ਲੁਧਿਆਣਾ,
੧੨ ਅਪ੍ਰੈਲ (ਪੱਤਰ ਪ੍ਰੇਰਕ) : ਸੁਪਰੀਮ ਕੋਰਟ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ
ਦੀ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖਣ ਦਾ ਫੈਸਲਾ ਸਿਆਸਤ ਤੋਂ ਪ੍ਰੇਰਿਤ ਅਤੇ ਫਿਰਕੂ ਹੈ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਮਹਿਸੂਸ ਕਰਦਾ ਹੈ ਕਿ ਇਹ ਫੈਸਲਾ ਜਿੱਥੇ ਦਿੱਲੀ ਤਖ਼ਤ
ਵਲੋਂ ੧੯੪੭ ਤੋਂ ਲਗਾਤਾਰ ਸਿੱਖ ਕੌਮ ਨੂੰ ਗੁਲਾਮੀਅਤ ਦਾ ਅਹਿਸਾਸ ਕਰਾਉਂਣ ਵਾਲੇ ਫੇਸਲਿਆਂ
ਦੀ ਹੀ ਇਕ ਕੜੀ ਹੈ ਉੱਥੇ ਇਸ ਫੈਸਲੇ ਨੇ ਭਾਰਤ ਅਤੇ ਸਿੱਖ ਕੌਮ ਵਿਚਲੀ ਖਿੱਚੀ ਜਾ ਚੁਕੀ
ਲਕੀਰ ਨੂੰ ਹੋਰ ਪੱਕਿਆਂ ਕਰਕੇ ਪ੍ਰਭੂਸੱਤਾ ਸੰਪੱਨ ਆਜਾਦ ਸਿੱਖ ਰਾਜ ਦੀਆਂ ਨੀਹਾਂ ਹੋਰ
ਪੱਕੀਆਂ ਕਰਨੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਲ ਦੇ ਕਾਰਜਕਾਰੀ ਪ੍ਰਧਾਨ ਭਾਈ
ਹਰਪਾਲ ਸਿੰਘ ਚੀਮਾ ਤੇ ਸਕੱਤਰ ਜਨਰਲ ਮਨਧੀਰ ਸਿੰਘ ਨੇ ਇੱਕ ਬਿਆਨ ਰਾਹੀਂ ਕੀਤਾ ਹੈ।
ਆਗੁਆਂ ਨੇ ਕਿਹਾ ਕਿ ਪਿਛਲੇ ੧੮ ਸਾਲਾਂ ਤੋਂ ਵੱਧ ਸਮਾਂ ਜੇਲ੍ਹ 'ਚ
ਨਜ਼ਰਬੰਦ ਪ੍ਰੋ. ਭੁੱਲਰ ਨੂੰ ਇਹ ਸਿਰਫ਼ ਇੱਕ ਸਿੱਖ ਹੋਣ ਦੀ ਸਜ਼ਾ ਸਣਾਈ ਗਈ ਹੈ ਅਤੇ ਇਹ ਪ੍ਰੋ.
ਭੁੱਲਰ ਦਾ ਸਿਆਸੀ, ਫ਼ਿਰਕੂ ਤੇ ਨਿਆਂਇਕ ਕਤਲ ਹੋਵੇਗਾ।
ਆਗੂਆਂ ਨੇ ਕਿਹਾ ਕਿ ਪ੍ਰੋ. ਭੁੱਲਰ ਲਈ ਫਾਂਸੀ ਦਾ ਫੈਸਲਾ ਇਨਸਾਫ਼
ਦੀ ਤੱਕੜੀ 'ਤੇ ਖਰਾ ਨਹੀਂ ਉਤਰਦਾ ਕਿਉਂਕ ਪ੍ਰੋ. ਭੁੱਲਰ ਦੇ ਮਾਮਲੇ 'ਚ ਸਜ਼ਾ ਸੁਣਾਉਂਣ
ਵਾਲੇ ਬੈਂਚ ਦੇ ੩ ਵਿੱਚੋਂ ੧ ਮੁੱਖ ਜੱਜ ਨੇ ਤਾਂ ਉਨਾਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ
ਸੀ। ਦੂਜੇ ਪਾਸੇ ਇਸ ਕੇਸ 'ਚ ਪੇਸ਼ ਕੀਤੇ ਗਏ ੧੩੩ ਵਿੱਚੋਂ ਕਿਸੇ ਵੀ ਗਵਾਹ ਨੇ ਪ੍ਰੋ.
ਭੁੱਲਰ ਦੀ ਸਨਾਖ਼ਤ ਨਹੀਂ ਕੀਤੀ। ਉਨਾਂ ਕਿਹਾ ਕਿ ਇਹ ਸਾਰਾ ਕੇਸ ਸਿਰਫ਼ ਤੇ ਸਿਰਫ਼ ਪੁਲਿਸ
ਹਿਰਾਸਤ 'ਚ ਪ੍ਰੋ. ਭੁੱਲਰ 'ਤੇ ਤਸ਼ੱਦਦ ਕਰਕੇ ਲਏ ਗਏ ਇਕਬਾਲੀਆ ਬਿਆਨ 'ਤੇ ਹੀ ਖੜ੍ਹਾ ਹੈ।
ਇੰਨਾ ਹੀ ਨਹੀਂ ਪ੍ਰੋ. ਭੁੱਲਰ ਦੇ ਦਸਤਖ਼ਤਾਂ ਦੀ ਥਾਂ ਇਨਾਂ ਬਿਆਨਾਂ 'ਤੇ ਉਨਾਂ ਦਾ ਅੰਗੂਠਾ
ਲਵਾਇਆ ਗਿਆ ਹੈ ਜੋ ਇਨਾਂ ਬਿਆਨਾਂ ਦੇ ਜ਼ਬਰਦਸਤੀ ਲਏ ਜਾਣ ਵੱਲ ਸਾਫ਼ ਇਸ਼ਾਰਾ ਹੈ।ਇਨਾਂ ਹਾਲਤਾਂ
'ਚ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਲਈ ਭਾਰਤੀ ਨਿਜ਼ਾਮ ਦੀ ਅੜੀ ਨੂੰ ਸਿੱਖ ਕੌਮ ਆਪਣੀ ਅਣਖ
ਅਤੇ ਗੈਰਤ 'ਤੇ ਹਮਲਾ ਸਮਝ ਰਹੀ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਦੇ ਹਲਾਤ ਅੱਜ ਉਸੇ ਤਰ੍ਹਾਂ ਦੇ ਹਨ
ਜਿਸ ਤਰ੍ਹਾਂ ਜਰਮਨ ਵਿਚ ਯਹੂਦੀਆਂ ਨਾਲ ਬੀਤੀ ਸੀ ਅਤੇ ਯਹੂਦੀਆਂ ਨੇ ਚੱਲ ਰਹੀ ਨਸਲਕੁਸ਼ੀ
ਵਿਚੋਂ ਆਪਣੇ ਲਈ ਰਾਹ ਬਣਾਏ ਸਨ ਅਤੇ ਸਾਨੂੰ ਵੀ ਅਜਿਹੀਆਂ ਘਾੜਤਾਂ ਘੜ੍ਹਣੀਆਂ ਚਾਹੀਦੀਆਂ
ਹਨ ਤਾਂ ਜੋ ਕੌਮੀ ਆਜ਼ਾਦੀ ਦਾ ਰਾਹ ਖੁੱਲ੍ਹ ਸਕੇ।
ਆਗੂਆਂ ਨੇ ਕਿਹਾ ਕਿ ਇਹ ਇਕ ਕੌਮੀ ਮਸਲਾ ਹੈ ਅਤੇ ਸਮੂਹ ਕੌਮੀ
ਜਥੇਬੰਦੀਆਂ ਨੂੰ ਇਸ ਘੜੀ ਆਪਣੇ ਸਿਅਸੀ ਮਤਭੇਦ ਭੁਲਾ ਕੇ ਹੋਛੀ ਕਿਸਮ ਦੀ ਪ੍ਰਤੀਕਿਰਿਆ
ਨੂੰ ਸੰਕੋਚਦੇ ਹੋਏ ਗੰਭੀਰਤਾ ਤੇ ਸੰਜੀਦਗੀ ਨਾਲ ਪਿਛਲੇ ੬੫ ਸਾਲ ਤੋਂ ਚੱਲ ਰਹੇ ਦਮਨ ਚੱਕਰ
ਦੇ ਸਦੀਵੀ ਹੱਲ ਲਈ ਵਿਚਾਰ ਕਰਕੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਇਸ
ਸਬੰਧੀ ੧੪ ਅਪਰੈਲ ੨੦੧੩ ਦਿਨ ਐਤਵਾਰ ਨੂੰ ਦੁਪਹਿਰ ਬਾਦ ੨ ਵਜੇ ਗੁਰਦੁਆਰਾ ਗੁਰੂ ਤੇਗ
ਬਹਾਦਰ ਸਾਹਿਬ, ਮਾਡਲ ਟਾਊਨ ਜਲੰਧਰ ਵਿਖੇ ਮੀਟਿੰਗ ਸੱਦੀ ਗਈ ਹੈ।
ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ
ਪ੍ਰੈਸ ਸਕੱਤਰ
ਅਕਾਲੀ ਦਲ ਪੰਚ ਪਰਧਾਨੀ
੯੮੫੫੪-੦੧੮੪੩