Share on Facebook

Main News Page

ਸਿੱਖ ਇਤਿਹਾਸ ਕਿਤਾਬ ਬਾਰੇ ਉੱਤਰੀ ਅਮੈਰਿਕਾ ‘ਚ ਤਿੱਖਾ ਪ੍ਰਤੀਕਰਮ, ਅਵਤਾਰ ਸਿੰਘ ਮੱਕੜ ਦੇ ਰਵੱਈਏ ਬਾਰੇ ਵੀ ਸਿੱਖਾਂ ‘ਚ ਰੋਸ
- ਜਸਵਿੰਦਰ ਸਿੰਘ ਖ਼ਾਲਸਾ 848-248-0032

ਡੇਅ ਐਂਡ ਨਾਈਟ ਟੀ.ਵੀ ‘ਤੇ ਬਲਦੇਵ ਸਿੰਘ ਸਿਰਸਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ‘ਤੇ ਛਾਪੀਆਂ ਗਈਆਂ 300 ਸੌ ਕਿਤਾਬਾਂ ਵਿੱਚੋਂ, ਹਿੰਦੀ ‘ਚ ਛਪੀ “ਸਿੱਖ ਇਤਿਹਾਸ” ਨਾਮ ਦੀ ਕਿਤਾਬ ਦਾ ਮੁੱਦਾ ਲਿਆਉਣ ‘ਤੇ, ਜਦ ਇਸ ਦੀਆਂ ਵੀਡੀਓ ਯੂ.ਟਿਊਬ ‘ਤੇ ਆਈਆਂ, ਤਾਂ ਇਸ ਕਿਤਾਬ ਵਿੱਚ ਗੁਰੂ ਸਾਹਿਬਾਨਾਂ ਬਾਰੇ ਵਰਤੀ ਗਈ ਮਾੜੀ ਸ਼ਬਦਾਵਲੀ ਬਾਰੇ ਸਿੱਖ ਕੌਮ ਨੇ ਸੋਸ਼ਲ ਮੀਡੀਏ ‘ਤੇ ਵੀ ਕਾਫੀ ਪ੍ਰਤੀਕਰਮ ਦਿੱਤਾ ਸੀ।

ਬਲਦੇਵ ਸਿੰਘ ਸਿਰਸਾ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਕਿਤਾਬ "ਸਿੱਖ ਇਤਿਹਾਸ" ਬਾਰੇ ਮਹੱਤਵਪੂਰਣ ਜਾਣਕਾਰੀ ਅਤੇ ਦਲੇਰੀ ਨਾਲ ਬੋਲਿਆ ਸੱਚ

ਅਵਤਾਰ ਸਿੰਘ ਮੱਕੜ, ਮੁੱਖ ਸੇਵਾਦਾਰ ਬਾਦਲ, ਦਾ ਰੱਵਈਆ

 

 

ਉਸ ਤੋਂ ਦੋ ਦਿਨ ਬਾਅਦ ਜਦ ਕਨੇਡਾ ਤੋਂ ਚੱਲਦੇ "ਰੇਡਿਓ ਸ਼ੇਰੇ ਪੰਜਾਬ" ਦੇ ਐਤਵਾਰ ਨੂੰ ਦੁਨੀਆਂ ਭਰ ‘ਚ ਸੁਣੇ ਜਾਂਦੇ ਹਰਮਨ ਪਿਆਰੇ ਪ੍ਰੋਗਰਾਮ ‘ਦਿਲਾਂ ਦੀ ਸਾਂਝ’ ਵਿੱਚ ਹੋਸਟ ਸ.ਕੁਲਦੀਪ ਸਿੰਘ ਵਲੋਂ ਇਹ ਮੁੱਦਾ ਦੁਨੀਆਂ ਦੇ ਰੁਬਰੂ ਕੀਤਾ, ਜਿਸ ਵਿੱਚ ਉਨ੍ਹਾਂ ਨੇ ਇਹ ਮੁੱਦਾ ਉਠਾਉਣ ਵਾਲੇ ਸ. ਬਲਦੇਵ ਸਿੰਘ ਸਿਰਸਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਸੀ। ਇਸ ਪ੍ਰੋਗਰਾਮ ‘ਚ ਸ. ਅਵਤਾਰ ਸਿੰਘ ਤਾ ਆਪਣਾ ਇੱਕ ਬਿਆਨ ਪੜ੍ਹਣ ਲਈ ਹੀ ਸ਼ਾਮਿਲ ਹੋਏ ਸਨ, ਜਿਹੜਾ ਉਨ੍ਹਾਂ ਨੇ 3-4 ਮਿੰਟਾਂ ‘ਚ ਪੜ੍ਹ ਦਿੱਤਾ ਸੀ। ਉਸ ਬਿਆਨ ਵਿੱਚ ਉਨ੍ਹਾਂ ਨੇ ਇਸ ਮੁੱਦੇ ਬਾਰੇ ਗੱਲ ਕਰਨ ਦੀ ਬਜਾਏ, ਸ. ਬਲਦੇਵ ਸਿੰਘ ਸਿਰਸਾ ਤੇ ਨਿੱਜੀ ਹਮਲਾ ਕੀਤਾ ਸੀ ਅਤੇ ਇਸ ਗੰਭੀਰ ਮੁੱਦੇ ਤੇ ਗੱਲ ਕਰਨ ਤੋਂ ਇੰਜ ਟਾਲਿਆ ਸੀ, ਜਿਵੇਂ ਇਹ ਕੋਈ ਖਾਸ ਗੱਲ ਨਹੀਂ ਸੀ।

ਸ. ਅਵਤਾਰ ਸਿੰਘ ਨੇ ਤਾਂ ਸਾਰਾ ਦੋਸ਼ ਕਨਿੰਘਮ ਤੇ ਮੜ੍ਹ ਦਿੱਤਾ ਅਤੇ ਆਪ ਸੁਰੁਖਰੂ ਹੋ ਗਏ। ਸ. ਬਲਦੇਵ ਸਿੰਘ ਸਿਰਸਾ ਨੇ ਇਸ ਮੁੱਦੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਸੀ, ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਛਪਾਈ ਇਸ ਕਿਤਾਬ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ; ਨਾਨਕ ਕਾ ਗੁਰੂ ਇੱਕ ਮੁਸਲਮਾਨ ਥਾ। ਨਾਨਕ ਮੁਗਲੋਂ ਕੋ ਹਿੰਦੁਸਤਾਨ ਲੇ ਕੇ ਆਇਆ। ਨਾਨਕ ਮਰ ਗਿਆ। ਅੰਗਦ ਆ ਗਿਆ। ਅਰਜਨ ਨੇ ਆਤਮ ਹੱਤਿਆ ਕਰੀ। ਅਰਜਨ ਕੇ ਮਰਨੇ ਬਾਅਦ ਹਰਗੋਬਿੰਦ ਕਾ ਦਿਮਾਗੀ ਸੰਤੁਲਨ ਖੋ ਗਿਆ। ਹਰਗੋਬਿੰਦ ਬਹੁਤ ਡਰਪੋਕ ਥਾ। ਹਰਗੋਬਿੰਦ ਜਬ ਸੋਤਾ ਥਾ ਤੋ ਸਾਥ ਬੰਦੂਕਧਾਰੀ ਪਹਿਰੇ ਪੇ ਖੜੇ ਰਹਿਤੇ ਥੇ। ਹਰ ਰਾਇ ਕੇ ਦੋ ਬੇਟੇ ਥੇ। ਜਬ ਹਰ ਰਾਇ ਮਰਾ ਤੋ ਬੜੇ ਬੇਟੇ ਕੀ ਉਮਰ 15 ਥੀ ਔਰ ਹਰਕ੍ਰਿਸ਼ਨ ਕੀ 6 ਬਰਸ ਦੀ। ਬੜੇ ਬੇਟੇ ਕੋ ਗੱਦੀ ਇਸ ਲੀਏ ਨਹੀਂ ਦੀ, ਕਿ ਵੋ ਨੌਕਰਾਣੀ ਕਾ ਬੇਟਾ ਥਾ। 722 ਪੰਨਿਆਂ ਵਾਲੀ ਇਸ ਕਿਤਾਬ ‘ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚੋਰ ਦੱਸਿਆ ਗਿਆ ਹੈ।

ਇਸ ਤੋਂ ਬਾਅਦ ਵਿੱਚ ਰੇਡਿਓ ਤੇ ਕਾਲਰਾਂ ‘ਚ ਇਸ ਗੰਭੀਰ ਮੁੱਦਾ ਸਮਝਦਿਆਂ, ਸ਼੍ਰੋਮਣੀ ਕਮੇਟੀ ਤੇ ਜਿੰਮੇਵਾਰੀ ਪਾਈ ਸੀ ਜਿਸ ਨੇ ਗੁਰੂ ਸਾਹਿਬਾਨਾਂ ਬਾਰੇ ਅਪਮਾਨਜਨਕ ਬੋਲੀ ‘ਚ ਕਿਤਾਬ ਛਪਵਾਈ ਸੀ। ਜਿਸ ਤਰ੍ਹਾਂ ਸ.ਅਵਤਾਰ ਸਿੰਘ ਨੇ ਇਸ ਮੁੱਦੇ ਤੇ ਗੱਲ ਕਰਨ ਦੀ ਬਜਾਏ ਸ. ਬਲਦੇਵ ਸਿੰਘ ਤੇ ਨਿੱਜੀ ਹਮਲਾ ਕੀਤਾ, ਉਸ ਨੂੰ ਵੀ ਕਾਲਰਾਂ ਨੇ ਨਾ ਪਸੰਦ ਕੀਤਾ ਸੀ।

ਬੁੱਧਵਾਰ 20 ਮਾਰਚ ਨੂੰ ਨਿਊਯਾਰਕ ਤੋਂ ਚੱਲਦੇ ਜੱਸ ਪੰਜਾਬੀ ਤੇ ‘ਅੱਜ ਦਾ ਮੁੱਦਾ ‘ਦੇ ਹੋਸਟ ਹਰਵਿੰਦਰ ਰਿਆੜ ਨੇ ਇਹ ਮੁੱਦਾ ਫਿਰ ਲਿਆਂਦਾ, ਜਿਸ ਵਿੱਚ ਉਨ੍ਹਾਂ ਨੇ ਸ. ਬਲਦੇਵ ਸਿੰਘ ਸਿਰਸਾ ਨੂੰ ਵੀ ਸਾਮਿਲ ਕੀਤਾ ਸੀ। ਜਿਨ੍ਹਾਂ ਨੇ ਫਿਰ ਵਿਸਥਾਰ ਨਾਲ ਇਸ ਮੁੱਦੇ ਦੇ ਪਿਛੋਕੜ ਬਾਰੇ ਜਾਣਕਰੀ ਸਾਂਝੀ ਕੀਤੀ, ਕਿ ਉਨ੍ਹਾਂ ਨੇ ਇਹ ਕਿਤਾਬ 2007 ਵਿੱਚ ਜਦ ਪੜ੍ਹੀ ਤਾਂ ਉਦੋਂ ਤੋਂ ਹੀ ਅਦਾਲਤ ‘ਚ ਕੇਸ ਪਾਇਆ ਸੀ, ਜਿਸ ਨੂੰ ਅਦਾਲਤ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਸੀ, ਕਿ ਇਹ ਕੇਸ ਬਹੁਤ ਪੁਰਾਣਾ ਹੈ ਦੇਰ ਨਾਲ ਕੀਤਾ ਗਿਆ ਹੈ। ਸ.ਬਲਦੇਵ ਸਿੰਘ ਸਿਰਸਾ ਦੇ ਬੋਲਣ ਤੋਂ ਬਾਅਦ ਕਾਲਰਾਂ ਵਲੋਂ ਇਸ ਕਿਤਾਬ ਵਿੱਚ ਗੁਰੂ ਸਾਹਿਬਾਨਾਂ ਬਾਰੇ ਲਿਖੀ ਭੱਦੀ ਸ਼ਬਦਾਲਵੀ ਬਾਰੇ ਤਿੱਖਾ ਰੋਸ ਜ਼ਾਹਰ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੂੰ ਆਪਣੇ ਰੋਸ ਦਾ ਨਿਸ਼ਾਨਾ ਬਣਾਇਆ ਗਿਆ, ਜਿਸ ਨੇ ਇਹ ਕਿਤਾਬ ਛਪਵਾਈ ਸੀ ਅਤੇ ਨਾਲ ਨਾਲ ਆਰ.ਐਸ.ਐਸ ਵਲੋਂ ਸਿੱਖ ਇਤਿਹਾਸ ਨੂੰ ਵਿਗਾੜਣ ਦੀਆਂ ਕੋਸ਼ਿਸ਼ਾਂ ਦਾ ਵੀ ਨੋਟਿਸ ਲਿਆ ਗਿਆ।

ਹਰਵਿੰਦਰ ਰਿਆੜ ਨੇ ਵੀਰਵਾਰ ਦੇ ਮੁੱਦਾ ਪ੍ਰੋਗਰਾਮ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਨੂੰ ਵੀ ਸ਼ਾਮਿਲ ਕੀਤਾ ਸੀ ਜਿਸ ਨੇ ਫਿਰ ਇਸ ਮੁੱਦੇ ਬਾਰੇ ਕਿਸੇ ਤੇ ਜ਼ਿਮੇਵਾਰੀ ਪਾਉਣ ਦੀ ਬਜ਼ਾਏ ਸ. ਬਲਦੇਵ ਸਿੰਘ ਸਿਰਸਾ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੇ ਨਿੱਜੀ ਟਿੱਪਣੀਆਂ ਹੀ ਕੀਤੀਆਂ ਸਨ, ਜਿਸ ਦਾ ਕਾਲਰਾਂ ਵਲੋਂ ਬੁਰਾ ਮਨਾਇਆ ਗਿਆ ਕਿ ਪ੍ਰਧਾਨ ਇਸ ਮੁੱਦੇ ਬਾਰੇ ਗੱਲ ਕਰਨ ਕਿਸੇ ਦੀ ਤਰ੍ਹਾਂ ਦੀ ਗਲਤੀ ਮੰਨਣ ਦੀ ਬਜਾਏ, ਸ. ਬਲਦੇਵ ਸਿੰਘ ਨਾਲ ਹੀ ਨਿੱਜੀ ਕਿੜ ਕੱਢ ਗਏ ਅਤੇ ਆਪਣਾ ਤਿਆਰ ਕੀਤਾ ਭਾਸ਼ਣ ਹੀ ਪੜ੍ਹਣ ਤੱਕ ਉਨ੍ਹਾਂ ਦਾ ਸਰੋਕਾਰ ਸੀ, ਨਾ ਕਿ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਦੀ, ਜਿਸ ਬਾਰੇ ਵਿਦੇਸ਼ੀ ਸਿੱਖਾਂ ਨੇ ਤਿੱਖਾ ਰੋਸ ਜ਼ਾਹਰ ਕੀਤਾ ਜਦ ਉਨ੍ਹਾਂ ਨੇ ਕਾਲਾਂ ਕਰਕੇ ਹੋਸਟ ਨਾਲ ਗੱਲਾਂ ਕਰਦੇ ਸਮੇਂ ਜ਼ਾਹਰ ਕੀਤਾ।

ਸ਼ੁੱਕਰਵਾਰ ਨੂੰ ਵੀ ਨਿਊਯਾਰਕ ਤੋਂ ਚੱਲਦੇ ਗੈਟ ਪੰਜਾਬੀ ਟੀ.ਵੀ. ਗੁਰਚਰਨ ਸਿੰਘ ਲਾਂਬਾ ਦੇ ਪ੍ਰੋਗਰਾਮ ‘ਨਿਰਭਊ ਨਿਰੰਕਾਰ’ ਵਿੱਚ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣਾ ਪਹਿਲਾਂ ਤਿਆਰ ਕੀਤਾ ਭਾਸ਼ਣ ਫਿਰ ਦੁਹਰਾ ਦਿੱਤਾ ਅਤੇ ਮੁੱਦੇ ਬਾਰੇ ਟਾਲਾ ਹੀ ਵੱਟਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਗਰਾਮ ‘ਚ ਸ.ਅਵਤਾਰ ਸਿੰਘ ਨੇ ਸਿਰਫ ਇੱਕ ਹੀ ਗਲਤੀ ਮੰਨੀ ਕਿ ਇਸ ਕਿਤਾਬ ‘ਚ ਫੁੱਟ ਨੋਟ ਨਹੀਂ ਲਿਖਿਆ ਗਿਆ, ਕਿ ਕਿਤਾਬ ਕਿਸ ਦੀ ਲਿਖੀ ਹੋਈ ਹੈ ਅਤੇ ਅਨੁਵਾਦ ਕਿਸ ਨੇ ਕੀਤਾ, ਪਰ ਇਸ ਕਿਤਾਬ ਦੀ ਸ਼ਬਦਾਵਲੀ ਬਾਰੇ ਉਸ ਕੋਈ ਗਲਤੀ ਮਹਿਸੂਸ ਨਹੀਂ ਕੀਤੀ।

ਹੋਸਟ ਲਾਂਬਾ ਉਸ ਨੂੰ ਕਈ ਵਾਰ ਟੋਕ ਕੇ ਪੁੱਛਣ ਦੀ ਕੋਸਿਸ਼ ਕਰਦਾ ਰਿਹਾ ਪਰ ਉਹ ਆਪਣਾ ਭਾਸ਼ਣ ਪੜ੍ਹਦਾ ਗਿਆ, ਜਿਸ ਵਿੱਚ ਸ. ਬਲਦੇਵ ਸਿੰਘ ਸਿਰਸਾ ਨੂੰ ਭੰਡਣ ਤੱਕ ਹੀ ਸੀਮਤ ਸੀ, ਪਰ ਲਾਂਬੇ ਦੀ ਸੁਰ ਵੀ ਅਵਤਾਰ ਸਿੰਘ ਨਾਲ ਰਲਦੀ ਸੀ, ਜਦ ਕਿ ਜੱਸ ਪੰਜਾਬੀ ਦੇ ਹੋਸਟ ਰਿਆੜ ਦੀ ਸੁਰ ਅਵਤਾਰ ਸਿੰਘ ਨਾਲ ਨਹੀਂ ਸੀ ਰਲਦੀ ਤੇ ਉਸ ਨੇ ਕਿਹਾ ਕਿ ਸ. ਅਵਤਾਰ ਸਿੰਘ ਮੁੱਦੇ ਬਾਰੇ ਗੱਲ ਕਰਨ ਦੀ ਬਜਾਏ ਗੋਂਗਲੂਆਂ ਤੋਂ ਮਿੱਟੀ ਝਾੜਣ ਵਾਲਾ ਹੀ ਕੰਮ ਕੀਤਾ ਹੈ।

ਸ਼ੁੱਕਰਵਾਰ ਦੇ ‘ਅੱਜ ਦਾ ਮੁੱਦਾ’ਚ ਰਿਆੜ ਨੇ ਕਨੇਡਾ ਤੋਂ ਅੱਜ ਦੀ ਅਵਾਜ਼ ਰੇਡਿਓ ਚਲਾਉਂਦੇ ਸ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਲਿਆਂਦਾ ਸੀ, ਜਿਨ੍ਹਾਂ ਨੇ ਇਸ ਮੁੱਦੇ ਬਾਰੇ ਆਪਣੇ ਵਿਚਾਰ ਰੱਖੇ, ਉਪਰੰਤ ਕਾਲਰਾਂ ਨੇ ਆਪਣੇ ਵਿਚਾਰ ਰੱਖੇ। ਦੋ ਕਾਲਰਾਂ ਨੇ ਕਿਹਾ ਕਿ ਸ. ਅਵਤਾਰ ਸਿੰਘ ਇਹ ਕਹਿ ਕੇ ਸੁਰਖੁਰੂ ਨਹੀਂ ਹੋ ਜਾਂਦਾ, ਕਿ ਉਹ ਬਾਅਦ ‘ਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ, ਉਨ੍ਹਾਂ ਨੇ ਕਿਹਾ ਕਿ 1919 ‘ਚ ਜੱਲਿਆਂ ਵਾਲਾ ਕਾਂਡਾ ਵਾਪਰਿਆਂ ਅਤੇ ਇੰਗਲੈਂਡ ਦੇ ਪਰਧਾਨ ਮੰਤਰੀ ਨੇ 2013 ਵਿੱਚ ਇਥੇ ਆ ਕੇ ਗਲਤੀ ਮੰਨੀ ਹੈ। ਰੇਡਿਓ ਅਤੇ ਟੀ ਵੀ ਦੇ ਸਭ ਪ੍ਰੋਗਰਾਮਾ ਵਿੱਚ ਕਾਲਰਾਂ ਵਲੋਂ ਇਸ ਨੂੰ ਆਰ.ਐਸ.ਐਸ ਦੀ ਸਾਜਿਸ਼ ਦੱਸਿਆ ਗਿਆ ਹੈ, ਜਿਵੇਂ ਕਿ ਸ. ਬਲਦੇਵ ਸਿੰਘ ਸਿਰਸਾ ਨੇ ਵੀ ਖਦਸ਼ਾ ਜਾਹਰ ਕੀਤਾ ਸੀ।

ਸ਼ੁੱਕਰਵਾਰ ਦੇ ‘ਅੱਜ ਦੇ ਮੁੱਦੇ’ 'ਚ ਇੱਕ ਗੱਲ ਉਭਰ ਕੇ ਸਾਹਮਣੇ ਆ ਰਹੀ ਸੀ, ਜਦ ਕੁਝ ਕਾਲਰਾਂ ਨੇ ਕਿਹਾ ਕਿ ਕਨਿੰਘਮ ਦੀ ਕਿਤਾਬ ਉਨ੍ਹਾਂ ਨੇ ਪੜ੍ਹੀ ਹੈ, ਜਿਸ ਵਿੱਚ ਕਨਿੰਘਮ ਵਲੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਕਿਤੇ ਨਹੀਂ ਵਰਤੀ, ਸਗੋਂ ਇਹ ਇੱਕ ਸਾਜਿਸ਼ ਅਧੀਨ ਕਿਤਾਬ ਛਪਵਾਈ ਗਈ ਹੈ। ਕੁਝ ਕਾਲਰਾਂ ਨੂੰ ਇੰਡੀਆ ਵੱਸਦੇ ਸਿੱਖਾਂ ਦੀ ਚੁੱਪ ਵੀ ਰੜਕਦੀ ਸੀ, ਜਦ ਉਨ੍ਹਾਂ ਨੇ ਕਿਹਾ ਕਿ ਓਕ ਕਰੀਕ ਮੁੱਦੇ ਤੇ ਦਿੱਲੀ ਅਤੇ ਹੋਰ ਥਾਵਾਂ ਤੇ ਕ੍ਰਿਪਾਨਾਂ ਲਹਿਰਾਉਣ ਵਾਲੇ ਹੁਣ ਗੁਰੂ ਸਾਹਿਬਾਨਾਂ ਬਾਰੇ ਭੱਦੀ ਸ਼ਬਦਾਵਲੀ ਵਾਲੀ ਕਿਤਾਬ ਬਾਰੇ ਚੁੱਪ ਕਿਉਂ ਹਨ?

1999 ਦੇ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦੇ ਆਪਸੀ ਵਿਵਾਦ ਦਾ ਲਾਹਾ ਲੈਂਦਿਆਂ, ਸਿੱਖ ਵਿਰੋਧੀ ਸ਼ਕਤੀਆਂ ਹਿੰਦੀ ‘ਚ ਇਹ ਕਿਤਾਬ ਛਪਵਾਉਣ ‘ਚ ਸਫਲ ਰਹੀਆਂ, ਜਿਸ ਬਾਰੇ ਸਿੱਖ ਸੰਗਤਾਂ ਵੀ 2007 ਤੱਕ ਜਾਣ ਹੀ ਨਾ ਸੱਕੀਆਂ।

ਹੁਣ ਇਹ ਸੋਚ ਵੀ ਉੱਠਦੀ ਹੈ ਕਿ ਜੇਕਰ ਇਸ ਜਮਾਨੇ ‘ਚ ਸਿੱਖਾਂ ਦੇ ਇਤਿਹਾਸ ਨਾਲ ਸਾਡੇ ਸਾਹਮਣੇ ਹੀ ਛੇੜਛਾੜ ਕਰਕੇ, ਗੁਰੂ ਸਾਹਿਬਾਨ ਬਾਰੇ ਘਟੀਆ ਸ਼ਬਦਾਵਲੀ ਵਾਲੀ ਕਿਤਾਬ ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਛਪਵਾ ਲਈ ਗਈ, ਤੇ ਫਿਰ ਜਦ 70-80 ਸਾਲ ਸਿੱਖ ਆਪਣੀ ਜਿੰਗਦੀ ਮੌਤ ਦਾ ਘੋਲ ਕਰਦਿਆਂ ਕਦੇ ਜੰਗਲਾਂ, ਪਹਾੜਾਂ ਜਾਂ ਮਾਰੂਥਲ ‘ਚ ਜਾਣ ਲਈ ਮਜ਼ਬੂਰ ਹੋਏ ਸਨ ਉਦੋਂ ਸਾਡੇ ਇਤਿਹਾਸ ਅਤੇ ਸਾਡੇ ਧਾਰਮਿਕ ਸਾਹਿਤ ‘ਚ ਮਿਲਾਵਟ ਕਰਨੀ ਕਿੰਨੀ ਕੁ ਔਖੀ ਹੋਵੇਗੀ, ਜਿਹੜੀ ਵੱਖ ਵੱਖ ਰੂਪਾਂ ਚ ਅੱਜ ਸਾਡੇ ਸਾਹਮਣੇ ਆ ਰਹੀ ਹੈ ਅਤੇ ਕੌਮ ‘ਚ ਵੀ ਵੰਡੀਆਂ ਪਾ ਰਹੀ ਹੈ। ਵਾਹਿਗੁਰੂ ਭਲੀ ਕਰੇ!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top