Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ੰਕੇ ਖੜੇ ਕਰਨ ਵਾਲਿਆਂ ਦੇ ਜਾਲ ਦੀ ਗ੍ਰਿਫਤ ਵਿੱਚ ਹੈ, ਹੁਣ ਜਾਗਰੂਕ ਤਬਕਾ
- ਇੰਦਰਜੀਤ ਸਿੰਘ, ਕਾਨਪੁਰ

ਜਾਗਰੂਕ ਤਬਕਾ ਜੋ ਪਹਿਲਾਂ ਹੀ "ਧਰਮ ਮਾਫੀਏ" ਅਤੇ "ਬੁਰਛਾਗਰਦਾਂ" ਦੇ ਫਾਹੇ ਨੂੰ ਅਪਣੇ ਗਲੇ ਵਿਚੋਂ ਲਾਉਣ ਲਈ ਹੱਥ ਪੈਰ ਮਾਰ ਰਿਹਾ ਸੀ। ਬ੍ਰਾਹਮਣਵਾਦੀ ਵਿਵਸਥਾ ਦੀ ਸ਼ਿਕਾਰ ਸਿੱਖੀ, ਪਹਿਲਾਂ ਹੀ ਸਿੱਖ ਵਿਰੋਧੀਆਂ ਦੇ ਸਟੀਕ ਹਮਲਿਆਂ ਨਾਲ ਲਹੂ ਲੁਹਾਨ ਹੋਈ ਪਈ ਹੈ । ਉਸ ਦਾ ਅਮੀਰ ਵਿਰਸਾ, ਇਤਿਹਾਸ ਅਤੇ ਸਿਧਾਂਤਾਂ ਨੂੰ ਪੰਥ ਦੋਖੀਆਂ ਨੇ ਪਹਿਲਾਂ ਹੀ ਦੂਸ਼ਿਤ ਕਰ ਦਿਤਾ ਹੋਇਆ ਹੈ।

ਹੁਣ ਜਾਗਰੂਕ ਤਬਕੇ ਵਿੱਚੋਂ ਹੀ ਉੱਗੇ ਕੁਝ ਐਸੇ ਅਨਸਰਾਂ ਨੇ ਉਨ੍ਹਾਂ 'ਤੇ ਇੱਕ ਨਵਾਂ ਜਾਲ ਸੁੱਟ ਦਿਤਾ ਹੈ, ਜਿਸਦਾ ਅਹਿਸਾਸ ਵੀ ਸਾਨੂੰ ਨਹੀਂ ਹੋ ਰਿਹਾ, ਕਿਉਂਕਿ ਇਹ ਹਮਲਾ ਬਾਹਰੋਂ ਨਹੀਂ ਅੰਦਰੋਂ ਹੋਇਆ ਹੈ। ਅਸੀਂ ਇਸ ਜਾਲ ਵਿੱਚ ਲਗਭਗ ਫਸ ਚੁਕੇ ਹਾਂ। ਇਹ ਜਾਲ ਇਨਾਂ ਖਤਰਨਾਕ ਹੈ, ਕਿ ਇਸ ਵਿਚ ਫਸਿਆ ਸਿੱਖ ਕਿਸੇ ਕੀਮਤ 'ਤੇ ਬੱਚ ਨਹੀਂ ਸਕੇਗਾ। ਉਸ ਵਿੱਚ ਫਸਿਆ ਸਿੱਖ, ਸਿੱਖੀ ਦੇ ਮੁੱਢਲੇ ਸਿਧਾਂਤਾਂ ਨੂੰ ਆਪ ਹੀ ਨਕਾਰ ਕੇ, ਅਨਮਤਿ ਵਿੱਚ ਰਲ ਗੱਡ ਹੋ ਜਾਏਗਾ। ਇਸ ਕੰਮ ਵਿੱਚ, ਇਸ ਧੱੜੇ ਨੇ ਕੁੱਝ ਨਵੀਂ ਸੋਚ ਵਾਲੇ ਅਤੇ ਕੱਚੇ ਪਿੱਲੇ ਲੋਕਾਂ ਨੂੰ ਰਲਾ ਕੇ ਇਕ ਧੱੜਾ ਤਿਆਰ ਕਰ ਲਿਆ ਹੈ।

ਇਹ ਉਹ ਲੋਕ ਹਨ, ਜੋ ਬਚਿਤੱਰ ਨਾਟਕ ਦੇ ਵਿਰੋਧ ਦਾ ਰੌਲਾ ਬਹੁਤ ਪਾਉਂਦੇ ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ ਦਾ ਅਦਬ ਅਤੇ ਸਤਿਕਾਰ ਤਾਂ ਦੂਰ ਦੀ ਗਲ ਹੈ, ਉਨ੍ਹਾਂ 'ਤੇ ਸ਼ੰਕੇ ਖੜੇ ਕਰਣ ਤੋਂ ਵੀ ਬਾਜ਼ ਨਹੀਂ ਆਉਂਦੇ।

ਇਨ੍ਹਾਂ ਲਈ ਸਿੱਖੀ ਕੋਈ ਵਖਰਾ ਅਤੇ ਨਿਰਾਲਾ ਪੰਥ ਨਹੀਂ ਹੈ, ਕੇਵਲ ਇਕ ਵਿਚਾਰਧਾਰਾ ਹੈ। ਸਿੱਖੀ ਨਾਂ ਕੋਈ ਵਖਰਾ ਧਰਮ ਹੈ, ਨਾਂ ਕੋਈ ਵਖਰੀ ਕੌਮ ਹੈ। ਗੁਰੂ ਗ੍ਰੰਥ ਸਾਹਿਬ ਜੀ ਉਤੇ, ਸਿੱਖਾਂ ਦਾ ਕੋਈ ਅਧਿਕਾਰ ਨਹੀਂ, ਕਿਉਂਕਿ ਇਹ ਪੂਰੀ ਮਨੁਖਤਾ ਦਾ ਸਾਂਝਾ ਗ੍ਰੰਥ ਹੈ। ਗੁਰੂ ਨੂੰ ਗੁਰੂ ਕਹਿਣ ਤੋਂ ਮੁਨਕਰ ਇਹ ਲੋਕ ਅਨੰਦ ਕਾਰਜ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨੂੰ ਵੀ ਜਰੂਰੀ ਨਹੀਂ ਸਮਝਦੇ। ਸਿੱਖ ਬੱਚੇ ਬੱਚੀਆਂ ਦੇ ਵਿਆਹ ਮੁਸਲਮਾਨਾਂ ਜਾਂ ਹਿੰਦੂਆਂ ਨਾਲ ਕਰਨ ਵਿੱਚ ਵੀ ਇਨਾਂ ਨੂੰ ਕੋਈ ਪਰਹੇਜ ਨਹੀਂ, ਕਿਉਂਕਿ ਸਿੱਖੀ ਤਾਂ ਇਕ ਸਾਂਝੀਵਾਲਤਾ ਵਾਲਾ ਧਰਮ ਹੈ। ਖੰਡੇ ਦੀ ਪਾਹੁਲ, ਕਕਾਰਾਂ ਅਤੇ ਕੇਸਾਂ ਦੀ ਵੀ ਕੋਈ ਅਹਿਮਿਅਤ ਨਹੀਂ ਸਮਝਦੇ, ਕਿਉਂਕਿ ਇਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਸਿੱਖ ਰਹਿਤ ਮਰਿਯਾਦਾ ਨੂੰ ਦੋ ਕੌਡੀ ਦਾ ਕਿਤਾਬਚਾ ਕਹਿ ਕੇ ਰੱਦ ਕਰਦੇ ਹਨ। ਸੋਧਾਂ ਦੇ ਬਹਾਨੇ ਇਹ ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਰੱਦ ਕਰਦੇ ਅਤੇ ਇਨ੍ਹਾਂ ਬਾਰੇ ਅਾਪਣੀ ਨਵੀਂ ਵਿਆਖਿਆ ਗੜ੍ਹਦੇ ਨੇ।

ਇਕ ਪਾਸੇ ਤੇ ਜਾਗਰੂਕ ਤਬਕੇ ਵਿੱਚ ਸਾਂਝ ਭੁੰਜਾਲੀ ਦੀਆਂ ਗੱਲਾਂ ਅਤੇ ਦਾਵੇ ਕਰਦੇ ਹਨ, ਦੂਜੇ ਪਾਸੇ ਇਨਾਂ ਦੇ ਜਾਲ ਤੋਂ ਸਾਵਧਾਨ ਕਰਾਉਣ ਵਾਲੇ ਦੂਰਦਰਸ਼ੀ ਪੰਥ ਦਰਦੀਆਂ ਨੂੰ ਇਹ ਭਾਂਤਿ ਭਾਂਤਿ ਦੀਆਂ ਫਬਤੀਆਂ ਕੱਸ ਕੇ, ਉਨਾਂ ਬਾਰੇ ਅਭੱਦਰ ਅਤੇ ਅਸਭਿਯ ਸ਼ਬਦਾਵਲੀ ਵਰਤ ਕੇ, ਉਨ੍ਹਾਂ ਦੀ ਜੁਬਾਨ ਬੰਦ ਕਰਣ ਦੀ ਕੋਸ਼ਿਸ਼ ਵੀ ਕਰਦੇ ਨੇ। ਜੋ ਜਾਗਰੂਕ ਵੀਰ ਇਨ੍ਹਾਂ ਦੀ ਸਾਜਿਸ਼ ਨੂੰ ਪਛਾਣ ਕੇ, ਇਨ੍ਹਾਂ ਨਾਲ ਹਮੇਸ਼ਾਂ ਹਮੇਸ਼ਾਂ ਲਈ ਨਾਤਾ ਤੋੜ ਚੁਕੇ ਹਣ, ਆਏ ਦਿਨ ਉਨਾਂ ਦੇ ਨਾਮ ਲਿਖ ਲਿਖ ਕੇ ਉਨ੍ਹਾਂ ਨੂੰ ਬੇਇਜੱਤ ਕਰਦੇ ਹੋਏ ਨਜ਼ਰ ਆਉਂਦੇ ਹਨ।

ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੇ ਮੁੱਢਲੇ ਅਸੂਲਾਂ 'ਤੇ ਹਮਲਾ ਕਰਨ ਵਾਲੇ ਇਹੋ ਜਹੇ ਲੋਕਾਂ ਦਾ ਇਕ ਧੱੜਾ ਬਣ ਚੁਕਾ ਹੈ। ਇਸ ਧੱੜੇ ਦੀ ਸਾਜਿਸ਼ ਅਤੇ ਸੋਚ ਦਾ ਜਾਲ, ਜਾਗਰੂਕ ਤਬਕੇ 'ਤੇ ਬਹੁਤ ਹੀ ਚਾਲਾਕੀ ਨਾਲ ਸੁੱਟ ਦਿਤਾ ਗਇਆ ਹੈ। ਇਨ੍ਹਾਂ ਵਿੱਚ ਲਈ ਬਿਚੌਲੀਏ ਵੀ ਹਨ, ਜੋ ਦੂਜਿਆਂ ਨੂੰ ਬਹਿਲਾ ਫੁਸਲਾ ਕੇ, ਅਾਪਣੇ ਧੱੜੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਵਕਤ ਰਹਿੰਦਿਆਂ ਜੇ ਇਸ ਵਿਚੋਂ ਅਸੀ ਨਾਂ ਨਿਕਲੇ, ਤਾਂ ਹਲੀ ਤਾਂ ਇਨ੍ਹਾਂ ਨੇ ਸਿੱਖੀ ਦੇ ਵਿਹੜੇ ਦੀ ਵਲਗਣ ਤੋੜ ਕੇ, ਅਨਮਤਿ ਦੀ ਘੁਸਪੈਠ ਦਾ ਰਸਤਾ ਪੱਧਰਾ ਕੀਤਾ ਹੈ। ਹੌਲੀ ਹੌਲੀ ਇਹ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਤੋੜ ਦੇਣਗੇ। ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਾ ਸਿੱਖ, ਸ਼ਾਇਦ ਹੀ ਬੱਚ ਸਕੇ। ਸਾਂਝੀਵਾਲਤਾ ਦੀ ਆੜ ਵਿੱਚ ਸਿੱਖ ਦੀ ਪਹਿਚਾਨ ਅਤੇ ਹੋਂਦ ਨੂੰ ਪੂਰੀ ਤਰ੍ਹਾਂ ਮਾਰ ਮੁਕਾਉਣ ਦਾ ਨਕਸ਼ਾ ਇਹ ਤਿਆਰ ਕਰ ਚੁਕੇ ਹਨ।

ਜਾਗਰੂਕ ਤਬਕੇ ਵਿੱਚ ਆਪਸੀ ਫੁੱਟ ਦੇ ਬੀਜ ਵੀ ਬਹੁਤ ਚਤੁਰਾਈ ਨਾਲ ਇਹ ਖਿਲਾਰ ਚੁਕੇ ਹਨ, ਉਸ ਦੇ ਸਿੱਟੇ ਨਿਕਲਣ ਦਾ ਇਹ ਇੰਤਜਾਰ ਕਰ ਰਹੇ ਹਨ। ਜਾਗਰੂਕ ਅਤੇ ਦੂਰਦਰਸ਼ੀ ਵਿਦਵਾਨ ਸਿੱਖੋ। ਸਾਵਧਾਨ! ਵਕਤ ਰਹਿੰਦਿਆਂ, ਸਿੱਖੀ ਦਾ ਸਭ ਕੁੱਝ ਨੇਸਤੋ ਨਾਬੂਦ ਕਰ ਦੇਣ ਵਾਲੇ ਇਨ੍ਹਾਂ ਦੇ ਪੰਥਕ ਮਖੌਟੇ ਦੇ ਪਿਛੇ ਛੁਪੇ ਹੋਏ ਇਰਾਦਿਆਂ ਨੂੰ ਪਹਿਚਾਨੋ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top