Share on Facebook

Main News Page

ਬਿਪਰ ਦੇ ਬਣਾਏ ਅੰਧਵਿਸ਼ਵਾਸ਼ ਨੇ ਤਾਂ ਹੁਣ "ਰੱਬ ਦਾ  ਘਰ" ਅਖਵਾਉਣ ਵਾਲੀਆ ਥਾਂਵਾਂ ਨੂੰ ਵੀ ਨਹੀਂ ਛਡਿਆ
- ਇੰਦਰਜੀਤ ਸਿੰਘ ਕਾਨਪੁਰ

ਮੇਰੇ ਘਰ ਤੋਂ ਕੁਝ ਹੀ ਦੂਰੀ ਤੇ, ਜੈਨ ਧਰਮ ਦਾ ਇਕ ਬਹੁਤ ਹੀ ਖੂਬਸੂਰਤ ਮੰਦਿਰ ਬਣਿਆਂ ਹੋਇਆ ਹੈ। ਇਹ ਪੂਰਾ ਮੰਦਿਰ ਮੁਸ਼ਕਿਲ ਨਾਲ ਇਕ ਦੋ ਦਹਾਕੇ ਪਹਿਲਾਂ ਹੀ ਬਣਿਆ ਸੀ। ਇਹ ਪੂਰਾ ਮੰਦਿਰ ਰਾਜਸਥਾਨ ਤੋਂ ਉਚੇਚਾ ਮੰਗਵਾਈਆਂ ਗਈਆਂ ਪੱਥਰ ਦੀਆਂ ਵਡੀਆਂ ਵਡੀਆਂ ਸਿਲਾਂ ਨੂੰ ਤਰਾਸ਼ ਕੇ ਬਹੁਤ ਹੀ ਖੂਬਸੂਰਤ ਨੱਕਾਸ਼ੀ ਕਰਕੇ ਬਣਾਇਆ ਗਇਆ ਸੀ। ਇਸ ਦੀ ਇਕ ਇਕ ਸਿਲ, ਥੰਮ ਅਤੇ ਦਰਵਾਜੇ,  ਮੇਰੀਆਂ ਅੱਖਾਂ ਸਾਮ੍ਹਣੇ ਹੀ ਤਰਾਸ਼ੇ ਗਏ ਅਤੇ ਹੋਂਦ ਵਿੱਚ ਆਏ,  ਕਿਉਕਿ ਮੇਰਾ ਰੋਜਾਨਾਂ ਬੈਂਕ ਅਤੇ ਦੁਕਾਨ  ਦੇ ਕੰਮ ਲਈ ਆਉਣ ਜਾਣ ਦਾ ਰਸਤਾ ਹੀ ਇਸ ਤੋਂ ਗੁਜਰ ਕੇ ਜਾਂਦਾ ਹੈ। ਇਸ ਲਈ ਰੋਜ ਹੀ ਆਂਉਦਿਆਂ ਜਾਂਦਿਆਂ ਮੈਂ ਇਸ ਦੀ ਖੂਬਸੂਰਤ ਨੱਕਾਸ਼ੀ ਅਤੇ ਕਾਰੀਗਰਾਂ ਦੀ ਮਹਿਨਤ ਨੂੰ ਦੇਖੇ ਬਿਨਾਂ ਨਹੀਂ ਸੀ ਲੰਘਦਾ। ਉਸ ਦੇ ਖੂਬਸੂਰਤ ਦਰਵਾਜੇ ਅਤੇ ਨੱਕਾਸ਼ੀ ਬੇਮਿਸਾਲ  ਕਾਰੀਗਰੀ ਦਾ ਇਕ ਨਮੂੰਨਾ ਹੈ, ਅਤੇ ਬਹੁਤ ਭਾਰੀ ਧੰਨ ਲਾਅ ਕੇ ਇਹ ਇਮਾਰਤ ਜੈਨੀਆਂ ਨੇ ਬਣਵਾਈ ਹੈ।

ਅੱਜ ਸਵੇਰੇ, ਜਿਉਂ ਹੀ ਮੈਂ ਹਿੰਦੀ ਦੀ  ਲੋਕਲ ਅਖਬਾਰ ਪੜ੍ਹੀ ਤਾਂ ਹੈਰਾਨ ਰਹਿ ਗਇਆ। ਇਸ ਵਿੱਚ ਖਬਰ ਛੱਪੀ ਸੀ ਕਿ ਉਸ ਜੈਨ ਮੰਦਿਰ ਵਿੱਚ "ਵਾਸਤੂ ਸ਼ਾਸ਼ਤਰ" ਮੁਤਾਬਿਕ  "ਕੋਈ ਵਾਸਤੂ ਦੋਸ਼" ਹੋਣ ਕਰਕੇ ਉਸ ਦਾ ਇਕ ਬਹੁਤ ਵੱਡਾ ਹਿੱਸਾ ਜੈਨੀਆਂ ਨੇ ਆਪ ਹੀ ਢਾਅ ਦਿਤਾ ਹੈ। ਮੈਨੂੰ ਇਸ ਖਬਰ ਤੇ ਵਿਸ਼ਵਾਸ਼ ਨਹੀਂ ਹੋ ਰਿਹਾ ਸੀ,  ਕਿਉ ਕਿ ਹਲੀ ਸ਼ਨੀਵਾਰ ਵਾਰ ਨੂੰ ਤਾਂ ਮੈਂ ਉਧਰੋਂ ਲੰਘਿਆ ਸੀ, ਹਾਂ ਕਲ ਇਤਵਾਰ ਨੂੰ ਬੈਂਕ ਬੰਦ ਹੋਣ ਕਰਕੇ, ਮੇਰਾ ਉਧਰ ਜਾਂਣਾਂ ਨਹੀਂ ਸੀ ਹੋਇਆ। ਕਲ ਹੀ ਇਸ  ਇਮਾਰਤ ਦਾ ਇਕ ਬਹੁਤ ਵੱਡਾ ਹਿੱਸਾ ਬੁਲਡੋਜਰ ਚਲਾ ਕੇ ਢਾਅ ਦਿਤਾ ਗਇਆ ਸੀ।

ਇਨਾਂ ਹੀ ਨਹੀਂ, ਇਸ  ਖਬਰ ਵਿੱਚ ਇਹ ਵੀ ਛਪਿਆ ਸੀ ਕਿ ਉਸ ਮੰਦਿਰ ਦਾ ਇਕ  ਹਿੱਸਾ, ਨਾਲ ਦੇ ਹੀ ਇਕ ਘਰ ਤੇ ਡਿਗਣ ਕਰਕੇ ਉਸ ਘਰ ਵਾਲਿਆਂ ਦਾ ਇਕ ਬੱਚਾ ਵੀ ਜੱਖਮੀ ਹੋ ਗਇਆ,  ਅਤੇ ਮਰਦੇ ਮਰਦੇ ਬਚਿਆ। ਮੰਦਿਰ ਵਿੱਚ ਵਾਸਤੂ ਦੋਸ਼ ਹੈ ਸੀ ਕਿ ਨਹੀਂ ਇਹ ਤਾਂ ਬਿਪਰ ਹੀ ਜਾਂਣੇ। ਹਾਂ ਜਿਨਾਂ ਦਾ ਬੱਚਾ ਮਰ ਚੱਲਾ ਸੀ ਉਨਾਂ ਦਾ ਦੋਸ਼ ਜਰੂਰ ਇਸ ਮੰਦਿਰ ਨੂੰ ਢਾਉਣ ਵਾਲਿਆਂ ਦੇ ਸਿਰ ਤੇ ਪੈ ਜਾਂਣਾਂ ਸੀ।  ਮੈਨੂੰ ਅਫਸੋਸ ਉਸ ਮੰਦਿਰ ਦੇ ਢਾਏ ਜਾਂਣ ਦਾ ਬਹੁਤ ਸੀ ਕਿਉ ਕਿ ਜਦੋਂ ਵੀ ਕੋਈ ਖੂਬਸੂਰਤ ਅਤੇ ਇਤਿਹਾਸਿਕ ਜਾਂ ਪੁਰਾਤਨ ਇਮਾਰਤਾਂ ਨੂੰ ਬੇ ਵਜਿਹ ਤੋੜਿਆ ਜਾਂਦਾ ਹੈ, ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ। ਇਹ ਪੁਰਾਤਨ ਤਾਂ ਨਹੀਂ ਸੀ ਲੇਕਿਨ ਬੇਹਦ ਖੂਬਸੂਰਤ ਇਮਾਰਤ ਜਰੂਰ ਸੀ। ਫਿਰ ਇਸ ਖੂਬਸੂਰਤ ਇਮਾਰਤ ਨੂੰ ਤੋੜਨ ਦਾ ਕਾਰਣ ਤਾਂ ਬਿਪਰ ਦਾ ਬਣਾਇਆ ਅੰਧਵਿਸ਼ਵਾਸ਼ ਸੀ। ਮੇਰੇ ਮੰਨ ਵਿੱਚ ਖਬਰ ਪੜ੍ਹਦਿਆਂ ਹੀ ਇਕ ਫਿਲਮ ਦੇ ਦ੍ਰਿਸ਼ਾਂ ਵਾਂਗ ਕਈ ਗਲਾਂ ਚੱਲ ਰਹੀਆਂ ਸੀ ਅਤੇ ਮੈਂ ਸੋਚਦੇ ਸੋਚਦੇ ਇਹ ਭੁਲ ਗਇਆ ਸੀ ਕਿ ਅਖਬਾਰ ਵਿੱਚ ਹੋਰ ਵੀ ਖਬਰਾਂ ਛਪੀਆਂ ਹਨ।  ਜਦੋਂ  ਮੇਰੀ ਤੰਦ੍ਰਾ ਟੁੱਟੀ ਤਾਂ ਕੋਲ ਪਈ ਚਾਹ ਠੰਡੀ ਪਾਣੀ ਹੋ ਚੁਕੀ ਸੀ। ਮੈਨੂੰ ਸਰ ਮੈਕਾਲਿਫ ਦੀਆਂ  ਉਹ ਲਾਈਨਾਂ ਵਾਰ ਵਾਰ ਚੇਤੇ ਆ ਰਹੀਆਂ ਸੀ-

"ਸਿੱਖ ਧਰਮ ਨਿਵੇਕਲਾ ਧਰਮ ਹੈ, ਇਹ ਹਿੰਦੂ ਧਰਮ ਵਿਚੋਂ ਨਹੀਂ ਨਿਕਲਿਆ, ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ, ਜੋ ਛੋਟੇ ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿੱਚ ਲੈਂਦਾ ਹੈ, ਫਿਰ ਉਸਨੂੰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦੇਂਦਾ ਹੈ ਅਤੇ ਅੰਤ ਵਿੱਚ ਉਸਨੂੰ ਆਪਣੇ ਵੱਡੇ ਢਿੱਡ ਵਿੱਚ ਸਮਾਅ ਲੈਂਦਾ ਹੈ ........." - ਮੈਕਾਲਿਫ

ਵਾਕਈ ਬਿਪਰ  ਬਹੁਤ ਚਾਲਾਕ ਹੈ। ਇਸ ਕੋਲ ਧਰਮ ਦੇ ਨਾਮ ਤੇ ਕਾਲਪਨਿਕ ਦੇਵੀ ਦੇਵਤਿਆਂ ਅਤੇ ਅੰਧਵਿਸ਼ਵਾਸ਼ ਤੋਂ ਅਲਾਵਾ ਹੋਰ ਕੁਝ ਵੀ ਨਹੀਂ ਹੈ । ਇਹ ਇਸ ਦੀ ਖੱਟੀ ਹੀ ਤੇ ਖਾਂਦਾ ਹੈ। ਇਹ  ਲੋਕਾਂ ਵਿੱਚ ਵਹਿਮ ਅਤੇ ਅੰਧ ਵਿਸ਼ਵਾਸ਼ ਦਾ ਬੀਜ ਬੋਂਦਾ ਹੈ ਅਤੇ ਉਸ ਦੀ ਫਸਲ ਵਡ੍ਹ ਕੇ  ਅਪਣਾਂ ਢਿਡ ਭਰਦਾ  ਹੈ। ਆਪ ਜੀ ਇਹ ਸੋਚ ਰਹੇ ਹੋਵੋਗੇ ਕਿ ਇਸ ਮੰਦਿਰ ਦੇ ਢਾਏ ਜਾਂਣ ਨਾਲ ਬ੍ਰਾਹਮਣ ਦਾ ਅਤੇ ਸਿੱਖੀ  ਦਾ ਕੀ ਲੈਨਾਂ ਦੇਣਾਂ ਹੈ ?

ਜੈਨ ਅਤੇ ਬੁੱਧ ਧਰਮ ਨੇ ਅਪਣੇ ਆਪ ਨੂੰ ਹਿੰਦੂ ਧਰਮ ਦਾ ਇਕ ਹਿੱਸਾ ਮਨਣ ਤੋਂ ਇਨਕਾਰ ਕਰ ਦਿਤਾ ਤਾਂ ਬਿਪਰ ਨੇ ਉਸ ਦੀ ਸੋਚ ਨੂੰ ਹੀ ਅੰਧਵਿਸ਼ਵਾਸ਼ ਅਤੇ ਬਿਪਰਵਾਦ ਦੇ ਖਾਰੇ ਸਮੂੰਦਰ ਵਿੱਚ ਜਾ ਸੁਟਿਆ। ਬਿਪਰ ਦੀ ਇਹ ਕਹਾਨੀ ਬਹੁਤ ਲੰਬੀ ਹੈ, ਜਿਸਨੂੰ ਕਦੀ ਕਿਸੇ ਹੋਰ ਲੇਖ ਰਾਂਹੀ ਆਪਜੀ ਤਕ ਪੰਹੁਚਾਣ ਦੀ ਕੋਸ਼ਿਸ਼ ਕਰਾਂਗਾ। ਹੱਲੀ ਤਾਂ ਗਲ ਉਸ ਮੰਦਿਰ ਦੇ ਢਾਏ ਜਾਂਣ ਦੀ ਕਰਦੇ ਹਾਂ।

"ਜੋਤਿਸ਼ ਅਤੇ ਵਾਸਤੂਦੋਸ਼" ਵੀ ਬ੍ਰਾਹਮਣ ਦੇ ਦਿਮਾਗ ਦੀ ਉਪਜ ਹੈ। ਅਤੇ ਉਸ ਦੀ ਦੁਕਾਨ ਤੇ ਸਭ ਤੋਂ ਵੱਧ ਵਿਕਣ ਵਾਲਾ ਸੌਦਾ ਹੈ। ਜੋਤਿਸ਼ ਤਾਂ ਉਸ ਦਾ ਪੁਰਾਨਾਂ ਪ੍ਰੋਡਕਟ ਸੀ। ਹੁਣ  ਬਹੁਤ ਪੜ੍ਹੇ ਲਿਖੇ ਲੋਕਾਂ ਨੇ ਜੋਤਿਸ਼ ਉਤੇ ਸੰਕੇ ਖੜੇ ਕਰਨੇ ਸ਼ੁਰੂ ਕਰ ਦਿਤੇ ਅਤੇ ਮਨਣ ਤੋਂ ਇਨਕਾਰ ਕਰ ਦਿਤਾ,  ਤਾਂ ਉਸ ਨੇ ਇਕ ਨਵਾਂ ਪ੍ਰੋਡਕਟ "ਵਾਸਤੂ ਸ਼ਾਸ਼ਤਰ"  ਅਤੇ "ਵਾਸਤੂ ਦੋਸ਼" ਦਾ ਬਣਾਂ ਕੇ ਪੇਸ਼ ਕਰ ਦਿਤਾ।

ਹੁਣ ਤਾਂ ਇਮਾਰਤ ਬਨਾਉਣ ਤੋਂ  ਪਹਿਲਾਂ ਲੋਕੀ ਨਕਸ਼ਾਨਵੀਸ ਜਾਂ ਇੰਜੀਨਿਯਰ ਕੋਲ ਬਾਦ ਵਿੱਚ  ਜਾਂਦੇ ਨੇ  ਵਾਸਤੂ ਸ਼ਾਸ਼ਤਰ ਦੇ ਏਕਸਪਰਟ ਕੋਲ ਪਹਿਲਾਂ ਸਲਾਹ ਲੈਣ,ਜਾਂਦੇ ਨੇ   ਕੇ ਮਕਾਨ ਵਿੱਚ ਕਿਧਰ ਬਾਰੀਆਂ ਰਖੀਏ ਅਤੇ ਦਰਵਾਜੇ ਗੋਲ ਰਖੀਏ ਕੇ ਚੌਰਸ, ਆਦਿਕ। ਇਥੋਂ ਤਕ ਕੇ ਪਲਾਟ ਖਰੀਦਣ ਵੇਲੇ ਵੀ "ਗਉ ਮੂੰਹਾਂ" ਅਤੇ "ਸ਼ੇਰ ਮੂੰਹਾਂ" ਦੇ ਵਹਿਮ ਵੀ ਅਸੀਂ ਸੁਣਦੇ ਆਏ ਹਾਂ।  ਮੇਰੇ ਇਕ ਜਾਨ ਪਹਿਚਾਣ ਵਾਲੇ ਸਿੱਖ ਪਰਿਵਾਰ ਨੇ ਜਦੋ ਅਪਣਾਂ ਮਕਾਨ ਬਨਵਾਉਣਾਂ ਸੀ ਤਾਂ ਉਨ੍ਹਾਂ ਵੀ "ਵਾਸਤੂ ਸ਼ਾਸ਼ਤਰ" ਵਾਲੇ "ਕੰਸਲਟੇਂਟ" ਨੂੰ ਇਕ ਮੋਟੀ ਰਕਮ,  ਉਸ ਦੀ ਫੀਸ ਦੇ ਰੂਪ ਵਿੱਚ ਚੁਕਾਈ। ਭਾਵੇ ਉਨਾਂ ਨੂੰ ਟਿਚਕਰ ਕਰਦਿਆਂ ਮੈਂ ਉਨਾਂ ਨੂੰ  ਕਹਿਆ ਸੀ, ਕਿ ਜਿਨੀ ਫੀਸ ਉਸ ਬਾਮਨ ਨੂੰ ਦੇ ਆਏ ਹੋ, ਉਨੀ ਕਿਸੇ ਗਰੀਬ ਦੇ ਬੱਚੇ ਦੀ ਫੀਸ ਭਰ ਦੇਂਦੇ, ਕੁੜੀ ਦੇ ਵਿਆਹ ਤੇ ਖਰਚ ਕਰ ਦੇਂਦੇ ਤਾਂ ਤੁਹਾਡਾ "ਗਰਹ" ਅਤੇ "ਵਾਸਤੂ ਦੋਸ਼" ਤਾਂ  ਤੁਹਾਡੇ ਗੁਰੂ ਨੇ ਹੀ ਦੂਰ ਕਰ ਦੇਣਾਂ ਸੀ। ਲੇਕਿਨ ਅਸੀ ਤਾਂ ਅਪਣੇ ਭਾਗਾਂ ਤੋਂ ਡਰੇ ,ਸਹਿਮੇ ਲੋਕਾਂ ਦੀ ਜਮਾਤ ਹਾਂ । ਕਹਿਣ ਨੂੰ ਤਾਂ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਲਈ ਅਪਣੀ ਹਿੱਕ ਠੋਕਦੇ ਹਾਂ, ਲੇਕਿਨ ਮਣਦੇ ਉਨਾਂ ਦੀ ਇਕ ਵੀ ਗਲ ਨਹੀਂ,  ਜਦ ਕਿ ਉਹ ਸਾਫ ਸਾਫ ਫੁਰਮਾਂਉਦੇ ਹਨ।

ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥
ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥ ਅੰਕ 400

 

ਜਿਸ ਘਰ ਵਿੱਚ ਉਸ ਪ੍ਰਭੂ ਦਾ ਨਾਮ ਅਤੇ ਉਸ ਦੇ ਗੁਣਾਂ ਦਾ ਵਾਸਾ ਹੁੰਦਾ ਹੈ, ਉਸ ਘਰ ਵਿੱਚ "ਵਾਸਤੂ ਦੋਸ਼" ਕਿਸ ਤਰ੍ਹਾਂ ਹੋ ਸਕਦਾ ਹੈ? ਲੇਕਿਨ ਬ੍ਰਾਹਮਣ ਦਾ ਵਹਿਮ ਜਾਲ ਬਹੁਤ ਵੱਡਾ ਹੈ, ਉਸ ਤੋਂ ਉਹੀ ਬੱਚ ਸਕਦਾ ਹੈ, ਜਿਸਨੂੰ  ਅਪਣੇ ਗੁਰੂ ਦੀਆਂ ਇਹ ਸਿਖਿਆਵਾਂ ਹਮੇਸ਼ਾ ਚੇਤੇ  ਰਹਿਣ।

ਮੰਦਿਰ ਵੀ ਤਾਂ ਉਸ ਰੱਬ ਦਾ ਹੀ ਇਕ ਘਰ ਮੰਨਿਆਂ ਜਾਂਦਾ  ਹੈ। ਉਹ ਕਿਹੋ ਜਹਿਆ ਰੱਬ ਦਾ ਘਰ ਹੈ? ਜੋ ਆਪ "ਵਾਸਤੂ ਦੋਸ਼" ਨਾਮ ਦੇ ਵਹਿਮ ਅਤੇ ਅੰਧਵਿਸ਼ਵਾਸ਼ ਦਾ ਸ਼ਿਕਾਰ ਹੋ ਗਇਆ? ਅਤੇ ਉਸਨੂੰ ਢਾਉਣਾਂ ਪੈ ਗਇਆ ? ਕਿੰਨੀ ਖੂਬਸੂਰਤ ਇਮਾਰਤ ਸੀ ਉਸ ਮੰਦਿਰ ਦੀ, ਉਸ ਦਾ ਇਕ ਬਹੁਤ ਵੱਡਾ ਹਿੱਸਾ ਤੋੜਿਆ ਜਾ ਚੁਕਾ ਹੈ (ਅੱਜ ਹੀ ਉਸ ਦੀ ਇਕ ਵੀਡੀਉ  ਆਪ ਜੀ ਦੀ ਜਾਨਕਾਰੀ ਲਈ ਖਿੱਚ ਕੇ ਲਿਆਇਆ ਹਾਂ, ਜੋ ਇਸ ਲੇਖ ਨਾਲ ਭੇਜ ਰਿਹਾ ਹਾਂ)

ਬਿਪਰ ਦੇ ਬਣਾਏ ਅੰਧਵਿਸ਼ਵਾਸ਼ ਨੇ ਤਾਂ ਹੁਣ ਰੱਬ ਦਾ  ਘਰ ਅਖਵਾਉਣ ਵਾਲੀ ਥਾਂ ਨੂੰ ਵੀ ਨਹੀਂ ਛਡਿਆ। ਭੋਲੇ ਭਾਲੇ ਬੰਦਿਆਂ ਦੇ ਰਾਹੂ,  ਕੇਤੂ ਅਤੇ ਗ੍ਰਿਹ ਦੋਸ਼ ਤਾਂ ਉਹ ਪੈਸੇ ਲੈ ਕੇ ਕਡ੍ਹਦਾ ਹੀ ਰਿਹਾ ਹੈ । ਹੁਣ ਤਾਂ ਘੱਟ ਗਿਣਤੀ ਕੌਮਾਂ ਦੇ ਧਰਮ ਅਸਥਾਨਾਂ ਤਕ ਵੀ ਉਸ ਦਾ ਹੱਥ ਪਹੁੰਚ ਚੁਕਿਆ ਹੈ। ਇਹ ਮੰਦਿਰ ਵੀ ਉਸ ਦੇ ਫੈਲਾਏ ਅੰਧਵਿਸ਼ਵਾਸ਼ ਦੇ ਕਾਰਣ  ਹੀ ਢਾਅ ਦਿਤਾ ਗਇਆ।

ਖਾਲਸਾ ਜੀ ਤੁਸੀ ਕਹੋਗੇ ਕਿ ਸਾਨੂੰ ਉਨਾਂ ਦੇ ਧਰਮ ਅਤੇ ਮੰਦਿਰ ਨਾਲ ਕੀ ਲੈਣਾਂ ਦੇਣਾਂ ਹੈ, ਭਾਂਵੇ ਉਹ ਢਾਉਣ, ਭਾਂਵੇ ਉਹ ਬਨਾਉਣ?  ਵੀਰੋ ! ਹੋਸ਼ਿਆਰ !  ਬ੍ਰਾਹਮਣਵਾਦੀਆਂ  ਦੀ ਸਾਜਿਸ਼ ਨਾਲ ਤੁਹਾਡੇ ਗੁਰਦੁਆਰੇ ਅਤੇ ਉਨਾਂ ਦੀਆਂ ਇਮਾਰਤਾਂ ਵੀ ਢਾਈਆਂ ਜਾ ਰਹੀਆਂ ਨੇ। ਜਰਾ ਅਪਣੇ ਆਲੇ ਦੁਆਲੇ ਨਿਗਾਹ ਮਾਰੋ ! ਚਾਰ ਚਾਰ ਸੌ ਸਾਲ ਪੁਰਾਨੇ ਇਤਿਹਾਸਿਕ ਗੁਰਦੁਆਰਿਆਂ ਅਤੇ ਇਤਿਹਾਸਿਕ ਇਮਾਰਤਾਂ ਅਤੇ ਅਸਥਾਨਾਂ ਨੂੰ ਢਾਅ ਕੇ ਉਨਾਂ ਦਾ ਰੂਪ ਅਤੇ ਅਕਾਰ ਬਦਲਿਆ ਜਾ ਰਿਹਾ ਹੈ। ਉਨਾਂ ਪੁਰਾਤਨ ਇਤਿਹਾਸਿਕ ਅਸਥਾਨਾਂ ਦਾ ਮੂਲ ਦ੍ਰਿਖ ਹੀ ਬਦਲ ਦਿਤਾ ਜਾ ਰਿਹਾ  ਹੈ । ਇਥੇ ਭਾਵੇ "ਵਾਸਤੂ ਦੋਸ਼" ਦਾ ਬਹਾਨਾਂ ਨਹੀਂ, ਲੇਕਿਨ ਸਾਜਿਸ਼ ਉਸੇ ਬਿਪਰ ਦੀ ਹੀ ਹੈ।

ਜਿਸ ਵੇਲੇ ਸਿੱਖ ਅਪਣੇ  ਇਤਿਹਾਸਕ ਗੁਰੂ ਅਸਥਾਨਾਂ ਦੇ ਦਰਸ਼ਨ ਲਈ  ਜਾਂਦਾ ਸੀ, ਤਾਂ  ਉਸ ਦੇ ਮੰਨ ਨੂੰ ਇਹ ਸੋਚ ਕੇ ਸ਼ਾਂਤੀ ਅਤੇ ਵੈਰਾਗ ਪੈਦਾ ਹੁੰਦਾ ਸੀ ਕਿ ਇਸ  ਦਰਖਤ ਜਾਂ ਇਸ  ਥਾਂ ਦੀ ਮਿੱਟੀ ਨਾਲ ਸਾਡੇ ਗੁਰੂ ਦੇ ਚਰਣਾਂ ਦੀ ਛੋਹ ਮੌਜੂਦ ਹੈ। ਹੁਣ ਤਾਂ ਗੁਰੂ ਦੇ ਚਰਣਾਂ ਦੀ ਛੋਹ ਵਾਲੀ ਉਸ ਥਾਂ ਨੂੰ  ਕੰਕਰੀਟ ਅਤੇ ਸੰਗਮਰਮਰ ਦੀਆਂ ਸਿਲਾਂ ਨਾਲ ਢਕਿਆ ਜਾ ਰਿਹਾ ਹੈ। ਉਨਾਂ ਅਸਥਾਨਾਂ ਨੂੰ ਖੁਲਾ ਅਤੇ ਵੱਡਾ ਕਰਣ ਦੇ ਬਹਾਨੇ  ਉਨਾਂ ਅਸਥਾਨਾਂ ਦਾ ਮੂਲ ਰੂਪ ਹੀ ਨਸ਼ਟ ਕੀਤਾ ਜਾ ਰਿਹਾ ਹੈ।

ਅੰਮ੍ਰਿਤਸਰ ਦੇ ਰਾਮਸਰ ਵਾਲੇ ਇਤਿਹਾਸਕ ਗੁਰਦੁਆਰੇ ਵਿੱਚ ਜਾਈ ਦਾ ਸੀ ਤਾਂ ਉਸ ਦਰਖਤ ਅਤੇ ਉਸ ਥਾਂ ਨੂੰ ਵੇਖ ਕੇ ਉਸ ਕਾਲ ਅਤੇ ਸਮੈਂ ਦੀ ਕਲਪਨਾਂ ਹੁੰਦੀ  ਸੀ ਕਿ ਪੰਜਵੇ ਪਾਤਸ਼ਾਹ ਉਸ ਥਾਂ ਅਤੇ ਇਸ ਦਰਖਤ ਥੱਲੇ ਬਹਿ ਕੇ ਸੁਖਮਨੀ ਸਾਹਿਬ ਦੀ ਬਾਣੀ ਲਿੱਖ ਰਹੇ ਹਨ। ਹੁਣ ਉਥੇ ਨਾਂ ਤਾਂ  ਉਹ ਪੇੜ ਛਡਿਆ ਗਇਆ ਹੈ ਅਤੇ ਨਾਂ ਉਹ ਥਾਂ ਹੀ ਹੈ । ਹਰ ਪਾਸੇ ਸੰਗਮਰਮਰ ਹੀ ਸੰਗਮਰਮਰ ਹੈ ।  ਅਕਾਲ ਤਖਤ ਦੇ ਪਿਛੇ ਜਾਈ ਦਾ ਸੀ ਤਾਂ ਭਾਈ ਗੁਰਬਖਸ਼ ਸਿੰਘ ਜੀ ਦੀ ਉਹ ਯਾਦਗਾਰ ਬਣੀ ਦਿਸਦੀ ਸੀ ,ਜਿਥੇ ਕਈ ਸਿੱਖਾਂ ਦੀ ਸ਼ਹਾਦਤ ਹੋਈ ਸੀ, ਉਸ ਥਾਂ ਤੇ ਪੁਜ ਕੇ ਇੰਜ ਅਹਿਸਾਸ ਹੁੰਦਾ ਸੀ ਕਿ ਅੱਜ ਵੀ ਸਾਡੀਆਂ ਅੱਖਾਂ ਸਾਮ੍ਹਣੇ,  ਉਥੇ ਉਹ ਹੀ ਸਾਕਾ ਵਾਪਰ ਰਿਹਾ ਹੈ। ਅਜ ਉਥੇ ਸੰਗਮਰਮਰ ਦੇ ਕਮਰੇ ਹੀ ਕਮਰੇ ਖੜੇ ਹਨ।

ਬਾਬਾ ਅਟੱਲ ਗੁਰਦੁਆਰੇ ਦੇ ਗੇਟ ਦੇ ਬਾਹਰ ਬੂੰਗੇ ਤੇ ਅਨਗਿਣਤ  ਸਹੀਦਾ ਦਾ ਇਤਿਹਾਸ ਲਿਖਿਆ ਹੁੰਦਾ  ਸੀ,ਜੋ ਉਸ ਸਾਕੇ ਦੀ ਯਾਦ ਦੁਆਂਦਾ ਸੀ , ਉਹ ਉੱਥੋ ਹਟਾ ਦਿਤਾ ਗਇਆ ਹੈ। ਬਾਬਾ ਅਟਲ ਗੁਰਦੁਆਰੇ ਦੇ ਅੰਦਰ ਉਨਾਂ ਕੱਚੇ ਬਣੇਂ  ਕਮਰਿਆਂ  ਨੂੰ ਵੇਖ ਕੇ ਖਾਲਸਾ ਰਾਜ ਦੇ ਜਰਨੈਲ ਜੱਸਾ ਸਿੰਘ ਆਲਹੂਵਾਲੀਆ ਦੇ ਉਥੇ ਬੈਠੇ ਹੋਣ ਦਾ ਇਹਸਾਸ ਹੁੰਦਾ  ਸੀ, ਜੋ ਯੋਧਿਆਂ ਵਿੱਚ ਜੋਸ਼ ਭਰ ਰਹੇ ਹੋਣ । ਹੁਣ ਉਨਾਂ ਨੂੰ ਢਾਅ ਦਿਤਾ ਗਇਆ ਹੈ । ਉਸ ਕਮਰੇ ਉਪਰ ਇਕ ਕਦੀ ਜੰਗ ਨਾਂ ਲਗਣ ਵਾਲੇ ਲੋਹੇ ਦੀ ਪੁਰਾਤਨ ਪਲੇਟ ਉਪਰ  ਉਸ ਥਾਂ ਦਾ ਇਤਿਹਾਸ ਲਿਖਿਆ ਹੋਇਆ ਸੀ, ਜੋ ਉਥੋਂ ਹਟਾ ਦਿੱਤੀ  ਗਈ ਹੈ। ਕਿਸ ਕਿਸ ਥਾਂ ਦੀ ਗਲ ਕਰਾਂ ,ਮੇਰੇ ਵੀਰੋ ?  ਇਹ ਸਾਜਿਸ ਨਹੀਂ ਤਾਂ ਹੋਰ ਕੀ ਹੈ। ਖਾਲਸਾ ਜੀ ਚੇਤੋ ! ਬਿਪਰਵਾਦੀ ਤਾਕਤਾਂ  ਨੇ ਸਾਡੇ ਨਾਲ ਵੀ ਉਹੀ ਖੇਡ ਖੇਡਿਆ ਹੈ, ਜੋ ਜੈਨੀਆਂ ਦੇ ਇਸ ਮੰਦਿਰ ਨਾਲ ਖੇਡਿਆ ਹੈ। ਅਸੀ ਆਪ ਹੀ ਅਪਣੀਆਂ ਜੜਾਂ ਪੁੱਟ ਰਹੇ ਹਾਂ, ਲੇਕਿਨ ਸਾਜਿਸ਼ ਕਰਤਾ ਕੋਈ ਹੋਰ ਹੈ, ਜਿਸ ਦੀ ਸਾਜਿਸ਼ ਨੂੰ  ਘੱਟ ਗਿਣਤੀ ਕੌਮਾਂ ਕਦੀ ਵੀ ਸਮਝ ਨਹੀਂ ਸਕੀਆਂ ਅਤੇ ਉੱਨਾਂ ਦੇ ਪਾਏ ਜਾਲ ਵਿੱਚ ਆਪ ਹੀ ਫਸਦੀਆਂ ਚਲੀਆਂ ਗਈਆਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top