ਅੰਮ੍ਰਿਤਸਰ:
(28 ਅਪ੍ਰੈਲ: ਨਰਿੰਦਰ ਪਾਲ ਸਿੰਘ): ਜੂਨ ੧੯੮੪ ਦੇ ਫੌਜੀ ਹਮਲੇ ਦੌਰਾਨ ਮਾਰੇ ਗਏ ਲੋਕਾਂ
ਦੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਉਸਾਰੀ ਯਾਦਗਾਰ ਦੇ ਇਕ ਬੋਰਡ ਨੂੰ ਲੈਕੇ ਨੂੰ
ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਦੇ ਵਰਕਰਾਂ ਦਰਮਿਆਨ ਉਸ ਵਕਤ ਸਥਿਤੀ ਟਕਰਾਅ ਪੂਰਨ ਬਣ
ਗਈ, ਜਿਸ ਵੇਲੇ ਬੀਤੀ ਰਾਤ ਹੀ ਕਮੇਟੀ ਦੀ ਟਾਸਕ ਫੋਰਸ ਉਹ ਬੋਰਡ ਉਤਾਰਨ ਤੁਰ ਪਈ, ਜਿਸ
ਉਪਰ ਯਾਦਗਾਰ ਦਾ ਸੰਖੇਪ ਇਤਿਹਾਸ ਲਿਖਿਆ ਗਿਆ ਹੈ। ਸ਼ਹੀਦੀ ਯਾਦਗਾਰ ਸ਼੍ਰੋਮਣੀ ਕਮੇਟੀ ਨੂੰ
ਸੋਪੇ ਜਾਣ ਲਈ ਬੀਤੇ ਕੱਲ੍ਹ ਦਮਦਮੀ ਟਕਸਾਲ ਵਲੋਂ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ
ਸੀ। ਇਸ ਯਾਦਗਾਰ ਦੀ ਉਸਾਰੀ ਨੂੰ ਲੈਕੇ ਦਮਦਮੀ ਟਕਸਾਲ ਤੇ ਸ਼੍ਰੋਮਣੀ ਕਮੇਟੀ ਦੋਨਾਂ ਨੇ ਇਕ
ਦੂਜੇ ਨੂੰ ਖੂਭ ਸਲਾਹਿਆ ਵੀ ਸੀ।
ਸਮਾਗਮ ਦੀ ਸਮਾਪਤੀ ਬਾਅਦ ਦਮਦਮੀ ਟਕਸਾਲ ਦੇ ਮੁਖੀ, ਸ਼੍ਰੋਮਣੀ ਕਮੇਟੀ
ਪ੍ਰਧਾਨ ਤੇ ਹੋਰ ਸਨਮਾਨਿਤ ਸ਼ਖਸ਼ੀਅਤਾ ਆਪਣੇ ਟਿਕਾਣਿਆਂ ਲਈ ਰਵਾਨਾ ਹੋ ਗਈਆਂ । ੨੭-੨੮
ਅਪ੍ਰੈਲ ਦੀ ਰਾਤ ੨ ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਦੇ ਇੰਚਾਰਜ ਤੇ ਇਕ
ਸਹਾਇਕ ਦੀ ਅਗਵਾਈ ਵਿਚ ਕਮੇਟੀ ਦੀ ਟਾਸਕ ਫੋਰਸ ਦੇ ੧੦-੧੨ ਮੁਲਾਜਮ ਯਾਦਗਾਰ ਦੇ ਬਾਹਰ
ਲਗਾਏ ਉਸ ਤਿੰਨ ਭਾਸ਼ਾਈ ਬੋਰਡ ਨੂੰ ਪਹਿਲਾਂ ਤਾਂ ਚੁਪ ਚਾਪ ਵੇਖਦੇ ਰਹੇ ਤੇ ਫਿਰ ਅਚਨਚੇਤ
ਹੀ ਉਸ ਨੂੰ ਫੜ੍ਹ ਕੇ ਜਬਰਦਸਤ ਹਲੂਣਾ ਦੇਣ ਲੱਗ ਪਏ।
ਦੇਰ ਰਾਤ ਵੀ ਇਸ ਬੋਰਡ ਦੀ ਸ਼ਬਦਾਵਲੀ ਨੂੰ ਪੜ੍ਹ ਰਹੀਆਂ ਸੰਗਤਾਂ ਨੇ
ਇਸਦਾ ਵਿਰੋਧ ਜਿਤਾਇਆ ਤੇ ਵੇਖਦੇ ਵੇਖਦੇ ਹੀ ਕਾਰਸੇਵਾ ਲਈ ਤਾਇਨਾਤ ਦਮਦਮੀ ਟਕਸਾਲ ਦੇ
ਵਰਕਰ ਵੀ ਮੌਕੇ ਤੇ ਆ ਗਏ ।
ਇਸੇ ਦੌਰਾਨ ਕਮੇਟੀ
ਮੁਲਜਾਮ ਆਪਣੇ ਨਾਲ ਇਕ ਇਲੈਕਟਰਿਕ ਕਟਰ ਲੈ ਆਏ, ਤਾਂ ਜੋ ਬੋਰਡ ਨੂੰ ਮੁਢ ਤੋਂ ਹੀ ਵੱਢਿਆ
ਜਾ ਸਕੇ, ਲੇਕਿਨ ਟਕਸਾਲ ਦੇ ਵਰਕਰਾਂ ਤੇ ਹਾਜਰ ਸੰਗਤ ਦੇ ਰੋਹ ਅੱਗੇ ਝੁਕਦਿਆਂ
ਵਾਪਸ ਚਲੇ ਗਏ। ਕਮੇਟੀ ਦੀ ਇਸ ਦੇਰ ਰਾਤ ਕਾਰਵਾਈ ਬਾਅਦ ਖੁਫੀਆ ਪਲਿਸ ਦੇ ਮੁਲਾਜਮ ਵੀ ਬਾਰ
ਬਾਰ ਇਸ ਬੋਰਡ ਨੂੰ ਵਾਚਦੇ ਤੇ ਦਮਦਮੀ ਟਕਸਾਲ ਦੇ ਵਰਕਰ, ਇਸ ਬੋਰਡ ਤੇ ਪੈਨੀ ਨਜਰ ਰੱਖੀ
ਨਜਰ ਆਏ।
ਜਿਕਰਯੋਗ ਹੈ ਕਿ ਤਕਰੀਬਨ ਅੱਠ ਫੁਟ ਉਚੇ ਗਾਡਰਨੁਮਾ ਪਿਲਰਾਂ ਤੇ
ਲਗਾਇਆ ਗਿਆ ਸਟੇਨਲੈੱਸ ਸਟੀਲ ਦਾ ਇਹ ਬੋਰਡ ਤਿੰਨ ਭਾਸ਼ਾਵਾਂ (ਅੰਗਰੇਜੀ, ਪੰਜਾਬੀ ਤੇ ਹਿੰਦੀ)
ਵਿਚ ਹੈ, ਜਿਸ ਹੇਠਾਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਅੰਕਤ ਹੈ।
ਚਰਚਾ ਤਾਂ ਇਹ ਵੀ ਹੈ ਕਿ ਇਸ ਬੋਰਡ ਦੇ ਅੰਗਰੇਜੀ ਭਾਸ਼ਾ ਵਾਲੇ ਹਿੱਸੇ
ਵਿਚ ਸ਼ਬਦ ‘ਜੂਨ ੧੯੮੪ ਵਿਚ ਕੇਂਦਰ ਦੀ ਕਾਂਗਰਸ ਸਰਕਾਰ’
ਦਰਜ ਹੈ, ਜਦਕਿ ਪੰਜਾਬੀ ਤੇ ਹਿੰਦੀ ਵਿਚ ਸ਼ਿਰਫ ਸ਼ਬਦ "ਕੇਂਦਰ ਦੀ ਭਾਰਤ ਸਰਕਾਰ" ਦਰਜ ਹਨ ।
ਯਾਦਗਾਰ ਦੇ ਮੁਖ ਦੁਆਰ ਤੇ ‘ਗੁਰਦੁਆਰਾ ਯਾਦਗਾਰ ਸ਼ਹੀਦਾਂ ਦਮਦਮੀ
ਟਕਸਾਲ ਦੇ ਚੌਧਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਜੂਨ
੧੯੮੪ ਦੇ ਸਾਕੇ ਦੇ ਸਮੂੰਹ ਸ਼ਹੀਦਾਂ ਦੀ ਯਾਦਗਾਰ’ ਅੰਕਿਤ ਹੈ।
ਯਾਦਗਾਰ ਦੇ ਇਸ ਨਵੇਂ ਨਾਮਕਰਣ ਬਾਰੇ ਪੁਛੇ ਜਾਣ 'ਤੇ ਸ਼੍ਰੋਮਣੀ
ਕਮੇਟੀ ਪ੍ਰਧਾਨ ਨੇ ਬੀਤੇ ਕੱਲ੍ਹ ਹੀ ਅਨਜਾਣਤਾ ਪ੍ਰਗਟਾਈ ਸੀ। ਦੂਸਰੇ ਪਾਸੇ ਕਮੇਟੀ ਦੇ
ਅਧਿਕਾਰੀਆਂ ਨੇ ਬੀਤੀ ਰਾਤ ਸਦੀ ਘਟਨਾ ਤੇ ਆਪਣਾ ਮੂੰਹ ਖੋਲ੍ਹਣ ਤੋਂ ਗੁਰੇਜ ਹੀ ਕੀਤਾ ਹੈ।