Share on Facebook

Main News Page

ਅੰਮ੍ਰਿਤਸਰ ਵਿੱਚ ਦਲਿੱਤ ਲੜਕੀ ਨਾਲ ਬਲਾਤਕਾਰ

ਅੰਮ੍ਰਿਤਸਰ 26 ਮਾਰਚ (ਜਸਬੀਰ ਸਿੰਘ ਪੱਟੀ) ਦਿੱਲੀ ਵਿਖੇ ਦਾਮਿਨੀ ਬਲਾਤਕਾਰ ਨਾਲ ਸਬੰਧਿਤ ਕਹਾਣੀਆਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ, ਕਿ ਗੁਰੂ ਨਗਰੀ ਵਜੋਂ ਜਾਣੇ ਪਵਿੱਤਰ ਸ਼ਹਿਰ ਵਿੱਚ ਵੀ ਬਲਾਤਕਾਰ ਦਾ ਭਾਣਾ ਚਿੱਟੇ ਵਰਤ ਗਿਆ, ਪਰ ਪੁਲੀਸ ਹਾਲੇ ਤੱਕ ਸਿਰਫ ਮੁਕੱਦਮਾ ਦਰਜ ਕਰਨ ਤੱਕ ਹੀ ਸੀਮਤ ਰਹੀ ਹੈ, ਅਤੇ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ ਸਾਢੇ ਸੱਤ ਵਜੇ ਇੱਕ ਦਲਿੱਤ ਭਾਈਚਾਰੇ ਨਾਲ ਸਬੰਧਿਤ ਬਲਜੀਤ (ਅਸਲੀ ਨਾਮ ਨਹੀਂ) ਨਾਮੀ 22 ਸਾਲਾ ਲੜਕੀ ਜੋ ਸੁਖਮਨੀ ਟੈਲੀਕਾਮ ਸ਼ਾਪ ਰਾਮ ਤਲਾਈ ਵਿਖੇ ਨੌਕਰੀ ਕਰਦੀ ਹੈ ਆਪਣੀ ਸਹੇਲੀ ਨਾਲ ਘਰ ਨੂੰ ਜਾਣ ਵਾਸਤੇ ਜਦੋਂ ਬਹੁਤ ਹੀ ਭੀੜ ਭੜੱਕੇ ਵਾਲੇ ਸਥਾਨ ਬੱਸ ਸਟੈਂਡ ਦੇ ਕੋਲ ਪੁੱਜੀ ਤਾਂ ਉਸ ਦੀ ਸਹੇਲੀ ਛੇਹਰਟਾ ਵਾਲੇ ਪਾਸੇ ਜਾਣ ਵਾਲੇ ਆਟੋ ਰਿਕਸ਼ਾ ਵਿੱਚ ਬੈਠ ਕੇ ਘਰ ਨੂੰ ਚੱਲੀ ਗਈ ਤੇ ਉਹ ਆਪਣੇ ਘਰ ਵਾਲੇ ਪਾਸੇ ਜਾਣ ਵਾਲੇ ਆਟੋ ਰਿਕਸ਼ਾ ਨੂੰ ਲੈਣ ਲਈ ਜਦੋਂ ਸੂਰਜ ਚੰਦਾ ਸਿਨੇਮਾ ਕੋਲ ਪੁੱਜੀ ਤਾਂ ਦੋ ਨੌਜਵਾਨ ਇੱਕ ਕਾਰ ਵਿੱਚ ਆਏ ਜਿਹਨਾਂ ਵਿੱਚੋਂ ਇੱਕ ਕਾਰ ਚਲਾ ਰਿਹਾ ਸੀ ਤੇ ਦੂਸਰਾ ਪਿਛਲੀ ਸੀਟ ਤੇ ਬੈਠਾ ਸੀ। ਅਚਾਨਕ ਅਜਨਬੀਆ ਦੀ ਕਾਰ ਉਸ ਲੜਕੀ ਕੋਲ ਆ ਕੇ ਰੁਕੀ ਤਾਂ ਪਿਛਲੀ ਸੀਟ ਤੇ ਬੈਠੇ ਨੌਜਵਾਨ ਨੇ ਲੜਕੀ ਨੂੰ ਬਾਰੀ ਖੋਹਲ ਕੇ ਕਾਰ ਵਿੱਚ ਸੁੱਟ ਲਿਆ ਤੇ ਕਾਰ ਭੱਜਾ ਕੇ ਲੈ ਗਏ। ਰਸਤੇ ਵਿੱਚ ਇਹਨਾਂ ਨੇ ਇੱਕ ਹੋਰ ਨੌਜਵਾਨ ਨੂੰ ਨਾਲ ਬਿਠਾ ਲਿਆ ਤੇ ਤਿੰਨਾਂ ਨੇ ਉਸ ਨਾਲ ਅਲਫਾ ਵੰਨ ਵਾਲੇ ਪਾਸੇ ਬਾਈਪਾਸ ਤੇ ਲਿਜਾ ਕੇ ਕਾਰ ਵਿੱਚ ਹੀ ਵਾਰੀ ਵਾਰੀ ਬਲਾਤਕਾਰ ਕੀਤਾ। ਸੰਘਣੀ ਅਬਾਦੀ ਵਾਲੇ ਸ਼ਹਿਰ ਵਿੱਚ ਇਹ ਤਾਂਡਵ ਉਸ ਨਾਲ ਕਰੀਬ ਚਾਰ ਘੰਟੇ ਵਾਪਰਦਾ ਰਿਹਾ ਪਰ ਅੰਮ੍ਰਿਤਸਰ ਦੀ ਨਾ ਅਹਿਲ ਪੁਲੀਸ ਘੂਕ ਸੁੱਤੀ ਰਹੀ।

ਬਲਾਤਕਾਰ ਤੋ ਬਾਅਦ ਉਹ ਮੁੜ ਲੜਕੀ ਨੂੰ ਬੱਸ ਸਟੈਂਡ ਦੇ ਕੋਲ ਹੀ ਛੱਡ ਗਏ ਅਤੇ ਲੜਕੀ ਨੇ ਆਪਣੇ ਵਾਪਰੀ ਮੰਦਭਾਗੀ ਘਟਨਾ ਦੀ ਤੁਰੰਤ ਰੀਪੋਰਟ ਥਾਣਾ ਰਾਮ ਬਾਗ ਵਿਖੇ ਦਰਜ ਕਰਵਾਈ। ਪੁਲੀਸ ਨੇ ਵੀ ਤੁੰਰਤ ਕਾਰਵਾਈ ਕਰਦਿਆ ਭਾਂਵੇ ਥਾਣਾ ਰਾਮ ਬਾਗ ਵਿਖੇ ਲੜਕੀ ਦੇ ਬਿਆਨਾਂ ਤੇ ਮੁਕੱਦਮਾ ਨੰਬਰ ਐਫ.ਆਈ.ਆਰ ਨੰਬਰ 72 ਮਿਤੀ 26 ਮਾਰਚ 2013 ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 ਡੀ, 363, 34 ਆਈ ਪੀ ਸੀ ਅਤੇ ਐਸ.ਟੀ.ਐਸ ਸੀ ਐਕਟ ਲਗਾ ਕੇ ਦਰਜ ਕਰ ਲਿਆ ਹੈ ਪਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਦੀ ਢਿੱਲੀ ਚਾਲ ਨੇ ਵੀ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਦਿੱਤੇ ਹਨ। ਲੜਕੀ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਉਸ ਨਾਲ ਬਾਰ ਬਾਰ ਤੇ ਵਾਰੀ ਵਾਰੀ ਬਲਾਤਕਾਰ ਕੀਤਾ ਉਹ ਆਪਸ ਵਿੱਚ ਇੱਕ ਦੂਸਰੇ ਦਾ ਨਾਮ ਅਦਿੱਤਿਆ, ਰੌਕੀ ਤੇ ਅਭੀ ਲੈ ਕੇ ਇੱਕ ਦੂਜੇ ਨੂੰ ਪੁਕਾਰ ਰਹੇ ਸਨ। ਲੜਕੀ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਖਤਰੇ ਤੋ ਬਾਹਰ ਦੱਸੀ ਜਾਂਦੀ ਹੈ। ਵਰਨਣਯੋਗ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਇਸੇ ਸ਼ਹਿਰ ਦੇ ਇਲਾਕਾ ਛੇਹਰਟਾ ਵਿਖੇ ਵੀ ਇੱਕ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਇੱਕ ਥਾਣੇਦਾਰ ਦਾ ਉਸ ਵੇਲੇ ਕਤਲ ਕਰ ਦਿੱਤਾ ਸੀ ਜਦੋ ਥਾਣੇਦਾਰ ਆਪਣੀ ਧੀ ਨਾਲ ਛੇੜਖਾਨੀ ਕਰਨ ਤੋ ਉਸ ਅਕਾਲੀ ਆਗੂ ਨੂੰ ਰੋਕ ਰਿਹਾ ਸੀ। ਉਸ ਅਕਾਲੀ ਆਗੂ ਨੇ ਦੋ ਵੱਖ ਵੱਖ ਹਥਿਆਰਾਂ ਨਾਲ ਹਮਲਾ ਕਰਕੇ ਥਾਣੇਦਾਰ ਨੂੰ ਚਿੱਟੇ ਦਿਨ ਮਾਰ ਮਾਰ ਮੁਕਾਇਆ ਸੀ ਤੇ ਪੁਲੀਸ ਉਸ ਵੇਲੇ ਹਰਕਤ ਵਿੱਚ ਆਈ ਸੀ ਜਦੋਂ ਮੀਡੀਆ ਨੇ ਇਸ ਮਾਮਲੇ ਨੂੰ ਅਖਬਾਰਾ ਤੇ ਵੱਖ ਵੱਖ ਟੀ.ਵੀ ਚੈਨਲਾਂ ਤੇ ਬੜੀ ਹੀ ਮੁਸ਼ਤੈਦੀ ਨਾਲ ਪੇਸ਼ ਕੀਤਾ ਸੀ।

ਕਨੂੰਨੀ ਮਾਹਿਰਾਂ ਅਨੁਸਾਰ ਇਸ ਕੇਸ ਵਿੱਚ ਦੋਸ਼ੀਆ ਨੂੰ 30 ਸਾਲ ਤੱਕ ਸਜਾ ਹੋ ਸਕਦੀ ਹੈ ਕਿਉਕਿ ਮੌਤ ਦੀ ਸਜਾ ਸਿਰਫ ਲੜਕੀ ਦੀ ਮੌਤ ਹੋਣ ‘ਤੇ ਹੀ ਹੋ ਸਕਦੀ ਹੈ। ਪੁਲੀਸ ਵੱਲੋਂ ਦੋਸ਼ੀਆ ਦੀ ਭਾਲ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਪਹਿਚਾਣ ਨਹੀਂ ਹੋ ਸਕੀ। ਬਾਲਮੀਕੀ ਭਾਈਚਾਰੇ ਦੇ ਆਗੂ ਸੰਨੀ ਗਿੱਲ ਨੇ ਕਿਹਾ ਕਿ ਜੇਕਰ ਦਲਿੱਤ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਦਲਿੱਤ ਭਾਈਚਾਰਾ ਭੜਕ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕਿਸੇ ਸਰਕਾਰ ਦਾ ਨਹੀਂ ਸਗੋਂ ਗੁੰਡਾ ਰਾਜ ਸਥਾਪਤ ਹੋ ਚੁੱਕਾ ਹੈ ਤੇ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੀਆ ਅੱਖਾਂ ਹਾਲੇ ਵੀ ਮੁੰਦ ਪਈਆ ਹਨ।

ਸਿੱਖੀ ਵਿਕਾਸ ਸੰਸਥਾ ਦੇ ਪ੍ਰਧਾਨ ਤੇ ਦਲਿੱਤ ਆਗੂ ਦਲਜੀਤ ਸਿੰਘ ਨੇ ਵਾਪਰੀ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਜੰਗਲ ਦਾ ਰਾਜ ਹੈ ਅਤੇ ਸਰਕਾਰ ਕਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਇਸ ਲਈ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਆਹੁਦੇ ਤੋ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਰਾਜਪਾਲ ਤੋ ਵੀ ਮੰਗ ਕੀਤੀ ਕਿ ਉਹ ਗ੍ਰਹਿ ਮੰਤਰੀ ਨੂੰ ਤਲਬ ਕਰਕੇ ਤੁਰੰਤ ਘਟਨਾ ਦੀ ਜਾਣਕਾਰੀ ਲੈ ਕੇ ਸਰਕਾਰ ਵਿਰੁੱਧ ਲੋੜੀਦੀ ਕਾਰਵਾਈ ਕਰਨ ਤੇ ਦੋਸ਼ੀਆ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ।
ਸੀ.ਪੀ.ਆਈ ਦੀ ਜਿਲ੍ਹਾ ਕੌਸਲ ਦੇ ਸਕੱਤਰ ਬਲਵਿੰਦਰ ਸਿੰਘ ਦੁਧਾਲਾ, ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰਾ ਤੇ ਬਲਕਾਰ ਸਿੰਘ ਦੁਧਾਲਾ, ਪੰਜਾਬ ਇਸਤਰੀ ਸਭਾ ਦੀ ਪਰਧਾਨ ਬੀਬੀ ਨਰਿੰਦਰਪਾਲ ਕੌਰ ਅਤੇ ਜਿਲ੍ਹਾ ਅੰਮ੍ਰਿਤਸਰ ਤੇ ਤਰਨ ਤਾਰਨ ਦੀ ਇਸਤਰੀ ਸਭਾ ਦੀ ਜਨਰਲ ਸਕੱਤਰ ਬੀਬੀ ਰਾਜਿੰਦਰਪਾਲ ਕੌਰ ਨੇ ਵੀ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਮੰਗ ਕੀਤੀ ਕਿ ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਨੂੰ ਆਪਣੇ ਆਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਸ਼ੁਰੂ ਕਰਨ ਤੋ ਵੀ ਗੁਰੇਜ਼ ਨਹੀਂ ਕਰਨਗੇ। ਬੀਬੀ ਨਰਿੰਦਰਪਾਲ ਕੌਰ ਤੇ ਰਾਜਿੰਦਰਪਾਲ ਕੌਰ ਨੇ ਕਿਹਾ ਕਿ ਉਹਨਾਂ ਵੱਲੋਂ ਇੱਕ ਤੱਥ ਖੋਜ ਕਮੇਟੀ ਬਣਾ ਕੇ ਵੀ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਦੋਸ਼ੀਆ ਨੇ ਕਿਹੜੇ ਸਿਆਸੀ ਆਗੂਆ ਦੀ ਸ਼ਹਿ ਤੇ ਇੰਨੀ ਦੀਦਾ ਦਲੇਰੀ ਕਰਕੇ ਪਵਿੱਤਰ ਨਗਰੀ ਦੇ ਇਤਿਹਾਸ ਨੂੰ ਕਲੰਕਿਤ ਕਰਨ ਦੀ ਹਿੰਮਤ ਕੀਤੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top