੜਕੜਡੂਮਾ ਅਦਾਲਤ ਵਿਚ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡੇਰਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਜੱਜ ਵਲ ਜੁੱਤੀ ਉਛਾਲ ਦਿਤੀ। ਇਸ ਪਿੱਛੋਂ ਅਦਾਲਤ ਵਿਚ ਹਲਚਲ ਪੈਦਾ ਹੋ ਗਈ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਪੀਰਮੁਹੰਮਦ ਨੂੰ ਹਿਰਾਸਤ ਵਿਚ ਲੈ ਲਿਆ। ਅਦਾਲਤ ਵਿਚ ਹਫ਼ੜਾ-ਦਫ਼ੜੀ ਮਚਣ ਤੋਂ ਬਾਅਦ ਪੁਲਿਸ ਸੱਜਣ ਕੁਮਾਰ ਤੇ ਹੋਰਨਾਂ ਦੋਸ਼ੀਆਂ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਲੈ ਗਈ।

ਵਧੀਕ ਸੈਸ਼ਨ ਜੱਜ ਜੇ.ਆਰ. ਆਰਿਅਨ ਨੇ ਦਿੱਲੀ ਕੈਂਟ ਇਲਾਕੇ ਵਿਚ ਇਕੋ ਪਰਵਾਰ ਦੇ ਪੰਜ ਜੀਆਂ ਦੇ ਕਤਲ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਕਲੀਨ ਚਿਟ ਦੇ ਦਿਤੀ ਜਿਸ ਵਿਰੁਧ ਸਿੱਖਾਂ ਦੇ ਕਤਲੇਆਮ ਲਈ ਭੀੜ ਨੂੰ ਭੜਕਾਉਣ ਦੇ ਦੋਸ਼ ਸਨ ਜਦਕਿ ਸਾਬਕਾ ਕੌਂਸਲਰ ਬਲਵਾਨ ਖੋਖਰ, ਸਾਬਕਾ ਵਿਧਾਇਕ ਮਹਿੰਦਰ ਯਾਦਵ, ਕਿਸ਼ਨ ਖੋਖਰ, ਗਿਰਧਾਰੀ ਲਾਲ ਅਤੇ ਕੈਪਟਨ ਭਾਗਮਲ ਨੂੰ ਦੋਸ਼ੀ ਠਹਿਰਾਇਆ ਗਿਆ ਜਿਨ੍ਹਾਂ ਨੂੰ ਸਜ਼ਾ ਬਾਅਦ 'ਚ ਸੁਣਾਈ ਜਾਵੇਗੀ। ਅਦਾਲਤ ਦਾ ਇਹ ਫ਼ੈਸਲਾ ਜਸਟਿਸ ਨਾਨਾਵਤੀ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਰੀਪੋਰਟ ਦੇ ਉਲਟ ਹੈ ਜਿਸ ਵਿਚ ਸੱਜਣ ਕੁਮਾਰ ਨੂੰ ਦੋਸ਼ੀ ਮੰਨਿਆ ਗਿਆ ਸੀ। ਜੱਜ ਨੇ ਸਬੂਤਾਂ ਦੀ ਘਾਟ ਦੇ ਆਧਾਰ 'ਤੇ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਹੁਕਮ ਦਿਤੇ।

ਦਿੱਲੀ ਕੈਂਟ ਦੇ ਰਾਜਨਗਰ ਇਲਾਕੇ 'ਚ ਇਕ ਸਿੱਖ ਪਰਵਾਰ ਦੇ ਪੰਜ ਜੀਆਂ ਦੀ ਹਤਿਆ ਤੋਂ 21 ਸਾਲ ਬਾਅਦ 2005 ਵਿਚ ਸੱਜਣ ਕੁਮਾਰ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਫ਼ੈਸਲੇ ਤੋਂ ਗੁੱਸੇ ਸਿੱਖਾਂ ਨੇ ਅਦਾਲਤ ਦੇ ਬਾਹਰ ਮੁਜ਼ਾਹਰਾ ਕੀਤਾ ਅਤੇ ਅੱਜ ਦੇ ਦਿਨ ਨੂੰ ਭਾਰਤ ਦੇ ਇਤਿਹਾਸ ਦਾ 'ਕਾਲਾ ਦਿਨ' ਕਰਾਰ ਦਿਤਾ। ਦੱਸਣਯੋਗ ਹੈ ਕਿ ਇਕ ਹੋਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁਧ ਵੀ ਭੀੜ ਨੂੰ ਭੜਕਾਉਣ ਦੇ ਦੋਸ਼ਾਂ ਦਾ ਮਾਮਲਾ ਮੁੜ ਖੋਲ੍ਹਿਆ ਗਿਆ ਹੈ ਕਿਉਂਕਿ ਮਾਮਲਾ ਬੰਦ ਕਰਨ ਸਬੰਧੀ ਰੀਪੋਰਟ ਅਦਾਲਤ ਨੇ ਖ਼ਾਰਜ ਕਰ ਦਿਤੀ ਸੀ।

ਸੱਜਣ ਕੁਮਾਰ ਵਿਰੁਧ ਮੁੱਖ ਗਵਾਹ 70 ਸਾਲਾ ਬੀਬੀ ਜਗਦੀਸ਼ ਕੌਰ, ਉਨ੍ਹਾਂ ਦਾ ਬੇਟਾ ਗੁਰਦੀਪ ਸਿੰਘ ਤੇ ਇਕ ਹੋਰ ਚਸ਼ਮਦੀਦ ਗਵਾਹ ਬੀਬੀ ਨਿਰਪ੍ਰੀਤ ਕੌਰ ਫ਼ੈਸਲੇ ਤੋਂ ਬਾਅਦ ਸਦਮੇ ਵਿਚ ਸਨ। ਅਦਾਲਤ ਦੇ ਇਕ ਪਾਸੇ ਅਪਣੇ ਸਾਥੀਆਂ ਨਾਲ ਬੈਠੇ ਹੋਏ ਵਕੀਲ ਐਚ.ਐਸ. ਫੂਲਕਾ ਵੀ ਪੂਰੀ ਤਰ੍ਹਾਂ ਮਾਯੂਸ ਨਜ਼ਰ ਆ ਰਹੇ ਸਨ।

ਉਧਰ ਬੀਬੀ ਜਗਦੀਸ਼ ਕੌਰ ਅਦਾਲਤ ਵਿਚ ਚੀਕ-ਚੀਕ ਕੇ ਪੁਕਾਰ ਰਹੇ ਸਨ, “ਜੇ ਅਦਾਲਤ ਨੇ ਸੱਜਣ ਕੁਮਾਰ ਨੂੰ ਸਜ਼ਾ ਨਹੀਂ ਦੇਣੀ ਤਾਂ ਮੈਨੂੰ ਹੀ ਫਾਂਸੀ ਦੇ ਦਿਉ।'' ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, “ਅੱਜ ਪਤਾ ਲੱਗ ਗਿਆ ਹੈ ਕਿ ਇਸ ਦੇਸ਼ ਵਿਚ ਸਾਡੇ ਲਈ ਇਨਸਾਫ਼ ਨਾਂਅ ਦੀ ਕੋਈ ਚੀਜ਼ ਨਹੀਂ।'' ਉਨ੍ਹਾਂ ਕਿਹਾ, “ਅੱਜ ਅਦਾਲਤ ਵਿਚ ਜਦ ਸੱਜਣ ਕੁਮਾਰ ਮੇਰੇ ਸਾਹਮਣੇ ਮੁਸਕਰਾ ਰਿਹਾ ਸੀ ਤਾਂ ਮੈਂ ਸਮਝ ਗਈ ਸੀ ਕਿ ਅੱਜ ਉਸ ਨੂੰ ਛੱਡ ਦਿਤਾ ਜਾਵੇਗਾ।''

ਉਹ ਸਦਮੇ ਵਿਚ ਕਹਿ ਰਹੀ ਸੀ, “ਅੱਜ ਮੈਂ ਅਦਾਲਤ ਤੋਂ ਬਾਹਰ ਨਹੀਂ ਜਾਵਾਂਗੀ ਜਦ ਤਕ ਮੈਨੂੰ ਫਾਂਸੀ ਨਹੀਂ ਦੇ ਦਿਤੀ ਜਾਂਦੀ।'' ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ, “ਸੱਜਣ ਕੁਮਾਰ ਨੇ ਮੈਨੂੰ 2 ਕਰੋੜ ਵਿਚ ਖ਼ਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਅਪਣੀ ਜ਼ਮੀਰ ਨਹੀਂ ਵੇਚੀ ਪਰ ਅੱਜ ਅਦਾਲਤ ਵਲੋਂ ਉਸ ਨੂੰ ਬਰੀ ਕਰ ਕੇ ਸਾਡੇ ਨਾਲ ਖਿਲਵਾੜ ਕੀਤਾ ਗਿਆ ਹੈ।

ਬੀਬੀ ਨਿਰਪ੍ਰੀਤ ਕੌਰ ਨੇ ਭਰੇ ਮਨ ਨਾਲ ਕਿਹਾ, “ਜਿਵੇਂ ਸ਼ੁਰੂ ਤੋਂ ਕੇਸ ਹੌਲੀ ਚਾਲ ਚੱਲ ਰਿਹਾ ਸੀ ਤਾਂ ਮੈਨੂੰ ਇਹੀ ਮਹਿਸੂਸ ਹੁੰਦਾ ਸੀ ਕਿ ਇਸ ਮਾਮਲੇ ਵਿਚ ਨਿਆਂ ਨਹੀਂ ਮਿਲੇਗਾ।'' ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਸਿਆਸਤ ਦੇ ਪ੍ਰਭਾਵ ਹੇਠ  ਸੱਜਣ ਕੁਮਾਰ ਨੂੰ ਨਿਰਦੋਸ਼ ਕਰਾਰ ਦੇ ਕੇ ਸਿੱੱਖਾਂ ਦੇ ਜ਼ਖ਼ਮਾਂ ਨੂੰ ਮੁੜ ਕੁਰੇਦਿਆ ਗਿਆ ਹੈ। ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਉਹ ਇਸ ਫ਼ੈਸਲੇ ਵਿਰੁਧ ਹਾਈ ਕੋਰਟ ਤਕ ਪਹੁੰਚ ਕਰਨਗੇ।

ਦੂਜੇ ਪਾਸੇ ਬੀਬੀ ਜਗਦੀਸ਼ ਕੌਰ ਦਾ ਕਹਿਣਾ ਸੀ ਕਿ ਮੈਂ ਤਾਂ ਇਕ ਆਜ਼ਾਦੀ ਘੁਲਾਟੀਏ ਦੀ ਧੀ ਹਾਂ, ਸਾਡੇ ਪਰਵਾਰ ਨੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਨ ਪਰ ਕਦੇ ਨਹੀਂ ਸੀ ਸੋਚਿਆ ਕਿ ਸਾਨੂੰ ਇਸ ਤਰ੍ਹਾਂ ਨਿਰਾਸ਼ ਹੋਣਾ ਪਵੇਗਾ। ਬੀਬੀ ਜਗਦੀਸ਼ ਕੌਰ ਦੇ ਪੁੱਤਰ ਗੁਰਦੀਪ ਸਿੰਘ ਨੇ ਕਿਹਾ ਕਿ ਜੇ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਹੀ ਕਰਨਾ ਸੀ ਤਾਂ ਸਾਨੂੰ ਅਦਾਲਤ ਹੀ ਦੱਸ ਦੇਵੇ ਕਿ ਆਖਰ ਨਵੰਬਰ 1984 ਵਿਚ 10 ਹਜ਼ਾਰ ਸਿੱਖਾਂ ਦਾ ਕਤਲ ਕਿਸ ਨੇ ਕੀਤਾ ਸੀ?

ਜ਼ਿਕਰਯੋਗ ਹੈ ਕਿ ਦਿੱਲੀ ਛਾਉਣੀ ਇਲਾਕੇ ਵਿਚਲੇ ਰਾਜ ਨਗਰ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿਛੋਂ 1 ਤੇ 2 ਨਵੰਬਰ, 1984 ਨੂੰ ਹੋਏ ਕਤਲੇਆਮ ਵਿਚ ਬੀਬੀ ਜਗਦੀਸ਼ ਕੌਰ ਦੇ ਪਤੀ ਕਿਹਰ ਸਿੰਘ ਤੇ ਪੁੱਤਰ ਗੁਰਪ੍ਰੀਤ ਸਿੰਘ ਸਣੇ ਰਘੁਵਿੰਦਰ ਸਿੰਘ, ਨਰਿੰਦਰਪਾਲ ਸਿੰਘ ਅਤੇ ਕੁਲਦੀਪ ਸਿੰਘ ਨੂੰ ਜਿਊਂਦਾ ਸਾੜ ਦਿਤਾ ਗਿਆ ਸੀ। ਨਾਨਾਵਤੀ ਕਮਿਸ਼ਨ ਦੀ ਸਿਫ਼ਾਰਸ਼ ਪਿੱਛੋਂ 28 ਅਕਤੂਬਰ 2005 ਨੂੰ ਸੀ.ਬੀ.ਆਈ. ਨੇ ਮਾਮਲਾ ਦਰਜ ਕੀਤਾ ਸੀ। ਸੱਜਣ ਕੁਮਾਰ ਅਤੇ 7 ਹੋਰਨਾਂ ਦੋਸ਼ੀਆਂ ਵਿਰੁਧ 1 ਫ਼ਰਵਰੀ 2010 ਨੂੰ ਸੀ.ਬੀ.ਆਈ. ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸੇ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਅਪਣੇ 8 ਅਕਤੂਬਰ 2010 ਦੇ ਫ਼ੈਸਲੇ ਵਿਚ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਵਜੋਂ ਐਡਵੋਕੇਟ ਆਰ.ਐਸ. ਚੀਮਾ ਨੂੰ ਨਿਯੁਕਤ ਕੀਤਾ ਸੀ ਅਤੇ ਇਹ ਹਦਾਇਤ ਵੀ ਦਿਤੀ ਸੀ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕੀਤੀ ਜਾਵੇ ਤੇ ਪੂਰਾ ਮਾਮਲਾ ਛੇ ਮਹੀਨਿਆਂ 'ਚ ਨਿਬੇੜਿਆ ਜਾਵੇ। ਇਸ ਮਾਮਲੇ ਵਿਚ ਬਚਾਅ ਪੱਖ ਵਲੋਂ 17 ਤੇ ਦੋਸ਼ੀ ਧਿਰ ਵਲੋਂ ਵੀ 17 ਗਵਾਹ ਪੇਸ਼ ਕੀਤੇ ਗਏ ਸਨ ਅਤੇ 1 ਜੁਲਾਈ 2010 ਨੂੰ ਗਵਾਹੀਆਂ ਦਰਜ ਹੋਣੀਆਂ ਸ਼ੁਰੂ ਹੋਈਆਂ ਸਨ। ਤਿੰਨ ਗਵਾਹਾਂ ਜਗਦੀਸ਼ ਕੌਰ, ਜਗਸੇਰ ਸਿੰਘ ਤੇ ਨਿਰਪ੍ਰੀਤ ਕੌਰ ਨੇ ਅਦਾਲਤ ਵਿਚ ਸੱਜਣ ਕੁਮਾਰ ਦੀ ਪਛਾਣ ਕੀਤੀ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top