Share on Facebook

Main News Page

ਜੇ ਪ੍ਰੋ: ਭੁੱਲਰ ਨੂੰ ਫਾਂਸੀ ਦਿੱਤੀ ਗਈ ਤਾਂ ਇਹ ਇੱਕ ਰਾਜਨੀਤਕ ਕਤਲ ਹੋਵੇਗਾ
- ਪੰਚ ਪ੍ਰਧਾਨੀ

* ਭੁੱਲਰ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਤੋਂ ਬਠਿੰਡਾ ਤੱਕ ਕੱਢਿਆ ਗਿਆ ਪ੍ਰਭਾਵਸ਼ਾਲੀ ਇਨਸਾਫ ਮਾਰਚ

ਬਠਿੰਡਾ, 30 ਮਾਰਚ (ਕਿਰਪਾਲ ਸਿੰਘ, ਤੁੰਗਵਾਲੀ): ਜੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦਿੱਤੀ ਗਈ ਤਾਂ ਇਹ ਇੱਕ ਰਾਜਨੀਤਕ ਕਤਲ ਹੋਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਕੱਢੇ ਗਏ ਇਨਸਾਫ਼ ਮਾਰਚ ਦੀ ਸਮਾਪਤੀ ਉਪ੍ਰੰਤ ਅੱਜ ਇੱਥੇ ਭਾਰਤ ਸਰਕਾਰ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਦਿੱਤੇ ਇੱਕ ਯਾਦ ਪੱਤਰ ਦੇਣ ਸਮੇਂ ਕਹੇ।

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤ ਸਰਕਾਰ ਵੱਲੋਂ ਰਾਜਨੀਤਕ ਕਾਰਣਾਂ ਕਰਕੇ ਦਿੱਤੀ ਜਾ ਰਹੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਇੱਕ ਪ੍ਰਭਾਵਸ਼ਾਲੀ ਇਨਸਾਫ਼ ਮਾਰਚ ਕੱਢਿਆ ਗਿਆ। ਇਹ ਮਾਰਚ ਉਸ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਤੋਂ ਦੁਪਹਿਰ ਤਕਰੀਬਨ 12 ਵਜੇ ਸ਼ੁਰੂ ਹੋਇਆ ਤੇ ਪਿੰਡ ਜਲਾਲ, ਗੁਰੂਸਰ, ਹਮੀਰਗੜ੍ਹ, ਭਗਤਾ, ਕੋਠਾ ਗੁਰੂਕਾ, ਕਲਿਆਣ, ਨਥਾਣਾ, ਗੰਗਾ, ਨਾਥਪੁਰਾ, ਗਿੱਦੜ, ਢੇਲਵਾਂ, ਗੋਬਿੰਦਪੁਰਾ, ਬੀਬੀਵਾਲਾ ਤੋਂ ਹੁੰਦਾ ਹੋਇਆ ਸਾਢੇ ਤਿੰਨ ਵਜੇ ਸ਼ਾਮ ਨੂੰ ਬਠਿੰਡਾ ਸ਼ਹਿਰ ਪਹੁੰਚਿਆ। ਸਾਰੇ ਰਸਤੇ ਦੌਰਾਨ ਸੰਗਤਾਂ ਨੇ ਬੜੀ ਗਰਮਜੋਸ਼ੀ ਨਾਲ ਮਾਰਚ ਦਾ ਸਵਾਗਤ ਕੀਤਾ।

ਪ੍ਰੋ: ਭੁੱਲਰ ਦਾ ਆਪਣਾ ਜੱਦੀ ਇਲਾਕਾ ਹੋਣ ਕਰਕੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸਾਰਿਆਂ ਦੇ ਵਾਹਨਾਂ ’ਤੇ ਕੇਸ਼ਰੀ ਨਿਸ਼ਾਨ ਸਾਹਿਬ ਲੱਗੇ ਹੋਏ ਸਨ ਤੇ ਹੱਥਾਂ ਵਿੱਚ ਮਾਟੋ ਤੇ ਕੇਸਰੀ ਨਿਸ਼ਾਨ ਫੜੇ ਹੋਏ ਸਰਕਾਰ ਵਿਰੁੱਧ ਅਤੇ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਕੇ ਰਿਹਾ ਕਰਨ ਦੀ ਮੰਗ ਕਰਦੇ ਹੋਏ ਨਾਹਰੇ ਮਾਰ ਸਨ। ਮਿੰਨੀ ਸਕੱਤਰੇਤ ਦੇ ਸਾਹਮਮਣੇ ਡਾ: ਅੰਬੇਦਕਰ ਦੇ ਬੁੱਤ ਨਜ਼ਦੀਕ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਹੁੰਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਦੁਨੀਆਂ ਦੇ ਲਗਭਗ 71 ਫੀਸਦੀ ਮੁਲਕਾਂ ਨੇ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਹੈ ਪਰ ਭਾਰਤ ਸਰਕਾਰ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸਿਆਸੀ ਕਤਲ ਕਰਨ ਲਈ ਫਾਂਸੀ ਦੀ ਸਜ਼ਾ ਨੂੰ ਇੱਕ ਅਦਾਲਤੀ ਹਥਿਆਰ ਵਜੋਂ ਵਰਤ ਰਹੀ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਪ੍ਰੋ: ਭੁੱਲਰ ਦੀ ਆਖਰੀ ਅਪੀਲ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਰੱਦ ਕਰਕੇ ਉਸ ਨੂੰ ਚੁੱਪ ਚਪੀਤੇ ਫਾਂਸੀ ਦਿੱਤੀ ਜਾ ਸਕਦੀ ਹੈ ਪਰ ਸਾਡਾ ਸਾਰਿਆਂ ਦੇ ਏਕਾ ਤੇ ਸੰਗਤੀ ਰੂਪ ਵਿੱਚ ਸਰਾਕਰ ’ਤੇ ਪਾਇਆ ਗਿਆ ਦਬਾਅ ਉਸ ਨੂੰ ਮੌਤ ਦੇ ਮੂੰਹ ’ਚੋਂ ਬਚਾ ਸਕਦਾ ਹੈ ਕਿਉਂਕਿ ਉਸ ਵਿਰੁੱਧ ਲਾਈ ਗਈ ਕੋਈ ਵੀ ਧਾਰਾ ਉਸ ਨੂੰ ਫਾਂਸੀ ਦਿੱਤੇ ਜਾਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ।

ਭਾਰਤੀ ਹਕੂਮਤ ਵਲੋਂ ਕਿਸੇ ਫਾਂਸੀ ਦੀ ਸਜ਼ਾ ਪ੍ਰਾਪਤ ਵਿਅਕਤੀ ਨੂੰ ਜਿਹਨਾਂ ਸੱਤ ਵਿਚੋਂ ਕਿਸੇ ਇਕ ਸ਼ਰਤ ਦੀ ਪੂਰਤੀ ਕਰਨ ਕਰਕੇ ਛੱਡ ਦਿੱਤਾ ਜਾਂਦਾ ਹੈ, ਪ੍ਰੋ ਭੁੱਲਰ ਉਹਨਾਂ ਸੱਤਾਂ ਵਿਚੋਂ 4 ਸ਼ਰਤਾਂ ਦੀ ਪੂਰਤੀ ਕਰਦੇ ਹਨ:

  1. ਸੁਪਰੀਮ ਕੋਰਟ ਦੇ ਜੱਜਾਂ ਦੇ ਫੈਸਲੇ ਵਿਚ ਭਿੰਨਤਾ।
  2. ਦੋਸ਼ਪੂਰਨ ਗਵਾਹੀਆਂ।
  3. ਕਥਿਤ ਇਕਬਾਲੀਆ ਬਿਆਨ ਨੂੰ ਸਾਬਤ ਕਰਦੇ ਕਿਸੇ ਗਵਾਹ ਜਾਂ ਸਬੂਤ ਦੀ ਅਣਹੋਂਦ।
  4. ਤਹਿਸ਼ੁਦਾ ਨਿਯਮਾਂ ਤੋਂ ਵੱਧ ਕਰੀਬ 18 ਸਾਲ ਲੰਬੀ ਕੈਦ ਦੇ ਨਾਲ ਪ੍ਰੋ ਭੁੱਲਰ ਦੀ ਮੌਜੂਦਾ ਸਰੀਰਕ ਤੇ ਮਾਨਸਕ ਅਸੰਤੁਲਨ।

ਪਰ ਇਨ੍ਹਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਫਾਸੀ ਦਿੱਤੇ ਜਾਣ ਦੇ ਕਾਰਣ ਇਹ ਹਨ ਕਿ ਉਹ ਇੱਕ ਗਿਣਤੀ ਸਿੱਖ ਫਿਰਕੇ ਨਾਲ ਸਬੰਧਤ ਹੈ, ਆਪਣੀ ਕੌਮ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਂਦਾ ਹੈ, ਅਤੇ ਆਪਣੇ ਪਿਤਾ, ਮਾਸੜ ਤੇ ਦੋਸਤ ਨੂੰ ਕਤਲ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸਜਾ ਦੀ ਮੰਗ ਕਰ ਰਿਹਾ ਹੈ। ਪ੍ਰੋ: ਭੁੱਲਰ ਨਾਲ ਕੀਤਾ ਜਾ ਰਿਹਾ ਧੱਕਾ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੇ ਧੱਕੇ ਦਾ ਪ੍ਰਤੀਕ ਹੈ।
ਭਾਈ ਬਲਦੇਵ ਸਿੰਘ ਸਿਰਸਾ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ ਸਾਰੇ ਮੀਤ ਪ੍ਰਧਾਨ ਅਤੇ ਭਾਈ ਮਨਧੀਰ ਸਿੰਘ ਜਨਰਲ ਸਕੱਤਰ, ਭਾਈ ਦਰਸ਼ਨ ਸਿੰਘ ਜਗਾ ਰਾਮਤੀਰਥ, ਭਾਈ ਜਸਪਾਲ ਸਿੰਘ ਮੰਝਪੁਰ ਆਦਿਕ ਨੇ ਵੀ ਵੱਖ ਵੱਖ ਥਾਵਾਂ ’ਤੇ ਸੰਗਤਾਂ ਨੂੰ ਸੰਬੌਧਨ ਕਰਦੇ ਹੋਏ ਉਕਤ ਵੀਚਾਰ ਪ੍ਰਗਟ ਕੀਤੇ।

ਜਿਲ੍ਹਾ ਮਜਿਸਟ੍ਰੇਟ ਵੱਲੋਂ ਨਾਇਬ ਤਹਿਸੀਲਦਾਰ ਨਥਾਣਾ ਸ਼੍ਰੀ ਕਮਲਪ੍ਰੀਤ ਸਿੰਘ ਨੇ ਕਾਰਜਕਾਰੀ ਮੈਜਿਸਟ੍ਰੇਟ ਵਜੋਂ ਭਾਈ ਹਰਪਾਲ ਸਿੰਘ ਚੀਮਾ ਤੋਂ ਯਾਦ ਪੱਤਰ ਪ੍ਰਾਪਤ ਕੀਤਾ। ਇਸ ਸਮੇਂ ਉਕਤ ਆਗੂਆਂ ਤੋਂ ਇਲਾਵਾ ਜਸਵੀਰ ਸਿੰਘ ਖੰਡੂਰ, ਜਰਨੈਲ ਸਿੰਘ ਹੁਸ਼ੈਨਪੁਰ, ਸੁਰਿੰਦਰ ਸਿੰਘ ਨਥਾਨਾ, ਓਂਕਾਰ ਸਿੰਘ ਭਦੌੜ, ਸਤਨਾਮ ਸਿੰਘ, ਬਲਵੀਰ ਸਿੰਘ ਬੱਧਨੀ, ਬਾਬਾ ਮਨਮੋਹਨ ਸਿੰਘ ਗੁੰਮਟਸਰ, ਲਖਵਿੰਦਰ ਸਿੰਘ ਸਧਾਣਾ, ਲਬਜਿੰਦਰ ਸਿੰਘ ਏਕਨੂਰ ਖ਼ਾਲਸਾ ਫੌਜ, ਸਰਬਜੀਤ ਸਿੰਘ ਘੁਮਾਣ (ਦਲ ਖ਼ਾਲਸਾ) ਬਾਬੂ ਸਿੰਘ ਕਾਨਗੜ੍ਹ, ਮਨਜੀਤ ਸਿੰਘ ਰਸੂਲਪੁਰ, ਗੁਰਮੀਤ ਸਿੰਘ ਸਮਾਣਾ, ਗੁਰਦੀਪ ਸਿੰਘ ਕਾਲਾਝਾੜ ਆਦਿਕ ਵੀ ਭਾਈ ਚੀਮਾ ਦੇ ਨਾਲ ਸ਼ਾਮਲ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top