Share on Facebook

Main News Page

ਨਵਾਂ ਲੈਫਟੀਨੈਂਟ
- ਨਿਰਮਲ ਸਿੰਘ ਕੰਧਾਲਵੀ

ਉੱਚਾ ਲੰਮਾ ਕੱਦ, ਤਾਂਬੇ-ਰੰਗਾ ਭਰਵਾਂ ਸਰੀਰ, ਕੁੰਢੀਆਂ ਮੁੱਛਾਂ, ਬੱਦਲਾਂ ਨੂੰ ਅੱਗ ਲੱਗੀ ਵਰਗੀ ਦਾੜ੍ਹੀ, ਸ਼ਾਇਦ ਪਹਿਲਾਂ ਦਾੜ੍ਹੀ ਨੂੰ ਮਹਿੰਦੀ ਵਿਗੈਰਾ ਲਾਉਂਦਾ ਰਿਹਾ ਸੀ, ਚਿਹਰੇ ‘ਤੇ ਚੇਚਕ ਦੇ ਦਾਗ਼। ਮਸ਼ਾਲ ਵਾਂਗ ਦਗ਼ਦੀਆਂ ਲਾਲ ਲਾਲ ਅੱਖਾਂ। ਡਰਾਉਣਾ ਚਿਹਰਾ।

ਇਹ ਤਾਂਬੇ ਰੰਗਾ ਵਿਅਕਤੀ ਤੇ ਉਸ ਦੀ ਪਤਨੀ ਨਵੇਂ ਨਵੇਂ ਹੀ ਇਸ ਗੁਰਦੁਆਰੇ ਆਉਣ ਲੱਗੇ ਸਨ। ਕੁੱਝ ਦਿਨਾਂ ਬਾਅਦ ਸਭ ਨੂੰ ਪਤਾ ਲੱਗ ਗਿਆ ਕਿ ਇਸ ਪਰਿਵਾਰ ਨੇ ਦੂਰੋਂ ਕਿਸੇ ਹੋਰ ਸ਼ਹਿਰੋਂ ਆ ਕੇ ਇਸ ਟਾਊਨ ਵਿਚ ਘਰ ਲੈ ਲਿਆ ਸੀ।

ਉਹ ਗੁਰਦੁਆਰੇ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਬੜੀ ਘੋਖਵੀਂ ਨਜ਼ਰ ਨਾਲ ਤਾੜਦਾ ਰਹਿੰਦਾ। ਐਤਵਾਰ ਨੂੰ ਲੰਗਰ ਵਰਤਾਉਣ ਤੋਂ ਸ਼ੁਰੂ ਕਰ ਕੇ ਉਸ ਨੇ ਹੌਲੀ ਹੌਲੀ ਲੰਗਰ-ਖਾਨੇ ਵਿਚਲੇ ਨਿੱਕੇ ਨਿੱਕੇ ਕੰਮਾਂ ਨੂੰ ਹੱਥ ਪਾਉਣਾ ਸ਼ੁਰੂ ਕੀਤਾ ਅਤੇ ਹੋਰ ਸੇਵਾਦਾਰਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗਾ।

ਉਸ ਦਾ ਗੱਲ ਬਾਤ ਕਰਨ ਦਾ ਲਹਿਜ਼ਾ ਬੜਾ ਅੱਖੜ ਸੀ। ਕਈ ਵਿਅਕਤੀ ਤਾਂ ਉਸ ਤੋਂ ਪਾਸਾ ਵੱਟਣਾ ਹੀ ਚੰਗਾ ਸਮਝਦੇ।

ਕੁੱਝ ਸਮਾਂ ਪਾ ਕੇ ਉਸ ਨੇ ਹੋਰ ਸੇਵਾਦਾਰਾਂ ਵਲੋਂ ਕੀਤੀ ਜਾਂਦੀ ਸੇਵਾ ਵਿਚ ਨੁਕਸ ਕੱਢਣੇ ਸ਼ੁਰੂ ਕਰ ਦਿਤੇ। ਇਕ ਸੇਵਾਦਾਰ ਬਹੁਤ ਦੇਰ ਤੋਂ ਲੋੜ ਪਈ ‘ਤੇ ਗੁਰਦੁਆਰੇ ਲਈ ਰਾਸ਼ਨ ਖ਼ਰੀਦ ਕੇ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਆ ਰਿਹਾ ਸੀ। ਉਸ ਉੱਪਰ ਵੀ ਇਹ ਤਾਂਬੇ-ਰੰਗਾ ਵਿਅਕਤੀ ਕਿੰਤੂ ਪ੍ਰੰਤੂ ਕਰਨ ਲੱਗ ਪਿਆ। ਕਦੀ ਰਾਸ਼ਨ ਦੀ ਕੁਆਲਿਟੀ ਅਤੇ ਕਦੀ ਭਾਅ-ਭੱਤੇ ਬਾਰੇ ਟਿੱਪਣੀਆਂ ਕਰਦਾ ਰਹਿੰਦਾ। ਉਸ ਦੀਆਂ ਬੇਦਲੀਲ ਗੱਲਾਂ ਸੁਣ ਕੇ ਕਈ ਲੋਕ ਤਾਂ ਚੁੱਪ ਕਰ ਰਹਿੰਦੇ, ਪਰ ਕੁਝ ਕੁ ਉਸ ਨਾਲ ਆਢਾ ਵੀ ਲੈਂਦੇ ਪਰ ਅਖ਼ੀਰ ਨੂੰ ਗੱਲ ਬਹੁਤੀ ਵਧਣ ਦੇ ਡਰੋਂ ਚੁੱਪ ਹੀ ਕਰ ਜਾਂਦੇ ਜਾਂ ਬਾਬਾ ਜੀ ਦੀ ਸਿੱਖਿਆ ‘ਤੇ ਅਮਲ ਕਰਦੇ ਕਿ, “ਮੂਰਖੈ ਨਾਲਿ ਨ ਲੁਝੀਐ………” ਪਰ ਇਸ ਦਾ ਉਲਟਾ ਅਸਰ ਹੋਇਆ, ਇਸ ਨਾਲ ਤਾਂਬੇ ਰੰਗੇ ਆਦਮੀ ਦਾ ਹੌਸਲਾ ਵਧਦਾ ਗਿਆ ਤੇ ਉਸ ਵਲੋਂ ਕੀਤੀ ਜਾਂਦੀ ਨੁਕਤਾਚੀਨੀ ਕਈ ਪ੍ਰਕਾਰ ਦੀਆਂ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰਨ ਲੱਗੀ।

ਗੁਰਦੁਆਰੇ ਦਾ ਪ੍ਰਧਾਨ, ਜੋ ਕਿ ਬਾਦਲਾਂ ਵਾਂਗ ਜੋੜ ਤੋੜ ਦੀ ਰਾਜਨੀਤੀ ਕਰਨ ਵਿਚ ਬੜਾ ਮਾਹਰ ਸੀ, ਉਸਨੇ ਕਈ ਸਾਲਾਂ ਤੋਂ ਇਸੇ ਢੰਗ ਨਾਲ ਗੁਰਦੁਆਰੇ ਉੱਪਰ ਆਪਣੇ ਹੀ ਗਰੁੱਪ ਦਾ ਕਬਜ਼ਾ ਰੱਖਿਆ ਹੋਇਆ ਸੀ। ਜੇ ਉਹ ਕਿਸੇ ਟਰਮ ਆਪ ਨਾ ਪ੍ਰਧਾਨ ਬਣ ਸਕਦਾ ਤਾਂ ਆਪਣੇ ਕਿਸੇ ਚੇਲੇ ਬਾਲਕੇ ਨੂੰ ਬਣਵਾ ਦਿੰਦਾ ਜੋ ਕਿ ਨਾਮ ਦਾ ਹੀ ਪ੍ਰਧਾਨ ਹੁੰਦਾ, ਪਾਲਿਸੀ ਸਾਰੀ ਇਸੇ ਦੀ ਚਲਦੀ।

ਪ੍ਰਧਾਨ ਨੇ ਆਪਣੀ ਸਰਦਾਰੀ ਨੂੰ ਧੜੱਲੇਦਾਰ ਢੰਗ ਨਾਲ ਚਲਾਉਣ ਲਈ ਕੁਝ ਖ਼ਾਸ ‘ਲੈਫਟੀਨੈਂਟ’ ਰੱਖੇ ਹੋਏ ਸਨ, ਜੋ ਉਸ ਦੀ ਹਰ ਗੱਲ ਵਿਚ ਹਾਂ ਨਾਲ ਹਾਂ ਮਿਲਾਉਂਦੇ ਸਨ। ਕੁੱਝ ਲੈਫਟੀਨੈਂਟ ਬੜੇ ਮਿੱਠਬੋਲੜੇ ਤੇ ਮੋਮੋਠੱਗਣੀਂ ਕਿਸਮ ਦੇ ਸਨ ਜੋ ਗੱਲਾਂ ਬਾਤਾਂ ਨਾਲ਼ ਹੀ ਵਿਰੋਧੀਆਂ ਦੀ ਫੂਕ ਕੱਢ ਦਿੰਦੇ ਤੇ ਕੁਝ ਲੈਫਟੀਨੈਂਟ ਹਮਕੋ ਤੁਮਕੋ ਵਾਲ਼ੇ ਸਨ ਜੋ ‘ਆਕੀਆਂ’ ਨੂੰ ਡਰਾਉਣ ਧਮਕਾਉਣ ਦਾ ਕੰਮ ਕਰਦੇ।ਹੋਰ ਜ਼ਿੰਮੇਵਾਰੀਆਂ ਦੇ ਨਾਲ ਨਾਲ ਇਨ੍ਹਾਂ ਲੈਫਟੀਨੈਂਟਾਂ ਦੇ ਕੰਮ ਵਿਚ ਜਾਸੂਸੀ ਕਰਨੀ ਵੀ ਸ਼ਾਮਲ ਸੀ ਤਾਂ ਕਿ ਪ੍ਰਧਾਨ ਨੂੰ ਗੁਰਦੁਆਰੇ ਦੀ ਹਰ ਪ੍ਰਕਾਰ ਦੀ ਖ਼ਬਰ ਮਿਲਦੀ ਰਹੇ। ਸ਼ਾਇਦ ਉਸ ਨੇ ਚਾਣਕੀਆ ਨੀਤੀ ਦਾ ਖ਼ੂਬ ਅਧਿਐਨ ਕੀਤਾ ਹੋਇਆ ਸੀ। ਸਾਮ, ਦਾਮ, ਦੰਡ, ਭੇਦ ਦੇ ਹਥਿਆਰਾਂ ਦੀ ਵਰਤੋਂ ਕਰਨੀ ਉਹ ਖੂਬ ਜਾਣਦਾ ਸੀ।

ਇਸ ਤਾਂਬੇ ਰੰਗੇ ਆਦਮੀ ਵਿਚ ਪ੍ਰਧਾਨ ਨੂੰ ਬਹੁਤ ਗੁਣ ਨਜ਼ਰ ਆਏ ਸਨ ਤੇ ਉਹ ਛੇਤੀ ਤੋਂ ਛੇਤੀ ਇਸ ਨੂੰ ਆਪਣੀ ‘ਫੌਜ’ ਵਿਚ ਭਰਤੀ ਕਰਨਾ ਚਾਹੁੰਦਾ ਸੀ। ਪਰ ਇਸ ਤੋਂ ਪਹਿਲਾਂ ਉਹ ਤਾਂਬੇ-ਰੰਗੇ ਆਦਮੀ ਬਾਰੇ ਕੁਝ ਜਾਣਕਾਰੀ ਹਾਸਲ ਕਰ ਲੈਣੀ ਚਾਹੁੰਦਾ ਸੀ। ਕੁੱਝ ਹੀ ਦਿਨਾਂ ਵਿਚ ਪ੍ਰਧਾਨ ਦੇ ਜਾਸੂਸਾਂ ਨੇ ਉਸ ਨੂੰ ਸਭ ਅੱਛਾ ਦੀ ਖ਼ਬਰ ਲਿਆ ਦਿੱਤੀ ਸੀ।

ਪ੍ਰਧਾਨ ਦੇ ਦਿਮਾਗ਼ ਲੜਾ ਕੇ ਇਕ ਸਕੀਮ ਤਿਆਰ ਕਰ ਲਈ। ਲਾਇਬ੍ਰੇਰੀ ਵਾਲ਼ਾ ਸੇਵਾਦਾਰ ਢਿੱਲਾ-ਮੱਠਾ ਰਹਿਣ ਕਰ ਕੇ ਕਈ ਵਾਰੀ ਲਾਇਬ੍ਰੇਰੀ ਦੇਰ ਨਾਲ਼ ਖੋਲ੍ਹਦਾ ਸੀ। ਪ੍ਰਧਾਨ ਨੇ ਇੰਚਾਰਜ ਤਾਂ ਉਸੇ ਨੂੰ ਹੀ ਰਹਿਣ ਦਿਤਾ, ਪਰ ਲਾਇਬ੍ਰੇਰੀ ਦੀ ਇਕ ਚਾਬੀ ਰਾਸ਼ਨ ਲਿਆਉਣ ਵਾਲ਼ੇ ਸੇਵਾਦਾਰ ਨੂੰ ਦੇ ਕੇ ਲਾਇਬ੍ਰੇਰੀ ਸਮੇਂ ਸਿਰ ਖੋਲ੍ਹਣ ਦੀ ਜ਼ਿੰਮੇਵਾਰੀ ਦੇ ਦਿੱਤੀ ਤੇ ਉਹਦੇ ਕੋਲੋਂ ਰਾਸ਼ਨ ਲਿਆਉਣ ਦੀ ਜ਼ਿੰਮੇਵਾਰੀ ਵਾਪਿਸ ਲੈ ਲਈ ਤੇ ਗੁਰਦੁਆਰੇ ਦੀ ਵੈਨ ਦੀਆਂ ਚਾਬੀਆਂ ਉਸ ਤੋਂ ਲੈ ਲਈਆਂ। ਉਹ ਸੇਵਾਦਾਰ ਤਾਂ ਫੁੱਲਿਆ ਨਾ ਸਮਾਵੇ, ਉਹਨੂੰ ਇੰਜ ਲੱਗੇ ਜਿਵੇਂ ਉਹਦੀ ਤਰੱਕੀ ਹੋ ਗਈ ਹੋਵੇ।

ਦੂਸਰੇ ਦਿਨ ਲੋਕਾਂ ਨੇ ਦੇਖਿਆ ਕਿ ਤਾਂਬੇ-ਰੰਗਾ ਆਦਮੀ ਉਂਗਲ ਵਿਚ ਵੈਨ ਦੀਆਂ ਚਾਬੀਆਂ ਦਾ ਛੱਲਾ ਘੁੰਮਾਈ ਰਾਸ਼ਨ ਖ਼ਰੀਦਣ ਲਈ ਕਾਰ ਪਾਰਕ ਵਲ ਜਾ ਰਿਹਾ ਸੀ।

ਹੁਣ ਉਹ ਪ੍ਰਧਾਨ ਦੀ ਫੌਜ ਦਾ ਨਵਾਂ ਲੈਫ਼ਟੀਨੈਂਟ ਬਣ ਗਿਆ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top