ਵੈਨਕੂਵਰ, 19 ਅਪ੍ਰੈਲ: ਵੈਨਕੂਵਰ ਦੇ ਸੈਂਕੜੇ ਸਿੱਖਾਂ ਨੇ ਵੀਰਵਾਰ
ਸ਼ਾਮ ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਦੀ ਮੰਗ ਨੂੰ
ਲੈ ਕੇ ਭਾਰਤੀ ਕੌਂਸਲੇਟ ਸਾਹਮਣੇ ਮੁਜ਼ਾਹਰਾ ਕੀਤਾ। ਰੈਲੀ ਦੇ ਪ੍ਰਬੰਧਕਾਂ ਵਿਚੋਂ ਇਕ
ਈਸ਼ਾਵਲ ਗਿੱਲ ਨੇ ਕਿਹਾ ਕਿ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਪ੍ਰੋ. ਭੁੱਲਰ ਦੀ ਹਾਲਤ
ਬਾਰੇ ਜਾਣੂ ਕਰਵਾਉਣਾ ਸੀ, ਜਿਨ੍ਹਾਂ ਦੀ ਮਾਨਸਕ ਹਾਲਤ ਕਾਫ਼ੀ ਖ਼ਰਾਬ ਚੱਲ ਰਹੀ ਹੈ ਪਰ ਇਸ
ਦੇ ਬਾਵਜੂਦ ਭਾਰਤ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਰਹਿਮ ਅਪੀਲ ਖ਼ਾਰਜ ਕਰ ਦਿਤੀ।
ਫਰੇਜ਼ਰ ਵੈਲੀ ਯੂਨੀਵਰਸਟੀ ਦੇ ਇਸ ਵਿਦਿਆਰਥੀ ਨੇ ਕਿਹਾ, ''ਪ੍ਰੋ.
ਭੁੱਲਰ ਦਾ ਮਾਮਲਾ ਸਿਰਫ਼ ਸਿੱਖਾਂ ਨਾਲ ਸਬੰਧਤ ਮਾਮਲਾ ਨਹੀਂ, ਸਗੋਂ ਮਨੁੱਖੀ ਹੱਕਾਂ ਨਾਲ
ਸਬੰਧਤ ਮਸਲਾ ਹੈ ਅਤੇ ਇਸੇ ਕਾਰਨ ਅਸੀਂ ਇਥੇ ਇਕੱਠੇ ਹੋਏ ਹਾਂ।'' ਉਨ੍ਹਾਂ ਦਾਅਵਾ ਕੀਤਾ
ਕਿ ਪ੍ਰੋ. ਭੁੱਲਰ ਵਲੋਂ ਇਕਬਾਲੀਆ ਜੁਰਮ ਸਬੰਧੀ ਦਸਤਾਵੇਜ਼ 'ਤੇ ਪੁਲਿਸ ਦੇ ਦਬਾਅ ਹੇਠ
ਦਸਤਖਤ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਪ੍ਰੋ. ਭੁੱਲਰ ਦੇ ਕਈ ਰਿਸ਼ਤੇਦਾਰਾਂ ਨੂੰ
ਪੰਜਾਬ ਪੁਲਿਸ ਨੇ ਕਥਿਤ ਤੌਰ 'ਤੇ ਮਾਰ ਮੁਕਾਇਆ ਪਰ ਜਦੋਂ ਉਹ 1994 ਵਿਚ ਜਰਮਨੀ ਪੁੱਜੇ
ਤਾਂ ਦੋ ਮਹੀਨਿਆਂ ਬਾਅਦ ਉਨ੍ਹਾਂ ਨੂੰ ਡਿਪੋਰਟ ਕਰ ਦਿਤਾ ਗਿਆ। ਦੱਸਣਯੋਗ ਹੈ ਕਿ ਪ੍ਰੋ.
ਭੁੱਲਰ ਦੀ ਫਾਂਸੀ ਮੁਆਫ਼ ਕਰਵਾਉਣ ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਮੁਹਿੰਮ ਛਿੜ ਚੁਕੀ
ਹੈ। (ਏਜੰਸੀ)