Share on Facebook

Main News Page

‘ਗੁਰਦੁਵਾਰੇ’ ਅੰਦਰ ‘ਦਲਿਤਾਂ’ ਨਾਲ ਵਿਤਕਰਾ ਅਤੇ ‘ਦਲਿਤਾਂ’ ਨੂੰ ‘ਗੁਰੂ ਗ੍ਰੰਥ ਸਾਹਿਬ’ ਨਾਲੋਂ ਤੋੜਨ ਲਈ ਰਚੀਆਂ ਜਾ ਰਹੀਆਂ ਹਨ ਸਾਜਿਸ਼ਾਂ
- ਮੇਜਰ ਸਿੰਘ ਬੁੱਢਲਾਡਾ

ਗਿਆਰਾਂ ਮਾਰਚ ਨੂੰ ਰੋਜਾਨਾਂ ਸਪੋਕਸਮੈਨ ਵਿੱਚ ਜਿਲਾ ਬਠਿੰਡਾ ਨੇੜੇ ਪੈਂਦੀ ‘ਭੁੱਚੋ ਮੰਡੀ’ ਤੋਂ ਖਬਰ ਲੱਗੀ ਸੀ ਕਿ “ਪਿੰਡ ‘ਲਹਿਰਾ ਖਾਨਾਂ’ ਦੇ ਗੁਰਦੁਵਾਰੇ ਅੰਦਰ ਨਾ ਤਾਂ ਦਲਿਤਾਂ ਨੂੰ ਖੁਸ਼ੀ-ਗਮੀ ਵੇਲੇ ਗੁਰੂ ਗਰੰਥ ਸਹਿਬ ਦਾ ਪਾਠ ਕਰਨ ਦੀ ਆਗਿਆ ਹੈ, ਨਾ ਹੀ ਲੰਗਰ ਵਿੱਚ ਬੈਠਣ ਦੀ।” ਅੱਜ ਗਿਆਰਾਂ ਦਿਨ ਬੀਤ ਜਾਣ ਤੇ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਣ ਕਾਰਨ ‘ਅਕਾਲ ਤਖਤ’ ਸਮੇਤ ਕਿਸੇ ‘ਤਖਤ’ ਦੇ ਜਥੇਦਾਰ ਵਲੋਂ, ਸ਼ਰੋਮਣੀ ਗੁਰਦਵਾਰਾ ਕਮੇਟੀ ਦੇ ਕਿਸੇ ਜੁਮੇਵਾਰ ਵਲੋਂ ਅਤੇ ਨਾ ਹੀ ਕਿਸੇ ਸਿੱਖ ਜਥੇਬੰਦੀ ਵਲੋਂ ਜੋ ਇਸ ਦੁਖਦਾਈ ਘਟਨਾ ਦਾ ਨੋਟਿਸ ਲੈਣਾ ਬਣਦਾ ਸੀ, ਉਹ ਨਹੀਂ ਲਿਆ ਗਿਆ। ਜਿਸ ਦਾ ਕਾਰਨ ਸਪਸ਼ਟ ਹੈ, ਕਿਉਂ ਕਿ ਨਾ ਤਾਂ ਇਹ ਪਹਿਲੀ ਘਟਨਾ ਸੀ ਅਤੇ ਨਾ ਕੋਈ ਇਹਨਾਂ ਲਈ ਇਹ ਨਵੀਂ, ਹੈਰਾਨੀ ਜਨਕ ਗੱਲ ਸੀ। ਇਸ ਤਰਾਂ ਤਾਂ ਗੁਰਦਵਾਰਿਆਂ ਤੇ ਡੇਰਿਆਂ ਵਿੱਚ ਇਥੇ ਅਨੇਕਾਂ ਥਾਂਵਾਂ ਉਤੇ ਹੋ ਰਿਹਾ ਹੈ। ਇਸ ਲਹਿਰਾ ਖਾਨਾਂ ਦੇ ਗੁਰਦਵਾਰੇ ਦਾ ਮੁਖੀ ਇੱਕ ਸਿਰ ਫਿਰਿਆ ਬਾਬਾ ਬਲਦੇਵ ਸਿੰਘ ਹੈ, “ਜਿਹੀ ਕੋਕੋ, ਉਹੋ ਜਿਹੇ ਕੋਕੋ ਦੇ ਬੱਚੇ” ਦੀ ਕਹਾਵਤ ਅਨੂਸਾਰ ਇਹ ਬਾਬਾ ‘ਡੇਰਾ ਰੂਮੀ’ (ਭੁਚੋਂ ਕਲਾਂ) ਵਾਲਿਆ ਦਾ ਚੇਲਾ ਹੈ। ਜਿਹਨਾਂ ਨੇ ਇਹੀ ਨਵਾਂ ਗੁਰਦਵਾਰਾ ਉਸਾਰਣ ਵੇਲੇ ਵਿਚ, ਇਥੇ ਹੋਏ ਸ਼ੂਰੁਆਤੀ ਸਮਾਗਮ ਵਿੱਚ ਇਸ ਪਿੰਡ ਨਾਲ ਸਬੰਧਤ ਸਰਦਾਰ ਗੁਲਜਾਰ ਸਿੰਘ (ਉਸ ਵੇਲੇ ਰਾਜ ਮੰਤਰੀ) ਨੂੰ ਸ਼ਾਮਲ ਕਰਕੇ ਸਾਰੇ ਦਲਿਤਾਂ ਨੂੰ ਵੀ ਇਸ ਨਵੇਂ ਬਣ ਰਹੇ ਗੁਰਦੁਵਾਰੇ ਦੀ ਕਾਰ ਸੇਵਾ ਕਰਨ ਦੀ ਖੁੱਲ੍ਹ ਦਿੱਤੀ ਸੀ। ਜਿਸ ਕਰਕੇ ਦਲਿਤਾਂ ਨੇ ਖੁਸ਼ੀ ਵਿੱਚ ਤਨੋਂ, ਮਨੋਂ, ਧਨੋਂ, ਆਪਣੀ ਸਮਰੱਥਾ ਮੁਤਾਬਕ ਗੁਰਦੁਵਾਰੇ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਇਆ ਸੀ।

 

ਇਸ ਗੁਰਦੁਵਾਰੇ ਦੀ ਉਸਾਰੀ ਮੁਕੰਮਲ ਹੋਣ ਤੇ ਜਦੋਂ 1994 ਵਿੱਚ ਗੁਰੂ ਗੋਬਿੰਦ ਸਾਹਿਬ ਦੇ ਗੁਰਪੂਰਬ ਤੇ ਅਖੰਡ ਪਾਠ ਸ਼ੁਰੂ ਕੀਤਾ ਗਿਆ ਤਾਂ ਇਹਨਾਂ ਸਾਧਾਂ ਨੇ ਇਹਨਾਂ ਦਲਿਤ ਲੋਕਾਂ ਨੂੰ ਇਸ ਗੁਰਦੁਵਾਰੇ ਅੰਦਰ ਨਾ ਵੜਨ ਦਿੱਤਾ। ਉਸ ਵੇਲੇ ਵੀ ਇਥੇ ਬੜਾ ਝਗੜਾ ਖੜਾ ਹੋ ਗਿਆ ਸੀ। ਹੁਕਮ ਚੰਦ ਸ਼ਰਮਾ ਦੀ ਖਬਰ ਅਨੂਸਾਰ “ਇਹ ਗੁਰਦਵਾਰਾ ਸੰਤ ਬਾਬਾ ਵਿਧਾਵਾ ਸਿੰਘ ਨੇ ਸਥਾਪਤ ਕੀਤਾ ਸੀ, ਇਸੇ ਅਸਥਾਨ ਤੇ ਹੀ ਸੰਤ ਨੰਦ ਸਿੰਘ ‘ਕਲੇਰਾਂ’ ਵਾਲਿਆਂ ਨੂੰ ਮੁਢਲੀ ਸਿਖਿਆ ਦੇ ਕੇ ਗੁਰੂ ਗਰੰਥ ਸਹਿਬ ਦਾ ਪਾਠ ਕਰਨਾਂ ਸਿਖਾਇਆ ਗਿਆ ਸੀ। ਇਸ ਖਬਰ ਮੁਤਾਬਕ ‘ਡੇਰਾ ਰੂਮੀ’ ਵਾਲਿਆਂ ਸਾਧਾਂ ਦੇ ਹੋਰ ਵੀ ਕਈ ਥਾਂ ਡੇਰੇ, ਗੁਰਦਵਾਰੇ ਹਨ, ਜਿਹਨਾਂ ਅੰਦਰ ਦਲਿਤਾਂ ਨਾਲ ਸਬੰਧਤ ਕੋਈ ਕਿੱਡਾ-ਵੱਡਾ ਅਫਸਰ ਵੀ ਕਿਉਂ ਨਾ ਹੋਵੇ, ਉਸ ਨੂੰ ਨਾ ਤਾਂ ਗੁਰਦੁਵਾਰੇ ਅੰਦਰ ਮੱਥਾ ਟੇਕਣ ਦਿੱਤਾ ਜਾਂਦਾ ਹੈ ਅਤੇ ਨਾ ਹੀ ਲੰਗਰ ਵਿੱਚ ਬੈਠਣ ਦਿੱਤਾ ਜਾਂਦਾ ਹੈ। ਕਿਸੇ ਵੇਲੇ (1994 ਤੋਂ ਪਹਿਲਾਂ) ਜਿਲ੍ਹੇ ਬਠਿੰਡੇ ਦੇ ਦਲਿਤ ਵਰਗ ਨਾਲ ਸਬੰਧਤ ‘ਡਿਪਟੀ ਕਮਿਸ਼ਨਰ’ ਨੂੰ ਵੀ ਇਹਨਾਂ ਸਾਧਾਂ ਨੇ ਇਸ ਗੁਰਦੁਵਾਰੇ ਅੰਦਰ ਨਹੀਂ ਸੀ ਵੜਨ ਦਿੱਤਾ।” ਇਹੋ ਜਿਹੀਆਂ ਨਾ ਸਹਿਣਯੋਗ ਅਤੇ ਨਿੰਦਣਯੋਗ ਅਨੇਕਾਂ ਸੱਚੀਆਂ ਘਟਨਾਵਾਂ, ਇਤਿਹਾਸ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ, ਜਿਹਨਾਂ ਕਰਕੇ ਗੁਰੂਆਂ ਦੀ ਇਸ ਧਰਤੀ ਤੇ ਗੁਰੂ ਦੇ ਅਖੌਤੀ ਉਚ ਜਾਤੀ ਸਿੱਖਾਂ ਦੇ ਸਤਾਏ ਦਲਿਤ ਲੋਕ ਆਪਣੇ ਗੁਰਦੁਵਾਰੇ ਉਸਾਰਣ ਲਈ ਮਜਬੂਰ ਹੋ ਗਏ, ਕਿਉਂ ਕਿ ਇਹ ਲੋਕ ਗੁਰੂ ਗਰੰਥ ਸਾਹਿਬ ਨਾਲੋਂ ਟੁਟਣਾ ਨਹੀਂ ਸੀ ਚਾਹੁੰਦੇ।

 

ਪਿਛਲੇ ਦਿਨੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ “ਪਿੰਡਾਂ ਵਿੱਚ ਇੱਕ ਹੀ ਗੁਰਦਵਾਰਾ ਹੋਣਾ ਚਾਹੀਂਦਾ ਹੈ।” ਵੇਖਣ-ਸੁਣਨ ਨੂੰ ਇਹ ਮੰਗ ਬੜੀ ਚੰਗੀ ਲਗਦੀ ਹੈ,ਪਰ ‘ਦਾਲ’ ਵਿੱਚ ਕੁੱਝ ‘ਕਾਲਾ’ ਜਾਪ ਰਿਹਾ ਹੈ। ਮੈਂ ਪਿੰਡ ਵਿੱਚ ਇੱਕ ਗੁਰਦੁਵਾਰਾ ਰੱਖਣ ਦਾ ਵਿਰੋਧੀ ਨਹੀਂ ਹਾਂ, ਇਸ ਵਿੱਚ ਜੋ ‘ਕਾਲਾ’ ਨਜਰ ਆ ਰਿਹਾ ਹੈ, ਉਸ ਨੂੰ ਸਮਝਣਾ ਜਰੂਰੀ ਹੈ। ਕਿਉਂ ਕਿ ਪਹਿਲਾਂ ਵੀ ‘ਵਿਆਨਾਂ ਕਾਂਡ’ ਇੱਕ ਸਾਜਿਸ਼ ਦਾ ਸ਼ਿਕਾਰ ਹੋ ਕੇ ਕੁੱਝ ਹਮਲਾਵਰਾਂ ਨੇ ਦਲਿਤਾਂ ਦੇ ਕਾਫੀ ਵੱਡੇ ਹਿੱਸੇ ਨੂੰ, ਗੁਰੂ ਗਰੰਥ ਸਹਿਬ ਨਾਲੋਂ ਤੋੜ ਦਿੱਤਾ ਗਿਆ ਹੈ। ਬਹਾਨਾ ਗੁਰੂ ਗਰੰਥ ਸਹਿਬ ਦੀ ਮਰਿਯਾਦਾ ਦਾ ਬਣਾਇਆ ਗਿਆ ਸੀ। ਜੇਕਰ ਇਹ ਮਰਿਯਾਦਾ ਦੀ ਗੱਲ ਹੁੰਦੀ ਤਾਂ, ‘ਬੱਲਾਂ ਵਾਲਿਆਂ ਬਾਬਿਆਂ’ ਤੋਂ ਤਾਂ ਕਈ ਗੁਣਾ ਜਿਆਦਾ ਸਾਡੇ ਅਮ੍ਰਿਤਧਾਰੀ ਅਖੌਤੀ ਸਾਧ-ਸੰਤ ਅਤੇ ਹੋਰ ਧਰਮ ਦੇ ਠੇਕੇਦਾਰ, ਮਰਿਯਾਦਾ ਨੂੰ ਇਥੇ ਸ਼ਰੇਆਮ ਹੀ ਰੋਲ ਰਹੇ ਹਨ, ‘ਤਖਤਾਂ’ ਤੇ ਹੀ ਗੁਰੂ ਗਰੰਥ ਸਹਿਬ ਦੇ ਬਰਾਬਰ ਹੀ ਦਸਮ ਗਰੰਥ ਦੇ ਪਾਠ ਕੀਤੇ ਜਾ ਰਹੇ ਹਨ, ਗੁਰੂ ਨਿੰਦਕ ਗੁਰ ਬਿਲਾਸ ਜਿਹੀ ਪੁਸਤਕ ਨੂੰ ਜਾਰੀ ਕੀਤਾ ਗਿਆ ਹੈ। ਅਤੇ ਹੋਰ ਅਨੇਕਾਂ ਥਾਂਵਾਂ ਤੇ ਗੁਰੂ ਗਰੰਥ ਸਹਿਬ ਦੀ ਹਜੂਰੀ ਅੰਦਰ ਬੇ-ਹੱਦ ਘਟੀਆ ਕੰਮ ਹੋ ਰਹੇ ਹਨ, ਜਿਸ ਨੂੰ ਭਾਈ ਸੁਖਵਿੰਦਰ ਸਿੰਘ ਜੀ ‘ਸਭਰਾ’ ਦੀਆਂ ਕਿਤਾਬਾਂ ‘ਸੰਤਾ ਦੇ ਕੌਤਕ’ ਵਿਚੋਂ ਪੜ੍ਹਕੇ ਜਾਣਿਆਂ ਜਾ ਸਕਦਾ ਹੈ। ਪਰ ਇਹਨਾਂ ਹਮਲਾਵਰਾਂ ਦੇ ਖੂਨ ਨੇ ਕਦੇ ਉਬਾਲਾ ਨਹੀਂ ਮਾਰਿਆ। ‘ਬੱਲਾਂ ਵਾਲਿਆਂ ਬਾਬਿਆਂ’ ਦਾ ਤਾਂ ਇਕੋ ਕਸੂਰ ਮੰਨਿਆ ਜਾ ਰਿਹਾ ਹੈ, ਕਿ ਉਹ ਗੁਰੂ ਗਰੰਥ ਸਹਿਬ ਦੀ ਹਜੂਰੀ ਵਿੱਚ ਪੈਰੀ ਹੱਥ ਲਵਾ ਲੈਂਦੇ ਸੀ; ਹੋਰ ਕੋਈ ਕਸੂਰ ਕਦੇ ਕਿਸੇ ਅਖ਼ਵਾਰ ਦੀ ਸੁਰਖੀ ਨਹੀਂ ਬਣਿਆਂ ਅਤੇ ਨਾਂ ਹੀ ਕਿਸੇ ਸਿੱਖ ਜਥੇਬੰਦੀ ਵਲੋਂ ਕੋਈ ਇਹਨਾਂ ਨੂੰ ਚਿਤਾਵਨੀ ਦਿਤੀ ਸਾਹਮਣੇ ਆਈ ਹੈ। ਗੁਰੂ ਗਰੰਥ ਸਹਿਬ ਦੀ ਹਜੂਰੀ ਵਿੱਚ ਪੈਰੀ ਹੱਥ ਲਵਾਉਣੋ ਚਿਤਾਵਨੀ ਦੇ ਕੇ ਵੈਸੇ ਵੀ ਰੋਕਿਆ ਜਾ ਸਕਦਾ ਸੀ, ਪਰ ਸਾਡੇ ਸਾਂਝੇ ਦੁਸ਼ਮਣ ਨੇ ਤੋੜਨਾ ਤਾਂ ਦਲਿਤਾਂ ਨੂੰ ਗੁਰੂ ਗਰੰਥ ਸਹਿਬ ਨਾਲੋਂ ਸੀ, ਜਿਸ ਵਿੱਚ ਉਹ ਕਾਮਯਾਬ ਵੀ ਰਿਹਾ। ਮੈਂ ਕਿਸੇ ਦਾ ਨਜਾਇਜ ਪੱਖ ਨਹੀਂ ਲੈ ਰਿਹਾ, ਇੱਕ ਅਸਲੀਅਤ ਬਿਆਨ ਕਰ ਰਿਹਾਂ ਹਾਂ।

 

ਇਹ ‘ਬੱਲਾਂ ਵਾਲੇ ਸੰਤ’ ਜੋ ਕਿ ਕ੍ਰਾਂਤੀਕਾਰੀ ਯੋਧੇ ਗੁਰੂ ਰਵਿਦਾਸ ਜੀ ਦੇ ਸੇਵਕ ਘੱਟ ਅਤੇ ਗੁਰੂ ਨਾਨਕ ਸਹਿਬ ਦੇ ਬਾਗੀ ਪੁੱਤਰ ‘ਸ਼੍ਰੀ ਚੰਦ’ ਦੇ ਸੇਵਕ ਜਿਆਦਾ ਜਾਪਦੇ ਹਨ; ਕਿਉਂ ਕਿ 108 ਵਾਲੀ ਡਿਗਰੀ ਨਾ ਤਾਂ ਗੁਰੂ ਰਵਿਦਾਸ ਜੀ ਆਪਣੇ ਨਾਮ ਨਾਲ ਲਾਈ ਸੀ ਅਤੇ ਨਾ ਹੀ ਇਹਨਾਂ ਦੀ ਮਹਾਨ ਸੇਵਕ ਸੰਤ ‘ਮੀਰਾਂ’ ਨੇ ਲਾਈ ਸੀ। ‘ਬੱਲਾਂ ਵਾਲਿਆਂ ਸੰਤਾਂ ਨੇ ਆਪਣੀ ਬਣਾਈ ਅਰਦਾਸ ਵਿੱਚ ਗੁਰੂ ਨਾਨਕ ਸਹਿਬ, ਗੁਰੂ ਗੋਬਿੰਦ ਸਹਿਬ ਨੂੰ ਛੱਡਕੇ ਹੁਣ ‘ਸ਼੍ਰੀ ਚੰਦ’ ਅਤੇ ਰਾਜੇ ਦਸ਼ਰਥ ਦੇ ਪੁੱਤਰ ‘ਰਾਮ’ ਦੀ ਭਗਤਨੀ ‘ਭੀਲਣੀ’ ਦਾ ਵਿਸ਼ੇਸ਼ ਜਿਕਰ ਕੀਤਾ ਜਾ ਰਿਹਾ ਹੈ, ਜਿਹਨਾਂ ਦੀ ਦਲਿਤ ਸਮਾਜ ਨੂੰ ਰੱਤੀ ਭਰ ਵੀ ਕੋਈ ਦੇਣ ਨਹੀਂ ਹੈ। ਪੁੱਛਣਾ ਬਣਦਾ ਹੈ ਕਿ ‘ਰਵਿਦਾਸ ਸਾਹਿਬ’ ਵਿੱਚ ਐਸੀ ਕਿਹੜੀ ਘਾਟ ਰਹਿ ਗਈ ਸੀ, ਜੋ ਸ਼੍ਰੀ ਚੰਦ ਦਾ ਸੇਵਕ ਬਣਕੇ ਪੂਰੀ ਕੀਤੀ ਗਈ ਹੈ? ਜਿਹੜੇ ਦਲਿਤ ਪਹਿਲਾਂ ਹਰ ਖੁਸ਼ੀ-ਗਮੀ ਵੇਲੇ ਗੁਰੂ ਗਰੰਥ ਸਹਿਬ ਦਾ ਓਟ ਆਸਰਾ ਲੈਂਦੇ ਸੀ ਅਤੇ ਅਰਦਾਸ ਵੇਲੇ ਗੁਰੂ ਸਹਿਬਾਨਾਂ ਦਾ ਨਾਮ ਲੈਂਦੇ ਸੀ, ਹੁਣ ਉਹ (ਸਾਰੇ ਨਹੀਂ) ਨਿੱਤ ਅਰਦਾਸ ਕਰਨ ਵੇਲੇ, ਗੁਰੂ ਸਹਿਬਾਨਾਂ ਨੂੰ ਛੱਡਕੇ ‘ਭੀਲਣੀ’ ਅਤੇ ‘ਸ਼੍ਰੀਚੰਦ’ ਦਾ ਨਾਮ ਲੈਣ ਲੱਗ ਪਏ। ਇਸ ਲਈ ਇਸ ‘ਵਿਆਨਾਂ ਕਾਂਡ’ ਦਾ ਦੋਹਾਂ ਧਿਰਾਂ ਨੂੰ ਹੀ ਨੁਕਸਾਨ ਹੋਇਆ ਹੈ।

“ਪਿੰਡਾਂ ਅੰਦਰ ਇੱਕ ਗੁਰਦੁਵਾਰਾ” ਰੱਖਣ ਵਾਲੀ ਗੱਲ ਮੈਨੂੰ ਇਸ ਲਈ ਸ਼ੱਕੀ ਤੇ ਸਾਜਿਸ਼ ਜਾਪਦੀ ਹੈ, ਜੇਕਰ ਇਹ ਗੱਲ (ਮੰਗ) ਸੱਚੇ ਦਿਲੋਂ ਕੀਤੀ ਹੁੰਦੀ, ਤਾਂ ਪਹਿਲਾਂ ਸ਼ਰੋਮਣੀ ਕਮੇਟੀ ਦੇ ਗੁਰਸਿੱਖਾਂ ਨੇ ਮਤਾ ਪਾਸ ਕਰਕੇ ਅਤੇ ਅਕਾਲ ਤਖਤ ਸਹਿਬ ਤੋਂ ਹੁਕਮਨਾਮਾ ਜਾਰੀ ਕਰਵਾਕੇ ਉਹਨਾਂ ਸਾਰਿਆਂ ਲੋਕਾਂ ਤੇ ਸਖਤ ਕਾਰਵਾਈ ਕਰਨ ਦੀ ਅਤੇ ਉਹਨਾਂ ਸਾਰਿਆ ਡੇਰਿਆਂ ਵਿਚੋਂ ਗੁਰੂ ਗਰੰਥ ਸਹਿਬ ਦੇ ਸਰੂਪ ਚੁੱਕ ਲੈਣ ਦੀ ਗੱਲ ਕਰਨੀ ਚਾਹੀਦੀ ਸੀ, ਜਿਥੇ ਜ਼ਾਤ-ਪਾਤ ਦੇ ਨਾਂ ਤੇ ਵਿਤਕਰਾ ਕੀਤਾ ਜਾਂਦਾ ਹੈ; ਤਾਂ ਜੋ ਸਾਰੇ ਲੋਕਾਂ ਨੂੰ ਇਹ ਅਹਿਸਾਸ ਹੋ ਜਾਂਦਾ, ਕਿ ਸੱਚਮੁਚ ਹੀ ਸਿੱਖ ਧਰਮ ਨੂੰ ਜ਼ਾਤ-ਪਾਤ ਰਹਿਤ ਕਰਨ ਲਈ ਹੰਭਲਾ ਮਾਰਿਆ ਜਾ ਰਿਹਾ ਹੈ। ਪਰ ਐਸਾ ਕੁੱਝ ਵੀ ਨਹੀਂ ਹੈ। ਇਸ ਲਈ “ਪਿੰਡ ਵਿੱਚ ਇੱਕ ਗੁਰਦੁਵਾਰੇ” ਦੇ ਨਾਂ ਤੇ ਇੱਕ ਦਿਨ, ਦਲਿਤਾਂ ਵਲੋਂ ਬਣਾਏ ‘ਗੁਰੂਘਰਾਂ’ ਅੰਦਰੋਂ ‘ਗੁਰੂ ਗਰੰਥ ਸਹਿਬ’ ਜਬਰੀ ਚੁੱਕਕੇ, ਬਾਕੀ ਰਹਿੰਦੇ ਦਲਿਤਾਂ ਨੂੰ ਗੁਰੂ ਗਰੰਥ ਸਹਿਬ ਨਾਲੋਂ ਤੋੜਕੇ ਮੂਰਤੀਆਂ ਲਾਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਫਿਰ ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ” ਦੀ ਕਹਾਵਤ ਅਨੂਸਾਰ ਨਾ ਕਿਸੇ ਦਲਿਤ ਨੇ ਗੁਰਦੁਵਾਰੇ ਜਾਣਾ, ਨਾ ਕਿਸੇ ਦਾ ਅਪਮਾਨ ਹੋਣਾ ਹੈ, ਫਿਰ ਨਾ ਕਿਸੇ ਸਿੱਖ ਨੂੰ ਕਿਸੇ ਨੇ ਮਿਹਣਾ ਮਾਰਨਾ ਕਿ “ਸਿੱਖੋ! ਤੁਸੀਂ ਤਾਂ ਆਪਣੇ ਗੁਰੂਆਂ ਦੇ ਹੁਕਮ ਹੀ ਨਹੀਂ ਮੰਨਦੇ।” ਫਿਰ ਗੱਲ ਸਾਹਮਣੇ ਆ ਜਾਂਦੀ ਹੈ ਕਿ ‘ਗੁਰੂ ਸਹਿਬਾਨਾਂ’ ਨੇ ਤਾਂ ਦਲਿਤਾਂ ਦੇ ਸਬੰਧ ਵਿੱਚ ਪਹਿਲਾਂ ਹੀ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ, ਜਿਹੜੇ ‘ਸਿੱਖ’ ਆਪਣੇ ‘ਗੁਰੂਆਂ’ ਦੇ ਹੁਕਮਾਂ ਨੂੰ ਨਹੀਂ ਮੰਨਦੇ, ਉਹਨਾਂ ਸਿੱਖਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਉਹ ਆਰਜੀ ਤੌਰ ਤੇ ਬਣੇ ਜਥੇਦਾਰ ਅਤੇ ਜੁਮੇਦਾਰਾਂ ਦਾ ਹੁਕਮ ਮੰਨਣਗੇ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top