Share on Facebook

Main News Page

ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸਿੱਖ ਇਤਿਹਾਸ ਕਿਤਾਬ ਦੇ ਲੇਖਕ ਦਾ ਨਾਮ ਛੁਪਾਉਣਾ, ਇਹ ਸਾਬਿਤ ਕਰਦਾ ਹੈ ਕਿ ਪੰਥ ਅਤੇ ਗੁਰੂ ਵਿਰੁਧ ਸ਼ਾਜਿਸ਼ ਰਚੱਣ ਵਿੱਚ ਇਹ ਬਰਾਬਰ ਦੇ ਭਾਈਵਾਲ ਹਨ
- ਭਾਈ ਬਲਦੇਵ ਸਿੰਘ ਸਿਰਸਾ

• ਅੱਜ ਸਿੱਖਾਂ ਨੂੰ ਨਹੀਂ ਬਲਕਿ ਗ੍ਰੰਥ ਨੂੰ ਖਤਰਾ ਹੈ। ਜੇਕਰ ਗ੍ਰੰਥ ਖਤਮ ਹੋ ਜਾਏ ਅਤੇ ਸਿੱਖ ਮੰਨ ਲੈਣ ਕਿ ਇਹ ਗ੍ਰੰਥ ਸ਼ਬਦ ਗੁਰੂ ਦਾ ਰੂਪ ਨਹੀਂ ਹੈ, ਤਾਂ ਸਿੱਖ ਖਤਮ ਹੋ ਜਾਣਗੇ- ਡਾ. ਗੁਰਦਰਸ਼ਨ ਸਿੰਘ ਢਿੱਲੋਂ
• ਜਦੋਂ ਇਸ ਕਿਤਾਬ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੋਹਰ ਲਗਦੀ ਹੈ, ਤੇ ਉਸ ਕਿਤਾਬ ਵਿੱਚ ‘ਮਿਸ-ਰੀਪਰੈਜੈਂਟੇਸ਼ਨ’ ਹੁੰਦੀ ਹੈ, ਤਾਂ ਇਸ ਵਿੱਚ ਕੋਈ ਡੂੰਗੀ ਸ਼ਾਜ਼ਿਸ਼ ਹੈ। ਜੋ ਕਿ ਜੱਗ ਜ਼ਾਹਰ ਹੋਣੀ ਚਾਹੀਦੀ ਹੈ ਅਤੇ ਜੋ ਲੋਗ ਇਸ ਸਾਜਿਸ਼ ਵਿੱਚ ਜਿੰਮੇਵਾਰ ਹਨ ਉਨ੍ਹਾਂ ਦੇ ਚਿਹਰੇ ਵੀ ਨੰਗੇ ਹੋਣੇ ਚਾਹੀਦੇ ਹਨ।- ਡਾ. ਗੁਰਦਰਸ਼ਨ ਸਿੰਘ ਢਿੱਲੋਂ

(ਮਨਜੀਤ ਸਿੰਘ ਖਾਲਸਾ, ਮੋਹਾਲੀ) ਚੰਡੀਗੜ੍ਹ 2 ਅਪ੍ਰੈਲ 2013, ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫ਼ਰੈਂਸ ਨੂੰ ਸੰਬੋਧਨ ਕਰਦੇ ਹੋਏ, ਸ਼ੌਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਖਾਲਸੇ ਦੀ ਸਿਰਜਨਾ ਦੇ 300 ਸਾਲਾ ਸ਼ਤਾਬਦੀ ਪੁਰਬ ਨੂੰ ਸਮਰਪਿਤ 300 ਕਿਤਾਬਾਂ ਵੱਖ ਵੱਖ ਲੇਖਕਾਂ ਕੋਲੋਂ ਲਿਖਵਾਕੇ ਛਪਵਾਈਆਂ ਗਈਆਂ ਜਿਨ੍ਹਾਂ ਵਿੱਚੋਂ ਇਕ ਸਿੱਖ ਇਤਿਹਾਸ (ਹਿੰਦੀ) ਹੈ ਜਿਸ ਵਿੱਚ ਸਿੱਖ ਗੁਰੂਆਂ ਦੇ ਜੀਵਨ ਤੇ ਚਿੱਕੜ ਉਛਾਲ ਕੇ ਗੁਰੂ ਸਾਹਿਬਾਨ ਨੂੰ ਬਦਨਾਮ ਕੀਤਾ ਗਿਆ ਹੈ। ਸ਼ੱਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਕਿਤਾਬ ਵਿੱਚ ਲੇਖਕ ਦਾ ਨਾਮ ਤੱਕ ਨਹੀਂ ਲਿਖਿਆ ਹੋਇਆ ਅਤੇ ਨਾ ਹੀ ਕੋਈ ਸੰਨ ਲਿਖਿਆ ਗਿਆ ਹੈ। ਕਿ ਇਹ ਕਿਤਾਬ ਕਦੋਂ ਅਤੇ ਕਿਹੜੇ ਸੰਨ ਵਿੱਚ ਛਾਪੀ ਗਈ? ਬਾਕੀ 299 ਕਿਤਾਬਾਂ ਕਿਨ੍ਹਾਂ ਲੇਖਕਾਂ ਕੋਲੋਂ ਲਿਖਵਾਈਆਂ ਗਈਆਂ ਹਨ ਤੇ ਉਨ੍ਹਾਂ ਵਿੱਚ ਕੀ ਲਿਖਿਆ ਹੈ? ਇਨ੍ਹਾਂ ਬਾਰੇ ਅੱਜ ਤੱਕ ਕਿਸੇ ਨੂੰ ਕੁੱਝ ਨਹੀਂ ਦਸਿਆ ਗਿਆ ਹੈ।ਉਨ੍ਹਾਂ ਕਿਹਾ ਕਿ ਜੇ ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨ ਬਾਰੇ ਇਨ੍ਹੀ ਜਿਆਦਾ ਗਲਤ ਬਿਆਨੀ ਕੀਤੀ ਜਾ ਸਕਦੀ ਹੈ ਤਾਂ ਫਿਰ ਬਾਕੀ ਦੂਜੀਆਂ 299 ਕਿਤਾਬਾਂ ਵਿੱਚ ਗੁਰੂ ਸਾਹਿਬਾਨ ਬਾਰੇ ਕੀ ਕੁੱਫਰ ਤੋਲਿਆ ਗਿਆ ਹੋਵੇਗਾ? ਇਸ ਦਾ ਅੰਦਾਜਾ ਹੀ ਨਹੀਂ ਲਗਾਇਆ ਜਾ ਸਕਦਾ। ਭਾਈ ਸਿਰਸਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵਲੋਂ ਸਿੱਖ ਇਤਿਹਾਸ ਕਿਤਾਬ ਦੇ ਲੇਖਕ ਦਾ ਨਾਮ ਛੁਪਾਉਣਾ ਇਹ ਸਾਬਿਤ ਕਰਦਾ ਹੈ ਕਿ ਪੰਥ ਅਤੇ ਗੁਰੂ ਵਿਰੁਧ ਸ਼ਾਜਿਸ਼ ਰਚੱਣ ਵਿੱਚ ਇਹ ਬਰਾਬਰ ਦੇ ਭਾਈਵਾਲ ਹਨ। ਜੇਕਰ ਇਸ ਤਰ੍ਹਾਂ ਨਹੀ ਹੈ ਤਾਂ ਧਾਰਮਿਕ ਸਲਾਹਕਾਰ ਬੋਰਡ ਦੇ ਜਿਨ੍ਹਾਂ ਮੈਂਬਰਾਂ ਨੇ ਇਸ ਕਿਤਾਬ ਨੂੰ ਛਾਪਣ ਲਈ ਮੰਜੂਰੀ ਦਿੱਤੀ ਉਨ੍ਹਾਂ ਦੇ ਨਾਮ ਜੱਗ ਜਾਹਿਰ ਕੀਤੇ ਜਾਣ ਅਤੇ ਉਨ੍ਹਾਂ ਨੂੰ ਇਸਦੀ ਢੁਕਵੀਂ ਸਜਾ ਦਿੱਤੀ ਜਾਏ। ਅਤੇ ਨਾਲ ਹੀ ਇਹ ਵੀ ਦਸਿਆ ਜਾਏ ਕਿ ਦੂਜੀਆਂ 299 ਛਾਪੀਆਂ ਗਈਆਂ ਕਿਤਾਬਾਂ ਕਿੱਥੇ ਹਨ? ਅਤੇ ਕਿਹੜੀਆਂ ਹਨ? ਸਿਰਫ ਇਹ ਗੱਲ ਕਹਿਣ ਨਾਲ ਹੀ ਮਸਲਾ ਨਹੀਂ ਹੱਲ ਹੋ ਜਾਂਣਾ ਕਿ ਕਿਤਾਬ ਵਾਪਿਸ ਲੈ ਲਈ ਗਈ ਹੈ। ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਭਾਈ ਸਿਰਸਾ ਐਂਵੇ ਹੀ ਰੌਲਾ ਪਾਉਂਦੇ ਫਿਰਦੇ ਹਨ।

ਇਸ ਸਬੰਧੀ ਭਾਈ ਸਿਰਸਾ ਨੇ ਜਨਰਲ ਕੁਲਦੀਪ ਬਰਾੜ ਵਲੋਂ ਆਪਰੇਸ਼ਨ ਬਲੂ ਸਟਾਰ ਦੇ ਦੋਰਾਨ ਲਿਖੀ ਗਈ ਕਿਤਾਬ ਵਿੱਚੋਂ ਕਈ ਹਵਾਲੇ ਦਿੰਤੇ ਗਏ ਜਦੋਂ ਪਤਰਕਾਰਾਂ ਨੇ ਭਾਈ ਸਿਰਸਾ ਨੂੰ ਦਸਿਆ ਕਿ ਜਨਰਲ ਬਰਾੜ ਉਸ ਕਿਤਾਬ ਸਬੰਧੀ ਬਿਆਨ ਦੇ ਚੁੱਕੇ ਹਨ ਕਿ ਇਹ ਕਿਤਾਬ ਉਨ੍ਹਾਂ ਨੇ ਨਹੀਂ ਲਿਖੀ, ਤਾਂ ਭਾਈ ਸਿਰਸਾ ਨੇ ਪਤਰਕਾਰਾਂ ਨੂੰ ਸਵਾਲ ਪੁੱਛਦੇ ਹੋਇ ਕਿਹਾ ਕਿ ਜੇਕਰ ਇਹ ਕਿਤਾਬ ਉਨ੍ਹਾਂ ਨੇ ਨਹੀਂ ਲਿਖੀ ਤਾਂ ਫਿਰ ਜਨਰਲ ਬਰਾੜ ਵਲੋਂ ਕਿਤਾਬ ਦੇ ਪ੍ਰਕਾਸ਼ਕਾਂ ਉਪਰ ਕੇਸ ਕਿਉਂ ਨਹੀਂ ਦਰਜ਼ ਕੀਤਾ ਗਿਆ? ਅਤੇ ਜਨਰਲ ਬਰਾੜ ਦਾ ਨਾਮ ਇਸ ਕਿਤਾਬ ਉੱਤੇ ਕਿਵੇਂ ਛਾਪਿਆ ਗਿਆ?

ਪਤਰਕਾਰਾਂ ਨੇ ਪ੍ਰੈਸ ਕਾਨਫਰੈਂਸ ਵਿੱਚ ਹਾਜ਼ਿਰ ਉੱਘੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੂੰ ਪੁਛਿਆ ਕਿ ਸਿੱਖ ਇਤਿਹਾਸ ਕਿਤਾਬ ਛਾਪਣ ਤੋਂ ਪਹਿਲਾਂ ਕੀ ਸ਼੍ਰੋਮਣੀ ਕਮੇਟੀ ਜਾਂ ਧਾਰਮਿਕ ਸਲਾਹਕਾਰ ਬੋਰਡ ਵਲੋਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕੀਤਾ? ਜਾਂ ਨਹੀਂ? ਦੇ ਜ਼ਵਾਬ ਵਿੱਚ ਡਾਂ ਢਿੱਲੋਂ ਨੇ ਇੰਨਕਾਰ ਕਰਦੇ ਹੋਇ ਕਿਹਾ ਕਿ ਇਸ ਕਿਤਾਬ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਇਸ ਕਿਤਾਬ ਦੇ ਛਪਣ ਤੋਂ ਪਹਿਲਾਂ ਕਦੇ ਕਿਸੇ ਨੇ ਮੇਰੀ ਕੋਈ ਰਾਏ ਨਹੀਂ ਮੰਗੀ। ਡਾ. ਢਿੱਲੋਂ ਨੇ ਕਿਹਾ ਕਿ ਕਿਤਾਬ ਲਿਖਣਾ ਕੋਈ ਚਾਹ ਦਾ ਕੱਪ ਪੀਣ ਵਾਲੀ ਗੱਲ ਨਹੀਂ, ਕਿਤਾਬ ਲਿਖਣ ਲਈ ਜਿੰਦਗੀ ਦੇ ਕਈ ਕੀਮਤੀ ਵਰ੍ਹੇ ਗਾਲ੍ਹਣੇ ਪੈਂਦੇਂ ਹਨ। ਉਸ ਦੇ ਖਰੜੇ ਵਿਦਵਾਨਾਂ ਨੂੰ ਪੜ੍ਹਾਕੇ ਉਨ੍ਹਾਂ ਦੇ ਵਿਚਾਰ ਲਏ ਜਾਂਦੇ ਹਨ ਕਿ ਇਸ ਕਿਤਾਬ ਵਿੱਚ ਕੋਈ ਕੰਟੈਂਟ ਗਲਤ ਤਾਂ ਨਹੀਂ ਲਿਖਿਆ ਗਿਆ? ਪਰ ਸਿੱਖ ਇਤਿਹਾਸ ਕਿਤਾਬ ਕਿਉਂ ਛਾਪੀ ਗਈ ਇਹ ਬੜੀ ‘ਮਿਸਚੀਵਿਅਸ’ (ਬੇਈਮਾਨੀ ਵਾਲੀ) ਗੱਲ ਹੈ। ਜੇਕਰ ਸਿੱਖਾਂ ਦਾ ਕੋਈ ਦੁਸ਼ਮਣ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਸਮਝ ਆਉਂਦੀ ਸੀ, ਲੇਕਿਨ ਜਦੋਂ ਇਸ ਕਿਤਾਬ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੋਹਰ ਲਗਦੀ ਹੈ ਤੇ ਉਸ ਕਿਤਾਬ ਵਿੱਚ ‘ਮਿਸ-ਰੀਪਰੈਜੈਂਟੇਸ਼ਨ’ ਹੁੰਦੀ ਹੈ ਤਾਂ ਇਸ ਵਿੱਚ ਕੋਈ ਡੂੰਗੀ ਸ਼ਾਜ਼ਿਸ਼ ਹੈ। ਜੋ ਕਿ ਜੱਗ ਜ਼ਾਹਰ ਹੋਣੀ ਚਾਹੀਦੀ ਹੈ ਅਤੇ ਜੋ ਲੋਗ ਇਸ ਸਾਜਿਸ਼ ਵਿੱਚ ਜਿੰਮੇਵਾਰ ਹਨ ਉਨ੍ਹਾਂ ਦੇ ਚਿਹਰੇ ਵੀ ਨੰਗੇ ਹੋਣੇ ਚਾਹੀਦੇ ਹਨ। ਜਦੋਂ ਕਿ ਭਾਰਤੀ ਕਾਨੂੰਨ ਵਿੱਚ ਬਲਾਸਟ ਸੈਮੀ ਇਕ ਐਸਾ ਐਕਟ ਹੈ ਜਿਸ ਵਿੱਚ ਕਿਸੇ ਵੀ ਧਰਮ ਨੂੰ ਟਾਰਗੈਟ ਕਰਕੇ, ਧਰਮ ਦੀ ਤੌਹੀਨ ਨਹੀਂ ਕੀਤੀ ਜਾ ਸਕਦੀ, ਜਿਹੜੀ ਕਿ ਸਬੰਧਤ ਧਰਮ ਨੂੰ ਪਰੇਸ਼ਾਨ ਕਰਦੀ ਹੋਵੇ। ਤਾਂ ਬਲਾਸਟ ਸੈਮੀ ਐਕਟ ਦੇ ਅਧੀਨ ਉਨ੍ਹਾਂ ਨੂੰ ਸਜ਼ਾ ਹੋ ਸਕਦੀ ਹੈ।ਕਾਨੂੰਨ ਮਾਹਿਰਾਂ ਨੂੰ ਇਸ ਉਪਰ ਵਿਚਾਰ ਕਰਨੀ ਚਾਹੀਦੀ ਹੈ।

ਡਾ. ਢਿੱਲੋਂ ਨੇ ਕਿਹਾ ਕਿ ਦੁਨੀਆਂ ਦੇ ਹਰ ਖਿੱਤੇ ਵਿੱਚ ਵੱਧ ਗਿਣਤੀ ਲੋਕਾਂ ਨੂੰ ਘੱਟ ਗਿਣਤੀ ਲੋਕਾਂ ਨਾਲ ਇਕ ਰੰਜਿਸ਼ ਹੁੰਦੀ ਹੈ ਜਦੋਂ ਘੱਟ ਗਿਨਤੀ ਲੋਗ ਇਹ ਕਹਿਣ, ਕਿ ਸਾਡੀ ਅਲੱਗ ਅਤੇ ਵਿਲਖੱਣ ਪਹਿਚਾਣ ਹੈ ਤਾਂ ਵੱਧ ਗਿਣਤੀ ਅਤੇ ਘੱਟ ਗਿਨਤੀ ਲੋਕਾਂ ਵਿੱਚ ਇਕ ਦਰਾਰ ਪੈ ਜਾਂਦੀ ਹੈ ਬਿਨਾਂ ਕਿਸੇ ਕਾਰਨ ਅਤੇ ਕੀਮਤ ਦੇ। ਤਾਂ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਿੰਦੂਸਤਾਨ ਵਿੱਚ ਸਿੱਖ ਘੱਟ ਗਿਣਤੀ ਵਿੱਚ ਹਨ ਭਾਵੇਂ ਕਿ ਹਿੰਦੂਸਤਾਨ ਨੂੰ ਧਰਮ ਨਿਰਪੱਖ ਦੇਸ਼ ਕਿਹਾ ਜਾਂਦਾ ਹੈ ਲਕਿਨ ਧਰਮ ਨਿਰਪੱਖ ਦੇਸ਼ ਦੇ ਜੋ ਚਿੰਨ੍ਹ ਹਨ ਉਹ ਵੱਧ ਗਿਣਤੀ ਮਾਣਦੀ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ। ਇਹ ਗੱਲ ਕੇਵਲ ਹਿੰਦੂਸਤਾਨ ਦੀ ਹੀ ਨਹੀਂ, ਚਾਹੇ ਪਾਕਿਸਤਾਨ ਦੀ ਗੱਲ ਹੋਵੇ, ਉੱਥੇ ਵੀ ਸੁੱਨੀਆਂ ਦੀ ਗੱਲ ਹੀ ਰਾਜ ਦੀ ਗੱਲ ਮੰਨੀ ਜਾਂਦੀ ਹੈ, ਤੇ ਇੰਗਲੈਂਡ ਵਿੱਚ ਇਸਾਈ ਪ੍ਰੋਟੈਸਟੈਂਟ ਦੀ। ਉਸੇ ਤਰ੍ਹਾਂ ਹਿੰਦੋਸਤਾਨ ਵਿੱਚ ਹਿੰਦੂ ਵੱਧ ਗਿਣਤੀ ਵਿੱਚ ਹਨ, ਤੇ ਹਿੰਦੂਆਂ ਦਾ ਇਕ ਬਹੱਤ ਵੱਡਾ ਹਿੱਸਾ ਜਿਸ ਨੂੰ ਆਰ ਐਸ ਐਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਇਹ ਬਰਦਾਸ਼ਤ ਨਹੀਂ ਕਰਦੀ ਕਿ ਸਿੱਖ ਇਹ ਕਹਿਣ ਕਿ ਸਿੱਖ ਧਰਮ ਇਕ “ਇੰਡੀਪੈਂਡੈਂਟ ਸੋਵਰਣ ਰਿਲੀਜ਼ਨ” ਹੈ। ਡਾ. ਢਿੱਲੋਂ ਨੇ ਕਿਹਾ ਬਸ ਹਿੰਦੋਸਤਾਨ ਵਿੱਚ ਸਿੱਖਾਂ ਨਾਲ ਝਗੜਾ ਸਿਰਫ ਇਸ ਗੱਲ ਦਾ ਹੈ ਕਿ ਸਿੱਖ ਆਪਣੇ ਧਰਮ ਨੂੰ ਅਲੱਗ ਅਤੇ ਵਿਲੱਖਣ ਕਿਉਂ ਕਹਿੰਦੇ ਹਨ? ਮੈਂ ਬੜੀ ਇਮਾਨਦਾਰੀ ਨਾਲ ਇਹ ਸੱਚ ਕਹਿਣਾ ਚਾਹੁੰਦਾ ਹਾਂ ਕਿ ਹਿੰਦੂਸਤਾਨ ਵਿੱਚ ਆਰ ਐਸ ਐਸ ਹਿੰਦੂਆਂ ਦੀ ਆਈਡੀਲੋਗ ਹੈ ਉਹ ਇਸ ਗੱਲ ਲਈ ਬਜ਼ਿੱਦ ਹੈ ਕਿ ਜੇਕਰ ਸਿੱਖ ਆਪਣੇ ਧਰਮ ਨੂੰ ਅੱਲਗ ਅਤੇ ਵਿਲੱਖਣ ਕਹਿੰਦੇ ਹਨ ਤਾਂ ਉਹ ਸਾਡੇ ਦੁਸ਼ਮਣ ਹਨ। ਜੇਕਰ ਅੱਜ, ਸਿੱਖ ਇਹ ਕਹਿ ਦੇਣ ਕਿ ਅਸੀਂ ਕੇਸਾਧਾਰੀ ਹਿੰਦੂ ਹਾਂ, ਸਿੱਖ ਧਰਮ ਕੋਈ ਵੱਖਰਾ ਨਹੀਂ, ਸਿੱਖ ਹਿੰਦੂ ਧਰਮ ਦਾ ਹੀ ਹਿੱਸਾ ਹਨ ਤਾਂ ਕੋਈ ਝਗੜਾ ਨਹੀਂ। ਹਿੰਦੂਸਤਾਨ ਵਿੱਚ ਸਿੱਖਾਂ ਨਾਲ ਅਸਲ ਝਗੜੇ ਦੀ ਜੜ੍ਹ ਹੈ ਸਿੱਖਾਂ ਦਾ ਆਪਣੇ ਧਰਮ ਨੂੰ ਅਲੱਗ ਅਤੇ ਵਿਲੱਖਣ ਕਹਿਣਾ। ਤੇ ਇਸ ਗੱਲ ਨੂੰ 99% ਹਿੰਦੂ ਬਰਦਾਸ਼ਤ ਨਹੀਂ ਕਰਦੇ ਚਾਹੇ ਉਹ ਕਾਗਰਸ ਪਾਰਟੀ ਨਾਲ ਸਬੰਧਿਤ ਹੋਣ ਤੇ ਚਾਹੇ ਬੀ ਜੇ ਪੀ ਨਾਲ। ਇਹ ਗੱਲ ਕਹਿਣ ਨਾਲ ਸਿੱਖਾਂ ਨੂੰ ਹਮੇਸ਼ਾ ਹੀ ਇਹ ਤਕਲੀਫ ਰਹਿਣੀ ਹੈ ਜੇ ਸਿੱਖ ਆਪਣੇ ਧਰਮ ਨੂੰ ਅਲੱਗ ਕਹਿਣਗੇ ਤਾਂ ਸਿੱਖ ਅਲਗਾਵਵਾਦੀ ਹੈ। ਤੇ ਸਿੱਖ ਹਿੰਦੂਸਤਾਨ ਦੇ ਖਿਲਾਫ ਹੈ। ਅਤੇ ਤੁਸੀਂ ਅਤਿਵਾਦੀ ਹੋ, ਤੇ ਤੁਹਾਨੂੰ ਕੁਟਣਾ ਸਾਡੀ ਲ਼ੈਜਿਟੀਮੇਸੀ ਹੈ। ਸੋ ਇਸ ਤਰ੍ਹਾਂ ਦੀ ਸਮਸਿਆ ਪਾਰਟ ਐਂਡ ਪਾਰਸਲ ਆਫ ਦੀ ਸਿਸਟਮ ਹੈ ਜੋ ਸਿੱਖਾਂ ਨੂੰ ਵੀ ਸਮਝ ਲੇਣੀ ਚਾਹੀਦੀ ਹੈ, ਹਿੰਦੂ ਤਾਂ ਸਮਝੇ ਹੀ ਹੋਇ ਹਨ। ਡਾ. ਢਿੱਲੋਂ ਨੇ ਕਿਹਾ ਕਿ ਮੈਂ ਹਿੰਦੂਆਂ ਨੂੰ ਦਾਦ ਦਿੰਦਾ ਹਾਂ ਕਿ ਇਨ੍ਹਾਂ ਦੀ ਕਾਸਟ ਇੰਸਚੀਊਟ ਵਿੱਚ ਬ੍ਰਾਹਮਣ ਜਮਾਤ ਪੜ੍ਹਦੀ ਵੀ ਹੈ ਅਤੇ ਲਿਖਦੀ ਵੀ ਹੈ। ਕਹਿਣ ਦਾ ਮੱਤਲਬ ਇਹ ਹੈ ਕਿ ਇਹ ਜਮਾਤ ਰਿਮਾਰਕੈਬਲ ਪੀਪਲ ਹਨ, ਹਿੰਦੁਸਤਾਨ ਦੇ ਅੰਗਰੇਜੀ ਦੇ ਅਖਬਾਰਾਂ ਦਾ ਮਿਆਰ ਇੰਗਲੈਂਡ ਅਤੇ ਅਮਰੀਕਾ ਦੇ ਅਖਬਾਰਾਂ ਦੇ ਬਰਾਬਰ ਹੈ।ਸਕਿੱਲਸ ਆਫ ਰਾਈਟਿੰਗ ਦੀ ਬੜੀ ਇੰਪੋਰਟਸ ਹੈ ਦੁਨੀਆਂ ਵਿੱਚ ਕਿਉਂਕਿ ਉਹ ਖਤਮ ਨਹੀਂ ਹੁੰਦਾ।

ਸਿੱਖ ਗੁਰੂ ਬਹੁੱਤ ਵੱਡੇ ਵਿਦਵਾਨ ਅਤੇ ਦੂਰੰਦੇਸ਼ ਸਨ ਉਨ੍ਹਾਂ ਦੀ ਸਿੱਖ ਧਰਮ ਨੂੰ ਸੱਭ ਤੋਂ ਵਡੀ ਦੇਣ ਹੈ ਸਿੱਖਾਂ ਨੂੰ ਰਿੱਟਨ ਵਰਡ (ਸ਼ਬਦ) ਦੇਣਾ, ਤੇ ਕਿਹਾ ਕਿ ਇਸ ਸ਼ਬਦ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਅੱਜ ਸਿੱਖਾਂ ਨੂੰ ਨਹੀਂ ਬਲਕਿ ਗ੍ਰੰਥ ਨੂੰ ਖਤਰਾ ਹੈ। ਜੇਕਰ ਗ੍ਰੰਥ ਖਤਮ ਹੋ ਜਾਏ ਅਤੇ ਸਿੱਖ ਮੰਨ ਲੈਣ ਕਿ ਇਹ ਗ੍ਰੰਥ ਸ਼ਬਦ ਗੁਰੂ ਦਾ ਰੂਪ ਨਹੀਂ ਹੈ ਤਾਂ ਸਿੱਖ ਖਤਮ ਹੋ ਜਾਣਗੇ। ਸਿੱਖ ਖਤਮ ਨਹੀਂ ਹੁੰਦੇ ਇਹ ਹਿੰਦੂਆਂ ਨੂੰ ਵੀ ਪਤਾ ਹੈ। ਪਰ ਬਦਕਿਸਮਤੀ ਨਾਲ ਸਿੱਖਾਂ ਦੀ ਰਾਜਨੀਤਕ ਲੀਡਰਸ਼ਿਪ ਹਿੰਦੂਆਂ ਨੂੰ ਇਹ ਗੱਲ ਸਮਝਾ ਨਹੀਂ ਸਕਦੀ ਕਿਉਂਕਿ ਉਨ੍ਹਾਂ ਦਾ ਇੰਟਲੈਕਚੁਅੱਲ ਲੈਵਲ ਬਹੱਤ ਛੋਟਾ ਹੈ। ਮੈਂ ਸਮਝਦਾ ਹਾਂ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਸੱਚਮੁੱਚ ਇੰਟਲੈਕਚੁਅੱਲ ਹਨ ਤਾਂ ਉਹ ਆਰ ਐਸ ਐਸ ਦੀ ਮੀਟਿੰਗ ਵਿੱਚ ਇਹ ਗੱਲ ਸਮਝਾ ਦੇਣ ਕਿ ਸਿੱਖਾਂ ਦੀ ਅੱਲਗ ਪਹਿਚਾਨ ਸਿੱਖਾਂ ਨੇ ਨਹੀਂ ਬਲਕਿ ਸਿੱਖ ਗੁਰੂਆਂ ਨੇ ਬੜੀ ਸਮਝਦਾਰੀ ਨਾਲ ਦਿੱਤੀ ਹੈ।ਕਿਉਂਕਿ ਉਨ੍ਹਾਂ ਨੂੰ ਸੰਸਾਰਿਕ ਗਿਆਨ ਸੀ, ਇਹ ਸਮਝ ਸੀ ਕਿ ਜੇ ਇਨ੍ਹਾਂ ਨੂੰ ਗ੍ਰੰਥ ਦੇ ਦਿਤਾ ਤਾਂ ਬ੍ਰਾਹਮਣ ਚਲਾਕ ਹੈ ਉਸ ਨੇ ਕੋਈ ਨਾ ਕੋਈ ਐਸੀ ਇੰਟਰਪਟੇਸ਼ਨ ਕਰਨੀ ਹੈ ਕਿ ਸਿੱਖ ਗੁਮਰਾਹ ਹੋ ਜਾਣਗੇ। ਇਸ ਲਈ ਗੁਰੂਆਂ ਨੇ ਸ਼ਬਦ ਨੂੰ ਲ਼ੈਜਿਟੀਮਾਈਜ਼ ਕਰ ਦਿੱਤਾ, ਸਿਪਰਿਚੁਅਲੀ ਕਰ ਦਿੱਤਾ, ਮੋਰਲੀ ਕਰ ਦਿੱਤਾ, ਸੋਸ਼ੀਲੀ ਕਰ ਦਿੱਤਾ ਰਿਲੀਜ਼ੀਅਸਲੀ ਕਰ ਦਿੱਤਾ ਤੇ ਪੁਲੀਟੀਕਲੀ ਵੀ ਕਰ ਦਿੱਤਾ। ਇਸ ਲਈ ਸਿੱਖ ਮਰਦੇ ਨਹੀਂ ਇਹ ਹਿੰਦੂਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਤੇ ਕੋਈ ਐਸਾ ਫਾਰਮੁੱਲਾ ਕੱਢ ਲੈਣਾ ਚਾਹੀਦਾ ਹੈ ਜਿਸ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਨ ਅਤੇ ਹੋਂਦ ਨੂੰ ਮੰਨ ਕੇ ਸਿੱਖਾਂ ਨੂੰ ਇਸ ਖਿੱਤੇ ਵਿੱਚ ਆਜ਼ਾਦੀ ਨਾਲ ਰਹਿਣ ਦਿੱਤਾ ਜਾਏ, ਜਿੱਥੇ ਉਹ ਖੁੱਲ ਕੇ ਆਪਣੀ ਗੱਲ ਕਹਿ ਸਕਣ।

ਇਸ ਮੌਕੇ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਹਰਪਾਲ ਸਿੰਘ ਚੀਮਾ, ਸਤਨਾਮ ਸਿੰਘ ਬਹਿਰੂ, ਹਰਪਾਲ ਸਿੰਘ, ਅਜੀਤ ਸਿੰਘ ਬਾਠ, ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ, ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਰੂਹਣਕਲਾਂ, ਬਲਾਕ ਖੰਨਾ ਪ੍ਰਧਾਨ ਹਰਸ਼ਿੰਦਰ ਸਿੰਘ, ਸੋਹਣ ਸਿੰਘ ਰੂਹਣ ਖੁਰਦ, ਬਲਜਿੰਦਰ ਸਿੰਘ ਮੌਰਜੰਡ, ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਦੇ ਜਸਬਿੰਦਰ ਸਿੰਘ ਦੁਬਈ, ਅਮਰਜੀਤ ਸਿੰਘ ਚੰਡੀਗੜ੍ਹ, ਮਨਜੀਤ ਸਿੰਘ ਖਾਲਸਾ, ਮੋਹਾਲੀ ਅਤੇ ਕਰਮਜੀਤ ਸਿੰਘ ਆਦਿ ਹਾਜ਼ਿਰ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top