Share on Facebook

Main News Page

ਭਰਾਵੋ! ਆਪਣੇ ਘਰਾਂ ਵਿੱਚ ‘ਇੱਕ-ਇੱਕ ਸਿੱਖ’ ਤਾਂ ਬਚਾ ਲਓ!
21ਵੀਂ ਸਦੀ ’ਚ ਵਿਸਾਖੀ ਦਾ ਸੰਦੇਸ਼

- ਤਰਲੋਕ ਸਿੰਘ ‘ਹੁੰਦਲ’ ਬਰੈਂਮਟੰਨ, ਟੋਰਾਂਟੋ

ਖਾਲਸਾ ਪੰਥ ਦੇ ਇਨਕਲਾਬੀ ਅਤੇ ਪਰਿਵਰਤਨ-ਕਾਰੀ ਇਤਿਹਾਸ ਦਾ ਮੁੱਢ ਬੰਨ੍ਹਦੀ ਸੰਨ 1699 ਈ: ਦੀ ‘ਵਿਸਾਖੀ’ ਦਾ ਸਬੰਧ ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਅੱਜ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਗਿਆ ਹੈ। ਸ਼ਾਇਦ ਹੀ ਸੰਸਾਰ ਭਰ ਵਿੱਚ ਕੋਈ ਐਸਾ ਬਦਕਿਸਮਤ ਖਿੱਤਾ ਹੋਵੇ, ਜਿਥੇ ਖਾਲਸਾਈ ਰੰਗ ਵਿੱਚ ਰੰਗੇ ਵਿਸਾਖੀ ਦੇ ਯਾਦਗਾਰੀ ਜਸ਼ਨ ਪੂਰੇ ਜੋਸ਼ੋ-ਖਰੋਸ਼, ਉਤਸ਼ਾਹ ਤੇ ਉਲਹਾਸ ਨਾਲ ਨਾ ਮਨਾਏ ਜਾਂਦੇ ਹੋਣ। ਬਾਹਰਲੇ ਦੇਸ਼ਾਂ ਵਿੱਚ ਵੱਖ ਵੱਖ ਥਾਵਾਂ, ਸਮੇਂ ਅਤੇ ਸਹੂਲਤ ਮੁਤਾਬਕ ਇਹ ਅਲੌਕਿਕ ਵਿਸਾਖੀ ਦੇ ਸਮਾਗਮ ਇਕੋ ਦਿਨ ਦੇ ਨਾ ਹੋ ਕੇ ਲੰਮਾ ਚਿਰ ਚਲਦੇ ਰਹਿੰਦੇ ਹਨ ਅਤੇ ਸਿੱਖ ਸੰਗਤਾਂ ਨੂੰ ਸੁਥਰੇ ਜਨ-ਜੀਵਨ ਨਿਰਬਾਹ ਲਈ ਗੁਰੂ-ਪਿਆਰ ਵਾਲੇ ਅਕਸਰ ਸ਼ੁਭ ਸੰਦੇਸ਼, ਆਦੇਸ਼ ਅਤੇ ਉਪਦੇਸ਼ ਦਿੰਦੇ ਰਹਿੰਦੇ ਹਨ। ਨਿਰਸੰਦੇਹ, 21ਵੀਂ ਸਦੀ ਤਕ ਪਹੁੰਚਦੀ ਸਿੱਖ ਕੌਮ, ਭਿਆਨਕ ਦੁਸ਼ਵਾਰੀਆਂ’ਚ ਘਿਰ ਗਈ ਹੈ ਅਤੇ ਇਸ ਦੇ ਟਾਕਰੇ ਲਈ ਕਿਸੇ ਤਕੜੀ ਜਾਂ ਪ੍ਰਭਾਵਸ਼ਾਲੀ ਯੋਜਨਾਬੰਦੀ, ਇੱਕਜੁਟਤਾ, ਇੱਕਸਾਰਤਾ ਤੇ ਇਕਸੁਰਤਾ ਨਹੀਂ ਬਣਾ ਸਕੀ, ਜਿਸ ਦੇ ਫ਼ਲਸਰੂਪ ਸਿੱਖੀ ਦੇ ਵਜੂਦ ਨੂੰ ਖਤਰੇ ਵਿੱਚ ਭਾਪਦਿਆਂ ਹੋਇਆ ਇਕ ਗੰਭੀਰ ਚਿੰਤਕ ਦਾ ਵਿਸਾਖੀ ਸੰਦੇਸ਼-ਨੁਮਾਂ ਵਿਚਾਰ ਸੁਣਿਆ ਹੈ, ਜਿਸ ਨੂੰ ਸਿੱਖ ਜਗਤ ਨਾਲ ਸਾਂਝਾ ਕਰਨਾ ਆਪਣਾ ਇਖਲਾਕੀ ਫ਼ਰਜ ਸਮਝਦਾ ਹਾਂ।

ਓਨਟਾਈਓ ਸਿੱਖ ਐਂਡ ਗੁਰਦੁਆਰਾ ਕੌਂਸਲ ਵਲੋਂ ਅਯੋਜਿਤ ਕੀਤੇ ਜਾਣ ਵਾਲੇ 314ਵੇਂ ਖਾਲਸਾ ਸਾਜਨਾ ਦਿਵਸ ਸਮਾਰੋਹ-ਅਪਰੈਲ 28, 2013 ਤੋਂ ਠੀਕ ਇੱਕ ਦਿਨ ਪਹਿਲਾਂ ਦੀ ਗੱਲ ਹੈ। ਟੋਰਾਂਟੋ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਕਿਸੇ ਪਰਵਾਰਿਕ ਸਮਾਗਮ ਵਿੱਚ ਸਿੱਖ ਸੰਗਤਾਂ ਦਾ ਬਹੁਤ ਵਿਸ਼ਾਲ ਇੱਕਠ ਸੀ।ਬੜਾ ਮਿੱਠਾ ਸਮਾਗਮ ਸੀ। ਬਹੁਤ ਖ਼ੁਸ਼ਗੁਵਾਰ ਮਾਹੌਲ ਸੀ। ਸੰਗਤਾਂ ਨੂੰ ਸੰਬੋਧਨ ਕਰਨ ਵਾਲੇ ਅਖੀਰਲੇ ਵਿਚਾਰਵਾਨ ਬੁਲਾਰੇ ਸ੍ਰ: ਗੁਰਬਿੰਦਰ ਸਿੰਘ ਜੀ ‘ਰੰਧਾਵਾ’ ਪ੍ਰਧਾਨ ਸਕਾਰਬਰੋ ਗੁਰਦੁਆਰਾ ਸਾਹਿਬ ਨੇ ਰਵਾਇਤੀ ਵਡਿਆਈਆਂ ਤੇ ਵਧਾਈਆਂ ਤੋਂ ਰਤਾ ਕੁ ਪਾਸੇ ਹਟ ਕੇ, ਸੰਗਤਾਂ ਨਾਲ ਚਿੰਤਾਂ ਭਰੇ ਪੰਥਕ ਵਿਚਾਰ ਸਾਂਝੇ ਕਰਦਿਆਂ ਹੋਇਆਂ ਭਰੇ ਮਨ ਨਾਲ ਆਖਿਆ ਕਿ ‘ਕਦੇ ਸਮਾਂ ਸੀ ਕਿ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਨੈਤਿਕ ਸ਼ੋਸ਼ਣ ਤੋਂ ਬਚਾ ਲਈ ਗੁਰੂ ਨਾਨਕ ਵਿਚਾਰਧਾਰਾ ਦਾ ਓਟ,ਆਸਰਾ ਭਾਲਦਾ ਹਿੰਦੂ-ਜਗਤ, ਆਪਣੇ ਪਰਿਵਾਰ ਵਿੱਚੋਂ ਇੱਕ ਜੀਅ ਯਾਨੀਂ ਵੱਡੇ ਪੁੱਤਰ ਨੂੰ ਸਿੱਖ ਸਜਾਉੁਣ ਲਗ ਪਿਆ ਸੀ। ਕਿਸੇ ਡਰ ਜਾਂ ਭੈਅ ਕਾਰਨ ਨਹੀਂ ਸਗੋਂ ਉਨ੍ਹਾਂ ਵੀਰਾਂ ਨੂੰ ਗੁਰੂ ਫਿਲਾਸਫੀ ਦੀ ਸਮਝ ਆ ਗਈ ਸੀ। ਅੱਜ, ਸਿੱਖੀ ਅਤੇ ਸਿੱਖ ਸਿਧਾਂਤਾਂ ਵਿੱਚ ਆਇਆ ਨਿਘਾਰ ਇੱਕ ਅਤਿ ਖ਼ਤਰਨਾਕ ਪੜਾਅ ਤੇ ਪੁਜ ਚੁੱਕਿਆ ਹੈ। ਸਿੱਖ ਸੰਗਤਾਂ ਨੂੰ ਪੁਰਜੋਰ ਅਪੀਲ ਕਰਦਾ ਹਾਂ, ਭਰਾਵੋ! ਆਪਣੇ ਘਰਾਂ ਵਿੱਚ ‘ਇੱਕ-ਇੱਕ ਸਿੱਖ’ ਤਾਂ ਬਚਾ ਲਓ!’

‘ਰੰਧਾਵਾ’ ਸਾਹਿਬ ਦੇ ਦਿਲ ਵਿੱਚ ਕੌਮੀਂ ਪੀੜਾ ਦਾ ਗਹਿਰਾ ਅਸਰ ਦਿਖਾਈ ਦੇ ਰਿਹਾ ਸੀ। ਬਹੁਤ ਸੰਜੀਦਗੀ ਨਾਲ ਇਹ ਇੱਕ ਪੰਥਕ ਦਰਦ ਦਾ ਪ੍ਰਗਟਾਅ ਸੀ। ਤੇਰੇ ਦੀਆਂ ਦਰਦਾਂ ਦਿਲ ਨੂੰ ਚੀਰਦੀਆਂ। ਦੀਵਾਨ ਹਾਲ ਵਿੱਚ ਬੈਠੇ ਕਈ ਸਿੱਖ ਚਿੰਤਕ ਅਤੇ ਸੋਝੀਵਾਨ ਡੁੰਘੀ ਸੋਚ ਵਿੱਚ ਗੰਭੀਰ ਹੋਏ ਵੇਖੇ ਗਏ ਅਤੇ ਕਈਆਂ ਦੇ ਚਿਹਰਿਆਂ ਉੱਤੇ ਗੁਰੂ ਪ੍ਰਤੀ ਅਲਗਰਜੀ, ਲਾ-ਪ੍ਰਵਾਹੀ,ਦਿਖਾਵੇ ਮਾਤਰ ਰਸਮੀਂ ਗੁਰੂ ਪਿਆਰ ਅਤੇ ਪੱਛਮੀਂ ਸਭਿਅਤਾ ਦੇ ਮਾਰੂ ਪ੍ਰਭਾਵ ਦੇ ਉਥਾਨ ਕਾਰਨ ਸਿੱਖੀ ਸਿਧਾਂਤਾਂ ਵਿੱਚ ਆਈ ਗਿਰਾਵਟ ਦੀ ਉਦਾਸੀ ਦਾ ਪ੍ਰਛਾਵਾਂ ਸਾਫ਼ ਦਿਖਾਈ ਦੇ ਰਿਹਾ ਸੀ। ਸਿੱਖ ਬੁਲਾਰੇ ਨੇ ਬਿਲਕੁਲ ਸੱਚ ਕਿਹਾ ਹੈ। ਭਲੇ ਹੀ ਅਸੀ ਦਾਹਵੇ ਪਏ ਕਰੀਏ, ਕਿ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੈ, ਜੈਕਾਰੇ ਤੇ ਜੈਕਾਰੇ ਬੁਲੰਦ ਕਰੀ ਜਾਈਏ, ਪਰ ਅਸਲੀਅਤ ਵਿੱਚ ਅਸੀ ਸਿੱਖ ਫਿਲਾਸਫੀ-ਮਾਰੂ ਤਾਕਤਾਂ ਦੇ ਜਾਲ ਵਿੱਚ ਬੜੀ ਬੁਰੀ ਤਰ੍ਹਾਂ ਫਸੇ ਹੋਏ ਹਾਂ। ਹਰ ਸਿੱਖ ਚਿੰਤਕ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਹੈ ਕਿ ਸਿੱਖ ਭਾਈਚਾਰਾ ਭਾਵੇਂ ਸਾਰੀ ਦੁਨੀਆਂ ਵਿੱਚ ਫੈਲ ਗਿਆ ਹੈ, ਪਰ ਗੁਰਬਾਣੀ ਅਤੇ ਗੁਰੂ ਸਿਧਾਂਤਾਂ ਤੋਂ ਕੋਹਾਂ ਦੂਰ ਚਲਾ ਗਿਆ ਹੈ। ਸਾਡੀ ਮੂਲ ਧਰਤੀ ਪੰਜਾਬ ਦਾ ਬਹੁਤ ਹੀ ਮੰਦਾ ਹਾਲ ਹੈ। ਸਿੱਖ ਕੌਮ ਅੰਦਰ ਸਭ ਤੋਂ ਵੱਧ ਜਮਾਤੀ ਵੰਡ ਨੇ ਢਾਹ ਲਾਈ ਹੈ। ਸਿੱਖ ਵਿਦਵਾਨ ਡਾ:ਤਾਰਨ ਸਿੰਘ ਦੇ ਸ਼ਬਦਾਂ ਵਿੱਚ ‘ਅਗਿਆਨਤਾ ਦੇ ਅੰਧੇਰੇ ਕਾਰਨ ਧਰਮ ਦੇ ਮੂਲ ਸਿਧਾਂਤ ਤੋਂ ਅਸੀਂ ਭਟਕ ਗਏ ਹਾਂ’। ਧਾਰਮਿਕ ਆਗੂ, ਰਾਜਸੀ ਲੋਕਾਂ ਅਤੇ ਘੜੰਮ-ਚੌਧਰੀਆਂ ਦੇ ਟੋਕਰੀ ਚੁੱਕ ਬਣੇ ਹੋਏ ਹਨ। ਵੋਟਾਂ ਦੀ ਰਾਜਨੀਤੀ,ਨਸ਼ੇ, ਡਰਗ, ਸਭਿਆਚਾਰ ਦੇ ਨਾਂ ਥੱਲੇ ਗੀਤਕਾਰੀ ਦੀ ਬੇ-ਹਯਾਈ, ਬਲਾਤਕਾਰੀਆਂ ਦਾ ਦੌਰ,ਪਛੱਮੀ ਲਿਬਾਸਕਾਰੀ ਦਾ ਮਾੜੇ ਪ੍ਰਭਾਵ ਨੇ ਸਿੱਖ ਨੌ-ਜੁਵਾਨ ਪੀੜੀ ਦਾ ਬਹੁਤ ਸ਼ੋਸ਼ਣ ਕੀਤਾ ਹੈ। ਅਨਮੋਲ ਸਿੱਖ ਕਦਰਾਂ-ਕੀਮਤਾਂ ਨੁਕਸਾਨੀਆਂ ਗਈਆਂ ਹਨ। ਗੁਰੂ ਸਾਹਿਬ ਦੇ ਬਖਸ਼ੇ ਸਿੱਖੀ ਸਰੂਪ,ਪਹਿਰਾਵੇ ਤੇ ਕਕਾਰਾਂ ਵਿੱਚ ਬਹੁਤ ਕੁਝ ਵਸਦੈ, ਇਸ ਦਾ ਮਾਣ, ਸਤਿਕਾਰ ਤੇ ਲਾਜ ਪਾਲਣਾ ਸਿੱਖ ਦਾ ਮੁੱਢਲਾ ਫ਼ਰਜ ਹੈ।

ਜਦੋਂ ਜਹਾਜ ਸੁਨਾਮੀ ਲਹਿਰਾਂ ’ਚ ਘਿਰ ਜਾਵੇ ਤਾਂ ਸੂਝਵਾਨ ਵਿਦਵਾਨ, ਸਕਾਲਰ, ਫਿਲਾਸਫਰ ਅਤੇ ਦੂਰ-ਅੰਦੇਸ਼ੀ ਬੁੱਧੀਜੀਵੀ ਵਰਗ ਹੀ ਜਹਾਜ ਨੂੰ ਸੰਭਾਲਣ ਵਿੱਚ ਸਹਾਈ ਹੋ ਸਕਦਾ ਹੈ। ਸਿੱਖ ਨੂੰ ਅੰਦਰੂਨੀ ਅਤੇ ਬਹਿਰੂਨੀ ਸ੍ਵੈ-ਪੜਚੋਲ ਦੀ ਲੋੜ ਹੈ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਰੂਪ ਰੇਖਾ ਉਲੀਕਦੇ ਸਮੇਂ ਸਿੱਖ ਜਥੇਬੰਦੀਆਂ, ਸਿੱਖ ਸਭਾਵਾਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਵਿਦਵਾਨਾਂ, ਚਿੰਤਕਾਂ ਅਤੇ ਸਿੱਖ ਬੁੱਧੀਜੀਵੀਆਂ ਨੂੰ ਰੰਧਾਵਾ ਸਾਹਿਬ ਦੇ ਅਗਵਾਈਯੋਗ ਸ਼ਬਦਾਂ ਨੂੰ ਗੰਭੀਰਤਾ ਨਾਲ ਸਮਝ ਲੈਣਾ ਚਾਹੀਦਾ ਹੈ। ਸਿੱਖਾਂ ਦੀ ਸਹੀ ਚੜ੍ਹਦੀ ਕਲਾ ਲਈ ਅਸਾਨੂੰ ਸਿੱਖ ਭਾਈਚਾਰੇ ਵਿੱਚ ਪਨਪ-ਰਹੀਆਂ ਬੁਰਿਆਈਆਂ ਦਾ ਅੰਤ ਕਰਨਾ ਹੋਏਗਾ। Doing so, we should not forget the advise of Mr. Stephen prost, “the real RECOVERY is-more than simply eradicating symptom. Therefore , collectively appreciate each step.”  ਆਸ, ਅਸਥਾ ਤੇ ਗੁਰੂ-ਭਰੋਸੇ ਤ੍ਰੇੜਾਂ ਮਿਟ ਜਾਣਗੀਆਂ। ਸਾਰੇ ਰਲ-ਮਿਲ ਕੇ ਹੰਭਲਾ ਮਾਰੀਏ ਤਾਂ ਇਹ ਕੋਈ ਅਤਿਕਥਨੀ ਨਹੀਂ ਕਿ ਅਗਲੇ ਵਿਸਾਖੀ ਸ਼ੁਭ ਦਿਹਾੜੇ ਤਕ ਅਸੀਂ ਅੰਗਰੇਜ਼ ਫਿਲਾਸਫਰ ਮਿ:ਮੈਕਸ ਮੂਲਰ ਦੇ ਸਿੱਖ ਕਿਰਦਾਰ ਦਾ ਮੁਲ਼ਾਂਕਣ ਕਰਦੇ ਕੀਮਤੀ ਸ਼ਬਦਾਂ ਨੂੰ ਅਮਲੀ ਜਾਮਾਂ ਹੀ ਪਹਿਨਾ ਦੇਈਏ:- ‘ਸਿੱਖ ਅਨਪੜ੍ਹ ਹੋਣ ਦੇ ਬਾਵਜੂਦ ਮਨੁੱਖੀ ਮਸਲਿਆਂ ਤੇ ਸਮਾਜਿਕ ਵਰਤਾਰੇ ਵਿੱਚ ਕਾਫੀ ਸੂਝਵਾਨ ਹੁੰਦੇ ਹਨ। ਇਹ ਸਿੱਟਾ ਸਤਿਸੰਗ ਦੀ ਰੋਜ਼ਾਨਾ ਹਾਜਰੀ ਦਾ ਹੀ ਹੈ। ਕਦੀ ਕਦਾਈਂ ਹੋਣ ਵਾਲੇ ਇਕੱਠ ਦਾ ਪ੍ਰਭਾਵ ਥੋੜਾ ਚਿਰ ਹੀ ਹੁੰਦਾ ਹੈ, ਪਰ ਰੋਜ ਦੀ ਘਾਸੀ ਆਦਤ ਬਣ ਜਾਂਦੀ ਹੈ ਤੇ ਸਮੂਹਿਕ ਰੂਪ ਵਿੱਚ ਆਦਤ ਸਮਾਜ ਦਾ ਲਕਸ਼, ਉਸ ਦਾ ਆਚਰਣ ਬਣ ਜਾਂਦੀ ਹੈ’।ਲੋੜ ਹੈ,ਸਿੱਖੀ ਪ੍ਰਤੀ ਸੁਹਿਰਦਤਾ ਦੀ। ਪ੍ਰਸਿੱਧ ਸ਼ਾਇਰ ਬਸ਼ੀਰ ਬਦਰ ਨੇ ਬਹੁਤ ਢੁੱਕਵਾਂ ਤੇ ਸੁੰਦਰ ਕਿਹਾ ਹੈ:-

‘ਦੁਨੀਯਾ ਸਮਝ ਰਹੀ ਥੀ ਕਿ ਅਬ ਰਾਖ ਹੋ ਚੁਕੇ,
ਕੈਸੀ ਹਵਾ ਚਲਾ ਦੀ , ਦਹਕਨੇ ਲਗੇ ਹੈਂ ਹਮ।
’


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top