Share on Facebook

Main News Page

ਗੁਰਦੁਅਰਿਆਂ ਵਿੱਚ ਹੋ ਰਹੇ ਜਾਤੀ ਵਿਤਕਰੇ ਬੰਦ ਕਰਵਾਉਣ ਲਈ ਪ੍ਰਚਾਰਕਾਂ ਨੂੰ ਸਹਿਯੋਗ ਦਿੱਤੇ ਜਾਣ ਸਬੰਧੀ ਪੁੱਛੇ ਗਏ ਸਵਾਲਾਂ ਦੇ ਉਤਰ ਵਿੱਚ ਸਾਡੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵੀਚਾਰ ਸੁਣੋ

* ਸਾਰੇ ਮੈਂਬਰ ਜੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸੂਚੀ ਦੱਸਣੀ ਸ਼ੁਰੂ ਕਰ ਦੇਣ ਤਾਂ ਸਾਹ ਨਹੀਂ ਲੈਂਦੇ। ਜੇ ਇਨ੍ਹਾਂ ਨੂੰ ਅਖ਼ਬਾਰਾਂ ਦੇ ਪੱਤਰਕਾਰਾਂ ਵੱਲੋਂ ਸ਼ਾਮ 4 ਵਜੇ ਸੁਨੇਹਾ ਮਿਲ ਜਾਵੇ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੇ ਪੋਤਰੇ ਦਾ ਕੱਲ੍ਹ ਨੂੰ ਜਨਮ ਦਿਨ ਹੈ ਇਸ ਲਈ ਤੁਹਾਡੇ ਵੱਲੋਂ ਵਧਾਈ ਦੇ ਇਸ਼ਤਿਹਾਰ ਚਾਹੀਦੇ ਹਨ ਤਾਂ ਵੀ ਅਗਲੇ ਦਿਨ ਸਾਰੇ ਅਖ਼ਬਾਰ ਵਧਾਈ ਦੇ ਇਸ਼ਤਿਹਾਰਾਂ ਨਾਲ ਭਰੇ ਦਿੱਸਣਗੇ। ਪਰ ਜੇ ਸਿੱਖ ਧਰਮ ਨੂੰ ਜਾਤਪਾਤ ਦੇ ਲੱਗੇ ਕੋਹੜ ਨੂੰ ਦੂਰ ਕਰਨ ਲਈ ਕਿਸੇ ਪ੍ਰਚਾਰਕ ਦਾ ਅਮਲੀ ਰੂਪ ਵਿੱਚ ਸਹਿਯੋਗ ਕਰਨ ਲਈ ਬੇਨਤੀ ਕੀਤੀ ਜਾਵੇ ਤਾਂ ਇਤਨੀ ਮਿਹਨਤ ਕਰਨ ਪਿੱਛੋਂ ਵੀ ਨਿਰਸ਼ਾ ਹੀ ਪੱਲੇ ਪੈਂਦੀ ਨਜ਼ਰ ਆ ਰਹੀ ਹੈ

ਬਠਿੰਡਾ, 29 ਮਾਰਚ (ਕਿਰਪਾਲ ਸਿੰਘ): ਬਠਿੰਡਾ ਜਿਲ੍ਹਾ ਦੇ ਪਿੰਡ ਲਹਿਰਾਖਾਨਾ ਦੇ ਗੁਰਦੁਆਰੇ ’ਚ ਦਲਿਤ ਸਿੱਖਾਂ ਨਾਲ ਹੋ ਰਹੇ ਜਾਤੀ ਵਿਤਕਰੇ ਸਬੰਧੀ ਬੀਤੀ ਰਾਤ ਡੇ ਐਂਡ ਨਾਈਟ ਨਿਊਜ਼ ਚੈੱਨਲ ’ਤੇ ਵੀਚਾਰ ਚਰਚਾ ਸੁਣਨ ਤੋਂ ਬਾਅਦ ਅੱਜ ਸਭ ਤੋਂ ਪਹਿਲਾਂ ਬਠਿੰਡਾ ਹਲਕਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ: ਸੁਖਦੇਵ ਸਿੰਘ ਬਾਹੀਆ ਜਿਸ ਦੇ ਹਲਕੇ ਅਧੀਨ ਪਿੰਡ ਲਹਿਰਾ ਖਾਨਾ ਆਉਂਦਾ ਹੈ, ਨਾਲ ਸੰਪਰਕ ਕਰਕੇ ਪੁੱਛਿਆ ਕਿ ਗੁਰਦੁਆਰੇ ਵਿੱਚ ਸਿੱਖ ਧਰਮ ਦੇ ਮੁਢਲੇ ਅਸੂਲਾਂ ਨੂੰ ਰੱਦ ਕਰਦੇ ਹੋਏ, ਹੋ ਰਹੇ ਜਾਤੀ ਵਿਤਕਰੇ ਨੂੰ ਸੁਲਝਾਉਣ ਲਈ ਤੁਸੀਂ ਹੁਣ ਤੱਕ ਕੀ ਕੀਤਾ ਹੈ? ਉਨ੍ਹਾਂ ਕਿਹਾ ਇਹ ਮਾਮਲਾ ਤਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ ਇਸ ਲਈ ਸਾਡੇ ਕਰਨ ਵਾਲਾ ਹੁਣ ਰਿਹਾ ਹੀ ਕੁਝ ਨਹੀਂ ਹੈ। ਪੁੱਛਿਆ ਗਿਆ ਕਿ ਗਿਆਨੀ ਨੰਦਗੜ੍ਹ ਦਾ ਸਟੈਂਡ ਤਾਂ ਸ਼ਲਾਘਾਯੋਗ ਹੈ ਤੇ ਉਨ੍ਹਾਂ ਕੋਲ ਸ਼ਿਕਾਇਤ ਪੁੱਜਣ ’ਤੇ ਉਨ੍ਹਾਂ ਨੇ ਤੁਰੰਤ ਦੋਸ਼ੀਆਂ ਨੂੰ ਸਪਸ਼ਟੀਕਰਨ ਦੇਣ ਲਈ ਤਖ਼ਤ ਸਾਹਿਬ ’ਤੇ ਸੱਦ ਵੀ ਲਿਆ ਹੈ। ਪਰ ਇਹ ਵਿਵਾਦ ਤਾਂ ਬਹੁਤ ਸਮੇਂ ਤੋਂ ਸੁਲਘ ਰਿਹਾ ਹੈ। ਹਲਕੇ ਦੇ ਨੁੰਮਾਇੰਦੇ ਹੋਣ ਦੇ ਨਾਤੇ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਖ਼ੁਦ ਉਥੇ ਜਾਂਦੇ ਤੇ ਦੋਵਾਂ ਧਿਰਾਂ ਨੂੰ ਸੁਣਨ ਉਪ੍ਰੰਤ ਉਨ੍ਹਾਂ ਨੂੰ ਸਮਝਾ ਕੇ ਝਗੜਾ ਮਿਟਾ ਦਿੰਦੇ। ਸ: ਬਾਹੀਆ ਨੇ ਕਿਹਾ ਅਸੀਂ ਕਿਸ ਕਿਸ ਨੂੰ ਸਮਝਾਈਏ?

ਸ: ਬਾਹੀਆ ਨੂੰ ਕਿਹਾ ਜੇ ਤੁਸੀਂ ਖ਼ੁਦ ਨਹੀਂ ਸਮਝਾ ਸਕਦੇ ਤਾਂ ਜਿਹੜੇ ਪ੍ਰਚਾਰਕ ਸਮਝਾ ਸਕਦੇ ਹਨ ਉਨ੍ਹਾਂ ਨੂੰ ਸਹਿਯੋਗ ਹੀ ਦੇ ਦਿਓ। ਉਨ੍ਹਾਂ ਵੱਲੋਂ ਪੁੱਛੇ ਜਾਣ ’ਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਭਾਈ ਪਰਮਜੀਤ ਸਿੰਘ ਖ਼ਾਲਸਾ ਅਨੰਦਪੁਰ ਸਾਹਿਬ ਵਾਲੇ ਦੀ ਕਥਾ 23 ਮਾਰਚ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੜ੍ਹਦੀ ਕਲਾ ਰਾਹੀਂ ਅਤੇ 25 ਮਾਰਚ ਨੂੰ ਗੁਰਦੁਆਰਾ ਸੀਸ ਗੰਜ ਨਵੀਂ ਦਿੱਲੀ ਵਿਖੇ ‘ਸਾਡਾ ਚੈਨਲ ਟੀਵੀ’ ਰਾਹੀਂ ਸੁਣੀ ਹੈ। ਉਨ੍ਹਾਂ ਗੁਰਬਾਣੀ ਵਿੱਚੋਂ ਬਾਦਲੀਲ ਉਦਾਰਣਾਂ ਦੇ ਕੇ ਸਿੱਖੀ ਵਿੱਚ ਜਾਤਪਾਤ ਦਾ ਖੰਡਨ ਕੀਤਾ ਤੇ ਗੁਰਦੁਆਰਿਆਂ ਵਿੱਚ ਜਾਤੀ ਵਿਤਕਰਾ ਕਰਨ ਵਾਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਦਾ ਪ੍ਰਚਾਰ ਆਮ ਆਦਮੀ ਦੇ ਬਹੁਤ ਜਲਦੀ ਸਮਝ ’ਚ ਆਉਣ ਵਾਲਾ ਹੈ। ਜੇ ਦਿੱਲੀ ਦੇ ਗੁਰਦੁਆਰਿਆਂ ਵਿੱਚ ਅਜੇਹੇ ਪ੍ਰਚਾਰਕਾਂ ਨੂੰ ਸੱਦ ਕੇ ਉਹ ਪ੍ਰਚਾਰ ਕਰਵਾ ਰਹੇ ਹਨ ਤਾਂ ਤੁਸੀਂ ਉਨ੍ਹਾਂ ਤੋਂ ਪੰਜਾਬ ਵਿੱਚ ਫਾਇਦਾ ਕਿਉਂ ਨਹੀਂ ਲੈ ਸਕਦੇ? ਤੁਹਾਨੂੰ ਪਹਿਲਾ ਸੁਝਾਉ ਤਾਂ ਇਹ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਪੰਜਾਬ ਦੇ ਸਾਰੇ ਗੁਰਦੁਆਰੇ ਜਿੱਥੋਂ ਕਿ ਟੀਵੀ ਰਾਹੀਂ ਸਿੱਧਾ ਪ੍ਰਸਾਰਣ ਹੁੰਦਾ ਹੈ, ਜਿਵੇਂ ਕਿ ਮੰਜੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਗੁਰਦੁਆਰਾ ਦੂਖ ਨਿਵਾਰਣ ਪਟਿਆਲਾ ਤੇ ਲੁਧਿਆਣਾ ਆਦਿ ਵਿਖੇ ਹਰ ਮਹੀਨੇ ’ਚ ਉਨ੍ਹਾਂ ਦੀ 3-3 ਦਿਨਾਂ ਲਈ ਪ੍ਰਚਾਰ ਦੀ ਡਿਊਟੀ ਲਵਾ ਲਓ। ਇਸ ਵਿੱਚ ਕਮੇਟੀ ਦਾ ਕੋਈ ਖ਼ਰਚਾ ਵੀ ਨਹੀਂ ਹੋਣਾ ਤੇ ਗੁਰਮਤਿ ਦਾ ਪ੍ਰਚਾਰ ਵੀ ਹੋ ਜਾਵੇਗਾ। ਦੂਸਰਾ ਸੁਝਾਉ ਹੈ ਕਿ ਭਾਈ ਪੰਥਪ੍ਰੀਤ ਸਿੰਘ ਗੁਰਮਤਿ ਦੇ ਬਹੁਤ ਹੀ ਮਹਾਨ ਤੇ ਨਿਸ਼ਕਾਮ ਪ੍ਰਚਾਰਕ ਹਨ। ਉਹ ਆਪਣੇ ਪਿੰਡ ਭਾਈ ਬਖ਼ਤੌਰ ਵਿਖੇ 1, 2, 3 ਅਪ੍ਰੈਲ ਨੂੰ ਤਿੰਨ ਦਿਨਾਂ ਦਾ ਰਾਜ ਪੱਧਰੀ ਬਹੁਤ ਵੱਡਾ ਸਮਾਗਮ ਕਰਵਾ ਰਹੇ ਹਨ।

ਉਨ੍ਹਾਂ ਨਾਲ ਲਹਿਰਾ ਖਾਨਾ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਗੱਲ ਕੀਤੀ ਸੀ ਤਾਂ ਉਨ੍ਹਾਂ ਦਾ ਕਹਿਣਾਂ ਸੀ ਕਿ ਵੈਸੇ ਤਾਂ ਉਹ ਆਪਣੇ ਸਾਰੇ ਹੀ ਦੀਵਾਨਾਂ ਵਿੱਚ ਸਿੱਖੀ ਵਿੱਚ ਵੱਧ ਰਹੇ ਡੇਰਾਵਾਦ ਅਤੇ ਜਾਤਪਾਤ ਦੇ ਕੋਹੜ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਪਰ ਉਹ ਆਪਣੇ ਪਿੰਡ ਕਰਵਾਏ ਜਾ ਰਹੇ ਵੱਡੇ ਸਮਾਗਮ ਨੂੰ ਜਾਤਪਾਤ ਤੇ ਡੇਰਵਾਦ ਨੂੰ ਸਮਰਪਣ ਕਰਕੇ ਗੁਰਮਤਿ ਦਾ ਪ੍ਰਚਾਰ ਕਰਨਗੇ। ਵੈਸੇ ਵੀ ਉਹ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਸਮਰਪਤ ਹਨ ਤੇ ਇਸ ਤੇ ਡਟਕੇ ਪਹਿਰਾ ਦਿੰਦੇ ਹਨ ਤੇ ਆਪਣੇ ਪ੍ਰਚਾਰ ਦਾ ਅਧਾਰ ਸਿੱਖ ਰਹਿਤ ਮਰਿਆਦਾ ਨੂੰ ਹੀ ਬਣਾਉਂਦੇ ਹਨ। ਇਸ ਲਈ ਉਨ੍ਹਾਂ ਦਾ ਪ੍ਰਚਾਰ ਕੋਈ ਨਿਜੀ ਲਾਲਸਾਵਾਂ ਪੂਰੀਆਂ ਕਰਨ ਲਈ ਨਹੀਂ ਬਲਕਿ ਇੱਕ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਹੀ ਨਿਸ਼ਕਾਮ ਤੌਰ ’ਤੇ ਪ੍ਰਚਾਰ ਕਰ ਰਹੇ ਹਨ। ਇਸ ਲਈ ਪ੍ਰਧਾਨ ਸਾਹਿਬ ਨੂੰ ਕਹਿ ਕਿ ਉਨ੍ਹਾਂ ਦੇ ਪੂਰੇ ਸਮਾਗਮਾਂ ਨੂੰ ਪੀਟੀਸੀ ਜਾਂ ਹੋਰ ਕਿਸੇ ਚੈਨਲ ’ਤੇ ਸਿਧਾ ਪ੍ਰਸਾਰਤ ਕਰਵਾ ਦਿੱਤਾ ਜਾਵੇ ਤਾਂ ਇਸ ਦਾ ਬਹੁਤ ਵੱਡਾ ਲਾਭ ਕੌਮ ਨੂੰ ਮਿਲ ਸਕਦਾ ਹੈ। ਸ: ਬਾਹੀਆ ਨੇ ਕਿਹਾ ਜੇ ਮੇਰੇ ਕਹਿਣ ਨਾਲ ਇਹ ਕੰਮ ਹੁੰਦਾ ਹੈ ਤਾਂ ਮੈਥੋਂ ਜੋ ਮਰਜੀ ਲਿਖਵਾ ਲੈ ਲਓ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਹੁਣ ਸਮਾਂ ਬਹੁਤ ਘੱਟ ਹੈ ਇਸ ਲਈ ਸਿਰਫ ਲਿਖੇ ਜਾਣ ਨਾਲ ਇਹ ਕੰਮ ਨਹੀਂ ਹੋਣਾਂ ਤੁਸੀਂ ਨਿੱਜੀ ਤੌਰ ’ਤੇ ਪ੍ਰਧਾਨ ਸਾਹਿਬ ਨਾਲ ਗੱਲ ਕਰੋ। ਇਹ ਸੁਣ ਕੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਗੱਲ ਕਰਕੇ ਦੱਸਣਗੇ।

ਇਸ ਉਪ੍ਰੰਤ ਧਰਮ ਪ੍ਰਚਾਰ ਕਮੇਟੀ ਮੈਂਬਰ ਸ: ਭਰਪੂਰ ਸਿੰਘ ਖ਼ਾਲਸਾ ਲੁਧਿਆਣਾ ਵਾਲੇ ਨਾਲ ਉਕਤ ਸਾਰੀ ਗੱਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਿੱਧੇ ਪ੍ਰਸਰਣ ਮੌਕੇ ਕਿਸੇ ਪ੍ਰਚਾਰਕ ਦੀ ਡਿਊਟੀ ਲਾਉਣਾਂ ਤਾਂ ਦਰਬਾਰ ਸਾਹਿਬ ਵਿਖੇ ਹੈੱਡ ਗ੍ਰੰਥੀ ਦਰਬਾਰ ਸਾਹਿਬ, ਦਮਦਮਾਂ ਸਾਹਿਬ ਵਿਖੇ ਜਥੇਦਾਰ ਗਿਆਨੀ ਨੰਦਗੜ੍ਹ, ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਤੇ ਇਸੇ ਤਰ੍ਹਾਂ ਬਾਕੀ ਦੇ ਹੋਰ ਗੁਰਦੁਆਰਿਆਂ ਵਿੱਚ ਉਥੋਂ ਦੇ ਹੈੱਡ ਗ੍ਰੰਥੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਤੇ ਉਹ ਹੀ ਕਿਸੇ ਪ੍ਰਚਾਰਕ ਵੱਲੋਂ ਬੋਲੇ ਗਏ ਗਲਤ ਜਾਂ ਠੀਕ ਸ਼ਬਦਾਂ ਲਈ ਜਿੰਮੇਵਾਰ ਹਨ। ਇਸ ਲਈ ਕਈ ਕੇਸਾਂ ਵਿੱਚ ਉਹ ਸ਼ਾਇਦ ਪ੍ਰਧਾਨ ਸਾਹਿਬ ਦੀ ਸਿਫ਼ਾਰਸ਼ ਵੀ ਨਾ ਮੰਨਣ। ਜਿਥੋਂ ਤੱਕ ਭਾਈ ਪੰਥਪ੍ਰੀਤ ਸਿੰਘ ਦੇ ਸਮਾਗਮ ਦੇ ਸਿੱਧੇ ਪ੍ਰਸਾਰਣ ਦਾ ਸਬੰਧ ਹੈ ਇਸ ਸਬੰਧੀ ਲਿਖ ਕੇ ਭੇਜਣ ’ਤੇ ਕਾਰਵਾਈ ਕਰਨ ਲਈ ਤਾਂ ਘੱਟ ਤੋਂ ਘੱਟ ਇੱਕ ਮਹੀਨਾ ਲੱਗ ਸਕਦਾ ਹੈ। ਕਿਉਂਕਿ ਲਿਖ ਕੇ ਭੇਜੀ ਗਈ ਦਰਖਾਸਤ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿੱਚ ਵੀਚਾਰੀ ਜਾਵੇਗੀ।

ਖਰਚੇ ਦੇ ਹਿਸਾਬ ਕਿਤਾਬ ਲਾ ਕੇ ਜੇ ਉਸ ਨੂੰ ਪ੍ਰਵਾਨਗੀ ਮਿਲ ਗਈ ਤਾਂ ਪ੍ਰਧਾਨ ਸਾਹਿਬ ਲਿਖਤੀ ਹੁਕਮ ਕਰ ਸਕਦੇ ਹਨ। ਜੇ ਕਰ ਤੁਹਾਡੇ ਆਖੇ ਤੁਹਾਡੇ ਹਲਕੇ ਦਾ ਸ਼੍ਰੋਮਣੀ ਕਮੇਟੀ ਮੈਂਬਰ ਲਗਦਾ ਹੈ ਤਾਂ ਉਸ ਦੇ ਟੈਲੀਫ਼ੂਨ ਨਾਲ ਵੀ ਗੱਲ ਨਹੀਂ ਬਣਨੀ ਹਲਕੇ ਦੇ ਤੁਸੀਂ ਦੋ ਸਿੰਘ ਉਸ ਨੂੰ ਕਾਰ ਵਿੱਚ ਬਿਠਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਲੈ ਜਾਵੋ। ਉਸ ਕੋਲ ਵੀਟੋ ਪਾਵਰ ਹੈ ਤੇ ਪ੍ਰਵਾਨਗੀ ਦੇ ਸਕਦਾ ਹੈ ਤੇ ਖ਼ਰਚੇ ਲਈ ਧਰਮ ਪ੍ਰਚਾਰ ਦੀ ਮੀਟਿੰਗ ਵਿੱਚ ਸਾਰੀ ਸਥਿਤੀ ਦਾ ਵੇਰਵਾ ਦੇ ਕੇ ਮਤਾ ਪਾਸ ਕਰਵਾ ਲੈਣਗੇ ਕਿਉਂਕਿ ਆਮ ਤੌਰ ’ਤੇ ਸਾਰੇ ਮੈਂਬਰ ਉਨ੍ਹਾਂ ਦੇ ਕਹਿਣ ’ਤੇ ਸਹਿਮਤੀ ਦੇ ਹੀ ਦਿੰਦੇ ਹਨ।

ਸ: ਖ਼ਾਲਸਾ ਵੱਲੋਂ ਇਹ ਸੁਝਾਉ ਸੁਣ ਕੇ ਮੁੜ ਸ: ਬਾਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਪਹਿਲੇ ਸਟੈਂਡ ਨੂੰ ਬਿਲਕੁਲ ਬਦਲਦਿਆਂ ਸਾਫ ਨਾਂਹ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਮੰਨਣੀ ਇਸ ਲਈ ਉਹ ਬਿਲਕੁਲ ਨਹੀਂ ਜਾਣਗੇ। ਉਨ੍ਹਾਂ ਨੂੰ ਕਿਹਾ ਕਿ ਪਤਾ ਤਾਂ ਮੈਨੂੰ ਵੀ ਸੀ ਕਿ ਤੁਸੀਂ ਜ਼ਬਾਨੀ ਕਲਾਮੀ ਤਾਂ ਮੁੰਡੇ ਦੇਣ ਵਾਲੇ ਹੋ ਪਰ ਤੁਸੀਂ ਸਾਡੇ ਨਾਲ ਨਹੀਂ ਜਾਣਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਕੋਸ਼ਿਸ਼ ਹੀ ਛੱਡ ਦੇਈਏ! ਤੁਸੀਂ ਕੋਸ਼ਿਸ ਤਾਂ ਕਰੋ ਅੱਗੇ ਸਫਲਤਾ ਵਾਹਿਗੁਰੂ ਦੇ ਹੱਥ ਹੈ। ਪਰ ਉਨ੍ਹਾਂ ਨੇ ਨੇ ਸਾਫ ਨਾਂਹ ਕਰਦਿਆਂ ਕਿਹਾ ਇਸ ਤਰ੍ਹਾਂ ਤਾਂ ਸਾਰੇ ਹੀ ਕਹਿਣਗੇ ਅਸੀਂ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰਦੇ ਹਾਂ, ਸਾਨੂੰ ਵੀ ਸਹਿਯੋਗ ਦਿਓ। ਕਿਹਾ ਗਿਆ ਕਿ ਜਿਹੜਾ ਵੀ ਸਿੱਖ ਰਹਿਤ ਮਰਿਆਦਾ ’ਤੇ ਪਹਿਰਾ ਦਿੰਦਾ ਹੈ ਉਨ੍ਹਾਂ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਪਰ ਉਨ੍ਹਾਂ ਕੋਰੀ ਨਾਂਹ ਕਰਦਿਆ ਫ਼ੋਨ ਕੱਟ ਦਿੱਤਾ।

ਇਸ ਤੋਂ ਬਾਅਦ ਟੀਵੀ ਵੀਚਾਰ ਚਰਚਾ ’ਚ ਸ਼੍ਰੋਮਣੀ ਕਮੇਟੀ ਵੱਲੋਂ ਭਾਗ ਲੈਣ ਵਾਲੇ ਸ: ਗੁਰਿੰਦਰ ਸਿੰਘ ਗੋਗੀ ਸ਼੍ਰੋਮਣੀ ਕਮੇਟੀ ਮੈਂਬਰ ਅਨੰਦਪੁਰ ਸਾਹਿਬ ਨਾਲ ਗੱਲ ਕੀਤੀ ਕਿ ਤੁਸੀਂ ਵੀਚਾਰ ਚਰਚਾ ਦੌਰਾਨ ਕਹਿ ਰਹੇ ਸੀ ਕਿ 95 % ਸਿੱਖਾਂ ਨੂੰ ਨਹੀਂ ਪਤਾ ਕਿ ਸਿੱਖੀ ਵਿੱਚ ਜਾਤ ਵਿਵਸਥਾ ਨੂੰ ਕੋਈ ਥਾਂ ਨਹੀਂ ਹੈ। ਤੁਹਾਡਾ ਇਹ ਕਹਿਣਾ ਤੁਹਾਡੇ ਵੱਲੋਂ ਇਕਬਾਲ ਕਰਨਾ ਹੈ ਕਿ ਸ਼੍ਰੋਮਣੀ ਕਮੇਟੀ ਗੁਰਮਤਿ ਫ਼ਲਸਫ਼ੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਨਾਕਾਮਯਾਬ ਰਹੀ ਹੈ। ਕੀ ਤੁਸੀਂ ਨਹੀਂ ਚਾਹੋਗੇ ਕਿ ਭਾਈ ਪਰਮਜੀਤ ਸਿੰਘ ਖ਼ਾਲਸਾ ਅਨੰਦਪੁਰ ਸਾਹਿਬ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲੇ ਨੂੰ ਸਹਿਯੋਗ ਦੇ ਕੇ ਸ਼੍ਰੋਮਣੀ ਕਮੇਟੀ ’ਤੇ ਲੱਗ ਰਹੇ ਇਸ ਕਲੰਕ ਨੂੰ ਮਿਟਾਉਣ ਦਾ ਯਤਨ ਕੀਤਾ ਜਾਵੇ। ਉਨ੍ਹਾਂ ਕਿਹਾ ਮੇਰੇ ਆਪਣੇ ਹਲਕੇ ਵਿੱਚ ਹੁੰਦਾ ਤਾਂ ਮੈਂ ਭਾਈ ਪੰਥਪ੍ਰੀਤ ਸਿੰਘ ਦੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕਰਵਾ ਦੇਣਾਂ ਸੀ ਪਰ ਦੂਸਰੇ ਹਲਕੇ ਵਿੱਚ ਕਰਵਾਉਣਾ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ।

ਉਨ੍ਹਾਂ ਪਾਸੋਂ ਇਹ ਜਵਾਬ ਸੁਣ ਕੇ ਮੈਂ ਹਲਕਾ ਮੌੜ ਜਿਸ ਅਧੀਨ ਭਾਈ ਬਖ਼ਤੌਰ ਦਾ ਪਿੰਡ ਆਉਂਦਾ ਹੈ, ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ: ਗੁਰਤੇਜ ਸਿੰਘ ਢੱਡੇ ਨਾਲ ਗੱਲ ਕੀਤੀ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਜੋ ਹਾਲਤ ਸਰਕਾਰ ਦੀ ਹੈ ਉਹ ਹੀ ਸ਼੍ਰੋਮਣੀ ਕਮੇਟੀ ਦੀ ਹੈ; ਇਥੇ ਸਾਡੀ ਕੋਈ ਨਹੀਂ ਸੁਣਦਾ। ਉਨ੍ਹਾਂ ਨੂੰ ਕਿਹਾ ਗਿਆ ਕਿ ਚੰਗਾ ਹੋਇਆ ਤੁਸੀਂ ਆਪਣੀ ਸਥਿਤੀ ਆਪ ਹੀ ਦੱਸ ਦਿੱਤੀ ਹੈ ਜੇ ਕੋਈ ਹੋਰ ਇਹੀ ਗੱਲ ਕਹਿੰਦਾ ਤਾਂ ਸ਼ਾਇਦ ਤੁਸੀਂ ਗੁੱਸਾ ਕਰਨਾ ਸੀ। ਪਰ ਜੇ ਸਾਡੇ ਵਰਗੇ ਸਧਾਰਣ ਸਿੱਖ ਲਹਿਰਖਾਨੇ ਵਰਗੀਆਂ ਘਟਨਾਵਾਂ ਤੋਂ ਚਿੰਤਤ ਹੋ ਕੇ ਇਨ੍ਹਾਂ ਦੇ ਉਪਾਅ ਲਈ ਕੋਸ਼ਿਸ਼ ਕਰ ਰਹੇ ਹਨ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਨਵੇਂ ਹਾਊਸ ਦੇ ਮੈਂਬਰ ਹਨ। ਸੁਪ੍ਰੀਮ ਕੋਰਟ ਵਿੱਚ ਕੇਸ ਚਲਦਾ ਹੋਣ ਕਰਕੇ ਸਾਡੇ ਹੱਥ ਵਿੱਚ ਕੋਈ ਤਾਕਤ ਨਹੀਂ। ਪੁਰਾਣੇ ਮੈਂਬਰਾਂ ਕੋਲ ਹੀ ਤਾਕਤ ਹੈ। ਹੁਣ ਇਥੋਂ ਪੁਰਾਣਾ ਮੈਂਬਰ ਸ: ਗੁਰਤੇਜ ਸਿੰਘ ਜੋਧਪੁਰ ਪਾਖਰ ਵਿਰੋਧੀ ਧਿਰ ਨਾਲ ਸਬੰਧਤ ਹੈ। ਇਸ ਲਈ ਉਨ੍ਹਾਂ ਨੂੰ ਕਿਹਾ ਕਿ ਜੇ ਤੁਸੀਂ ਦੋਵੇਂ ਨਵਾਂ ਤੇ ਪੁਰਾਣਾ ਮੈਂਬਰ ਇਕੱਠੇ ਪ੍ਰਧਾਨ ਸਾਹਿਬ ਕੋਲ ਚਲੇ ਜਾਉ ਤਾਂ ਕੰਮ ਬਣ ਸਕਦਾ ਹੈ। ਉਨ੍ਹਾਂ ਕਿਹਾ ਸਾਡੀ ਤਾਂ ਪ੍ਰਧਾਨ ਸਾਹਿਬ ਨੂੰ ਕੋਈ ਲੋੜ ਹੀ ਨਹੀਂ ਪੈਂਦੀ। ਤਲਵੰਡੀ ਸਾਬੋ ਤੋਂ ਸ: ਮੋਹਨ ਸਿੰਘ ਬੰਗੀ ਪੁਰਾਣੇ ਤੇ ਨਵੇਂ ਦੋਵਾਂ ਹਾਊਸਾਂ ਦੇ ਮੈਂਬਰ ਵੀ ਹਨ ਤੇ ਉਹ ਕਾਰਜਕਾਰੀ ਮੈਂਬਰ ਹੋਣ ਦੇ ਨਾਤੇ ਪ੍ਰਧਾਨ ਸਾਹਿਬ ਨਾਲ ਹਰ ਮਹੀਨੇ ਮੀਟਿੰਗ ਕਰਦੇ ਰਹਿੰਦੇ ਹੈ ਇਸ ਲਈ ਉਹ ਕਰਵਾ ਸਕਦੇ ਹਨ।

ਸ: ਗੁਰਤੇਜ ਸਿੰਘ ਢੱਡੇ ਦਾ ਜਵਾਬ ਸੁਣ ਕੇ ਸ: ਮੋਹਨ ਸਿੰਘ ਬੰਗੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜੇ ਪਹਿਲਾਂ ਗੱਲ ਕੀਤੀ ਹੁੰਦੀ ਤਾਂ ਇਹ ਕੰਮ ਤਾਂ ਕਰਵਾ ਸਕਦੇ ਸੀ ਪਰ ਹੁਣ ਤਾਂ ਸਮਾਂ ਹੀ ਬਹੁਤ ਘੱਟ ਹੈ। ਬੇਨਤੀ ਕੀਤੀ ਕਿ ਜੇ ਕੋਈ ਕੰਮ ਕਰਨਾ ਹੀ ਹੋਵੇ ਤਾਂ ਸਮਾਂ ਅੜਚਨ ਨਹੀਂ ਪਾ ਸਕਦਾ ਹਾਲੀ 29, 30, 31 ਤਿੰਨ ਦਿਨ ਪਏ ਹਨ। ਇਸ ਲਈ ਤੁਸੀਂ ਪ੍ਰਧਾਨ ਸਾਹਿਬ ਨਾਲ ਫ਼ੋਨ ’ਤੇ ਗੱਲ ਕਰੋ। ਜੇ ਸਾਨੂੰ ਕਹੋ ਤਾਂ ਤੁਹਾਨੂੰ ਗੱਡੀ ਵਿੱਚ ਬਿਠਾ ਕੇ ਪ੍ਰਧਾਨ ਸਾਹਿਬ ਕੋਲ ਲੈ ਜਾਂਦੇ ਹਾਂ। ਉਨ੍ਹਾਂ ਨੇ ਹਾਂ ਕਰ ਦਿੱਤੀ ਤਾਂ ਉਨ੍ਹਾਂ ਸਿਰਫ ਕਿਸੇ ਚੈਨਲ ਨੂੰ ਕਹਿਣਾ ਹੀ ਹੈ। ਪੀਟੀਸੀ ਤੇ ਫਾਸਟ ਵੇਅ ਦੇ ਬਹੁਤੇਰੇ ਚੈੱਨਲ ਸ਼੍ਰੋਮਣੀ ਅਕਾਲੀ ਦਲ ਦੇ ਹੀ ਹਨ, ਇਸ ਵਿੱਚ ਅੜਚਨ ਕੀ ਹੈ। ਸ: ਬੰਗੀ ਨੇ ਪ੍ਰਧਾਨ ਨਾਲ ਗੱਲ ਕਰਕੇ ਬੈਕ ਕਾਲ ਰਾਹੀਂ ਮੈਨੂੰ ਸੂਚਿਤ ਕਰਨ ਦਾ ਵਾਅਦਾ ਵੀ ਕੀਤਾ। ਸ: ਬੰਗੀ ਦਾ ਜਵਾਬ ਭਾਵੇਂ ਉਤਸ਼ਾਹਜਨਕ ਸੀ ਪਰ ਉਨ੍ਹਾਂ ਵੱਲੋਂ ਕੋਈ ਚੰਗੀ ਸੂਚਨਾ ਦੀ ਉਡੀਕ ਹਾਲੀ ਜਾਰੀ ਹੈ।

ਧਰਮ ਪ੍ਰਚਾਰ ਲਈ ਇਹ ਸਾਰੇ ਮੈਂਬਰ ਜੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸੂਚੀ ਦੱਸਣੀ ਸ਼ੁਰੂ ਕਰ ਦੇਣ ਤਾਂ ਸਾਹ ਨਹੀਂ ਲੈਂਦੇ। ਜੇ ਇਨ੍ਹਾਂ ਨੂੰ ਅਖ਼ਬਾਰਾਂ ਦੇ ਪੱਤਰਕਾਰਾਂ ਵੱਲੋਂ ਸ਼ਾਮ 4 ਵਜੇ ਸੁਨੇਹਾ ਮਿਲ ਜਾਵੇ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੇ ਪੋਤਰੇ ਦਾ ਕੱਲ੍ਹ ਨੂੰ ਜਨਮ ਦਿਨ ਹੈ ਇਸ ਲਈ ਤੁਹਾਡੇ ਵੱਲੋਂ ਵਧਾਈ ਦੇ ਇਸ਼ਤਿਹਾਰ ਚਾਹੀਦੇ ਹਨ ਤਾਂ ਵੀ ਅਗਲੇ ਦਿਨ ਸਾਰੇ ਅਖ਼ਬਾਰ ਵਧਾਈ ਦੇ ਇਸ਼ਤਿਹਾਰਾਂ ਨਾਲ ਭਰੇ ਦਿੱਸਣਗੇ। ਪਰ ਜੇ ਸਿੱਖ ਧਰਮ ਨੂੰ ਜਾਤਪਾਤ ਦੇ ਲੱਗੇ ਕੋਹੜ ਨੂੰ ਦੂਰ ਕਰਨ ਲਈ ਕਿਸੇ ਪ੍ਰਚਾਰਕ ਦਾ ਅਮਲੀ ਰੂਪ ਵਿੱਚ ਸਹਿਯੋਗ ਕਰਨ ਲਈ ਬੇਨਤੀ ਕੀਤੀ ਜਾਵੇ ਤਾਂ ਇਤਨੀ ਮਿਹਨਤ ਕਰਨ ਪਿੱਛੋਂ ਵੀ ਨਿਰਸ਼ਾ ਹੀ ਪੱਲੇ ਪੈਂਦੀ ਨਜ਼ਰ ਆ ਰਹੀ ਹੈ। ਸ: ਮੋਹਨ ਸਿੰਘ ਬੰਗੀ ਤੋਂ ਫਿਰ ਵੀ ਹਾਲੀ ਤੱਕ ਆਸ ਦੀ ਕਿਰਨ ਵਿਖਾਈ ਦਿੰਦੀ ਹੈ ਜਿਸ ਦਾ ਨਤੀਜਾ ਆਉਣ ਲਈ ਹਾਲੀ ਤਿੰਨ ਦਿਨ ਉਡੀਕ ਕੀਤੀ ਜਾਣੀ ਹੀ ਠੀਕ ਰਹੇਗੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top