Share on Facebook

Main News Page

ਸਿੰਘੋ ਜਾਗੋ - ਕੀ ਜ਼ਾਲਮ ਹੱਥੋਂ ਤਰਸ ਦੀ ਉਡੀਕ ਕਰਦੇ ਰਹੋਗੇ ?
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਅੱਜ ਚਾਰੋਂ ਪਾਸੇ ਤੋਂ ਸਿੱਖੀ ‘ਤੇ ਮਾਰੂ ਹਮਲੇ ਹੋ ਰਹੇ ਹਨ।
  1. ਸਿੱਖੀ ਦੀ ਜਿੰਦ ਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਸ਼ੱਕੀ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਘਿਨਾੳਣੇ ਕੰਮ ਲਈ ਭੀ ਸਿੱਖੀ ਭੇਖ ਵਾਲੀਆਂ ਬਹੁਤ ਸਾਰੀਆਂ ਕਲਮਾਂ ਦੀ ਹੀ ਡਿਉਟੀ ਲਾਈ ਗਈ ਹੈ।
     
  2. ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖੀ ਨੂੰ ਹਿੰਦੂਵਾਦ ਦੇ ਖਾਰੇ ਸਮੁੰਦਰ ਵਿੱਚ ਡੋਬਣ ਲਈ, ਗੁਰੂ ਅਤੇ ਸਿੱਖ ਨਾਲ ਆਚਰਣਹੀਣਤਾ ਜੋੜਨ ਲਈ, ਜੱਥੇਦਾਰਾਂ ਅਤੇ ਸੰਤ ਸਮਾਜ ਦੀ ਵਰਤੋਂ ਕੀਤੀ ਜਾ ਰਹੀ ਹੈ।
     
  3. ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਸਿੱਖ ਇਤਿਹਾਸ ਦਾ ਰੂਪ ਬਦਲ ਕੇ ਘਿਨਾਉਣੀ ਛੇੜ ਛਾੜ ਰਾਹੀਂ ਗੁਰੂ ਦੇ ਪਵਿੱਤਰ ਜੀਵਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
     
  4. ਅਤੇ ਹੁਣ ਸਭ ਤੋਂ ਤਾਜ਼ਾ ਅਤੇ ਵੱਡਾ ਹਮਲਾ ਹੈ ਸ਼੍ਰੋਮਣੀ ਕਮੇਟੀ, ਸੰਤ ਸਮਾਜ, ਅਤੇ ਤਖਤਾਂ ਦੇ ਜੱਥੇਦਾਰਾਂ ਰਾਹੀਂ ਨਾਨਕਸ਼ਾਹੀ ਕੈਲੰਡਰ ਖਤਮ ਕਰਕੇ, ਸਿੱਖੀ ਨੂੰ ਜ਼ਬਰਨ ਬਿਕਰਮੀ ਕੈਲ਼ੰਡਰ ਦੇ ਦਰਵਾਜ਼ਿਓਂ ਬ੍ਰਾਹਮਣਵਾਦ ਵਿਚ ਪ੍ਰਵੇਸ਼ ਕਰਾਉਣਾ।
    "ਖਾ ਕੇ ਜ਼ਖਮ ਜਬ ਦੇਖਾ ਸਿਤਮਗ਼ਰ ਕੀ ਤਰਫ, ਤੋ ਅਪਨੇ ਹੀ ਦੋਸਤੋਂ ਸੇ ਮੁਲਾਕਾਤ ਹੋ ਗਈ।"
     
  5. ਮੈ ਅੱਜ ਸਿਤਮਗ਼ਰ ਦੋਸਤਾਂ ਕੋਲੋਂ ਪੁਛਣਾ ਚਾਹੁੰਦਾ ਹਾਂ ਕਿ ਇਸੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੋਜ਼ ਮੱਥਾ ਭੀ ਟੇਕਦੇ ਹੋ, ਪਰ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਵਾਂਗੂੰ ਗੁਰੂ ਦੀ ਸੰਪੂਰਣਤਾ 'ਤੇ ਸ਼ੰਕੇ ਭੀ ਪੈਦਾ ਕਰਦੇ ਹੋ। ਯਕੀਨ ਕਰੋ ਐਸੇ ਕਿਸੇ ਹਰਬੇ ਨਾਲ ਭੀ ਸਿੱਖ ਦਾ ਸਿਦਕ ਨਹੀਂ ਡੋਲ ਸਕਦਾ।
     
  6. ਨਾਨਕਸ਼ਾਹੀ ਜੰਤਰੀ 531 ਨੂੰ ਰਿਲੀਜ਼ ਕਰਦਿਆਂ, ਉਸੇ ਜੰਤਰੀ ਵਿਚ ਉਸ ਵੱਕਤ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਦੇ ਸੰਦੇਸ਼, ਸ. ਕਰਮ ਸਿੰਘ ਹਿਸਟੋਰੀਅਨ, ਪ੍ਰੋ. ਸਾਹਿਬ ਸਿੰਘ ਅਤੇ ਸ. ਪਾਲ ਸਿੰਘ ਪੁਰੇਵਾਲ ਦੇ ਵੀਚਾਰ ਛਾਪ ਕੇ, ਸਿਖ ਕੌਮ ਨੂੰ ਨਾਨਕਸ਼ਾਹੀ ਕੈਲ਼ੰਡਰ ਦੀ ਲੋੜ ਅਤੇ ਇਸ ਵੱਡਮੁੱਲੇ ਕਾਰਜ ਦੇ ਸੋਹਿਲੇ ਤੁਸਾਂ ਆਪ ਨਹੀਂ ਗਾਏ ਸਨ? ਜੋ ਮੈਂ ਸੰਗਤਾਂ ਦੀ ਗਿਆਤ ਲਈ ਅੱਗੇ ਦੇ ਰਿਹਾ ਹਾਂ। ਫਿਰ ਕਿਸ ਸਾਜਸ਼ ਅਤੇ ਸੌਦੇ ਅਧੀਨ ਕੌਮ ਨਾਲ ਗ਼ਦਾਰੀ ਕਰਦਿਆਂ, ਬਿਕਰਮੀ ਕੈਲੰਡਰ ਅੱਗੇ ਨਾਨਕਸ਼ਾਹੀ ਕੈਲੰਡਰ ਦੀ ਬਲੀ ਦੇ ਦੇਣ ਦਾ ਫੈਸਲਾ ਕੀਤਾ ਗਿਆ ਹੈ? ਪਰ ਯਾਦ ਰੱਖੋ ਕੌਮ ਜਾਗ ਪਈ ਹੈ, ਜਾਗਰਤ ਸਿੱਖ ਜਿਥੇ ਆਪਣੀ ਜਿੰਦ ਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਰਵਉਚਤਾ ‘ਤੇ ਨਿਰਸੰਕ ਪਹਿਰਾ ਦੇਵੇਗਾ, ਓਥੇ ਅਪਣਾ ਵਿਰਸਾ ਸਮਝ ਕੇ ਨਾਨਕਸ਼ਾਹੀ ਕੈਲੰਡਰ ਨੂੰ ਭੀ ਸੰਭਾਲੇਗਾ ਅਤੇ ਪਾਲੇਗਾ।
     
  7. ਸਿੰਘੋ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਖੋਲ ਕੇ ਦੇਖੋ, ਉਸ ਵਿਚ ਸ਼੍ਰੋਮਣੀ ਕਮੇਟੀ ਆਪ ਫੈਸਲਾ ਲਿਖਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 1 ਵੈਸਾਖ ਦਾ ਹੈ। ਹੇਠਾਂ ਦੇ ਰਿਹਾ ਹਾਂ, ਕਿ ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਜੰਤਰੀ ਵਿੱਚ ਦਿੱਤੇ ਗੁਰਪੁਰਬਾਂ ਦੇ ਚਾਰਟ ਵਿੱਚ ਭੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1 ਵੈਸਾਖ ਦਾ ਦੇ ਰਹੀ ਹੈ। ਸ਼੍ਰੋਮਣੀ ਕਮੇਟੀ ਆਪ ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ਛਾਪਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਪਹਿਲੀ ਵੈਸਾਖ ਦਾ ਹੈ, ਪਰ ਪੰਥਕ ਪ੍ਰਪਰਾਵਾਂ ਅਨੁਸਾਰ ਕਤਕ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ, ਅੱਗੇ ਜਾਕੇ ਲਿਖਦੇ ਹਨ, ਪੂਰਨਮਾਸ਼ੀ ਨੂੰ ਉਦੋਂ ਤੱਕ ਮਨਾਇਆ ਜਾਇਆ ਕਰੇਗਾ, ਜਦ ਤੱਕ ਕੇ ਪੰਥ ਇਸ ਤੇ ਮੁੜ ਵੀਚਾਰ ਕਰਕੇ, ਇਸ ਨੂੰ ਪਹਿਲੀ ਵੈਸਾਖ ਨੂੰ ਮਨਾਉਣਾ ਅਰੰਭ ਨਹੀਂ ਕਰਦਾ। ਫਿਰ ਕੀ ਕਾਰਨ ਹੈ ਕੇਵਲ ਡੇਰੇਦਾਰਾਂ ਨੂੰ ਪੂਰਨਮਾਸ਼ੀਆਂ ਮਨਾਉਣ ਦੀ ਖੁਸ਼ੀ ਦੇਣ ਲਈ, ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ? ਪੰਥ ਅਖਵਾਣ ਵਾਲਿਓ, ਵੀਚਾਰ ਕਰੋ ਕੀ ਇਹ ਫੈਸਲਾ ਕਿਸੇ ਹੋਰ ਪੰਥ ਨੇ ਕਰਨਾ ਹੈ? ਫਿਰ ਨਾ ਆਖਿਓ, ਜਦੋਂ ਜਾਗਰਤ ਪੰਥ ਨੇ ਫੈਸਲਾ ਕਰਕੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪਹਿਲੀ ਵੈਸਾਖ ਨੂੰ ਮਨਾਉਣਾ ਆਰੰਭ ਕਰ ਦਿਤਾ।

ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਜਥੇਬੰਦੀ ਦਾ ਨਾਨਕਸ਼ਾਹੀ ਕੈਲੰਡਰ 545 ਜਾਰੀ ਕਰਨ ਵੇਲੇ ਪ੍ਰੈਸ ਨੋਟ

 

ਸ਼੍ਰੋਮਣੀ ਕਮੇਟੀ ਵਲੋਂ ਜਾਰੀ ਨਾਨਕਸ਼ਾਹੀ ਜੰਤਰੀ 531 (1999)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top