ਬਾਬਾ ਕਬੀਰ ਜੀ ਫੁਰਮਾਂਉਦੇ ਹਨ, ਬੂਰੀ ਮਾਂ (ਮਤਿ) ਵਾਲੇ ਸਾਕਤ ਦੇ
ਸੰਗ ਨਾਲੋਂ ਮੈਨੂੰ ਇੱਕ ਕੂਕਰ ਦਾ ਸੰਗ ਜ਼ਿਆਦਾ ਚੰਗਾ ਹੈ, ਕਿਉਂਕਿ ਇੱਕ ਕੂਕਰ ਤਾਂ ਫੇਰ
ਵੀ ਅਪਣੇ ਮਾਲਿਕ ਦੀ ਵਡਿਆਈ ਸੁਣਦਾ, ਭਾਵ: ਉਸਦਾ ਵਫਾਦਾਰ ਹੁੰਦਾ ਹੈ, ਲੇਕਿਨ ਇਕ ਸਾਕਤ
ਮਤੀਆ ਤਾਂ ਉਸ ਮਾਲਿਕ ਨੂੰ ਵਿਸਾਰ ਕੇ, ਪਾਪ ਹੀ ਇਕੱਠੇ ਕਰਦਾ ਫਿਰਦਾ ਹੈ।
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥ ਅੰਕ 1367
ਮੈਂ ਵੀ ਅੱਜ ਇਹ ਨਿਸ਼ਚਾ ਦ੍ਰਿੜ ਕਰਦਾ ਹਾਂ, ਕਿ ਜਾਗਰੂਕ ਅਖਵਾਉਣ ਵਾਲੇ ਉਨਾਂ ਸਾਕਤ
ਮੱਤੀਆਂ ਨਾਲ ਅਪਣਾ ਨਾਤਾ ਹਮੇਸ਼ਾਂ ਹਮੇਸ਼ਾਂ ਲਈ ਤੋੜ ਲਵਾਂ, ਜੋ ਮੇਰੇ ਗੁਰੂ ਤੋਂ ਹੀ
ਬੇਮੁਖ ਹੋ ਚੁਕੇ ਹਨ। ਜਾਗਰੂਕ ਤਬਕੇ ਦੇ ਮੂੰਹ 'ਤੇ ਕਾਲਿਖ ਪੋਤਣ ਵਾਲੇ ਐਸੈ ਅਖੌਤੀ
ਵਿਦਵਾਨਾਂ ਨਾਲ ਮੈਂ ਹਮੇਸ਼ਾਂ ਹਮੇਸ਼ਾਂ ਲਈ ਅਪਣੇ ਸੰਬੰਧ ਤੋੜ ਰਿਹਾ ਹਾਂ, ਜੋ ਗੁਰੂ ਨੂੰ
ਗੁਰੂ ਕਹਿਣ ਤੋਂ ਮੁਨਕਰ ਹੋਣ, ਸਿੱਖੀ ਸਿਧਾਤਾਂ ਦੀ ਨਵੀਂ ਨਵੀਂ ਵਿਆਖਿਆ ਨਿੱਤ ਘੜ੍ਹਦੇ
ਅਤੇ ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਰੱਦ ਕਰਦੇ ਹੋਣ, ਜੋ ਅਪਣੇ ਬੱਚਿਆਂ ਦੇ ਆਨੰਦ ਕਾਰਜ
ਵਿੱਚ ਗੁਰੂ ਦੀ ਹਜੂਰੀ ਨੂੰ ਵੀ ਜਰੂਰੀ ਨਹੀਂ ਸਮਝਦੇ, ਜਿਨ੍ਹਾਂ ਦਾ ਸ਼ਬਦ ਗੁਰੂ ਪ੍ਰਤੀ
ਕੋਈ ਅਦਬ ਨਹੀਂ, ਕੋਈ ਸਤਿਕਾਰ ਨਹੀਂ। ਮੈਂ ਐਸੇ ਸਾਕਤ ਮਤੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ
ਅਤੇ ਉਨ੍ਹਾਂ ਨਾਲ ਸੰਬੰਧ ਰੱਖਣ ਵਾਲਿਆਂ ਨਾਲ ਅੱਜ ਤੋਂ ਕੋਈ ਸਾਂਝ ਨਹੀਂ ਰੱਖਾਂਗਾ।
ਮੇਰਾ
ਭਾਈ ਅਤੇ ਮਿਤੱਰ ਤਾਂ ਉਹ ਹੀ ਹੋ ਸਕਦਾ ਹੈ, ਜੋ ਮੇਰੇ ਗੁਰੂ ਦੀ ਗਲ ਕਰੇ, ਪੰਥ ਦੀ
ਚੜ੍ਹਦੀਕਲਾ ਲਈ ਅਪਣੇ ਮਨ ਵਿੱਚ ਇਕ ਦਰਦ ਵਸਾਈ ਬੈਠਾ ਹੋਵੇ। ਜੋ ਉਸ ਪ੍ਰਭੂ ਦੀ ਦਿਤੀ ਹੋਈ
ਮਤਿ ਨਾਲ ਮੈਨੂੰ ਜੋੜੇ, ਉਹ ਹੀ ਮੇਰਾ ਮਿਤੱਰ ਹੋ ਸਕਦਾ ਹੈ।
ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ
ਮਤਿ ਦੇਇ ॥ ਅੰਕ 298
ਉਨ੍ਹਾਂ ਸਾਕਤਾਂ ਨੂੰ ਮੇਰੇ ਵਰਗੇ ਕੂਕਰ ਦੇ ਸੰਬੰਧ ਤੋੜ ਦੇਂਣ ਨਾਲ
ਕੋਈ ਫਰਕ ਨਹੀਂ ਪੈਣਾਂ, ਲੇਕਿਨ ਮੈਂ ਇਹੋ ਜਹੇ ਲੋਕਾਂ ਨਾਲ ਸਾਂਝ ਕਰਕੇ ਅਪਣੇ ਜ਼ਮੀਰ ਤੋਂ
ਤਾਂ ਨਹੀਂ ਡਿਗਾਂਗਾ। ਮੈਂ ਕਿਸੇ ਨੂੰ ਕੋਈ ਜਵਾਬ ਦੇਹ ਨਹੀਂ ਹਾਂ, ਲੇਕਿਨ ਅਪਣੀ ਜ਼ਮੀਰ
ਨੂੰ ਹਮੇਸ਼ਾਂ ਜਵਾਬ ਦੇਹ ਰਹਿੰਦਾ ਹਾਂ। ਅਪਣੇ ਗੁਰੂ ਦੇ ਅਦਬ ਅਤੇ ਸਤਿਕਾਰ ਨਾਲ ਇੱਕ ਰੱਬੀ
ਖੇੜੇ ਅਤੇ ਖੁਸ਼ੀ ਨੂੰ ਮੈਂ ਹਮੇਸ਼ਾਂ ਮਹਿਸੂਸ ਕੀਤਾ ਹੈ। ਇਹ ਖੁਸ਼ੀ ਅਤੇ ਖੇੜਾ ਬਹੁਤ
ਖੁਸ਼ਨਸੀਬਾਂ ਨੂੰ ਗੁਰੂ ਬਖਸ਼ਿਸ਼ ਨਾਲ ਹਾਸਿਲ ਹੁੰਦਾ ਹੈ।
ਮੈਨੂੰ ਇਹੋ ਜਿਹੇ ਸਮਾਜ ਅਤੇ ਤਬਕੇ ਦੀ ਜਰੂਰਤ ਹੀ ਨਹੀਂ ਹੈ, ਜੋ ਆਪ ਗੁਰੂ ਤੋਂ ਬੇਮੁਖ
ਹੋਵੇ ਅਤੇ ਦੂਜਿਆ ਨੂੰ ਵੀ ਗੁਰੂ ਤੋਂ ਦੂਰ ਕਰੇ। ਜੋ ਪੰਥ ਦੀ ਚੜ੍ਹਦੀਕਲਾ ਦੀ ਬਜਾਇ ਪਗ
ਪਗ 'ਤੇ ਨਵੇਂ ਨਵੇਂ ਭੰਬਲਭੂਸੇ ਖੜੇ ਕਰਦਾ ਹੋਵੇ। ਇਹੋ ਜਹੀਆਂ ਰੀਤਾਂ ਨੂੰ ਅਪਨਾਉਂਦਾ
ਹੋਵੇ, ਜਿਸ ਨਾਲ ਮੇਰਾ ਪਿਆਰਾ ਗੁਰੂ ਹੀ ਮੇਰੇ ਤੋਂ ਦੂਰ ਹੁੰਦਾ ਹੋਵੇ। ਇਹੋ ਜਹੇ ਸਾਕਤ
ਮਤੀਆਂ ਨਾਲ ਮੇਰਾ ਕੀ ਵਾਸਤਾ?
ਸਾਕਤ ਕੀ ਐਸੀ ਹੈ ਰੀਤਿ ॥ ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥
ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥ ਸੋਈ ਠਾਕੁਰੁ ਮਨਹੁ
ਬਿਸਾਰਿਆ ॥੩॥ ਅੰਕ 195
ਇਹ ਇਕ ਸਿੱਖ ਲਈ ਗੁਰਮਤਿ ਦੇ ਕੁਝ ਮੁੱਢਲੇ ਅਸੂਲ ਹਨ, ਜਿਨ੍ਹਾਂ ਨੂੰ ਸ਼ਾਇਦ ਮੈਂ ਭੁਲਾ
ਬੈਠਾ ਸੀ। ਉਸ ਸਮਰਥ ਗੁਰੂ ਨੇ ਮੈਨੂੰ ਚੇਤੇ ਦੁਆ ਕੇ, ਫਿਰ ਮੇਰੇ 'ਤੇ ਰਹਿਮਤਾਂ ਦੀ
ਬਾਰਿਸ਼ ਕੀਤੀ ਹੈ। ਮੈਂ ਉਸ ਗੁਰੂ ਕੋਲੋਂ ਹਮੇਸ਼ਾਂ ਦੀ ਤਰ੍ਹਾਂ ਸੁਮਤਿ ਮੰਗਦਾ ਹਾਂ, ਅਤੇ
ਨਾਲ ਹੀ ਐਸੈ ਸਾਕਤ ਮਤੀਆਂ ਤੋਂ ਦੂਰ ਰੱਖਣ ਦੀ ਜੋਦੜੀ ਵੀ ਕਰਦਾ ਹਾਂ, ਜੋ ਆਪ ਤਾਂ ਗੁਰੂ
ਤੋਂ ਬੇਮੁਖ ਹਣ ਅਤੇ ਦੂਜਿਆਂ ਨੂੰ ਵੀ ਬੇਮੁਖ ਕਰਦੇ ਹਨ।