Share on Facebook

Main News Page

ਆਉ, ਗੁਰਮਤਿ ਦੇ ਪਹਿਰੇਦਾਰ ਬਣ ਕੇ, ਬਾਬੇ ਨਾਨਕ ਦੇ ਫਲਸਫੇ ਨੂੰ ਦੂਰ ਦੂਰ ਤੱਕ ਪਹੁੰਚਾਉਣ ਲਈ ਕਾਰਜ ਕਰੀਏ
-
ਸਤਪਾਲ ਸਿੰਘ ਦੁਗਰੀ

ਸਮੁੱਚਾ ਸਿੱਖ ਪੰਥ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਚੜ੍ਹਦੀ ਕਲਾ ਅਤੇ ਜਾਹੋ ਜਲਾਲ ਨਾਲ ਖਾਲਸਾਈ ਸ਼ਾਨ ਦਾ ਪ੍ਰਤੀਕ ਹੋਲਾ ਮੁਹੱਲਾ ਮਨਾ ਰਿਹਾ ਹੈ। ਪਰ ਮਨਾਉਣ ਦਾ ਤਰੀਕਾ ਉਹ ਨਹੀਂ, ਜਿਸ ਨਾਲ ਕੌਮ ਨੂੰ ਕੁਝ ਸੇਧ ਮਿਲ ਸਕੇ, ਹੁਣ ਤਾਂ 36 ਪ੍ਰਕਾਰ ਦੇ ਲੰਗਰਾਂ, ਰੌਲੇ-ਰੱਪੇ, ਸਿਆਸੀ ਕਾਨਫਰੰਸਾਂ, ਮੌਜ ਮਸਤੀ ਕਰਦੇ ਨੌਜਵਾਨਾਂ, ਹੂਕਦੇ-ਚੀਕਦੇ ਖਰਮਸਤੀਆਂ ਕਰਦੇ ਹੋਏ, ਬਿਨ੍ਹਾਂ ਕੁੱਝ ਸਿੱਖੇ ‘ਇੱਥੋਂ ਤੱਕ ਕਿ ਬਹੁਤੇ ਗੁਰੂ ਹਜ਼ੂਰੀ ਵਿੱਚ ਮੱਥਾ ਟੇਕੇ ਬਿਨ੍ਹਾਂ’ ਹੀ ਭਾਂਤ ਭਾਂਤ ਦੇ ਲੰਗਰਾਂ ਛਕਦੇ ਹੋਏ ਘਰਾਂ ਨੂੰ ਮੁੜ ਆਉਣਗੇ, ਤੇ ਕਈਆਂ ਦੀ ਯਾਤਰਾ ਨੈਣਾ ਦੇਵੀ ਜਾ ਕੇ ਪੂਰੀ ਹੋਵੇਗੀ। ਬੇਸ਼ੱਕ ਮਿਸ਼ਨਰੀ ਕਾਲਜਾਂ ਜਾਂ ਕੁੱਝ ਕੁ ਜਾਗਰੂਕ ਜਥੇਬੰਦੀਆਂ ਵੱਲੋਂ ਗੁਰਮਤਿ ਪ੍ਰਚਾਰ ਹਿੱਤ ਯਤਨ ਕੀਤੇ ਜਾਣਗੇ, ਪਰ ਫਿਰ ਵੀ ਨੌਜਵਾਨੀ ਦਾ ਵੱਡਾ ਹਿੱਸਾ ਬਿਨ੍ਹਾਂ ਕੁੱਝ ਸਿੱਖੇ ਵਾਪਸ ਘਰਾਂ ਨੂੰ ਆ ਜਾਵੇਗਾ। ਕਿਉਂ ਕਿ ਅਜਿਹੇ ਪੰਥਕ ਇੱਕਠ ਮੋਕੇ ਉਨ੍ਹਾਂ ਨੂੰ ਸਹੀ ਸੇਧ ਦੇਣ ਦੇ ਯੋਗ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਜੋ ਨਹੀਂ ਕੀਤੇ ਜਾ ਰਹੇ।

ਇਹ ਸਬ ਕੁਝ ਦੇਖਦਿਆਂ ਤੇ ਇਸ ਪੰਥਕ ਇੱਕਠ ਦੀ ਮਹੱਤਤਾ ਨੂੰ ਸਮਝਦੇ ਹੋਏ 2011 ਵਿੱਚ ਜਦ ਫਤਹਿ ਮਲਟੀਮੀਡੀਆ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਨਾਲ ਵਾਲੀ ਛੱਤ ਤੇ ਵਿਸ਼ੇਸ਼ ਪ੍ਰੋਗ੍ਰਾਮ ਉਲੀਕਿਆ ਗਿਆ, ਜਿਸ ਵਿੱਚ ਨੋਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਿੱਖ ਅਜਾਇਬ ਘਰ, ਪ੍ਰੋਜੈਕਟਰ ਸਕਰੀਨ ਸਲਾਈਡ ਸ਼ੋਅ ਦੇ ਜ਼ਰੀਏ ਸਿੱਖ ਇਤਿਹਾਸ ਦੀਆਂ ਝਲਕੀਆਂ ਦਿਖਾਈਆਂ ਗਈਆਂ। ਸਵਾਲ ਜੁਆਬ ਪ੍ਰੋਗਰਾਮ ਰਾਹੀਂ ਨੌਜਵਾਨਾਂ ਵਿੱਚ ਚੇਤੰਨਤਾ ਪੈਦਾ ਕੀਤੀ ਗਈ, ਸਹੀ ਜਵਾਬ ਦੇਣ ਵਾਲਿਆਂ ਲਈ ਵਿਸ਼ੇਸ਼ ਪ੍ਰਮਾਣ ਪੱਤਰ ਅਤੇ ਇਨਾਮਾਂ ਦਾ ਪ੍ਰਬੰਧ ਕੀਤਾ ਗਿਆ, ਅਤੇ ਇਸ ਮੋਕੇ ਖਾਸ ਕਰਕੇ ਇੱਕ ਦਸਤਖਤ ਮੁਹਿੰਮ ਬੋਰਡ ਲਗਾਇਆ ਗਿਆ, ਜਿਸ ਤੇ 150 ਤੋਂ 200 ਨੌਜਵਾਨਾਂ ਨੇ ਇਸ ਸਾਰੇ ਕੀਤੇ ਜਾ ਰਹੇ ਉਪਰਾਲੇ ਨੂੰ ਸਮਝਦਿਆਂ ਅਤੇ ਆਪਣੇ ਵਿਰਸੇ ਤੇ ਮਾਣ ਕਰਦਿਆਂ, ਸਿੱਖੀ ਦੀ ਮੁੱਖ ਧਾਰਾ ਵਿੱਚ ਪ੍ਰਵੇਸ਼ ਕਰਨਾ ਮੰਨਿਆਂ। ਉਹਨਾਂ ਉਸ ਸਮੇਂ ਲਗਾਏ ਗਏ ਸਾਈਨ ਬੋਰਡ ਤੇ ਦਸਤਖਤ ਕਰਕੇ ਲਿਖਤੀ ਵਾਅਦਾ ਵੀ ਕੀਤਾ।

ਪਰ ਦੁਖਾਂਤ 2011ਤੋਂ ਬਾਅਦ 2012, 2013 ਵਿੱਚ ਸ਼ਾਇਦ ਇਹ ਸਮਾਗਮ ਫਿਰ ਨਹੀਂ ਹੋ ਪਾਇਆ ਕਿਉਂਜੁ ਇਸ ਵਾਸਤੇ ਆਪਸੀ ਸਹਿਯੋਗ, ਪ੍ਰਬੰਧ, ਇਕਜੁੱਟਤਾ ਦੀ ਵੱਡੀ ਜਰੂਰਤ ਹੈ। ਕਈ ਵਾਰ ਸੋਚਦੇ ਹਾਂ ਕਿ ਇਹ ਉਪਰਾਲਾ ਕਰਨ ਦੀ ਥਾਂ ਜੇ ਲਗਾਏ ਜਾ ਰਹੇ ਹਜਾਰਾਂ ਲੰਗਰਾਂ ਦਾ ਨਾਲ ਇੱਕ ਹੋਰ ਲੰਗਰ ਦਾ ਐਲਾਨ ਕਰ ਦਿੰਦੇ, ਤਾਂ ਚਾਹੇ 20 ਸਾਲਾਂ ਬਾਅਦ ਕਹਿੰਦੇ ਹੁੰਦੇ ਕਿ 20 ਸਾਲਾਂ ਤੋਂ ਲੰਗਰ ਲਗਾਉਂਦੇ ਆ ਰਹੇ ਹਾਂ, ਪਰ ਇਨ੍ਹਾਂ ਉਪਰਾਲਿਆਂ ਦੀ ਸ਼ਾਇਦ ਜਰੂਰਤ ਹੀ ਨਹੀਂ ਸਮਝਦੇ ਅਸੀਂ।

ਆਉ ਰਲ ਮਿਲ ਕੇ ਇਸ ਵਾਰ ਨਾ ਸਹੀ, ਪਰ ਅਗਲੇ ਸਾਲ ਕੋਈ ਨਾ ਕੋਈ ਉੱਦਮ ਕਰਕੇ ਇੱਕ ਦੂਜੇ ਦੇ ਸਹਿਯੋਗ ਲਈ ਇਕੱਠੇ ਹੋ ਕੇ, ਗੁਰਮਤਿ ਦੇ ਪਹਿਰੇਦਾਰ ਬਣ ਕੇ ਬਾਬੇ ਨਾਨਕ ਦੇ ਫਲਸਫੇ ਨੂੰ ਦੂਰ ਦੂਰ ਤੱਕ ਪਹੁੰਚਾਉਣ ਲਈ ਕਾਰਜ ਕਰੀਏ।

ਆਉ ਦੇਖੀਏ 2011 ਹੋਲੇ ਮੁਹੱਲੇ ਦੀਆਂ ਕੁੱਝ ਝਲਕੀਆਂ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top