Share on Facebook

Main News Page

ਬਾਦਲ ਬੇਨਕਾਬ
ਦਵਿੰਦਰਪਾਲ ਸਿੰਘ ਭੁੱਲਰ ਦੀ ਮਾਂ ਉਪਕਾਰ ਕੌਰ ਦਾ ਬਾਦਲ ਦੇ ਨਾਂ ਖੁੱਲ੍ਹਾ ਖ਼ਤ

ਸਤਿਕਾਰ ਯੋਗ ਬਾਦਲ ਸਾਹਿਬ,

ਮੈਂ, ਦਵਿੰਦਰਪਾਲ ਸਿੰਘ ਭੁੱਲਰ ਦੀ ਮਾਂ ਉਪਕਾਰ ਕੌਰ ਤੁਹਾਡਾ ਸ਼ੁਕਰੀਆ ਕਰਨ ਲਈ ਇਹ ਚਿੱਠੀ ਲਿਖ ਰਹੀ ਹਾਂ ਕਿ ਤੁਸੀਂ ਮੇਰੇ ਪੁੱਤਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਗਈ ਸਜ਼ਾ-ਏ-ਮੌਤ ਨੂੰ ਘੱਟ ਕਰਕੇ ਉਮਰ ਕੈਦ ਵਿਚ ਤਬਦੀਲ ਕਰਾਉਣ ਲਈ ਸਟੈਂਡ ਲਿਆ ਹੈ। ਅਸਲ ਵਿਚ ਮੈਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਮੇਰੇ ਪੁੱਤਰ ਬਾਰੇ ਬਹੁਤ ਘੱਟ ਸੀਮਤ ਗਿਆਨ ਹੈ ਤੇ ਫਿਰ ਵੀ ਤੁਸੀਂ ਉਸ ਲਈ ਰਹਿਮ ਦੀ ਮੰਗ ਕੀਤੀ ਹੈ, ਜਿਸ ਲਈ ਮੈਂ ਤੁਹਾਡੀ ਧੰਨਵਾਦੀ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਮੇਰਾ ਪੁੱਤਰ ਰੂਪੋਸ਼ ਹੋਇਆ ਅਤੇ ਖਾੜਕੂਵਾਦ ਵੱਲ ਧੱਕਿਆ ਗਿਆ।

ਸੰਤ ਭਿੰਡਰਾਂਵਾਲੇ ਦੀ ਤਾਜਪੋਸ਼ੀ ਮੌਕੇ ਬਾਦਲ ਤੇ ਟੌਹੜਾ ਮੇਰੇ ਪੁੱਤਰ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਮਕੈਨੀਕਲ ਇੰਜੀਨੀਅਰਿੰਗ ਵਿਚ ਚੰਗੇ ਅੰਕਾਂ ਵਿਚ ਡਿਗਰੀ ਕੀਤੀ। ਉਸ ਨੂੰ ਉਸੇ ਕਾਲਜ ਵਿਚ ਨੌਕਰੀ ਮਿਲ ਗਈ ਜਦ ਉਸ ਨੇ ਡਿਪਲੋਮਾ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਹ ਮੋਹਾਲੀ ਵਿਚ ਆਪਣੇ ਮਾਸੜ ਮਨਜੀਤ ਸਿਘ ਸੋਹੀ ਜੀ ਕੋਲ ਰਹਿ ਰਿਹਾ ਸੀ ਜੋ ਆਰ.ਬੀ.ਆਈ. ਦੇ ਅਧਿਕਾਰੀ ਸਨ ਅਤੇ ਨਾਬਾਰਡ ਵਿਚ ਤਾਇਨਾਤ ਸਨ। 12.12.1991 ਨੂੰ ਉਸ ਦੇ ਮਾਸੜ ਦੇ ਘਰ ਪੁਲਿਸ ਨੇ ਛਾਪਾ ਮਾਰਿਆ, ਜੋ ਚੰਡੀਗੜ੍ਹ ਪੁਲਿਸ ਦੇ ਐਸ ਐਸ ਪੀ ਸੁਮੇਧ ਸਿੰਘ ਸੈਣੀ ਉਪਰ ਹੋਏ ਬੰਬ ਹਮਲੇ ਦੇ ਸਬੰਧ ਵਿਚ ਸੀ। ਮੇਰੇ ਪੁੱਤਰ ਦਾ ਇਕ ਪੁਰਾਣਾ ਜਮਾਤੀ ਅਤੇ ਦੋਸਤ ਬਲਵੰਤ ਸਿੰਘ ਮੁਲਤਾਨੀ ਇਸ ਕੇਸ ਵਿਚ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਦੀ ਇਸ ਅਚਾਨਕ ਕਾਰਵਾਈ ਕਾਰਨ ਮੇਰਾ ਪੁੱਤਰ ਦੌੜ ਗਿਆ ਅਤੇ ਡਰਦਾ ਰੂਪੋਸ਼ ਹੋ ਗਿਆ। ਚੰਡੀਗੜ੍ਹ ਪੁਲਿਸ ਨੇ ਮੇਰੇ ਪਤੀ ਸ. ਬਲਵੰਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਜੋ ਪੰਜਾਬ ਸਰਕਾਰ ਵਿਚ ਗਜ਼ਟਿਡ ਅਫ਼ਸਰ ਸਨ ਅਤੇ ਜਿਨ੍ਹਾਂ ਦੀ ਲੋਕਲ ਫੰਡਜ਼ ਆਡਿਟ ਵਿਭਾਗ ਵਿਚ 30 ਸਾਲ ਤੋਂ ਵੱਧ ਦੀ ਸਰਵਿਸ ਸੀ। ਪੁਲਿਸ ਨੇ ਮੈਨੂੰ ਵੀ ਗ੍ਰਿਫਤਾਰ ਕਰ ਲਿਆ। ਮੈਂ ਵੀ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਗਜ਼ਟਿਡ ਅਫ਼ਸਰ ਸੀ ਅਤੇ ਮੇਰੀ ਵੀ 30 ਸਾਲ ਤੋਂ ਵੱਧ ਦੀ ਸਰਵਿਸ ਸੀ। ਦਵਿੰਦਰਪਾਲ ਦੇ ਮਾਸੜ ਜੀ ਜੋ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅਧਿਕਾਰੀ ਸਨ, ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।

ਮੇਰੇ ਪਤੀ ਅਤੇ ਭਣੋਈਏ ਨੂੰ ਚੰਡੀਗੜ੍ਹ ਪੁਲਿਸ ਨੇ ਜ਼ਾਲਮਾਨਾ ਤਰੀਕੇ ਨਾਲ ਤਸੀਹੇ ਦਿੱਤੇ ਅਤੇ ਨਜਾਇਜ਼ ਹਿਰਾਸਤ ਵਿਚ ਰੱਖਿਆ। ਕੁਝ ਦਿਨਾਂ ਮਗਰੋਂ ਮੈਨੂੰ ਛੱਡ ਦਿੱਤਾ ਗਿਆ, ਪਰ ਮੇਰਾ ਪਤੀ ਅਤੇ ਭਣੋਈਆ ਪੁਲਿਸ ਹਿਰਾਸਤ ਵਿਚ ਹੀ ਰਹੇ। ਮੇਰਾ ਪਤੀ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿਚੋਂ ਪਰਿਵਾਰ ਨੂੰ 2 ਚਿੱਠੀਆਂ ਭੇਜਣ ਵਿਚ ਕਾਮਯਾਬ ਹੋ ਗਿਆ। ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੀ ਹਾਲਤ ਬਾਰੇ ਵਿਸਥਾਰ ਵਿਚ ਲਿਖਿਆ। ਮਗਰੋਂ ਸਾਨੂੰ ਚੰਡੀਗੜ੍ਹ ਪੁਲਿਸ ਦੇ ਹਲਕਿਆਂ ਤੋਂ ਪਤਾ ਲੱਗਾ ਕਿ ਮੇਰੇ ਪਤੀ ਅਤੇ ਭਣੋਈਆ ਜੋ ਕਿ ਬਿਲਕੁਲ ਬੇਕਸੂਰ ਸਨ ਨੂੰ ਪੁਲਿਸ ਨੇ ਲੰਮਾ ਸਮਾਂ ਹਿਰਾਸਤ ਵਿਚ ਰੱਖ ਕੇ ਜ਼ਾਲਮਾਨਾ ਤਰੀਕੇ ਨਾਲ ਮਾਰ ਦਿੱਤਾ। ਸਿਰਫ਼ ਏਨਾ ਹੀ ਨਹੀਂ ਦਰਸ਼ਨ ਸਿੰਘ ਮੁਲਤਾਨੀ ਜੋ ਕਿ ਇਕ ਆਈ ਏ ਐਸ ਅਧਿਕਾਰੀ ਸਨ ਤੇ ਹੁਣ ਰਿਟਾਇਰ ਹਨ, ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਪੰਜਾਬ ਵਿਚ ਭਗੌੜਾ ਦੱਸ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ। ਮੈਂ ਖੁਦ 1995 ਤੱਕ ਲੁਕ ਛਿਪ ਕੇ ਰਹੀ ਤੇ ਫਿਰ ਪੁਲਿਸ ਦੇ ਖੌਫ਼ ਕਾਰਨ ਅਮਰੀਕਾ ਚਲੀ ਗਈ। ਮੇਰਾ ਪੁੱਤਰ ਲੰਮਾ ਸਮਾਂ ਰੂਪੋਸ਼ ਰਿਹਾ ਅਤੇ ਮਿਲੀਟੈਂਟਾਂ ਦੇ ਹਮਦਰਦਾਂ ਕੋਲ ਪਨਾਹ ਲੈ ਕੇ ਰਹਿੰਦਾ ਰਿਹਾ। ਕਿਉਂਕਿ ਹੋਰ ਕੋਈ ਉਸ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ। ਸਾਡੀਆਂ ਪਰਿਵਾਰਕ ਕੋਸ਼ਿਸ਼ਾਂ ਦੇ ਬਾਵਜੂਦ ਮੇਰੇ ਪਤੀ ਅਤੇ ਭਣੋਈਏ ਦੀ ਮੌਤ ਬੇਧਿਆਨੀ ਰਹੀ ਅਤੇ ਇਸ ਦੀ ਕੋਈ ਜਾਂਚ ਨਹੀਂ ਹੋਈ। ਹਾਲਾਂਕਿ ਦੋਵੇਂ ਸਰਕਾਰੀ ਅਧਿਕਾਰੀ ਸਨ। ਕੋਈ 20 ਸਾਲ ਇਹ ਮਾਮਲਾ ਦਬਿਆ ਰਿਹਾ ਅਤੇ ਉਜਾਗਰ ਨਹੀਂ ਹੋਇਆ।

ਪਰ ਬਲਵੰਤ ਸਿੰਘ ਮੁਲਤਾਨੀ ਦੇ ਪਿਤਾ ਦਰਸ਼ਨ ਸਿੰਘ ਮੁਲਤਾਨੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਉਨ੍ਹਾਂ ਦੇ ਪੁੱਤਰ ਬਾਰੇ ਚੰਡੀਗੜ੍ਹ ਪੁਲਿਸ ਦੇ ਸਟੈਂਡ ਬਾਰੇ ਕਿੰਤੂ ਕੀਤਾ ਕਿਉਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਕਾਰਵਾਈ ਵਿਚ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਉਨ੍ਹਾਂ ਨੇ ਹਾਈਕੋਰਟ ਵਿਚ ਇਹ ਪੱਖ ਰੱਖਿਆ ਕਿ ਉਸ ਦੇ ਪੁੱਤਰ ਨੂੰ ਚੰਡੀਗੜ੍ਹ ਪੁਲਿਸ ਨੇ ਪੁਲਿਸ ਹਿਰਾਸਤ ਵਿਚੋਂ ਫਰਾਰ ਅਤੇ ਭਗੌੜਾ ਕਰਾਰ ਦਿੱਤਾ ਹੋਇਆ ਹੈ, ਪਰ ਅਸਲ ਵਿਚ ਉਸ ਨੂੰ ਇਕ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਹੈ।

ਮਾਨਯੋਗ ਹਾਈਕੋਰਟ ਨੇ ਇਸ ਮੁੱਦੇ 'ਤੇ ਸੀਬੀਆਈ ਨੂੰ ਜਾਂਚ ਸ਼ੁਰੂ ਕਰਨ ਲਈ ਕਿਹਾ ਅਤੇ 9 ਮਹੀਨਿਆਂ ਦੀ ਜਾਂਚ ਤੋਂ ਬਾਅਦ ਸੀਬੀਆਈ ਨੇ ਇਹ ਪੁਸ਼ਟੀ ਕਰ ਦਿੱਤੀ ਕਿ ਬਲਵੰਤ ਸਿੰਘ ਮੁਲਤਾਨੀ, ਮੇਰੇ ਪਤੀ ਅਤੇ ਭਣੋਈਏ ਦੀ ਹੱਤਿਆ ਬਾਰੇ ਪੁਲਿਸ ਉਪਰ ਲਗਾਏ ਗਏ ਦੋਸ਼ ਬਿਲਕੁਲ ਸਹੀ ਹਨ। ਸੀਬੀਆਈ ਨੇ ਢੁਕਵੇਂ ਸਬੂਤ ਹਾਸਲ ਕਰਨ ਮਗਰੋਂ ਸੁਮੇਧ ਸਿੰਘ ਸੈਣੀ ਅਤੇ ਚੰਡੀਗੜ੍ਹ ਪੁਲਿਸ ਦੇ ਹੋਰ ਮੁਲਾਜ਼ਮਾਂ ਖਿਲਾਫ਼ ਕਤਲ ਕਰਨ ਦੀ ਮਨਸ਼ਾ ਨਾਲ ਅਗਵਾ ਕਰਨ ਅਤੇ ਵਿਅਕਤੀਆਂ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਦਾ ਕੇਸ ਦਰਜ ਕਰ ਲਿਆ। ਕੇਂਦਰੀ ਜਾਂਚ ਬਿਊਰੋ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਏਜੰਸੀ ਨੇ ਮਾਨਯੋਗ ਹਾਈਕੋਰਟ ਦੇ ਕਹਿਣ 'ਤੇ ਕੇਸ ਦਰਜ ਨਹੀਂ ਕੀਤਾ, ਸਗੋਂ ਉਸ ਕੋਲ ਐਫ਼.ਆਰ.ਆਈ. ਦਰਜ ਕਰਨ ਲਈ ਢੁਕਵੇਂ ਸਬੂਤ ਹਨ।

ਪਰ ਪੰਜਾਬ ਸਰਕਾਰ ਨੇ ਸੁਮੇਧ ਸੈਣੀ ਨੂੰ ਬਚਾਉਣ ਅਤੇ ਉਸ ਦੀ ਰਾਖੀ ਲਈ ਸੁਪਰੀਮ ਕੋਰਟ ਵਿਚ ਐਸ ਐਲ ਪੀ (ਵਿਸ਼ੇਸ਼ ਪਟੀਸ਼ਨ) ਦਾਇਰ ਕਰ ਦਿੱਤੀ ਅਤੇ ਉਸ ਨੂੰ ਹਰ ਸੰਭਵ ਕਾਨੂੰਨੀ ਮਦਦ ਦੇ ਕੇ ਸੀਬੀਆਈ ਦੀ ਜਾਂਚ ਉਪਰ ਰੋਕ ਲਗਵਾ ਦਿੱਤੀ। ਤਿੰਨ ਸਾਲ ਬੀਤ ਗਏ ਹਨ ਅਤੇ ਪੰਜਾਬ ਸਰਕਾਰ ਤੋਂ ਸਹਾਇਤਾ ਲੈ ਕੇ ਤੇ ਲੋਕਾਂ ਦਾ ਪੈਸਾ ਖਰਚ ਕਰ ਕੇ ਮੁਲਜ਼ਮ ਉਹ ਤੱਥ ਦਬਾਉਣ ਵਿਚ ਕਾਮਯਾਬ ਹੋ ਗਏ ਹਨ ਕਿ ਮੇਰੇ ਪਤੀ ਅਤੇ ਭਣੋਈਏ ਦੀ ਗੈਰ ਕਾਨੂੰਨੀ ਹੱਤਿਆ ਉਜਾਗਰ ਨਾ ਹੋ ਸਕੇ। ਤੁਹਾਡੀ ਸਰਕਾਰ ਨੇ ਮੇਰੇ ਪਤੀ ਅਤੇ ਭਣੋਈਏ ਦੇ ਹਤਿਆਰਿਆਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ, ਜਦਕਿ ਉਹ ਦੋਵੇਂ ਬਿਲਕੁਲ ਬੇਕਸੂਰ ਸਨ ਅਤੇ ਉਨ੍ਹਾਂ ਦਾ ਖਾੜਕੂਵਾਦ ਨਾਲ ਕੋਈ ਸਬੰਧ ਨਹੀਂ ਸੀ।

ਬਾਦਲ ਸਾਹਿਬ, ਇਹ ਤੱਥ ਸਾਨੂੰ ਤੁਹਾਡੇ ਕੋਲੋਂ ਸੁਆਲ ਪੁੱਛਣ ਲਈ ਮਜ਼ਬੂਰ ਕਰਦੇ ਹਨ ਕਿ ਇਕ ਪਾਸੇ ਤਾਂ ਤੁਸੀਂ ਮੇਰੇ ਪੁੱਤਰ ਦੀ ਸਜ਼ਾ ਏ ਮੌਤ ਨੂੰ ਉਮਰ ਕੈਦ ਵਿਚ ਤਬਦੀਲ ਕਰਾਉਣ ਲਈ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਨੂੰ ਲਿਖ ਰਹੇ ਹੋ ਅਤੇ ਦੂਜੇ ਪਾਸੇ ਤੁਹਾਡੀ ਸਰਕਾਰ ਮੇਰੇ ਪਤੀ ਅਤੇ ਭਣੋਈਏ ਦੇ ਹਤਿਆਰਿਆਂ ਨੂੰ ਬਚਾਉਣ ਅਤੇ ਮੈਨੂੰ ਇਨਸਾਫ਼ ਮਿਲਣ ਤੋਂ ਰੋਕਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।

ਤੁਸੀਂ ਦੋਵੇਂ ਪਾਸੇ ਮਦਦ ਨਹੀਂ ਕਰ ਸਕਦੇ, ਕਿਉਂਕਿ ਕੀ ਸੈਣੀ ਦੋਸ਼ੀ ਹੈ ਜਾਂ ਮੇਰਾ ਪੁੱਤਰ ਦੋਸ਼ੀ ਹੈ। ਜੇ ਮੇਰੇ ਪੁੱਤਰ ਨੂੰ ਦਹਿਸ਼ਤਗਰਦ ਗਰਦਾਨਿਆ ਜਾਂਦਾ ਹੈ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਸੈਣੀ ਵਲੋਂ ਤਿੰਨ ਬੇਕਸੂਰ ਲੋਕਾਂ ਦੀ ਹੱਤਿਆ ਦੀ ਜਾਂਚ ਕਿਉਂ ਨਹੀਂ ਹੋਣ ਦਿੱਤੀ ਜਾਂਦੀ? ਤੁਸੀਂ ਇਹ ਦੋਹਰੇ ਮਾਪਦੰਡ ਕਿਉਂ ਅਪਣਾ ਰਹੇ ਹੋ? ਕੀ ਸੈਣੀ ਜਿਸ ਨੇ ਉਨ੍ਹਾਂ ਅਤੇ ਹੋਰ ਬੇਕਸੂਰ ਲੋਕਾਂ ਨੂੰ ਘਿਨਾਉਣੇ ਤਰੀਕੇ ਨਾਲ ਮਾਰ ਦਿੱਤਾ, ਇਕ ਦਹਿਸ਼ਤਗਰਦ ਤੋਂ ਘੱਟ ਹੈ? ਕੀ ਮੇਰੇ ਪਰਿਵਾਰ, ਮੇਰੇ ਭਣੋਈਏ ਦੇ ਪਰਿਵਾਰ, ਸ. ਮੁਲਤਾਨੀ ਦੇ ਪਰਿਵਾਰ ਅਤੇ ਹੋਰ ਦਰਜਨਾਂ ਪਰਿਵਾਰ ਇਸ ਕਰਕੇ ਇਨਸਾਫ਼ ਦੇ ਹੱਕਦਾਰ ਨਹੀਂ ਹਨ ਕਿ ਸੈਣੀ ਤੁਹਾਡੀ ਵਿਸ਼ਵਾਸ਼ਯੋਗਤਾ ਅਤੇ ਸਰਪ੍ਰਸਤੀ ਮਾਣ ਰਿਹਾ ਹੈ ਅਤੇ ਤੁਹਾਡੇ ਵਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ, ਜਦੋਂ ਤੁਹਾਨੂੰ ਲੋੜ ਹੋਵੇ, ਦਬਾਉਣ ਲਈ ਤੁਹਾਡੇ ਹੱਥ ਵਿਚ ਹੈ? ਤੁਹਾਡੇ ਇਸ ਦੋਗਲੇ ਅਤੇ ਅਣਉਚਿਤ ਸਟੈਂਡ ਨੂੰ ਵੇਖਦਿਆਂ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕ੍ਰਿਪਾ ਕਰਕੇ ਉਦੋਂ ਤੱਕ ਮੇਰੇ ਪੁੱਤਰ ਲਈ ਕੋਈ ਰਾਹਤ ਜਾਂ ਦਇਆ ਨਾ ਮੰਗੀ ਜਾਵੇ ਜਦ ਤੱਕ ਤੁਸੀਂ ਸੈਣੀ ਖਿਲਾਫ਼ ਮੇਰੇ ਪਤੀ ਅਤੇ ਰਿਸ਼ਤੇਦਾਰ ਦੀ ਹੱਤਿਆ ਲਈ ਕਾਰਵਾਈ ਕਰਨ ਦੀ ਇਖਲਾਕੀ ਹਿੰਮਤ ਨਹੀਂ ਵਿਖਾ ਸਕਦੇ। ਮੈਨੂੰ ਕੋਈ ਸ਼ੱਕ ਨਹੀਂ ਕਿ ਜਦ ਤੱਕ ਸਰਕਾਰ ਹਤਿਆਰੇ ਅਫ਼ਸਰਾਂ ਨੂੰ ਸਰਪ੍ਰਸਤੀ ਦਿੰਦੀ ਰਹੇਗੀ, ਮੇਰੇ ਪੁੱਤਰ ਵਾਂਗ ਹੋਰ ਦਹਿਸ਼ਤਗਰਦ ਪੈਦਾ ਹੁੰਦੇ ਰਹਿਣਗੇ ਅਤੇ ਉਹ ਤੁਹਾਡੇ ਨਿਜ਼ਾਮ, ਬੇਇਨਸਾਫ਼ੀ ਅਤੇ ਦੋਹਰੇ ਮਾਪਦੰਡਾਂ ਖਿਲਾਫ਼ ਲੜਦੇ ਰਹਿਣਗੇ, ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ।

ਮੈਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫ਼ੀ ਚਾਹੁੰਦੀ ਹਾਂ, ਪਰ ਕ੍ਰਿਪਾ ਕਰਕੇ ਇਹ ਦੋਹਰੀ ਬਿਆਨਬਾਜ਼ੀ ਬੰਦ ਕਰ ਦਿਓ ਅਤੇ ਮੇਰੇ ਪੁੱਤਰ ਲਈ ਕਿਸੇ ਕਿਸਮ ਦੀ ਰਾਹਤ ਮੰਗਣ ਤੋਂ ਗੁਰੇਜ਼ ਕਰੋ।

ਮੈਂ ਚਾਹਾਂਗੀ ਕਿ ਮੇਰੀ ਇਹ ਚਿੱਠੀ ਮੇਰੇ ਮੁਲਕ ਦੇ ਵੱਧ ਤੋਂ ਵੱਧ ਲੋਕਾਂ ਵਿਚ ਨਸ਼ਰ ਹੋਵੇ, ਤਾਂ ਜੋ ਉਹ ਇਹ ਸਮਝ ਸਕਣ ਕਿ ਕਿਸ ਤਰ੍ਹਾਂ ਆਪਣੇ ਸਿਆਸੀ ਸਿਲਸਿਲੇ ਵਲੋਂ ਦਹਿਸ਼ਤਗਰਦ ਪੈਦਾ ਕੀਤੇ ਜਾਂਦੇ ਹਨ, ਕਿਉਂਕਿ ਸੱਤਾਧਾਰੀ ਪਾਰਟੀਆਂ ਵਿਚ ਇਨਸਾਫ਼ ਲੈਣ ਦਾ ਮਾਦਾ ਨਹੀਂ ਹੈ।

ਆਦਰ ਸਹਿਤ,
ਤੁਹਾਡੀ ਵਿਸ਼ਵਾਸਪਾਤਰ
ਉਪਕਾਰ ਕੌਰ (ਮਾਤਾ ਦਵਿੰਦਰਪਾਲ ਸਿੰਘ ਭੁੱਲਰ)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top