Share on Facebook

Main News Page

"ਸਿਸ਼ਟਾਚਾਰ" ਅਤੇ "ਸਮਰਪਣ" ਵਿਚਲੇ ਬਹੁਤ ਵੱਡੇ ਅੰਤਰ ਨੂੰ ਸਮਝਣ ਦੀ ਲੋੜ ਹੈ
-
ਇੰਦਰਜੀਤ ਸਿੰਘ, ਕਾਨਪੁਰ

ਪਿਛਲੇ ਦਿਨੀਂ 22 Mar 2013 ਨੂੰ . ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਦੇ ਵਿੱਚਕਾਰ ਚੰਡੀਗੜ੍ਹ ਵਿਖੇ, ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਇਕ ਸਿਸ਼ਟਾਚਾਰਕ ਮੁਲਾਕਾਤ ਹੋਈ। ਸ. ਜੋਗਿੰਦਰ ਸਿੰਘ ਸਪੋਕਸਮੈਨ ਨੇ ਪ੍ਰੋਫੈਸਰ ਸਾਹਿਬ ਨੂੰ ਬਹੁਤ ਹੀ ਵਿਨਮਰ ਢੰਗ ਨਾਲ ਆਪਣੇ ਘਰ ਆਉਣ ਦਾ ਸੱਦਾ ਦਿਤਾ, ਜਿਸ ਨੂੰ ਸਿਸ਼ਟਾਚਾਰ ਅਤੇ ਸਭਿਆਚਾਰ ਦੇ ਨਾਤੇ ਪ੍ਰੋਫੈਸਰ ਸਾਹਿਬ ਨੇ ਸਵੀਕਾਰ ਕੀਤਾ ਅਤੇ ਉਨ੍ਹਾਂ ਦੇ ਘਰ ਗਏ।  ਦਾਸ ਵੀ ਇਸ ਮੌਕੇ 'ਤੇ ਹਾਜ਼ਿਰ ਸੀ।

ਜਿਥੇ ਇਸ ਮਿਲਣੀ ਦੇ ਸਮਰਥਨ ਅਤੇ ਖੁਸ਼ੀ ਵਜੋਂ ਬਹੁਤ ਸਾਰੀਆਂ ਧਿਰਾਂ ਅਤੇ ਜਾਗਰੂਕ ਸਿੰਘ ਖੁਲ ਕੇ ਸਾਮ੍ਹਣੇ ਆਏ ਅਤੇ ਉਨ੍ਹਾਂ ਨੇ ਇਸ ਮਿਲਣੀ ਦਾ ਸਵਾਗਤ ਕੀਤਾ, ਉਥੇ ਹੀ ਕੁਝ ਪੰਥ ਦਰਦੀ ਵੀਰਾਂ ਦੇ ਮਨ ਵਿੱਚ ਕੁੱਝ ਸ਼ੰਕਿਆਂ ਦਾ ਜਨਮ ਲੈਣਾ ਵੀ ਸੁਭਾਵਿਕ ਸੀ।

ਕੁਝ ਵੀਰਾਂ ਨੇ ਤਾਂ ਇਸ ਮਿਲਣੀ ਨੂੰ "ਸਿਧਾਂਤਾਂ ਦਾ ਘਾਣ" ਤਕ ਕਹਿ ਦਿਤਾ। ਇਸ ਦੀ ਵਜਿਹ ਸ਼ਾਇਦ ਇਹ ਵੀ ਹੋ ਸਕਦੀ ਹੈ, ਕਿ ਉਹ ਵੀਰ "ਸਿਸ਼ਟਾਚਾਰ" ਅਤੇ "ਸਮਰਪਣ" ਵਿਚਲਾ ਬਹੁਤ ਵੱਡਾ ਅੰਤਰ ਸਮਝਣ ਵਿੱਚ ਅਸਮਰਥ ਹਨ। ਇਸ ਮਿਲਣੀ ਵਿੱਚ ਕਿਸੇ ਵੀ ਤਰੀਕੇ ਦਾ ਸਮਰਪਣ, ਸਪਸਟੀਕਰਣ ਜਾਂ ਸਮਝੌਤਾ "ਦੋਹਾਂ ਪਾਸਿਉਂ" ਹੀ ਨਹੀਂ ਹੋਇਆ। ਪ੍ਰੋਫੈਸਰ ਸਾਹਿਬ ਨਾ ਤਾਂ ਉਥੇ ਕੁਝ ਮੰਗਣ ਗਏ ਸੀ ਅਤੇ ਨਾ ਹੀ ਕੁਝ ਦੇਣ ਗਏ ਸੀ, ਇਹ ਮਿਲਣੀ ਨਿਰੋਲ ਸਿਸ਼ਟਾਚਾਰ ਅਤੇ ਸਭਿਯਾਚਾਰ 'ਤੇ ਅਧਾਰਿਤ ਸੀ।

ਸਿਧਾਂਤ ਦਾ ਘਾਣ ਉਥੇ ਹੁੰਦਾ ਹੈ, ਜਿੱਥੇ ਕੋਈ "ਸਮਰਪਣ", "ਸਮਝੌਤਾ" ਜਾਂ "ਸਹਮਤੀ" ਕੰਮ ਕਰ ਰਹੀ ਹੋਵੇ। ਇਹੋ ਜਹੀਆਂ ਸਿਸ਼ਟਾਚਾਰਕ ਮਿਲਣੀਆਂ ਕੌਮ ਦੇ ਫਾੜ ਫਾੜ ਹੋ ਚੁਕੇ ਜਾਗਰੂਕ ਤਬਕੇ ਲਈ, ਕਿਸੇ ਸਿਧਾਂਤ ਦਾ ਘਾਣ ਨਹੀਂ,ਬਲਕਿ ਆਪਸੀ ਵਿਰੋਧ ਨੂੰ ਕੁਝ ਹੱਦ ਤਕ ਘੱਟ ਜਰੂਰ ਕਰਦੀਆਂ ਨੇ ਅਤੇ ਨਿੱਤ ਉੱਠ ਰਹੇ ਆਪਸੀ ਵਿਰੋਧਾਂ ਅਤੇ ਤਨਾਅ ਨੂੰ ਘੱਟਾ ਕੇ, ਅਪਣੇ ਪੰਥਿਕ ਟੀਚਿਆਂ ਦੀ ਪ੍ਰਾਪਤੀ ਵਲ ਪੂਰਾ ਧਿਆਨ ਕੇਂਦਰਿਤ ਕਰਣ ਵਿੱਚ ਸਹਾਇਕ ਸਾਬਿਤ ਹੋ ਸਕਦੀਆਂ ਨੇ।

ਜਾਗਰੂਕ ਤਬਕੇ ਨੂੰ ਇਕ ਸਾਜਿਸ਼ ਦੇ ਤਹਿਤ, ਬੁਰਛਾਗਰਦਾਂ ਅਤੇ "ਧਰਮ ਮਾਫੀਏ" ਨੇ ਕਈ ਵਾਰ ਫਾੜ ਫਾੜ ਕੀਤਾ ਹੈ। ਇਸ ਵਿੱਚ ਜਾਗਰੂਕ ਤਬਕੇ ਦੇ ਹੀ ਕੁਝ ਵਿਦਵਾਨ "ਕੈਟਾਲਿਸਟ" ਬਣਕੇ ਨਿਤਰੇ ਹਨ। ਇਨ੍ਹਾਂ ਲੋਕਾਂ ਨੇ ਆਪਸੀ ਖਿੱਚੋਤਾਣ ਨਾਲ ਕਿਸੇ ਹੋਰ ਦਾ ਨਹੀਂ, ਕੌਮ ਦਾ ਹੀ ਨੁਕਸਾਨ ਕੀਤਾ ਹੈ ਅਤੇ ਬੁਰਛਾਗਰਦਾਂ ਦੇ "ਲੜਾਉ ਅਤੇ ਰਾਜ ਕਰੋ" ਦੀ ਨੀਤੀ ਨੂੰ ਹੀ ਕਾਮਯਾਬ ਕੀਤਾ ਹੈ। ਇਨਾਂ ਬੁਰਛਾਗਰਦਾਂ ਨੇ ਇਹ ਕੰਮ ਸਾਡੇ ਵਿੱਚ ਹੀ ਵੜੇ ਕੁਝ ਲੋਕਾਂ ਦੇ ਸਹਾਰੇ ਬੜੀ ਚਾਲਾਕੀ ਨਾਲ ਕੀਤਾ, ਜਿਸਨੂੰ ਜਾਗਰੂਕ ਤਬਕਾ ਸਮਝ ਹੀ ਨਹੀਂ ਸਕਿਆ। ਇਨ੍ਹਾਂ ਘੁਸਪੈਠੀਆਂ ਵਿੱਚ ਬਹੁਤ ਸਾਰੇ ਚਿਹਰੇ ਪਿਛਲੇ ਦਿਨੀ ਬੇਨਕਾਬ ਵੀ ਹੋ ਚੁਕੇ ਹਨ, ਅਤੇ ਆਉਣ ਵਾਲੇ ਸਮੇਂ ਅੰਦਰ ਇਹੋ ਜਹੇ ਹੋਰ ਵੀ ਕਈ ਚਿਹਰੇ ਬੇਨਕਾਬ ਹੋ ਸਕਦੇ ਹਨ।

ਕੌਣ ਕੀ ਲਿਖਦਾ ਹੈ, ਕੌਣ ਕੀ ਸੋਚਦਾ ਹੈ, ਇਸ ਨਾਲ ਅਸਲਿਅਤ ਅਤੇ ਸੱਚਾਈ ਨੂੰ ਕੋਈ ਫਰਕ ਨਹੀਂ ਪੈਂਦਾ। ਕਿਸੇ ਵੀ ਵਿਅਕਤੀ ਦੀ ਸੋਚ, ਅਧਿਐਨ ਅਤੇ ਨੀਯਤ ਇਕ ਜਹੀ ਨਹੀਂ ਹੋ ਸਕਦੀ। ਕਿਸੇ ਦੀ ਸੋਚ ਅਤੇ ਮਾਨਸਿਕਤਾ ਨੂੰ ਬਦਲਨਾ ਵੀ ਇੰਨਾਂ ਸੌਖਾ ਨਹੀਂ ਹੁੰਦਾ। ਜਾਗਰੂਕ ਤਬਕਾ ਜਿਸਦੇ ਮੋਢਿਆਂ 'ਤੇ ਕੌਮ ਨੂੰ ਚੜ੍ਹਦੀਕਲਾ ਵੱਲ ਲੈ ਜਾਣ ਦੀ ਬਹੁਤ ਵੱਡੀ ਜਿੰਮੇਦਾਰੀ ਹੈ, ਉਹ ਹੀ ਇਕ ਸਾਜਿਸ਼ ਦੇ ਤਹਿਤ ਆਪਸ ਵਿੱਚ ਲੜੀ ਜਾ ਰਿਹਾ ਹੈ। ਇਕ ਦੂਜੇ ਦੀਆਂ ਟੰਗਾਂ ਖਿੱਚ ਖਿੱਚ ਕੇ, ਅਸੀਂ ਅਪਣੇ ਟੀਚੇ ਅਤੇ ਅਸਲ ਮੰਜਿਲ ਨੂੰ ਭੁਲਾ ਕੇ ਦਿਸ਼ਾਹੀਨ ਹੋ ਚੁਕੇ ਹਾਂ। ਹੋ ਸਕਦਾ ਹੈ, ਆਉਣ ਵਾਲੇ ਸਮੇਂ ਵਿੱਚ ਸਾਡੀ ਆਪਸੀ ਹਉਮੈ ਅਤੇ ਨਾਸਮਝੀ ਇਸ ਮਿਲਣੀ ਨੂੰ ਹੀ ਇਕ ਮੁੱਦਾ ਬਣਾ ਕੇ, ਇੱਕ ਨਵੀਂ ਖਿੱਚੋਤਾਣ ਨੂੰ ਜਨਮ ਦੇ ਦੇਵੇ। ਇਹ ਹੀ ਸਾਡਾ ਦੁਖਾਂਤ ਹੈ, ਕਿ ਅਸੀਂ ਆਪ ਹੀ ਮੁੱਦੇ ਲਭਦੇ ਹਾਂ, ਅਤੇ ਉਸ ਨੂੰ ਅਾਧਾਰ ਬਣਾ ਕੇ ਆਪ ਹੀ ਫਾੜ ਫਾੜ ਹੋ ਜਾਦੇ ਹਾਂ। "ਧਰਮ ਮਾਫੀਏ" ਨੂੰ ਹੋਰ ਕੀ ਚਾਹੀਦਾ ਹੈ? ਉਸ ਦਾ ਕੰਮ ਤਾਂ ਅਸੀਂ ਆਪ ਹੀ ਪੂਰਾ ਕਰੀ ਜਾ ਰਹੇ ਹਾਂ।

ਇਸ ਮਿਲਣੀ ਤੋਂ ਬਹੁਤਾ ਖੁਸ਼ ਜਾਂ ਬਹੁਤਾ ਨਮੋਸ਼ ਹੋਣ ਦੀ ਲੋੜ ਨਹੀਂ ਹੈ। ਇਹੋ ਜਹੀਆਂ ਸਿਸ਼ਟਾਚਾਰਕ ਮਿਲਣੀਆਂ ਨੂੰ ਪੰਥਿਕ ਮਿਲਣੀਆਂ ਵਿੱਚ ਤਬਦੀਲ ਕਰਣ ਦੀ ਲੋੜ ਹੈ। ਲੇਕਿਨ ਜਦੋਂ ਇਹ ਸਿਸ਼ਟਾਚਾਰਕ ਮਿਲਣੀਆਂ ਸੰਭਾਵਿਤ "ਪੰਥਿਕ ਮਿਲਣੀਆਂ" ਵਿੱਚ ਤਬਦੀਲ ਹੋਣ, ਉਸ ਲਈ ਕੁੱਝ ਸ਼ਰਤਾਂ ਬਹੁਤ ਜ਼ਰੂਰੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਅਤੇ ਸਤਿਕਾਰ, ਸਾਡੇ ਰੋਮ ਰੋਮ 'ਚ ਰਚਿਆ ਅਤੇ ਵਸਿਆ ਹੋਣਾ ਪਹਿਲੀ ਸ਼ਰਤ ਹੈ। ਪੰਥ ਦਰਦ ਦੇ ਨਾਲ ਨਾਲ ਕੌਮ ਨਾਲ ਪਿਆਰ ਹੋਣਾ ਦੂਜੀ ਸ਼ਰਤ ਹੈ। ਚੰਗੀ ਨੀਯਤ ਅਤੇ ਮੌਕਾ ਆਉਣ 'ਤੇ ਸਿਧਾਂਤਾਂ 'ਤੇ ਮਜਬੂਤੀ ਨਾਲ ਖੜੇ ਹੋਣ ਦੀ ਤਾਕਤ ਹੀ, ਕਿਸੇ ਮਨੁਖ ਦੀ ਸ਼ਖਸ਼ਿਯਤ ਨੂੰ ਨਿਰਧਾਰਿਤ ਕਰਦੀ ਹੈ, ਇਹ ਤੀਜੀ ਸ਼ਰਤ ਹੈ। ਕਿਸੇ ਵਿਅਕਤੀ ਦੀ ਸ਼ਖਸ਼ਿਅਤ ਦਾ ਬੈਂਚਮਾਰਕ (ਕਸਵੱਟੀ) ਉਸ ਵਿਅਕਤੀ ਦੀ ਨਿਯਤ ਅਤੇ ਕਥਨੀ ਕਰਨੀ ਦੀ ਇਕਸਾਰਤਾ ਹੁੰਦੀ ਹੈ। ਜੇ ਇਹ ਸਾਰੇ ਗੁਣ ਅਸੀਂ ਅਪਣੇ ਵਿੱਚ ਪੈਦਾ ਕਰਕੇ, ਇਹੋ ਜਹੀਆਂ ਸਿਸ਼ਟਾਚਾਰਕ ਮਿਲਣੀਆਂ ਦਾ ਦੌਰ ਜਾਰੀ ਰਖੀਏ ਤੇ ਆਪਸੀ ਵਿਰੋਧ ਅਤੇ ਤਲਖੀ ਨੂੰ ਜ਼ਰੂਰ ਦੂਰ ਕੀਤਾ ਜਾ ਸਕਦਾ ਹੈ, ਜੋ ਜਾਗਰੂਕ ਤਬਕੇ ਅਤੇ ਕੌਮ, ਦੋਹਾਂ ਲਈ ਲਾਹੇਵੰਦ ਹੋ ਸਕਦਾ ਹੈ।

ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top