Share on Facebook

Main News Page

ਦਲਿੱਤ ਲੜਕੀ ਦੇ ਬਲਾਤਕਾਰ ਮਾਮਲੇ ਵਿੱਚ ਵੱਡੇ ਘਰਾਂ ਦੇ ਕਾਕੇ ਸ਼ਾਮਲ ਹੋਣ ਦੀ ਸ਼ੰਕਾ
- ਇਸਤਰੀ ਸਭਾ

ਅੰਮ੍ਰਿਤਸਰ 28 ਮਾਰਚ (ਜਸਬੀਰ ਸਿੰਘ ਪੱਟੀ) ਬੀਤੇ ਦਿਨੀਂ ਗੁਰੂ ਨਗਰੀ ਦੇ ਇਸ ਪਵਿੱਤਰ ਸ਼ਹਿਰ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਈ ਇੱਕ ਦਲਿੱਤ ਲੜਕੀ ਦਾ ਹਾਲ ਚਾਲ ਪੁੱਛਣ ਜਿਥੇ ਪੰਜਾਬ ਇਸਤਰੀ ਸਭਾ ਦੀਆ ਆਗੂ ਉਸ ਦੇ ਗ੍ਰਹਿ ਵਿਖੇ ਪੁੱਜੀਆਂ, ਉਥੇ ਸਭਾ ਦੀ ਇਸ ਪੜਤਾਲੀਆ ਟੀਮ ਨੇ ਪੁਲੀਸ ਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਤੇ ਵੀ ਕਿੰਤੂ ਕਰਦਿਆਂ ਹੁਣ ਤੱਕ ਕੀਤੀ ਗਈ ਕਾਰਵਾਈ ਤੇ ਅਸੰਤੁਸ਼ਟੀ ਪ੍ਰਗਟ ਕੀਤੀ ਹੈ।

ਇਸ ਸਬੰਧੀ ਇਸ ਇਸਤਰੀ ਸਭਾ ਦੀ ਆਗੂ ਬੀਬੀ ਰਾਜਿੰਦਰਪਾਲ ਕੌਰ ਨੇ ਦੱਸਿਆ ਕਿ ਇਸਤਰੀ ਸਭਾ ਦੀ ਇੱਕ ਤਿੰਨ ਮੈਂਬਰੀ ਟੀਮ ਪੀੜਤ ਲੜਕੀ ਦੇ ਘਰ ਸਭਾ ਦੀ ਸੂਬਾ ਪ੍ਰਧਾਨ ਬੀਬੀ ਨਰਿੰਦਰਪਾਲ ਕੌਰ ਦੀ ਅਗਵਾਈ ਹੇਠ ਗਈ ਜਿਸ ਵਿੱਚ ਉਹਨਾਂ (ਰਾਜਿਦੰਰਪਾਲ ਕੌਰ) ਤੋਂ ਇਲਾਵਾ ਜਿਲ੍ਹਾ ਆਗੂ ਬੀਬੀ ਕ੍ਰਿਸ਼ਨਾ ਬਾਜਵਾ ਵੀ ਸ਼ਾਮਲ ਸੀ। ਉਹਨਾਂ ਦੱਸਿਆ ਕਿ ਪੀੜਤ ਲੜਕੀ ਦੀ ਖੈਰ ਸੁਰਤ ਲੈਣ ਵਾਲਿਆ ਦਾ ਉਹਨਾਂ ਦੇ ਘਰ ਤਾਂਤਾ ਲੱਗਾ ਹੋਇਆ ਸੀ ਅਤੇ ਲੜਕੀ ਹਾਲਤ ਹਾਲੇ ਵੀ ਕਾਫੀ ਗੰਭੀਰ ਬਣੀ ਹੋਈ ਹੈ। ਉਹਨਾਂ ਦੱਸਿਆ ਕਿ ਜਦੋਂ ਪੜਤਾਲੀ ਕਮੇਟੀ ਨੇ ਲੜਕੀ ਦੇ ਪਰਿਵਾਰ ਵਾਲਿਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਦੀ ਲੜਕੀ ਨਾਲ ਜੱਗੋ ਤੇਰਵੀ ਹੋਈ ਹੈ ਅਤੇ ਕਨੂੰਨ ਨਾ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਉਹਨਾਂ ਕਿਹਾ ਕਿ ਉਹਨਾਂ ਦੀ ਧੀ ਨਾਲ ਬਲਾਤਕਾਰ ਹੋਣ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਵੀ ਉਹਨਾਂ ਨਾਲ ਕੋਈ ਚੰਗਾ ਸਲੂਕ ਨਹੀਂ ਕੀਤਾ ਗਿਆ ਸਗੋਂ ਉਹਨਾਂ ਨੂੰ ਤਾਂ ਇੰਜ ਲੱਗ ਰਿਹਾ ਸੀ ਕਿ ਵੱਡਿਆ ਘਰਾਂ ਦੇ ਕਾਕਿਆ ਦੇ ਸਿਆਸੀ ਪਰਿਵਾਰਾਂ ਦੇ ਕਹਿਣ ਤੇ ਹੀ ਉਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਤਾਂ ਕਿ ਦੋਸ਼ੀਆ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਹਸਪਤਾਲ ਵਿੱਚੋ ਕਾਹਲੀ ਵਿੱਚ ਛੁੱਟੀ ਦੇ ਕੇ ਘਰ ਨੂੰ ਤੋਂਰ ਦਿੱਤਾ ਗਿਆ ਹੈ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਦੋਸ਼ੀਆ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹ ਗਰੀਬ ਹਨ ਜਿਸ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਨਾ ਕਰਕੇ ਸਰਕਾਰ ਉਹਨਾਂ ਦੀ ਗਰੀਬੀ ਦਾ ਮਜਾਕ ਉਡਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਦੋਸ਼ੀਆ ਦੀ ਤੁਰੰਤ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਜਾਵੇ।

ਇਸਤਰੀ ਸਭਾ ਦੀ ਸੂਬਾ ਪਰਧਾਨ ਬੀਬੀ ਨਰਿੰਦਰਪਾਲ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਵਸਤੂ ਨਹੀਂ ਹੈ ਅਤੇ ਅੰਮ੍ਰਿਤਸਰ ਦੇ ਲੋਕਾਂ ਦੇ ਤਾਂ ਛੇਹਰਟਾ ਦੇ ਦਿਲ ਕੰਬਾਊ ਕਾਂਡ ਨੂੰ ਯਾਦ ਕਰਕੇ ਲੂੰ ਕੰਡੇ ਖੜੇ ਹੋ ਜਾਂਦੇ ਕਿ ਪੁਲੀਸ ਦੀ ਅਣਗਹਿਲੀ ਨਾਲ ਇਹ ਦੂਸਰਾ ਵੱਡਾ ਕਾਂਡ ਹੋ ਗਿਆ ਹੈ। ਉਹਨਾਂ ਕਿਹਾ ਕਿ ਨੰਨ੍ਹੀ ਛਾਂ ਦੀ ਰਾਖੀ ਦੇ ਦਾਅਵੇ ਕਰਨ ਵਾਲੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ, ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਾਲੇ ਤੱਕ ਆਪਣਾ ਮੂੰਹ ਨਾ ਖੋਹਲ ਕੇ ਸਾਬਤ ਕਰ ਦਿੱਤਾ ਹੈ ਕਿ ਪਰਿਵਾਰ ਵਾਲਿਆ ਦੇ ਸ਼ੱਕ ਅਨੁਸਾਰ ਇਸ ਕਾਂਡ ਵਿੱਚ ਵੱਡੇ ਘਰਾਂ ਦੇ ਕਾਕਿਆ ਦਾ ਸ਼ਾਮਲ ਹੋਣਾ ਯਕੀਨੀ ਹੈ, ਜਿਸ ਕਰਕੇ ਉਸ ਨੇ ਵੀ ਕੋਈ ਕਾਰਵਾਈ ਕਰਾਉਣ ਲਈ ਕੋਈ ਦਿਲਚਸਪੀ ਨਹੀਂ ਲਈ ਅਤੇ ਨਾ ਹੀ ਕੋਈ ਬਿਆਨ ਦੇਣਾ ਹੁਣ ਤੱਕ ਮੁਨਾਸਿਫ ਨਹੀਂ ਸਮਝਿਆ ਹੈ। ਉਹਨਾਂ ਕਿਹਾ ਕਿ ਇਸਤਰੀ ਸਭਾ ਜਲਦੀ ਹੀ ਇੱਕ ਮੀਟਿੰਗ ਕਰਕੇ ਕੋਈ ਸਖਤ ਕਦਮ ਚੁੱਕਣ ਜਾ ਰਹੀ ਹੈ ਅਤੇ ਇਸ ਤੋਂ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਉਹਨਾਂ ਕਿਹਾ ਕਿ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਮਾਲੀ ਸਹਾਇਤਾ ਦੇ ਨਾਲ ਨਾਲ ਪੀੜਤ ਲੜਕੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਸੀ.ਪੀ.ਆਈ ਦੀ ਜਿਲ੍ਹਾ ਕੌਸਲ ਦੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦੁਧਾਲਾ, ਕਿਸਾਨ ਆਗੂ ਲਖਬੀਰ ਸਿੰਘ ਨਿਜਾਮਪੁਰਾ ਤੇ ਬਲਕਾਰ ਸਿੰਘ ਦੁਧਾਲਾ ਨੇ ਵੀ ਪੁਲੀਸ ਦੀ ਕਾਰਗੁਜਾਰੀ ਤੇ ਅਸ਼ੰਤੁਸ਼ਟੀ ਪ੍ਰਗਟ ਕਰਦਿਆ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਦੀ ਕਾਰਗੁਜਾਰੀ ਤਸੱਲੀ ਬਖਸ਼ ਨਹੀਂ ਹੈ। ਉਹਨਾਂ ਵੀ ਮੰਗ ਕੀਤੀ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਪੀੜਤ ਲੜਕੀ ਨੂੰ ਸਕੂਨ ਮਿਲ ਸਕੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top