Share on Facebook

Main News Page

ਜਰਮਨੀ ਦੇ ਸਫ਼ੀਰ ਨੇ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਨ ਦੀ ਅਪੀਲ ਕੀਤੀ

ਚੇਨਈ/ਵਾਸ਼ਿੰਗਟਨ, 18 ਅਪ੍ਰੈਲ : ਭਾਰਤ ਵਿਚ ਜਰਮਨੀ ਦੇ ਸਫ਼ੀਰ ਮਾਈਕਲ ਸਟੀਨਰ ਨੇ ਭਾਰਤ ਸਰਕਾਰ ਨੂੰ ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਕੀਤੀ ਹੈ। ਇਥੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਪੁੱਜੇ ਮਾਈਕਲ ਸਟੀਨਰ ਨੇ ਆਖਿਆ ਕਿ ਉਨ੍ਹਾਂ ਦੇ ਦੇਸ਼ ਦੇ ਰਾਸ਼ਟਰਪਤੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕਰ ਚੁੱਕੇ ਹਨ ਕਿ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿਤਾ ਜਾਵੇ। ਜਰਮਨੀ ਦੇ ਸਫ਼ੀਰ ਤੋਂ ਹਾਲ ਹੀ 'ਚ ਵਾਪਰੇ ਘਟਨਾਕ੍ਰਮ ਬਾਰੇ ਪੁਛਿਆ ਗਿਆ ਸੀ। ਦੱਸਣਯੋਗ ਹੈ ਕਿ ਪ੍ਰੋ. ਭੁੱਲਰ ਨੂੰ ਜਰਮਨ ਸਰਕਾਰ ਨੇ ਭਾਵੇਂ ਡਿਪੋਰਟ ਕਰ ਦਿਤਾ ਸੀ ਪਰ ਬਾਅਦ ਵਿਚ ਦੇਸ਼ ਦੀ ਅਦਾਲਤ ਨੇ ਇਸ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਗ਼ੈਰਕਾਨੂੰਨੀ ਕਰਾਰ ਦੇ ਦਿਤਾ ਸੀ।

ਉਧਰ ਅਮਰੀਕਾ 'ਚ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਨੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਮੁਹਿੰਮ ਵਿਚ ਸ਼ਾਮਲ ਹੁੰਦਿਆਂ ਦੇਸ਼ ਦੇ ਮਨੁੱਖੀ ਅਧਿਕਾਰ ਕਮਿਸ਼ਨ, ਵਿਦੇਸ਼ ਵਿਭਾਗ ਅਤੇ ਧਾਰਮਕ ਆਜ਼ਾਦੀ ਬਾਰੇ ਕੌਮਾਂਤਰੀ ਕਮਿਸ਼ਨ ਨੂੰ ਪੱਤਰ ਲਿਖ ਕੇ ਪ੍ਰੋ. ਭੁੱਲਰ ਦੀ ਫਾਂਸੀ ਰੁਕਵਾਉਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਅਮਰੀਕਾ ਪ੍ਰਸ਼ਾਸਨ ਨੂੰ ਲਿਖੇ ਗਏ ਪੱਤਰਾਂ ਉਪਰ ਇਨਸਾਫ਼, ਜੈਕਾਰਾ ਮੂਵਮੈਂਟ, ਸਿੱਖ ਅਮਰੀਕਨ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ ਫ਼ੰਡ, ਸਿੱਖ ਕੁਲੀਸ਼ਨ, ਸਿੱਖ ਰਿਸਰਚ ਇੰਸਟੀਚਿਊਟ, ਯੂਨਾਈਟਿਡ ਸਿੱਖਸ ਅਤੇ ਵੁਆਇਸ ਫ਼ਾਰ ਫ਼ਰੀਡਮ ਨਾਮ ਦੀਆਂ ਜਥੇਬੰਦੀਆਂ ਨੇ ਦਸਤਖ਼ਤ ਕੀਤੇ ਹਨ। ਇਨ੍ਹਾਂ ਜਥੇਬੰਦੀਆਂ ਵਲੋਂ ਕਲ ਨਿਊਯਾਰਕ ਅਤੇ ਸਾਨ ਫ਼ਰਾਂਸਿਸਕੋ ਵਿਖੇ ਭਾਰਤੀ ਸਫ਼ਾਰਤਖਾਨਿਆਂ ਦੇ ਬਾਹਰ ਰੋਸ ਵਿਖਾਵੇ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ ਕੈਲੇਫ਼ੋਰਨੀਆ ਦੇ ਸੈਕਰਾਮੈਂਟੋ ਸ਼ਹਿਰ 'ਚ ਹੋਣ ਵਾਲੇ ਇਕੱਠ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਦੇ ਪੁੱਜਣ ਦੀ ਸੰਭਾਵਨਾ ਹੈ। (ਏਜੰਸੀ)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top